--ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ : ਸੁਖਪ੍ਰੀਤ ਸਿੰਘ ਸਿੱਧੂ
-ਪਿੰਡ ਸੰਗਾਲਾ ਦੇ ਕਿਸਾਨ ਜਸਵੀਰ ਸਿੰਘ ਨੇ ਤੀਜੇ ਸਾਲ ਵੀ 14 ਏਕੜ ਕੀਤੀ ਝੋਨੇ ਦੀ ਸਿੱਧੀ ਬਿਜਾਈ
ਮਾਲੇਰਕੋਟਲਾ 20 ਮਈ (ਰਣਜੀਤ ਸਿੱਧਵਾਂ) : ਖੇਤੀ ਵਿੱਚ ਸਫ਼ਲਤਾ ਲਈ ਜ਼ਰਖੇਜ਼ ਮਿੱਟੀ, ਸੂਰਜ, ਪੌਣ ਅਤੇ ਪਾਣੀ ਦੀ ਲੋੜ ਹੈ। ਪੰਜਾਬ ਇਸ ਪੱਖੋਂ ਵਡਭਾਗਾ ਹੈ ਕਿ ਇੱਥੇ ਇਹ ਸਾਰੇ ਸਾਧਨ ਮੌਜੂਦ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਪਿੰਡ ਸੰਗਾਲਾ ਵਿਖੇ ਕਿਸਾਨ ਜਸਵੀਰ ਸਿੰਘ ਦੇ ਖੇਤ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਰਸਮੀ ਸ਼ੁਰੂਆਤ ਕਰਵਾਉਣ ਸਮੇਂ ਕੀਤਾ । ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਅਸੀਂ ਕੁਦਰਤ ਦੇ ਮੁੜ ਨੇੜੇ ਜਾਈਏ ਅਤੇ ਕੁਦਰਤੀ ਵਸੀਲਿਆਂ (ਸੋਮਿਆਂ) ਦੀ ਸਾਂਭ ਸੰਭਾਲ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਆਉਣ ਵਾਲੀਆ ਪੀੜੀਆਂ ਨੂੰ ਸਾਫ਼ ਸੁਥਰਾ ਵਾਤਾਵਰਣ, ਪੀਣ ਯੋਗ ਪਾਣੀ ਪ੍ਰਾਪਤ ਹੋ ਸਕੇ । ਕੁਦਰਤੀ ਸੋਮਿਆਂ ਦੇ ਰੱਖ ਰਖਾਓ ਲਈ ਲੋਕ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਲੋਕਾਂ ਵਿੱਚ ਪਾਣੀ ਦੇ ਸੰਯਮ ਨਾਲ ਵਰਤੋਂ ਸਬੰਧੀ ਚੇਤਨਾ ਪੈਦਾ ਹੋ ਸਕੇ । ਇੱਥੇ ਵਰਣਨਯੋਗ ਹੈ ਕਿ ਪਿੰਡ ਸੰਗਾਲਾ ਦਾ ਅਗਾਂਹਵਧੂ ਕਿਸਾਨ ਜਸਵੀਰ ਸਿੰਘ ਸੰਗਾਲਾ ਪਿਛਲੇ ਦੋ ਸਾਲਾਂ ਤੋਂ 14 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਦਾ ਆ ਰਿਹਾ ਹੈ । ਇਸ ਵਾਰ ਤੀਜੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਖਰਚਾ, ਰਵਾਇਤੀ ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ 70% ਘੱਟ ਖਰਚਾ ਹੁੰਦਾ ਹੈ ਅਤੇ ਕਿਸਾਨਾਂ ਨੂੰ ਲਾਭ ਜ਼ਿਆਦਾ ਹੁੰਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ ਵੀ ਕੀਤੀ ।ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਰਾਹੀਂ ਧਰਤੀ ਹੇਠਲੇ ਪਾਣੀ ਵਰਗੇ ਬਹੁਮੁੱਲੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ ਅਹਿਮ ਕਦਮ ਚੁੱਕੇ ਗਏ ਹਨ। ਇਸ ਤਕਨੀਕ ਰਾਹੀਂ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਵਜੋਂ ਪ੍ਰਤੀ ਏਕੜ 1500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪਾਣੀ ਦੀ ਘੱਟ ਖਪਤ ਅਤੇ ਘੱਟ ਖ਼ਰਚੇ ਵਾਲੀ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਾਸਤੇ ਇਹ ਰਾਸ਼ੀ ਰੱਖੀ ਗਈ ਹੈ। ਪਿਛਲੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਕਿਸਾਨਾਂ ਦੇ ਤਜਰਬਿਆਂ ਤੋਂ ਸਿੱਖ ਲੈਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਤੇ ਬੀਤੇ ਕਈ ਸਾਲਾਂ ਤੋਂ ਸਫਲ ਤਜਰਬੇ ਕਰ ਚੁੱਕਾ ਹੈ ਅਤੇ ਸਿੱਧੀ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿੱਚ ਕੋਈ ਕਮੀ ਨਹੀਂ ਹੁੰਦੀ । ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ. ਨਵਦੀਪ ਕੁਮਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤੋਂ ਹੋਣ ਵਾਲੇ ਲਾਭ ਸਬੰਧੀ ਦੱਸਿਆ ਜਿਵੇਂ ਕਿ 15-20% ਪਾਣੀ ਦੀ ਬੱਚਤ, ਮਜ਼ਦੂਰੀ ਦੀ ਬੱਚਤ, ਭੂਮੀਗਤ ਪਾਣੀ ਦਾ 10 -12 % ਜ਼ਿਆਦਾ ਰੀਚਾਰਜ ਹੋਣਾ, ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ, ਅਗਲੀ ਫ਼ਸਲ ਲਈ ਖੇਤ ਤਿਆਰ ਕਰਨਾ ਸੌਖਾ, ਬਿਮਾਰੀਆਂ ਅਤੇ ਕੀੜਿਆਂ ਦਾ ਘੱਟ ਹਮਲਾ ਅਤੇ ਖ਼ੁਰਾਕ ਤੱਤਾ ਦਾ ਜ਼ਿਆਦਾ ਉਪਲਬਧ ਹੋਣਾ,ਕਣਕ ਦੇ ਝਾੜ ਦਾ ਵਾਧਾ ਆਦਿ ਜਿਹੇ ਹੋਣ ਵਾਲੇ ਫਾਇਦਿਆਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ. ਕੁਲਦੀਪ ਕੌਰ ਨੇ ਕਿਸਾਨਾਂ ਨੂੰ ਝੋਨੇ ਦਾ ਬੀਜ ਸੋਧ ਕੇ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਵੇਰੇ ਜਾਂ ਸ਼ਾਮ ਨੂੰ ਕੀਤੀ ਜਾਵੇ ਅਤੇ ਦੁਪਹਿਰ ਨੂੰ ਸਿੱਧੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਨਦੀਨ ਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ ਤਾਂ ਜੋ ਨਦੀਨਾਂ ਦੀ ਰੋਕਥਾਮ ਸੁਖਾਲੀ ਹੋ ਸਕੇ । ਇਸ ਮੌਕੇ ਅਗਾਹ ਵਧੂ ਕਿਸਾਨ ਸੁਰਜੀਤ ਸਿੰਘ, ਸ੍ਰੀ ਗੁਰਜੀਤ ਸਿੰਘ ਰੁਸਤਮਗੜ, ਸ੍ਰੀ ਜੁਗਰਾਜ ਸਿੰਘ ਰੁਸਤਮਗੜ, ਸ੍ਰੀ ਕੇਵਲ ਸਿੰਘ, ਸ੍ਰੀ ਹਰੀ ਸਿੰਘ, ਸ੍ਰੀ ਗੁਰਦੀਪ ਸਿੰਘ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਬੰਤ ਸਿੰਘ ਸੰਗਾਲਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ ।