*ਆਹ! ਪ੍ਰਮਾਣੂ - ਹਥਿਆਰ*✍️ ਸਲੇਮਪੁਰੀ ਦੀ ਚੂੰਢੀ

 *ਆਹ! ਪ੍ਰਮਾਣੂ - ਹਥਿਆਰ*

-ਆਮ ਤੌਰ 'ਤੇ  ਮਨੁੱਖ ਆਪਣੀ ਜਾਂ ਆਪਣੀ ਚਲ-ਅਚੱਲ ਜਾਇਦਾਦ ਦੀ ਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦਾ ਹੈ। ਹਥਿਆਰਾਂ ਵਿਚ ਡੰਡੇ, ਚਾਕੂ ਤੋਂ ਲੈ ਕੇ ਤੋਪਾਂ, ਰਾਕਟ-ਲਾਂਚਰ ਸ਼ਾਮਲ ਹੋ ਸਕਦੇ ਹਨ, ਜਦਕਿ ਇੱਕ ਦੇਸ਼ ਦੂਜੇ ਦੇਸ਼ ਤੋਂ ਆਪਣੀ ਰੱਖਿਆ ਲਈ ਤੋਪਾਂ, ਰਾਕਟ, ਮਿਜਾਈਲਾਂ ਅਤੇ ਜਹਾਜ਼ਾਂ ਦੀ ਵਰਤੋਂ ਕਰਦਾ ਹੈ, ਪਰ ਸਿਆਸੀ ਖਿੱਤੇ ਵਿੱਚ ਆਪਣੀ ਸਿਆਸੀ ਮਜਬੂਤੀ  ਅਤੇ ਸੁਰੱਖਿਆ ਲਈ ਸਿਆਸੀ ਆਗੂ ਉਪਰਲੇ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ, ਸਗੋਂ ਆਪਣੇ ਵਿਰੋਧੀ /ਦੁਸ਼ਮਣ ਨੂੰ ਆਪਣੀ ਸਿਆਸਤ ਨਾਲ ਖਤਮ ਕਰਨ ਲਈ ਸਿਆਸਤ ਦੀ ਵਰਤੋਂ ਕਰਦੇ ਹਨ। ਸੰਸਾਰ ਦੇ ਜਿੰਨੇ ਵੀ ਦੇਸ਼ ਹਨ, ਉਨ੍ਹਾਂ ਵਿਚੋਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਿਆਸਤਦਾਨ ਆਪਣੀ ਕੁਰਸੀ ਦੀ ਸੁਰੱਖਿਅਤਾ ਲਈ ਅਤੇ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਜਿਸ ਸਿਆਸਤ ਰੂਪੀ ਮਾਰੂ ਹਥਿਆਰ ਦੀ ਵਰਤੋਂ ਕਰਦੇ ਹਨ, ਪੂਰੀ ਤਰ੍ਹਾਂ ਫਿਲਟਰ ਕੀਤੀ ਹੁੰਦੀ ਹੈ। ਭਾਰਤ ਵਿਚ ਜਿਸ ਸਿਆਸੀ ਪਾਰਟੀ ਦਾ ਕੇਂਦਰ ਉਪਰ ਕਬਜ਼ਾ ਹੁੰਦਾ ਹੈ, ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਆਮ ਤੌਰ 'ਤੇ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਥਿਆਰ ਵਜੋਂ ਵਰਤੋਂ ਕਰਦੀ ਹੈ, ਹਾਲਾਂਕਿ ਇਨ੍ਹਾਂ ਦੋਵੇਂ ਸੰਸਥਾਵਾਂ ਦੀ ਸਥਾਪਨਾ ਦੇਸ਼ ਦੀ ਬਿਹਤਰੀ ਲਈ ਕੀਤੀ ਗਈ ਸੀ। ਕੇਂਦਰ ਉਪਰ ਕਾਬਜ ਸਿਆਸੀ ਪਾਰਟੀ ਦੇ ਆਗੂ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਕਈ ਵਾਰ ਉਨ੍ਹਾਂ ਉਪਰ ਦੇਸ਼ ਧ੍ਰੋਹ ਅਤੇ ਅੱਤਵਾਦ ਨਾਲ ਸਬੰਧਿਤ ਕਾਨੂੰਨਾਂ ਨੂੰ ਹਥਿਆਰ ਦੇ ਤੌਰ 'ਤੇ ਵਰਤ ਕੇ  ਜੇਲਾਂ ਵਿਚ ਧੱਕਣ ਤੋਂ ਵੀ ਗੁਰੇਜ ਨਹੀਂ ਕਰਦੇ ।  ਇਸੇ ਤਰਜ 'ਤੇ ਦੇਸ਼ ਦੀਆਂ ਰਾਜ ਸਰਕਾਰਾਂ ਆਪਣੀ ਸਿਆਸਤ ਚਲਾਉੰਦੀਆਂ ਹਨ। ਜਿਸ ਰਾਜ ਵਿਚ ਜਿਸ ਸਿਆਸੀ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸ ਨਾਲ ਸਬੰਧਿਤ ਸਿਆਸਤਦਾਨ ਆਪਣੀ ਕੁਰਸੀ ਨੂੰ ਸੁਰੱਖਿਅਤ ਰੱਖਣ ਲਈ ਵਿਰੋਧੀਆਂ /ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਵਿਜੀਲੈਂਸ ਬਿਊਰੋ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤੋਂ ਵਿਚ ਲਿਆਂਉਂਦੇ ਹਨ। ਰਾਜ ਸਰਕਾਰਾਂ 'ਤੇ ਕਾਬਜ ਸਿਆਸੀ ਪਾਰਟੀਆਂ ਦੇ ਸਿਆਸਤਦਾਨ ਤਾਂ ਕਈ ਵਾਰ ਇਥੋਂ ਤਕ ਸਿਆਸੀ ਤੀਰ ਮਾਰ ਜਾਂਦੇ ਹਨ, ਕਿ ਉਹ ਕਿਸੇ ਚੰਗੇ ਭਲੇ  ਸਿਆਸਤਦਾਨ ਨੂੰ ਕਿਸੇ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿਚ ਫਸਾ ਕੇ ਕੇਵਲ ਬਦਨਾਮ ਹੀ ਨਹੀਂ ਕਰਦੇ ਸਗੋਂ ਜੇਲ੍ਹ ਵਿੱਚ ਬੰਦ ਕਰਕੇ ਸਦਾ ਸਦਾ ਲਈ ਦਿਮਾਗੀ ਅਤੇ ਸਿਆਸੀ ਤੌਰ 'ਤੇ ਕੰਡਮ ਕਰਨ ਲਈ ਵੀ ਕੋਈ ਕਸਰ ਨਹੀਂ ਛੱਡਦੇ । ਕੇਂਦਰ ਅਤੇ ਰਾਜਾਂ ਉਪਰ ਕਾਬਜ ਸਰਕਾਰਾਂ ਨਾਲ ਸਬੰਧਿਤ ਸਿਆਸਤਦਾਨ ਆਪਣੇ ਵਿਰੋਧੀਆਂ ਨੂੰ ਰਿਸ਼ਵਤਖੋਰੀ, ਜਮੀਨਾਂ ਉਪਰ ਕਬਜੇ ਕਰਨ, ਨਜਾਇਜ ਹਥਿਆਰ ਰੱਖਣ ਅਤੇ ਨਸ਼ਿਆਂ ਦੀ ਖਰੀਦੋ-ਫਰੋਖਤ ਕਰਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਬਣੇ ਕਾਨੂੰਨਾਂ  ਨੂੰ ਹਥਿਆਰ ਦੀ ਤਰ੍ਹਾਂ ਵਰਤ ਕੇ ਇਸ ਤਰ੍ਹਾਂ ਟੰਗ ਕੇ  ਰੱਖ ਦਿੰਦੇ ਹਨ, ਕਿ ਬੰਦਾ ਜਿੰਦਗੀ ਭਰ ਉੱਠ ਨਹੀਂ ਸਕਦਾ । ਸਾਡੇ ਸਿਆਸਤਦਾਨ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਘੱਟ ਸਗੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਸਿਆਸੀ ਕਿੜਾਂ ਕੱਢਣ ਲਈ ਸਿਆਸਤ ਨੂੰ ਪ੍ਰਮਾਣੂ ਹਥਿਆਰ ਦੇ ਰੂਪ ਵਿਚ  ਵਰਤਕੇ ਆਪਣੀ ਕੁਰਸੀ  ਨੂੰ ਸੁਰੱਖਿਅਤ ਰੱਖਣ ਲਈ ਸਿਆਸਤ ਕਰਦੇ ਹਨ।ਕੁਰਸੀ ਦੀ ਮਜਬੂਤੀ ਲਈ, ਕੁਰਸੀ ਸੁਰੱਖਿਆ ਲਈ , ਸਿਆਸੀ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਅਤੇ ਦਬਾਕੇ ਰੱਖਣ ਲਈ ਦੇਸ਼ ਦੇ ਸਿਆਸਤਦਾਨਾਂ ਕੋਲ 'ਸਿਆਸੀ ਚਲਾਕੀਆਂ' ਹੀ "ਪ੍ਰਮਾਣੂ ਹਥਿਆਰ"ਹਨ। ਸਿਆਸੀ ਪਾਰਟੀਆਂ ਵਿਚ ਇਕ ਦੂਜੇ ਨੂੰ ਦਬਾਕੇ ਰੱਖਣ ਲਈ "ਸਿਆਸੀ ਚਲਾਕੀਆਂ" ਦਾ ਪ੍ਰਵਾਹ ਅਕਸਰ ਚੱਲਦਾ ਰਹਿੰਦਾ ਹੈ ਅਤੇ ਦੇਸ਼ ਵਿਚ ਇਸ ਨੂੰ ਹੀ "ਸਿਆਸਤ" ਦਾ ਨਾਂਅ ਦਿੱਤਾ ਗਿਆ ਹੈ , ਜਿਸ ਨੂੰ ਸਮਝਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦਾ ਕੰਮ ਹੁੰਦਾ ਹੈ। ਵਿਚਾਰੇ ਆਮ ਲੋਕ ਤਾਂ ਸਿਆਸੀ ਮੀਟਿੰਗਾਂ ਅਤੇ ਰੈਲੀਆਂ ਤੋਂ ਪਹਿਲਾਂ ਦਰੀਆਂ ਵਿਛਾਉਣ ਅਤੇ ਬਾਅਦ ਵਿਚ ਦਰੀਆਂ ਇਕੱਠੀਆਂ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। 

-ਸੁਖਦੇਵ ਸਲੇਮਪੁਰੀ

09780620233

20 ਨਵੰਬਰ, 2020.