ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਅਤੇ ਕਿਰਤੀਆਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ


ਡਾ. ਰਣਜੀਤ ਸਿੰਘ ਦੀ ਲਿਖੀ ਪੁਸਤਕ ਲੋਕਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਸ਼ੁੱਧ ਸਿੰਘ, ਦਾਖਾ ਅਤੇ ਬਾਵਾ ਨੇ ਰਿਲੀਜ ਕੀਤੀ
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 4 ਸਾਲਾਂ ਸ਼ਹੀਦ ਸਪੁੱਤਰ ਅਜੇ ਸਿੰਘ ਦੀ ਰਕਬਾ ਭਵਨ ਵਿਖੇ ਢੁੱਕਵੀ ਯਾਦਗਾਰ ਬਣਾਵਾਂਗੇ- ਬਾਵਾ
ਬਾਵਾ, ਬਲਦੇਵ, ਅਸ਼ਵਨੀ, ਮਨੋਜ ਅਤੇ ਉਮਰਾਓ  ਸਿੰਘ ਦੀ ਅਗਵਾਈ 'ਚ ਜੱਥਾ ਉਜੈਨ (ਮੱਧ ਪ੍ਰਦੇਸ਼) ਸ਼ਹੀਦੀ ਦਿਹਾੜਾ ਮਨਾਉਣ ਲਈ ਹੋਇਆ ਰਵਾਨਾ
ਮੁੱਲਾਂਪੁਰ ਦਾਖਾ, 7 ਜੂਨ (ਸਤਵਿੰਦਰ ਸਿੰਘ ਗਿੱਲ)- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮਹਾਨ ਯੋਧੇ, ਜਰਨੈਲ, ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਲੇ ਅਤੇ ਕਿਰਤੀਆਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਸ਼੍ਰੋੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਕਨਵੀਨਰ ਬਲਦੇਵ ਬਾਵਾ, ਬੈਰਾਗੀ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਪ੍ਰਧਾਨ ਫਾਊਂਡੇਸ਼ਨ ਹਰਿਆਣਾ ਉਮਰਾਉ ਸਿੰਘ ਛੀਨਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਜਦਕਿ ਸਮਾਗਮ ਵਿਚ ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਸਮੇਂ ਫਾਊਂਡੇਸ਼ਨ ਵੱਲੋਂ ਸੱਤ ਪ੍ਰਮੁੱਖ ਸ਼ਖਸ਼ੀਅਤਾਂ ਜਿਹਨਾਂ 'ਚ ਬਾਬਾ ਸ਼ੁੱਧ ਸਿੰਘ, ਮਨਜੀਤ ਸਿੰਘ ਹੰਬੜਾਂ, ਡਾ. ਰਜਿੰਦਰ ਸਿੰਘ ਕੁਰਾਲੀ ਕਾਲਮ ਨਵੀਸ, ਤ੍ਰਿਲੋਚਨ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ, ਅੰਗਰੇਜ ਸਿੰਘ ਬਰਨਾਲਾ, ਮੰਗਲੇਸ਼ ਕੌਰ ਅਮਰੀਕਾ (ਜਿਹਨਾਂ ਨੂੰ ਯੂ.ਐੱਸ.ਏ. ਫਾਊਂਡੇਸ਼ਨ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ), ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਭੇਂਟ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਕਿਹਾ ਕਿ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਸਮਾਜ ਨੂੰ ਦੇਣ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ, ਮੁਜਾਹਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਉਣਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਨਾ, 740 ਸਿੰਘਾਂ ਅਤੇ ਬਾਬਾ ਜੀ ਦੀ ਸ਼ਹਾਦਤ, ਚਾਰ ਸਾਲਾ ਸਪੁੱਤਰ ਅਜੇ ਸਿੰਘ ਦਾ ਕਲੇਜਾ ਕੱਢਕੇ ਬਾਬਾ ਜੀ ਦੇ ਮੂੰਹ ਵਿਚ ਪਾਉਣਾ, ਇਹ ਘਟਨਾਵਾਂ ਸਾਡੀ ਜਿੰਦਗੀ ਨੂੰ ਝੰਜੋੜਣ ਵਾਲੀਆਂ ਹਨ। ਆਓ ਸਾਰੇ ਹਰ ਸਾਲ ਮਿਲਕੇ ਮਹਾਨ ਯੋਧੇ ਜਰਨੈਲ ਦੇ ਜੀਵਨ ਨਾਲ ਸਬੰਧਿਤ ਚਾਰ ਇਤਿਹਾਸਿਕ ਦਿਹਾੜੇ 16 ਅਕਤੂਬਰ ਜਨਮ ਉਤਸਵ, 9 ਜੂਨ ਸ਼ਹੀਦੀ ਦਿਹਾੜਾ, 3 ਸਤੰਬਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੋਦਾਵਰੀ ਨਦੀ ਦੇ ਕੰਢੇ ਮਿਲਾਪ, 12 ਮਈ ਸਰਹਿੰਦ ਫਤਿਹ ਅਤੇ ਜਿੱਤ ਦਾ ਝੰਡਾ ਲਹਿਰਾਉਣਾ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨਾ ਆਦਿ ਵੱਡੇ ਸਮਾਗਮ ਆਯੋਜਿਤ ਕਰਕੇ ਮਨਾਈਏ। ਇਸ ਸਮੇਂ ਡਾ. ਰਣਜੀਤ ਸਿੰਘ ਦੀ ਲਿਖੀ ਪੁਸਤਕ ਲੋਕ ਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੀ ਬਾਬਾ ਸ਼ੁੱਧ ਸਿੰਘ, ਦਾਖਾ ਅਤੇ ਬਾਵਾ ਵੱਲੋਂ ਰਿਲੀਜ ਕੀਤੀ ਗਈ।
ਇਸ ਸਮੇਂ ਸ. ਗਿੱਲ ਨੇ ਜਾਣਕਾਰੀ ਦਿੱਤੀ ਕਿ ਸਮਾਗਮ ਤੋਂ ਉਪਰੰਤ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ 5 ਮੈਂਬਰੀ ਜੱਥਾ ਜਿਸ ਵਿਚ ਬਲਦੇਵ ਬਾਵਾ, ਅਸ਼ਵਨੀ ਮਹੰਤ, ਮਨੋਜ ਅਤੇ ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਉ ਸਿੰਘ ਸ਼ਾਮਲ ਹੋਣਗੇ, ਰਵਾਨਾ ਹੋਵੇਗਾ ਜੋ ਉਜੈਨ (ਮੱਧ ਪ੍ਰਦੇਸ਼) ਵਿਖੇ ਛਿਪਰਾ ਨਦੀ ਦੇ ਕੰਢੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਅ ਪ੍ਰਾਪਤ ਗੁਰਦੁਆਰਾ ਸਾਹਿਬ ਵਿਚ 9 ਜੂਨ ਨੂੰ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਸਮੇਂ ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਬਲਜਿੰਦਰ ਸਿੰਘ ਮਲਕਪੁਰ, ਪ੍ਰਮਿੰਦਰ ਸਿੰਘ ਬਿੱਟੂ, ਸੁੱਚਾ ਸਿੰਘ ਤੁਗਲ, ਹਰਪ੍ਰੀਤ ਸਿੰਘ ਸਿੱਧਵਾਂ, ਵਿਪਨ ਬਾਵਾ ਆਦਿ ਹਾਜਰ ਸਨ।