ਵੱਖ-ਵੱਖ ਸਨਅਤੀ ਇਕਾਈਆਂ ਨੂੰ ਰੋਜ਼ਗਾਰ ਮੁੱਖੀ ਯੋਜਨਾਵਾਂ ਨਾਲ ਜੁੜਨ ਦਾ ਸੱਦਾ

ਯੋਜਨਾਵਾਂ ਦਾ ਨੌਜਵਾਨਾਂ ਅਤੇ ਸਨਅਤੀ ਇਕਾਈਆਂ ਨੂੰ ਹੋਵੇਗਾ ਭਾਰੀ ਲਾਭ-ਡਿਪਟੀ ਕਮਿਸ਼ਨਰ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਨਾਲ ਸਨਅਤੀ ਇਕਾਈਆਂ ਨੂੰ ਜੋੜਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਕਈ ਇਕਾਈਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ (ਲੇਬਰ) ਮਿਸ ਅਮਨਦੀਪ ਕੌਰ, ਮਿਸ਼ਨ ਮੈਨੇਜਰ ਮਿਸ ਸਵਾਤੀ ਠਾਕੁਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਗਰਵਾਲ ਨੇ ਸਮੂਹ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਰੋਜ਼ਗਾਰ ਮੁੱਖੀ ਯੋਜਨਾਵਾਂ ਦੇ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਇਸ ਨਾਲ ਨੌਜਵਾਨਾਂ ਨੂੰ ਵੀ ਹੁਨਰਮੰਦ ਹੋਣ ਵਿੱਚ ਸਹਿਯੋਗ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਇਨ੍ਹਾਂ ਯੋਜਨਾਵਾਂ ਦੇ ਤਹਿਤ ਨੌਜਵਾਨਾਂ ਨੂੰ ਸਿਖ਼ਲਾਈ ਦਿੰਦੇ ਹਨ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਨੈਸ਼ਨਲ ਅਪਰੈਂਟਸ਼ਿਪ ਪ੍ਰੋਮੋਸ਼ਨ ਯੋਜਨਾ (ਐੱਨ. ਏ. ਪੀ. ਐੱਸ.) ਅਧੀਨ ਕਈ ਤਰ੍ਹਾਂ ਦੇ ਵਿੱਤੀ ਲਾਭ ਦਿੱਤੇ ਜਾ ਰਹੇ ਹਨ। ਅਗਰਵਾਲ ਨੇ ਸਨਅਤੀ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖ਼ਲਾਈ ਦੇਣ ਲਈ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਇਸ ਮੁਹਿੰਮ ਨੂੰ ਹੋਰ ਕਾਰਗਰ ਤਰੀਕੇ ਨਾਲ ਚਲਾਉਣ ਲਈ ਸੁਝਾਅ ਆਦਿ ਵੀ ਦੇਣ। ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਸਨਅਤੀ ਇਕਾਈਆਂ ਦੇ ਨੁਮਾਇੰਦਿਆਂ ਨੂੰ ਵੱਖ-ਵੱਖ ਰੋਜ਼ਗਾਰ ਮੁੱਖੀ ਯੋਜਨਾਵਾਂ ਬਾਰੇ ਜਾਣੂ ਕਰਾਉਣ ਲਈ ਅਗਲੇ ਮਹੀਨੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਜਾਵੇਗਾ।