ਕੈਬਨਿਟ ਮੰਤਰੀ ਵੱਲੋਂ ਨਗਰ ਨਿਗਮ ਨੂੰ 65 ਲੱਖ ਰੁਪਏ ਦਾ ਚੈੱਕ ਸਪੁਰਦ

ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦਾ ਨਿਰਮਾਣ ਜਲਦ ਹੋਵੇਗਾ ਮੁਕੰਮਲ - ਭਾਰਤ ਭੂਸ਼ਣ ਆਸ਼ੂ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਦਲਿਤ ਭਾਈਚਾਰੇ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਨੇ ਸਥਾਨਕ ਜਲੰਧਰ ਬਾਈਪਾਸ ਸਥਿਤ ਬਣ ਰਹੇ ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦੇ ਨਿਰਮਾਣ ਕਾਰਜ਼ ਨੂੰ ਜਲਦ ਪੂਰਾ ਕਰਨ ਦਾ ਬੀੜਾ ਚੁੱਕਿਆ ਹੈ। ਇਸ ਪ੍ਰੋਜੈਕਟ ਦੇ ਦੂਜੇ ਫੇਜ਼ ਨੂੰ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਲੁਧਿਆਣਾ ਨੂੰ 65 ਲੱਖ ਰੁਪਏ ਦਾ ਚੈਂਕ ਸਪੁਰਦ ਕੀਤਾ ਗਿਆ। ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਸ ਬਹੁ-ਮੰਤਵੀ ਪ੍ਰੋਜੈਕਟ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਾਉਣ ਲਈ 6 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਪਹਿਲਾਂ ਜਾਰੀ ਕੀਤੇ 2 ਕਰੋੜ ਰੁਪਏ ਦੇ ਕੰਮ ਹੋ ਚੁੱਕੇ ਹਨ ਜਦਕਿ ਦੂਜੇ ਗੇੜ ਦੇ ਕੰਮ ਕਰਾਉਣ ਲਈ 98 ਲੱਖ ਰੁਪਏ ਲੱਗ ਚੁੱਕੇ ਹਨ। ਜਿਸ ਵਿੱਚੋਂ 65 ਲੱਖ ਰੁਪਏ ਦਾ ਚੈਂਕ ਅੱਜ ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਨਗਰ ਨਿਗਮ ਲੁਧਿਆਣਾ ਨੂੰ ਦਿੱਤਾ ਗਿਆ ਹੈ। ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦਾ ਸਰਵ-ਪੱਖੀ ਵਿਕਾਸ ਕਰਾਉਣ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਹੀ ਹੈ ਓਥੇ ਹੀ ਸੂਬਾ ਵਾਸੀਆਂ ਦੀਆਂ ਧਾਰਮਿਕ, ਸਮਾਜਿਕ ਅਤੇ ਹੋਰ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਲੋੜੀਂਦੇ ਕਦਮ ਪਹਿਲ ਦੇ ਆਧਾਰ 'ਤੇ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਸਹੀ ਅਰਥਾਂ ਵਿੱਚ ਉਥਾਨ ਨੂੰ ਯਕੀਨੀ ਬਣਾਉਣ ਲਈ ਡਾ.ਭੀਮ ਰਾਓ ਅੰਬੇਦਕਰ ਭਵਨ-ਕਮ-ਕਮਿਊਨਿਟੀ ਟ੍ਰੇਨਿੰਗ ਐਂਡ ਰਿਸਰਚ ਸੈਂਟਰ ਦਾ ਨਿਰਮਾਣ ਤਵੱਜੋ ਨਾਲ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਦਲਿਤ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਨੂੰ ਪਹਿਲ ਦੇ ਆਧਾਰ 'ਤੇ ਧਿਆਨ ਵਿੱਚ ਰੱਖਿਆ ਜਾਵੇਗਾ। ਸਥਾਨਕ ਕੋਚਰ ਮਾਰਕੀਟ ਸਥਿਤ ਆਪਣੇ ਦਫ਼ਤਰ ਵਿਖੇ ਚੈਂਕ ਸਪੁਰਦ ਕਰਨ ਵੇਲੇ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ, ਜ਼ਿਲ੍ਹਾ ਕਾਂਗਰਸ (ਦਿਹਾਤੀ) ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸੀਨੀਅਰ ਕਾਂਗਰਸੀ ਆਗੂ ਰਾਜੀਵ ਰਾਜਾ, ਕੌਸਲਰ ਹੰਸ ਰਾਜ, ਰਮਨਦੀਪ ਲਾਲੀ, ਨਰੇਸ਼ ਧੀਂਗਾਨ ਅਤੇ ਹੋਰ ਹਾਜ਼ਰ ਸਨ।