You are here

ਪੰਜਾਬ

ਗੁਜਰਾਤ ਵਿਧਾਨ ਸਭਾ ਚੋਣਾ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ- ਨੀਤਨ ਤਾਂਗੜੀ

   ਲੁਧਿਆਣਾ ,3 ਦਸੰਬਰ (ਰਾਣਾ ਮੱਲ ਤੇਜੀ )  ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਨੀਤਿਨ ਤਾਂਗੜੀ ਨੇ ਗੁਜਰਾਤ ਚੋਣਾਂ 'ਚ ਧੂਆਂ ਧਾਰ ਪ੍ਰਚਾਰ ਕਰਨ ਉਪਰੰਤ ਵਾਪਸੀ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਗੁਜਰਾਤ ਚ ਆਪ ਪਾਰਟੀ ਦੇ ਉਮੀਦਵਾਰਾ ਦੇ ਹੱਕ 'ਚ ਚੋਣ ਪ੍ਰਚਾਰ ਲਈ ਉਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗੁਵਾਈ ਵਿੱਚ ਸੂਬੇ ਦੀਆਂ ਵੱਖ-ਵੱਖ ਵਿਧਾਨ ਸਭਾਵਾਂ 'ਚ ਪ੍ਰਚਾਰ ਲਈ ਗਏ ਸਨ ।ਉਨ੍ਹਾਂ ਕਿਹਾ ਕਿ ਇਸ ਮੌਕੇ ਬਿੱਟੂ ਭਨੋਟ,ਰਜੀਵ,ਸੁਰਿੰਦਰ ਸਿੰਘ ਸਾਬਕਾ ਇੰਸਪੇਕਟਰ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰ ਅਤੇ ਵਲੰਟੀਅਰ ਵੀ  ਉਨ੍ਹਾਂ ਨਾਲ ਚੌਣ ਪ੍ਰਚਾਰ ਕਰਕੇ ਊਥੌ ਦੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾ ਨੂੰ ਕੰਬਣੀ ਛੇੜ ਰਹੇ ਸਨ । ਤਾਂਗੜੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਜਾ ਰਿਹਾ ਸੀ । ਅਤੇ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦ ਉਹ ਗੁਜਰਾਤ ਵਿੱਚ ਵਿਧਾਇਕ ਬੱਗਾ ਨਾਲ ਚੋਣ ਪ੍ਰਚਾਰ ਕਰ ਰਹੇ ਸਨ । ਤਾਂ ਗੁਜਰਾਤ ਦੇ ਮੰਨੇ ਪ੍ਰਮੰਨੇ ਉਦਯੋਗਪਤੀ ਸ਼ੁਭਾਸ਼ ਭਾਰਗਵ ਚੈਅਰਮੈਨ ਕੋਲੋਰੈਨਟ ਲਿਮਿਟਡ ਕੰਪਨੀ ਨੇ ਆਪਣੇ ਗੁਜਰਾਤੀ ਉਦਯੋਗਪਤੀਆ ਨਾਲ ਉਨ੍ਹਾਂ ਨੂੰ ਵਿਸ਼ੇਸ਼ ਸੱਦਾ ਦੇਕੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ' ਚ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ । ਤਾਂਗੜੀ ਨੇ ਅੱਗੇ ਕਿਹਾ ਕਿ ਗੁਜਰਾਤ ਸੂਬੇ ਦੇ ਆਮ ਲੋਕ ਅਤੇ ਵਪਾਰਕ ਘਰਾਣੇ ਭਾਜਪਾ ਦੇ 27 ਸਾਲਾਂ ਦੇ ਸ਼ਾਸਨ ਤੋਂ ਬਹੁਤ ਦੁਖੀ ਤੇ ਤੰਗ ਆ ਚੁੱਕੇ ਹਨ। ਅਤੇ ਉਹ ਬਦਲ਼ਾਅ ਦੇ ਰੂਪ ਵਿੱਚ ਆਮ  ਆਦਮੀ ਪਾਰਟੀ ਦੀ ਸਰਕਾਰ ਬਨਣੀ ਦੇਖਣਾ ਚਾਹੁੰਦੇ ਹਨ । ਤਾਂਗੜੀ ਨੇ ਕਿਹਾ ਕਿ ਆਪ ਪਾਰਟੀ ਦੇ ਉਮੀਦਵਾਰਾ ਦੇ ਹੱਕ ਵਿੱਚ ਹੋ ਰਹੇ ਭਾਰੀ ਚੋਣ ਪ੍ਰਚਾਰ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਗੁਜਰਾਤ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ।

ਪੰਜਾਬ ਵਿਜੀਲੈਂਸ ਦੀ ਵੱਡੀ ਕਾਰਵਾਈ 

ਸੇਵਾਮੁਕਤ ਐੱਸਐੱਮਓ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

ਚੰਡੀਗੜ੍ਹ, 1 ਦਸੰਬਰ (ਜਨ ਸ਼ਕਤੀ ਨਿਊਜ਼ ਬਿਊਰੋ )ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਐੱਸਐੱਮਓ ਸੇਵਾਮੁਕਤ ਡਾ. ਸਤਨਾਮ ਸਿੰਘ ਵਿਰੁੱਧ ਸਵਾ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਐੱਸਐੱਮਓ ਵਾਸੀ ਫਰੈਂਡਜ਼ ਐਵੀਨਿਊ, ਅੰਮ੍ਰਿਤਸਰ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ।  ਸ਼ਿਕਾਇਤਕਰਤਾ ਮਲਕੀਅਤ ਸਿੰਘ ਵਾਸੀ ਪਿੰਡ ਅਠਵਾਲ, ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਕਤ ਐੱਸਐੱਮਓ ਨੇ ਇਕ ਪੁਲਿਸ ਕੇਸ ਸਬੰਧੀ ਡਾਕਟਰੀ ਰਿਪੋਰਟ ਦੇਣ ਬਦਲੇ ਸਵਾ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਪ੍ਰਾਪਤ ਵੀ ਕੀਤੀ। ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਦੀ ਰਕਮ ਮੰਗਣ ਅਤੇ ਸਵੀਕਾਰ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਉਕਤ ਸਾਬਕਾ ਐੱਸਐੱਮਓ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ।

 

ਸ਼ਹਿਰ ਵਾਸੀ ਸਵੱਛਤਾ ਸਰਵੇਖਣ 2023 ਵਿੱਚ ਮੋਗਾ ਦੀ ਚੰਗੀ ਰੈਕਿੰਗ ਲਈ ਨਗਰ ਨਿਗਮ ਮੋਗਾ ਦਾ ਕਰਨ ਸਹਿਯੋਗ-ਕਮਿਸ਼ਨਰ ਨਗਰ ਨਿਗਮ

ਮੋਗਾ, 30 ਨਵੰਬਰ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ)ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜੋਤੀ ਬਾਲਾ ਮੱਟੂ (ਪੀ.ਸੀ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰੇਕ ਸਾਲ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ ਜਿਸ ਵਿੱਚ ਭਾਰਤ ਦੀਆਂ ਸਾਰੀਆਂ ਅਰਬਨ ਲੋਕਲ ਬਾਡੀਜ਼ ਭਾਗ ਲੈਂਦੀਆਂ ਹਨ। ਸਾਲ-2023 ਦੋਰਾਨ ਹੋਣ ਵਾਲੇ ਸਵੱਛਤਾ ਸਰਵੇਖਣ ਵਿੱਚ ਨਗਰ ਨਿਗਮ ਮੋਗਾ ਵੱਲੋਂ ਵੀ ਭਾਗ ਲਿਆ ਜਾ ਰਿਹਾ ਹੈ। ਇਸ ਸਵੱਛਤਾ ਸਰਵੇਖਣ ਵਿੱਚ ਭਾਗ ਲੈਣ ਵਾਲੀਆਂ ਅਰਬਨ ਲੋਕਲ ਬਾਡੀਜ਼ ਦੀ ਸਫਾਈ ਵਿਵਸਥਾ ਦੇ ਪ੍ਰਬੰਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਰੈਕਿੰਗ ਕੀਤੀ ਜਾਂਦੀ ਹੈ। ਜਿਸ ਵਿੱਚ ਖਾਸ ਤੌਰ ਤੇ ਸ਼ਹਿਰਾਂ ਦੀ ਰੋਡ ਸਵੀਪਿੰਗ, ਪਲਾਸਟਿਕ ਕੈਰੀ ਬੈਗ ਦੀ ਵਰਤੋਂ ਤੇ ਪਾਬੰਦੀ, ਗਿੱਲੇ ਸੁੱਕੇ-ਕੂੜੇ ਨੂੰ ਵੱਖ-ਵੱਖ ਕਰਨਾ ਆਦਿ ਚੈਕ ਕੀਤਾ ਜਾਂਦਾ ਹੈ ਤਾਂ ਜੋ ਸਾਫ-ਸਫ਼ਾਈ ਸਬੰਧੀ ਸ਼ਹਿਰ ਨੂੰ ਉਚੇਰਾ ਸਥਾਨ ਦਿਵਾਇਆ ਜਾ ਸਕੇ।
ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਮੋਗਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਾਰੇ ਰਲ ਕੇ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਫ਼ਾਈ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ, ਤਾਂ ਨਗਰ ਨਿਗਮ ਵੱਲੋਂ ਉਨ੍ਹਾਂ ਵਿਅਕਤੀਆਂ ਜਾਂ ਅਦਾਰਿਆਂ ਪਾਸੋਂ ਜੁਰਮਾਨਾ ਵਸੂਲਿਆ ਜਾਵੇਗਾ। ਜੁਰਮਾਨੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖੁੱਲੇ ਵਿੱਚ ਸ਼ੌਚ ਕਰਨ ਤੇ 200 ਰੁਪਏ, ਆਪਣੇ ਘਰਾਂ/ਦੁਕਾਨਾਂ ਦੇ ਠੋਸ ਮਲਬੇ ਨੂੰ ਸੜਕਾਂ/ਰੋਡ ਉੱਪਰ 24 ਘੰਟੇ ਤੋਂ ਵੱਧ ਸਮਾਂ ਰੱਖਣ ਤੇ 500 ਰੁਪਏ, ਪਲਾਸਟਿਕ ਕੈਰੀਬੈਗ ਦੀ ਵਰਤੋਂ/ਵੇਚ/ਸਟੋਰ ਕਰਨ ਤੇ 2 ਹਜ਼ਾਰ ਤੋਂ  20 ਹਜ਼ਾਰ ਰੁਪਏ ਤੱਕ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਨਾ ਕਰਨ ਤੇ 200 ਰੁਪਏ, ਸੀਵਰੇਜ ਦੇ ਗਾਰ/ਮਲਬੇ ਨੂੰ ਖੁੱਲੇ ਵਿੱਚ ਸੁੱਟਣ ਤੇ 500 ਰੁਪਏ, ਕੂੜੇ ਨੂੰ ਅੱਗ ਲਗਾਉਣ ਤੇ 5 ਹਜ਼ਾਰ ਰੁਪਏ ਤੱਕ ਦੇ ਜੁਰਮਾਨੇ ਕਰਨ ਦਾ ਉਪਬੰਧ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਗਾ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਵਿੱਚ ਆਪਣਾ ਨਿੱਜੀ ਯੋਗਦਾਨ ਪਾਉਣ।

ਹੋਪ ਫਾਰ ਮਹਿਲ ਕਲਾਂ ਵੱਲੋਂ ਸੰਵਿਧਾਨ ਦਿਵਸ ਮੌਕੇ ਸੈਮੀਨਾਰ 

ਭਾਰਤੀ ਸੰਵਿਧਾਨ ਨੂੰ ਪੜਨ ਤੇ ਸਮਝਣ ਦੀ ਜਰੂਰਤ- ਲੱਧੜ -- ਸਮਾਜ ਵਿੱਚ ਸੰਵਿਧਾਨ ਪ੍ਰਤੀ ਸਮਝ ਦੀ ਘਾਟ- ਕੁਲਵੰਤ ਸਿੰਘ ਟਿੱਬਾ --

ਬਰਨਾਲਾ/ਮਹਿਲ ਕਲਾਂ 27ਨਵੰਬਰ (ਗੁਰਸੇਵਕ ਸੋਹੀ) ਸੰਵਿਧਾਨ ਦਿਵਸ ਮੌਕੇ ਇਲਾਕੇ ਦੀ ਨਾਮਵਰ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਵੱਲੋਂ "ਭਾਰਤੀ ਸੰਵਿਧਾਨ ਦੀ ਸਮਾਜ ਨੂੰ ਦੇਣ" ਵਿਸ਼ੇ 'ਤੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐੱਸ.ਆਰ.ਲੱਧੜ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸਾਮਿਲ ਹੋਏ। ਸਮਾਗਮ ਦੀ ਸੁਰੂਆਤ ਸੰਸਥਾ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਦੀਪ ਰੋਸ਼ਨ ਕਰਨ ਦੀ ਰਸਮ ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ, ਐੱਸਐੱਚਓ ਕਮਲਜੀਤ ਸਿੰਘ ਗਿੱਲ, ਕੰਵਰਪ੍ਰੀਤ ਪੁਰੀ ਤੇ ਪ੍ਰਿੰਸੀਪਲ ਨਵਜੋਤ ਕੌਰ ਟੱਕਰ,ਸੁਸ਼ੀਲ ਕੁਮਾਰ ਗੋਇਲ, ਸਮਾਜਸੇਵੀ ਸਰਬਜੀਤ ਸਿੰਘ ਸੰਭੂ ਤੇ ਰਾਜਿੰਦਰ ਸਿੰਘ ਗੋਗੀ ਛੀਨੀਵਾਲ ਨੇ ਸਾਂਝੇ ਤੌਰ ਤੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ.ਮੱਖਣ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਕਰਕੇ ਮਹਿਲਾਵਾਂ ਨੂੰ ਦੇਸ਼ ਅੰਦਰ ਬਰਾਬਰ ਦੇ ਅਧਿਕਾਰ ਮਿਲ ਸਕੇ ਹਨ। ਸੇਵਾਮੁਕਤ ਤਹਿਸੀਲਦਾਰ ਕੰਵਰਪ੍ਰੀਤ ਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਨੇ ਸੰਵਿਧਾਨ ਵਿੱਚ ਲਿੰਗ, ਜਾਤੀ ਤੇ ਧਰਮ ਅਧਾਰਿਤ ਵਿਤਕਰੇ ਵਿਰੁੱਧ ਕਾਨੂੰਨ ਬਣਾ ਕੇ ਇੱਕ ਨਵੇਂ ਭਾਰਤ ਦੀ ਨੀਂਹ ਰੱਖੀ। ਐੱਸ.ਆਰ.ਲੱਧੜ ਨੇ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ਨੂੰ ਪੜ੍ਹਨ ਤੇ ਸਮਝਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਇਕੱਲੇ ਦਲਿਤਾਂ ਜਾਂ ਪਛੜੇ ਵਰਗਾਂ ਦੀ ਉਥਾਨ ਲਈ ਕਾਨੂੰਨ ਨਹੀਂ ਬਣਾਏ ਸਗੋਂ ਸਿੱਖ ਫਲਸਫੇ ਨੂੰ ਅਸਲ ਮਾਇਨਿਆ 'ਚ ਲਾਗੂ ਕੀਤਾ ਤੇ ਸਰਬ ਸਾਂਝੀਵਾਲਤਾ ਲਈ ਕੰਮ ਕੀਤਾ।ਲੱਧੜ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੋ ਸਾਲ ਗਿਆਰਾਂ ਮਹੀਨੇ ਤੇ ਅਠਾਰਾਂ ਦਿਨ ਸਖ਼ਤ ਮਿਹਨਤ ਕਰਕੇ ਤਿਆਰ ਕੀਤਾ ਸੀ। ਸਮਾਗਮ ਨੂੰ ਇੰਟਰਨੈਸ਼ਨਲ ਢਾਡੀ ਨਾਥ ਸਿੰਘ ਹਮੀਦੀ, ਮਜਦੂਰ ਆਗੂ ਡਾ. ਸਰਬਜੀਤ ਸਿੰਘ ਖੇੜੀ, ਆਰੁਣਪ੍ਰਤਾਪ ਸਿੰਘ ਢਿੱਲੋਂ, ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਪ੍ਰਮਿੰਦਰ ਸਿੰਘ ਹਮੀਦੀ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਸਮਾਜਸੇਵੀ ਪਿਆਰਾ ਸਿੰਘ ਮਾਹਮਦਪੁਰ, ਹਰਵਿੰਦਰ ਕੁਮਾਰ ਜਿੰਦਲ, ਬਾਬਾ ਜੰਗ ਸਿੰਘ ਦੀਵਾਨਾ, ਡਾ.ਕਮਲਜੀਤ ਸਿੰਘ ਟਿੱਬਾ, ਡਾ.ਸੋਮਾ ਸਿੰਘ ਗੰਡੇਵਾਲ,ਗੁਰਸੇਵਕ ਸਿੰਘ ਸਹੋਤਾ, ਗੁਰਸੇਵਕ ਸਿੰਘ ਸੋਹੀ, ਬਲਤੇਜ ਸਿੰਘ ਮਹਿਲ ਕਲਾਂ, ਸਿੰਗਾਰਾ ਸਿੰਘ ਨਰਾਇਣਗੜ ਸੋਹੀਆਂ, ਬੱਗਾ ਸਿੰਘ ਮਹਿਲ ਖੁਰਦ, ਰਿੰਕਾ ਕੁਤਬਾ ਬਾਹਣੀਆਂ, ਸੂਰਤ ਸਿੰਘ ਬਾਜਵਾ, ਬਲਦੇਵ ਸਿੰਘ ਭੁੱਚਰ, ਜਸਵੀਰ ਸਿੰਘ ਸੀਰਾ ਮਾਹਮਦਪੁਰ,ਮਿੱਠੂ ਮੁਹੰਮਦ, ਆਰਟਿਸਟ ਲਖਵੀਰ ਸਿੰਘ ਗੰਗੋਹਰ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਸਰਪੰਚ ਗੁਰਦੀਪ ਸਿੰਘ ਸੰਧੂ, ਅਮਰਜੀਤ ਸਿੰਘ ਖਹਿਰਾ,ਜਗਜੀਤ ਸਿੰਘ ਮਾਹਲ, ਬਾਬਾ ਸ਼ੇਰ ਸਿੰਘ ਮਹਿਲ ਕਲਾਂ ਆਦਿ ਆਗੂ ਵੀ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਹਰਪਾਲ ਪਾਲੀ ਵਜੀਦਕੇ ਨੇ ਬਾਖੂਬੀ ਨਿਭਾਈ।

ਪਿੰਡ ਹਮੀਦੀ ਵਿਖੇ ਇਕ ਕਿਸਾਨ ਦੇ ਦਿਨ ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਕੋਠੀ ਦੇ ਜਿੰਦਰੇ ਤੋੜ ਕੇ 5 ਤੋਲੇ ਸੋਨਾ ਅਤੇ 50 ਹਜ਼ਾਰ ਨਕਦੀ ਚੋਰੀ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ

ਬਲਜੀਤ ਕੌਰ ਦੇ ਦਰਜ ਕੀਤੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ

ਘਰ ਦੀ ਪੜਤਾਲ ਕੀਤੀ ਜਾ ਰਹੀ ਹੈ- ਥਾਣਾ ਮੁੱਖੀ ਗੁਰਬਚਨ ਸਿੰਘ                                              

ਬਰਨਾਲਾ/ਮਹਿਲ ਕਲਾਂ, 27 ਨਵੰਬਰ(ਗੁਰਸੇਵਕ ਸੋਹੀ)ਨੇੜਲੇ ਪਿੰਡ ਹਮੀਦੀ ਵਿਖੇ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਇੱਕ ਕਿਸਾਨ ਦੀ ਕੋਠੀ ਦੇ ਜਿੰਦਰੇ ਤੋੜ ਕੇ 5 ਤੋਲੇ ਸੋਨਾ ਤੇ 50 ਹਜ਼ਾਰ ਨਕਦੀ ਚੋਰੀ ਕਰਕੇ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਪੀੜਤ ਕਿਸਾਨ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਹਮੀਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਮੇਰੀ ਪਤਨੀ ਬਲਜੀਤ ਕੌਰ ਸਵੇਰੇ11 ਵਜੇ ਦੇ ਕਰੀਬ ਅਮਲਾ ਸਿੰਘ ਵਾਲਾ ਰੋਡ ਪਿੰਡ ਹਮੀਦੀ ਵਿਖੇ ਸਥਿੱਤ ਕੋਠੀ ਅਤੇ ਬਾਹਰਲੇ ਗੇਟ ਨੂੰ ਜਿੰਦਰੇ ਲਗਾਕੇ ਪਿੰਡ ਵਾਲੇ ਘਰ ਗਈ ਹੋਈ ਸੀ ਜਦੋਂ ਉਹ ਸ਼ਾਮ ਚਾਰ ਵਜੇ ਦੇ ਕਰੀਬ ਅੰਦਰਲੇ ਘਰੋਂ ਵਾਪਸ ਘਰ ਪਰਤੀ ਤਾਂ ਉਸ ਨੇ ਕੋਠੀ ਦੇ ਮੇਨ ਗੇਟ ਨੂੰ ਲੱਗਿਆ ਜਿੰਦਰਾ ਖੋਲ੍ਹਿਆ ਤਾਂ ਅੱਗੇ ਜਾਕੇ ਦੇਖਿਆ ਤਾਂ ਕੋਠੀ ਦੇ ਜ਼ਿੰਦਰੇ ਤੋੜੇ ਪਏ ਸਨ। ਕੋਠੀ ਦੇ ਇੱਕ ਕਮਰੇ ਅੰਦਰ ਖੜ੍ਹੀਆਂ ਅਲਮਾਰੀਆਂ ਦੇ ਜੰਦਰੇ ਤੋੜ ਕੇ ਕੱਪੜਿਆਂ ਤੇ ਹੋਰ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ ਜਦੋਂ ਅਸੀਂ ਪਰਿਵਾਰਕ ਮੈਂਬਰਾਂ ਨੇ ਅਲਮਾਰੀ ਵਿੱਚ ਰਖਿਆ ਹੋਇਆ 5 ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਗਦੀ ਚੈੱਕ ਕੀਤੀ ਤਾਂ ਚੋਰੀ ਕੀਤੀ ਹੋਈ ਸੀ ਉਨ੍ਹਾਂ ਕਿਹਾ ਕਿ ਕੋਠੀ ਅੰਦਰ ਘਰ ਦਾ ਵਿਅਕਤੀ ਨਾ ਹੋਣ ਕਰਕੇ ਕੋਠੀ ਦੀ ਚਾਰਦੀਵਾਰੀ ਦੇ ਪਿਛਲੇ ਪਾਸਿਓਂ ਅਣਪਛਾਤੇ ਚੋਰਾਂ ਨੇ ਕੋਠੀ ਦੇ ਵਿਹੜੇ ਅੰਦਰ ਦਾਖਲ ਹੋਣ ਤੋਂ ਬਾਅਦ ਕੋਠੀ ਦੇ ਦੋ ਕਮਰਿਆਂ ਦੇ ਮੇਨ ਜਿੰਦਰੇ ਤੋੜ ਕੇ ਅਲਮਾਰੀਆਂ ਦੀ ਫੋਲਾ ਫਰਾਲੀ ਪੰਜ ਤੋਲੇ ਸੋਨਾ ਅਤੇ 50 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਫਰਾਰ ਹੋ ਗਏ ਉਨ੍ਹਾਂ ਕਿਹਾ ਕਿ 50 ਹਜ਼ਾਰ ਦੀ ਰਕਮ ਲੰਪ ਭਰਨ ਲਈ ਰੱਖੀ ਹੋਈ ਸੀ। ਇਸ ਚੋਰੀ ਦੀ ਘਟਨਾ ਸਬੰਧੀ ਥਾਣਾ ਠੁੱਲੀਵਾਲ ਪੁਲਸ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸੰਬੰਧੀ ਹੁਣ ਸਬ-ਡਵੀਜ਼ਨ  ਮਹਿਲ ਕਲਾਂ ਦੇ ਡੀਐਸਪੀ ਗਮਦੂਰ ਸਿੰਘ ਚਾਹਲ ਥਾਣਾ ਠੁੱਲੀਵਾਲ ਮੁੱਖੀ ਗੁਰਬਚਨ ਸਿੰਘ ਅਤੇ ਸੀ ਆਈ ਸਟਾਫ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਪੜਤਾਲ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ।ਉਧਰ ਦੂਜੇ ਪਾਸੇ ਥਾਣਾ ਠੁੱਲੀਵਾਲ ਦੇ ਮੁੱਖੀ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ  ਬਲਜੀਤ ਕੌਰ ਪਤਨੀ ਰਣਜੀਤ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਚੋਰਾਂ ਖਿਲਾਫ ਮੁਕਦਮਾ ਨੰਬਰ56 ਧਾਰਾ454.380 ਆਈ ਪੀ ਸੀ ਥਾਣਾ ਠੁੱਲੀਵਾਲ ਵਿਖੇ ਦਰਜ ਕਰਕੇ ਅਗਲੀ ਵਿਭਾਗੀ ਤਫਤੀਸ ਸ਼ੁਰੂ ਕਰ ਦਿੱਤੀ ਗਈ ਹੈ।

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 279ਵਾ ਦਿਨ ਪਿੰਡ ਕਨੇਚ ਨੇ ਹਾਜ਼ਰੀ ਭਰੀ  

ਪੰਜਾਬ ਦੇ ਜਝਾਰੂ ਲੋਕ ਹੱਕ ਮੰਗਦੇ, ਪਰ ਸਰਕਾਰਾਂ ਲਾਰੇ ਲਾ ਕੇ ਸਾਰਦੀਆਂ- ਰਕਬਾ

ਸਰਾਭਾ,ਮੁੱਲਾਂਪੁਰ ਦਾਖਾ,27 ਨਵੰਬਰ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 279ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਸਿੱਖ ਚਿੰਤਕ ਕੌਂਸਲ ਮਾਸਟਰ ਦਰਸ਼ਨ ਸਿੰਘ ਰਕਬਾ, ਗੁਰਮੇਲ ਸਿੰਘ ਕਨੇਚ, ਅਮਰਦੀਪ ਸਿੰਘ ਕਨੇਚ,ਅਜਮੇਰ ਸਿੰਘ ਕਨੇਚ, ਨੰਬਰਦਾਰ ਜਸਮੇਲ ਸਿੰਘ ਜੰਡ ਅਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਚਿੰਤਕ ਕੌਂਸਲ ਮਾਟਰ ਦਰਸ਼ਨ ਸਿੰਘ ਰਕਬਾ  ਨੇ ਆਖਿਆ ਕਿ ਜਿਹੜੀ ਸਿੱਖ ਕੌਮ ਪੂਰੇ ਦੇਸ਼ ਲਈ ਹਮੇਸ਼ਾ ਸਭ ਤੋਂ ਅੱਗੇ ਹੋ ਕੇ ਸੰਘਰਸ਼ ਕਰਦੀ ਹੈ। ਓਸ ਕੌਮ ਨਾਲ ਸਮੇਂ ਦੀਆਂ ਸਰਕਾਰਾਂ ਵਧੀਕੀਆਂ ਕਰਕੇ ਉਨ੍ਹਾਂ ਨੂੰ ਜਾਣ-ਬੁੱਝ ਕੇ ਗੁਲਾਮੀ ਦਾ ਅਹਿਸਾਸ ਕਰਵਾਉਂਦੀਆਂ ਹਨ। ਜਿਵੇਂ ਕਿ ਪਹਿਲਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਛੇਵਾਂ ਦਰਿਆ ਚਲਾ ਦਿੱਤਾ ਜਿਸ ਵਿੱਚ ਡੁੱਬ ਕੇ ਅਨੇਕਾਂ ਹੀ ਘਰਾਂ ਦੇ ਚਿਰਾਗ ਬੁਝ ਗਏ। ਹੁਣ ਨਵੀਂ ਬਣੀ ਆਪ ਦੀ ਸਰਕਾਰ ਤੋਂ ਪੰਜਾਬ ਵਾਸੀਆਂ ਨੂੰ ਕਾਫੀ ਆਸਾਂ ਸਨ। ਪਰ ਨਸ਼ਿਆਂ ਦਾ ਵਗ ਰਿਹੇ ਦਰਿਆ ਨੂੰ ਬੰਨ੍ਹ ਹਾਲੇ ਵੀ ਨਹੀਂ ਲੱਗ ਰਿਹਾ। ਆਖਰ ਪੰਜਾਬ ਦੇ ਲੋਕ ਕਰਨ ਤਾਂ ਕਿ ਕਾਰਨ ਸਰਕਾਰਾਂ ਨਾ ਤਾਂ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਦੇ ਰਹੀਆਂ ਹਨ ਜੋ ਨਿਰਾਸਾ ਵੱਸ ਨਸ਼ਿਆਂ ਦੇ ਰਾਹ ਤੁਰ ਪਏ। ਆਖਰ ਉਨ੍ਹਾਂ ਦੇ ਮਾਪਿਆਂ ਦਾ ਕਿ ਕਸੂਰ ਜਿੰਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਪੈਰਾਂ ਤੇ ਖੜਨ ਜੋਗੇ ਬਣਾਇਆ। ਪਰ ਉਹਨਾਂ ਦੇ ਪੁੱਤਰ ਨਸ਼ਿਆਂ ਦੇ ਰਾਹ ਪੈ ਕੇ ਸਿਵਿਆਂ ਦੀ ਰਾਖ ਬਣ ਗਏ। ਉਨ੍ਹਾਂ ਨੇ ਅੱਗੇ ਆਖਿਆ ਕਿ ਅੱਜ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਆਪ ਪਾਰਟੀ ਦੀ ਸਰਕਾਰ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ ਮੰਗਾਂ ਨੂੰ ਵੀ ਅਣਗੌਲਾ  ਕਰ ਰਹੀਆਂ ਹਨ । ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਕੋਈ ਬਣਦੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੋ ਰਹੀਆਂ। ਪੰਜਾਬ ਦੇ ਜਝਾਰੂ ਲੋਕ  ਹੱਕ ਮੰਗਦੇ ਪਰ ਸਰਕਾਰਾਂ ਲਾਰੇ ਲਾ ਕੇ ਸਾਰਦੀਆਂ। ਉਨ੍ਹਾਂ ਆਖਰ ਵਿਚ ਆਖਿਆ ਕਿ ਹੁਣ ਕੁੰਭਕਰਨ ਦੀ ਨੀਂਦ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਮੰਚ ਤੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕਠੇ ਹੋ ਕੇ ਧਰਮ ਯੁੱਧ ਮੋਰਚਾ ਲਾਉਣਾ ਹੀ ਪਵੇਗਾ। ਇਸ ਮੌਕੇ ਰਾਜ ਸਿੰਘ ਮਨਸੂਰਾਂ, ਤਰਸੇਮ ਸਿੰਘ ਸਰਾਭਾ, ਮਨਜੀਤ ਸਿੰਘ ਸਰਾਭਾ, ਅਮਰ ਸਿੰਘ ਕੁਤਬਾ, ਜੋਰਾ ਸਿੰਘ ਪੱਖੋਵਾਲ, ਗੁਲਜ਼ਾਰ ਸਿੰਘ ਮੋਹੀ, ਬੱਚੀ ਪੁਨੀਤ ਕੌਰ ਜੰਡ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ,ਹਰਬੰਸ ਸਿੰਘ ਪੰਮਾ, ਕਲਵਿੰਦਰ ਸਿੰਘ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ

ਬੀਬੀਐੱਸ ਇੰਡੋਕੈਨੱਡੀਅਨ ਸਕੂਲ ਨੇ ਸੁਪਰ ਸ਼ਨੀਵਾਰ ਕਲੱਬ ਹਾਊਸ ਗਤੀਵਿਧੀਆਂ ਕਰਵਾਈਆ

ਭਗਤਾ ਭਾਈਕਾ-27 ਨਵੰਬਰ (ਅਵਤਾਰ ਰਾਏਸਰ) ਬੀਬੀਐੱਸ ਇੰਡੋ ਕੈਨੇਡੀਅਨ ਸਕੂਲ ਮਲੂਕਾ ਦੇ ਪ੍ਰਿੰਸੀਪਲ ਸ਼ੈਲਜਾ ਮੋਂਗਾ ਅਤੇ ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ਵਿੱਚ ਹਰ ਸ਼ਨੀਵਾਰ ਨੂੰ ਸੁਪਰ ਸ਼ਨੀਵਾਰ ਕਲੱਬ ਹਾਊਸ ਗਤੀਵਿਧੀਆਂ ਕਾਰਵਾਈਆਂ ਜਾਂਦੀਆਂ ਹਨ। ਕਲੱਬ ਗਤੀਵਿਧੀਆਂ ਵਿਚ ਵੱਖ-ਵੱਖ ਪ੍ਰਕਾਰ ਦੀਆਂ ਇੰਡੋਰ ਅਤੇ ਆਊਟਡੋਰ ਖੇਡਾਂ ਅਤੇ ਵਿੱਦਿਅਕ ਸ਼ੈਸਨ ਸ਼ਾਮਿਲ ਹਨ ਵਿਦਿਆਰਥੀਆਂ ਦੇ ਅਕਾਦਮਿਕ ਉੱਤਮਤਾ ਅਤੇ ਮਾਨਸਿਕ ਵਿਕਾਸ ਬੱਚੇ ਦੇ ਸਰੀਰਕ ਸਮਾਜਿਕ-ਭਾਵਨਾਤਮਕ ਰਚਨਾਤਮਕ ਭਾਸ਼ਾਈ ਅਤੇ ਅਧਿਆਤਮਿਕ ਵਿਕਾਸ ਦੇ ਨਾਲ ਹੋਣਾਂ ਚਾਹੀਦਾ ਹੈ। ਪ੍ਰਿੰਸੀਪਲ ਸ਼ੈਲਜਾ ਮੋਂਗਾ ਨੇ ਕਿਹਾ ਕਿ ਖੇਡਾਂ ਅਤੇ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆ ਦੀ ਨਿਯਮਤ ਭਾਗੀਦਾਰੀ ਦੁਆਰਾ ਵੱਖ ਵੱਖ ਤਰਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਸਕੂਲ ਵਿੱਚ ਗਤੀਵਿਧੀ ਕਲੱਬਾ ਦੀ ਅਗਵਾਈ ਵਿਚ ਕਈ ਅਧਿਆਪਕ ਹਨ ਤਾਂ ਜੋ ਵਿਦਿਆਰਥੀ ਨੂੰ ਸੰਪੂਰਨ ਮਨੁੱਖ ਬਣਨ ਲਈ ਸਹੀ ਦਿਸ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹਨਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਵਿਚ ਜਿੰਮੇਵਾਰੀ ਦੀ ਭਾਵਨਾਂ ਪੈਦਾ ਹੁੰਦੀ ਹੈ ਅਤੇ ਕਲੱਬ ਗਤੀਵਿਧੀਆਂ ਨਾਲ ਵਿਦਿਆਰਥੀਆ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਨਿਖਾਰਨ ਦਾ ਮੌਕਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਅੰਤਰ-ਸਕੂਲ ਮੁਕਾਬਲਿਆਂ ਲਈ ਤਿਆਰੀ ਕਾਰਵਾਈ ਜਾਂਦੀ ਹੈ, ਕਲੱਬ ਦੀਆਂ ਗਤੀਵਿਧੀਆਂ ਵਿਚ ਨਾ ਸਿਰਫ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਨਿੱਜੀ ਰੁਚੀਆਂ ਅਤੇ ਸ਼ੌਂਕਾਂ ਨੂੰ ਆਕਾਰ ਦੇਣ ਵਿਚ ਮਦਦ ਕਰਦਿਆਂ ਨੇ ਸਗੋ ਉਨ੍ਹਾਂ ਦੀ ਅਗਵਾਈ ਅਤੇ ਸਮਾਜਿਕ ਹੁਨਰ ਨੂੰ ਵੀ ਸੁਦਾਰਦੀਆਂ ਹਨ। ਹਰ ਵਿਦਿਆਰਥੀ ਆਪਣੀ ਦਿਲਚਸਪੀ ਦੇ ਆਧਾਰ ਤੇ ਕਲੱਬ ਦੀ ਚੋਣ ਕਰਦੇ ਨੇ ਅਤੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਕੇ ਇਕ ਦੂਜੇ ਤੋਂ ਸਿੱਖਣ ਦਾ ਆਨੰਦ ਲੈਂਦੇ ਹਨ ਅਤੇ ਅਧਿਆਪਕ ਵੀ ਹਰ ਕਦਮ ਤੇ ਉਹਨਾਂ ਦੀ ਅਗਵਾਈ ਅਤੇ ਮਦਦ ਕਰਨ ਲਈ ਮੌਜੂਦ ਰਹਿੰਦੇ ਨੇ ਤਾਂ ਜੋ ਵਿਦਿਆਰਥੀ ਭਵਿੱਖ ਵਿਚ ਸਫਲ ਇਨਸਾਨ ਬਣ ਸਕਣ।

ਆਪ ਦਾ ਝੂਠ ਬਹੁਤੀ ਦੇਰ ਤੱਕ ਨਹੀ ਚੱਲੇਗਾ-ਵੜਿੰਗ

ਭਗਤਾ ਭਾਈਕਾ- 27 ਨਵੰਬਰ  (ਅਵਤਾਰ ਰਾਏਸਰ)ਪੰਜਾਬ ਵਿਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਸਮੇਂ ਤੋਂ ਪੰਜਾਬ ਵਿਚ ਗੁੰਡਾਗਰਦੀ, ਲੁੱਟ ਖੋਹ ਦੀਆਂ ਘਟਨਾਵਾਂ ਅਤੇ ਨਸ਼ਿਆ ਦਾ ਬੋਲਬਾਲਾ ਹੈ, ਪੰਜਾਬ ਵਿਚ ਅਮਨ ਕਾਨੂੰਨ ਦੀ ਦਿਨ ਬ ਦਿਨ ਵਿਗੜਦੀ ਸਥਿਤੀ ਕਾਰਨ ਸੂਬੇ ਦੇ ਲੋਕ ਸਹਿਮੇ ਸਹਿਮੇ ਵਿਖਾਈ ਦਿੰਦੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਜਰਾਤ ਵਰਗੇ ਸੂਬਿਆਂ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੈਰਾਨੀ ਜਨਕ ਝੂਠ ਬੋਲ ਕੇ ਵੋਟਾਂ ਵਿਟੋਰਨ ਦਾ ਯਤਨ ਕਰ ਰਹੇ ਹਨ ਪਰ ਹੁਣ ਆਪ ਦਾ ਝੂਠ ਬਹੁਤੀ ਦੇਰ ਤੱਕ ਨਹੀਂ ਚੱਲੇਗਾ ਅਤੇ ਹਰ ਰੋਜ ਆਪ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਆ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸੂਬਾ ਪ੍ਰਧਾਨ ਕਾਂਗਰਸ ਪੰਜਾਬ ਨੇ ਗੁਜਰਾਤ ਚੋਣਾਂ ਦੇ ਦੌਰੇ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਇਸ ਮੌਕੇ ਵੜਿੰਗ ਨੇ ਪੰਜਾਬ ਦੀ ਆਪ ਸਰਕਾਰ ਨੂੰ ਲੰਮੇ ਹੱਥੀ ਲੈਦਿਆ ਕਿਹਾ ਕਿ ਆਪ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੂੰ ਝੂਠ ਬੋਲਣ ਵਿਚ ਐਵਾਰਡ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਪੰਜਾਬ ਚੋਣਾਂ ਦੌਰਾਨ ਕੇਜਰੀਵਾਲ ਨੇ ਸੂਬੇ ਵਿਚੋਂ 3 ਮਹੀਨੇ ਵਿਚ ਚਿੱਟਾ ਅਤੇ ਰਿਸਵਤਖੋਰੀ ਮੁਕੰਮਲ ਬੰਦ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ 6 ਮਹੀਨੇ ਬਾਅਦ ਵੀ ਚਿੱਟਾ ਬੰਦ ਹੋਣ ਦੀ ਬਜਾਏ ਸਰੇਆਮ ਮਿਲ ਰਿਹਾ ਹੈ, ਉਨ੍ਹਾਂ ਕਿਹਾ ਸਰਕਾਰੀ ਦਫਤਰਾਂ ਵਿਚ ਰਿਸਵਤਖੋਰੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀ ਵਰਗ ਤੋਂ ਸਰੇਆਮ ਫਿਰੋਤੀਆਂ ਮੰਗੀਆਂ ਜਾਂ ਰਹੀਆ ਜਿਸ ਕਰਕੇ ਹਰ ਪਾਸੇ ਸਹਿਮ ਦਾ ਮਹੋਲ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪਿੰਡਾਂ ਦੇ ਲੋਕਾਂ ਨੇ ਆਪ ਆਗੂਆਂ ਨੂੰ ਆਪਣੇ ਪਿੰਡਾਂ ਵਿਚ ਵੜਨ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਭਾਈਚਾਰਕ ਸਾਝ ਮਜਬੂਤ ਕਰਨ ਲਈ ਸਿਰਫ ਕਾਂਗਰਸ ਨੂੰ ਮਜਬੂਤ ਕੀਤਾ ਜਾਵੇ।
ਇਸ ਮੌਕੇ ਜਸ਼ਨ ਚਹਿਲ ਜਲਾਲ ਬੁਲਾਰਾ ਕਾਂਗਰਸ ਪੰਜਾਬ ਆਦਿ ਹਾਜਰ ਸਨ।

ਪ੍ਰੈੱਸ ਕਲੱਬ ਰਾਏਕੋਟ ਵਲੋਂ ਅੱਜ ਕੌਮੀ ਪ੍ਰੈਸ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

ਰਾਏਕੋਟ, 27 ਨਵੰਬਰ (ਗੁਰਭਿੰਦਰ ਗੁਰੀ) ਪ੍ਰੈੱਸ ਕਲੱਬ ਰਾਏਕੋਟ ਵਲੋਂ ਅੱਜ  ਕੌਮੀ ਪ੍ਰੈਸ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਸਵ. ਸੁਖਦੇਵ ਸਿੰਘ ਜਵੰਧਾ ਯਾਦਗਾਰੀ ਟਰੱਸਟ ਬੱਸੀਆਂ ਅਤੇ ਸੇਵਾ ਟਰੱਸਟ ਯੂ.ਕੇ ਦੇ ਸਹਿਯੋਗ ਨਾਲ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਐਂਡ ਲੇਸਿਕ ਸੈਂਟਰ ਰਾਏਕੋਟ ਵਿਖੇ ਲਗਾਇਆ ਗਿਆ।
                                      ਕੈਂਪ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਉੱਘੇ ਸਮਾਜਸੇਵੀ ਵਿਨੋਦ ਜੈਨ (ਪੁਜਾਰੀ ਫੀਡ) ਵਲੋਂ  ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਦਰਸ਼ਨ ਜੋਸ਼ੀ ਅਤੇ ਵਿਨੋਦ ਜੈਨ ਨੇ ਪ੍ਰੈਸ ਕਲੱਬ ਰਾਏਕੋਟ ਵੱਲੋਂ ਕੀਤੇ ਇਸ ਸਮਾਜ ਭਲਾਈ ਦੇ ਉਪਰਾਲੇ ਨੂੰ ਸ਼ਲਾਘਾਯੋਗ ਦੱਸਦੇ ਹੋਏ ਡਾ. ਰਮੇਸ਼ ਮਨਸੂਰਾਂ ਅਤੇ ਉੱਘੇ ਸਮਾਜ ਸੇਵੀ ਕੰਵਲਜੀਤ ਸਿੰਘ ਜਵੰਧਾ ਦੀ ਵੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਇਸ ਮੌਕੇ ਡਾ. ਜਸਵਿੰਦਰ ਵਸ਼ਿਸ਼ਟ, ਡਾ. ਪ੍ਰਭਾਕਰ ਜੋਸ਼ੀ ਦੀ ਅਗਵਾਈ ’ਚ ਆਈ ਟੀਮ ਵੱਲੋਂ 175 ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦਾਂ  ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਲੈੱਨਜ ਪਾਉਣ ਲਈ 17 ਮਰੀਜ਼ਾਂ ਨੂੰ ਚੁਣਿਆ ਗਿਆ। ਡਾ. ਜਸਵਿੰਦਰ ਸਿੰਘ ਵਸ਼ਿਸ਼ਟ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੇ ਲੈੱਨਜ ਪਾਏ ਜਾਣੇ ਹਨ, ਉਨ੍ਹਾਂ ਦੇ ਆਪ੍ਰੇਸ਼ਨ ਡਾ. ਰਮੇਸ਼ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ।   ਕੈਂਪ ਦੌਰਾਨ ਸੇਵਾ ਟਰੱਸਟ ਯੂ.ਕੇ ਵਲੋਂ ਗੁਰਦੀਪ ਸਿੰਘ ਦੀ ਅਗਵਾਈ ’ਚ ਆਈ ਟੀਮ ਵਲੋਂ ਸਾਰੇ ਮਰੀਜ਼ਾਂ ਨੂੰ ਇਮਊਨਟੀ ਬੂਸਟਰ ਕਿੱਟਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਪ੍ਰੈੱਸ ਕਲੱਬ ਰਾਏਕੋਟ ਦੇ ਪ੍ਰਧਾਨ ਜਸਵੰਤ ਸਿੰਘ ਸਿੱਧੂ ਵੱਲੋਂ ਕੈਂਪ ਲਈ ਸਹਿਯੋਗ ਦੇਣ ਲਈ ਕੰਵਲਜੀਤ ਸਿੰਘ ਜਵੰਧਾ, ਸਵ. ਸੁਖਦੇਵ ਸਿੰਘ ਜਵੰਧਾ ਯਾਦਗਾਰੀ ਟਰੱਸਟ ਬੱਸੀਆਂ, ਪ੍ਰਧਾਨ ਸੁਦਰਸ਼ਨ ਜੋਸ਼ੀ, ਵਿਨੋਦ ਜੈਨ, ਸੇਵਾ ਟਰੱਸਟ ਯੂ.ਕੇ ਦੇ ਚਰਨਕੰਵਲ ਸਿੰਘ, ਨਰੇਸ਼ ਮਿੱਤਲ ਸਮੇਤ ਡਾ.ਰਮੇਸ਼ ਮਨਸੂਰਾਂ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਰਾਏਕੋਟ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਨਿਸ਼ਾਨੀਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਰਤਨ ਗੌਤਮ, ਅਲੋਕ ਕੁਮਾਰ , ਗੁਰਨਾਮ ਸਿੰਘ, ਗੁਲਜ਼ਾਰ ਸਿੰਘ, ਕੌਂਸਲਰ ਇਮਰਾਨ ਖਾਨ, ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ, ਜੋਗਿੰਦਰਪਾਲ ਜੱਗੀ ਮੱਕੜ, ਸੁਖਵੀਰ ਸਿੰਘ ਰਾਏ, ਗਿਆਨੀ ਗੁਰਦਿਆਲ ਸਿੰਘ,  ਸੁਸ਼ੀਲ ਕੁਮਾਰ, ਰਘਵੀਰ ਸਿੰਘ ਜੱਗਾ, ਅਮਿਤ ਪਾਸੀ, ਪ੍ਰਵੀਨ ਅੱਗਰਵਾਲ, ਸੰਜੀਵ ਭੱਲਾ, ਨਾਮਪ੍ਰੀਤ ਗੋਗੀ, ਇਕਬਾਲ ਸਿੰਘ ਗੁਲਾਬ, ਸੁਸ਼ੀਲ ਵਰਮਾਂ, ਗੁਰਭਿੰਦਰ ਗੁਰੀ, ਸ਼ਮਸ਼ੇਰ ਸਿੰਘ, ਬਿੱਟੂ ਹਲਵਾਰਾ, ਡਾ. ਪ੍ਰਵੀਨ ਅੱਗਰਵਾਲ, ਜਗਪਾਲ ਸਿੰਘ, ਪਵਨ ਸ਼ਰਮਾਂ, ਮਾਸਟਰ ਰਾਜਨ ਸਿੰਘ, ਠੇਕੇਦਾਰ ਧਰਮਪਾਲ ਕਾਕਾ, ਹਾਕਮ ਸਿੰਘ (ਬਾਲਾ ਜੀ ਸਵੀਟਸ), ਮਾਸਟਰ ਕੁਲਵੰਤ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬਠਿੰਡਾ ਵਲੋਂ ਗੁਰਦੁਆਰਾ ਬੁੰਗਾ ਮਸਤੂਆਣਾ ਵਿਖੇ ਮੁਫ਼ਤ ਅੱਖਾਂ ਦਾ ਕੈਂਪ ਦਾ ਆਯੋਜਨ

ਤਲਵੰਡੀ ਸਾਬੋ, 27 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਦੀ ਬਠਿੰਡਾ ਟੀਮ ਵਲੋਂ ਗੁਰਦੁਆਰਾ ਬੁੰਗਾ ਮਸਤੂਆਣਾ ਤਲਵੰਡੀ ਸਾਬੋ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਡਾ. ਕਸ਼ਿਸ਼ ਗੁਪਤਾ (ਮੈਕਸ ਹਸਪਤਾਲ ਬਠਿੰਡਾ ਵਾਲੇ) ਅਤੇ ਉਹਨਾਂ ਦੀ ਟੀਮ ਵੱਲੋਂ 829 ਮਰੀਜਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 105 ਅੱਖਾਂ ਦੇ ਓਪਰੇਸਨ ਕੀਤੇ ਗਏ। ਇਸ ਭਲਾਈ ਵਾਲੇ ਕਾਰਜ ਦਾ ਅੱਜ ਰਸਮੀ ਉਦਘਾਟਨ, ਬਠਿੰਡਾ ਇਕਾਈ ਸਰਬੱਤ ਦਾ ਭਲਾ ਦੇ ਪ੍ਰਧਾਨ ਪ੍ਰੋ. ਜੇ.ਐਸ. ਬਰਾੜ ਨੇ ਕੀਤਾ। ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜਿੱਥੇ ਦੁਨੀਆਂ ਭਰ ਦੇ ਲੋੜਵੰਦ ਵਿਅਕਤੀਆਂ ਅਤੇ ਸੰਸਥਾਵਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਟੀਮ ਲੋੜਵੰਦ ਮਰੀਜਾਂ ਦੀ ਭਲਾਈ  ਲਈ ਪਿੰਡਾਂ ਤੇ ਕਸਬਿਆਂ ਵਿੱਚ ਮੈਡੀਕਲ਼ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਜਾਂਦੀਆਂ ਹਨ। ਟਰੱਸਟ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਆਰ.ਓ. ਸਿਸਟਮ ਦਾਨ ਵਜੋਂ ਲਗਵਾਏ ਜਾ ਰਹੇ ਹਨ। ਇਸ ਮੌਕੇ ਐਡਵੋਕੇਟ ਰਾਜਮੁਕੱਦਰ ਸਿੰਘ ਸਿੱਧੂ ਨੇ ਕਿਹਾ ਕਿ ਟਰੱਸਟ ਦੀ ਇਕਾਈ ਜਿਲ੍ਹਾ ਬਠਿੰਡਾ ਵਿਚ ਤਿੰਨ ਕੰਪਿਊਟਰ ਸੈਂਟਰ, ਦੋ ਸਿਲਾਈ ਟਰੇਨਿੰਗ ਸੈਂਟਰ, ਬਾਜਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਇੱਕ ਕਲੀਨੀਕਲ ਲੈਬੋਰੇਟਰੀ ਅਤੇ ਡਾਇਲਸਸ ਯੂਨਿਟ ਚਲਾਏ ਜਾ ਰਹੇ ਹਨ ਜਿੱਥੇ ਸਿਰਫ਼ 750 ਰੁਪਏ  ਡਾਇਲਸਸ ਕੀਤਾ ਜਾਂਦਾ ਹੈ। ਟਰੱਸਟ ਵਲੋਂ ਜਿਲ੍ਹੇ ਵਿਚ 125 ਤੋਂ ਵੱਧ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮਾਜ ਵਿਚ ਕਿਸੇ ਵੀ ਐਮਰਜੈਂਸੀ ਸਮੇਂ ਲੋਕਾਂ ਦੀ ਸੇਵਾ ਲਈ ਸਾਡੇ ਮੈਂਬਰ ਤਿਆਰ ਰਹਿੰਦੇ ਹਨ। ਇਸ ਮੌਕੇ ਬਠਿੰਡਾ ਇਕਾਈ ਵਲੋਂ ਕੈਂਪ ਇੰਚਾਰਜ ਐਡਵੋਕੇਟ ਰਾਜਮੁਕੱਦਰ ਸਿੰਘ ਸਿੱਧੂ, ਸੁਰਜੀਤ ਸਿੰਘ ਦਫਤਰ ਇੰਚਾਰਜ, ਸ. ਬਲਦੇਵ ਕੈਸ਼ੀਅਰ, ਡਾ. ਜੋਗਿੰਦਰ ਸਿੰਘ, ਬਲਜੀਤ ਸਿੰਘ ਨਰੂਆਣਾ, ਸੁਭਾਸ਼ ਚੰਦਰ ਮੈਨੇਜਰ, ਸੋਮ ਕੁਮਾਰ (ਫੂਲੋ ਮਿੱਠੀ), ਅੰਗਰੇਜ ਸਿੰਘ, ਗੁਰਲਾਭ ਸਿੰਘ ਸੰਧੂ, ਬਿਕਰਮਜੀਤ ਸਿੰਘ ਜੀ ਪ੍ਰਿੰਸੀਪਲ, ਖਾਲਸਾ ਸਕੂਲ ਅਤੇ ਸਾਰੇ ਮੈਂਬਰ ਸਾਹਿਬਾਨ ਨੇ ਮੌਜੂਦ ਰਹਿਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਇਸ ਕੈਂਪ ਵਿੱਚ ਡਾ. ਕਸ਼ਿਸ ਗੁਪਤਾ ਜੀ ਦੀ ਸਮੁੱਚੀ ਟੀਮ ਅਤੇ ਬਾਬਾ ਕਾਕਾ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੀ ਸਮਾਪਤੀ ਤੇ ਇੰਜੀਨੀਅਰ ਅਮਰਜੀਤ ਸਿੰਘ ਜਨਰਲ ਸਕੱਤਰ ਨੇ ਕੈਂਪ ਦੀ ਸਫ਼ਲਤਾ ਲਈ ਸਾਰੇ ਮੈਡੀਕਲ ਸਟਾਫ਼, ਸਰਬੱਤ ਦਾ ਭਲਾ ਟੀਮ ਦੇ ਮੈਂਬਰ ਸਾਹਿਬਾਨ ਅਤੇ ਸਹਿਯੋਗ ਕਰਨ ਵਾਲੇ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।

ਕੇਂਦਰ ਸਰਕਾਰ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ' ਤੇ ਪੰਜਾਬ ਦੀ ਤਰਜ਼ ' ਤੇ ਹਰ ਸੂਬੇ ਤੋਂ ਬੇਗਮਪੁਰਾ ਐਕਸਪ੍ਰੈਸ ਵਿਸ਼ੇਸ਼ ਰੇਲ ਗੱਡੀਆਂ ਦਾ ਕਰੇ ਪ੍ਰਬੰਧ -ਬਾਲੀ / ਸੁਮਨ

ਲੁਧਿਆਣਾ 27 ਨਵੰਬਰ (ਰਾਣਾ ਮੱਲ ਤੇਜੀ ) ਸਤਿਗੁਰੂ ਰਵਿਦਾਸ ਧਰਮ ਸਮਾਜ ਸਰਧੱਸ  ਰਜਿ: ਭਾਰਤ ਦੀ ਵਿਸ਼ੇਸ਼ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਕ ਸੋਮਨਾਥ ਬਾਲੀ ਦੀ ਪ੍ਰਧਾਨਗੀ 'ਚ ਸਥਾਨਕ ਜਲੰਧਰ ਬਾਈਪਾਸ ਚੌਕ ਸਥਿਤ ਅੰਬੇਦਕਰ ਭਵਨ ਵਿਖੇ ਹੋਈ । ਮੀਟਿੰਗ ਵਿੱਚ ਜਲੰਧਰ ਤੋਂ ਬਾਬਾ ਟੇਕ ਸਿੰਘ , ਫਗਵਾੜਾ ਤੋਂ ਡਾ : ਸਤੀਸ਼ ਸੁਮਨ ਰਵਿਦਾਸੀਆ, ਫਿਲੌਰ ਤੋਂ ਰਾਜ ਕੁਮਾਰ ਅਤੇ ਸਰਧਸ ਦੇ ਕੌਮੀ ਚੇਅਰਮੈਨ ਸੁਰਜੀਤ ਪਾਲ , ਕੌਮੀ ਪ੍ਰਧਾਨ ਡਾ . ਅਸ਼ੀਸ਼ ਸੋਂਧੀ ਮੀਟਿੰਗ 'ਚ ਵਿਸ਼ੇਸ਼ ਤੌਰ ' ਤੇ ਸ਼ਾਮਲ ਹੋਏ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਮਨਾਥ ਬਾਲੀ , ਡਾ : ਸਤੀਸ਼ ਸੁਮਨ ਰਵਿਦਾਸੀਆ ਅਤੇ ਹਾਜ਼ਰ ਸਮੂਹ ਮੈਂਬਰਾਂ ਨੇ ਰਾਸ਼ਟਰਪਤੀ , ਪ੍ਰਧਾਨ ਮੰਤਰੀ , ਰੇਲ ਮੰਤਰੀ ਅਤੇ ਸਮੂਹ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਤੋਂ ਮੰਗ ਕਰਦਿਆਂ ਕਿਹਾ  ਕਿ ਸਤਿਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ' ਤੇ ਪੰਜਾਬ ਦੀ ਤਰਜ਼ ' ਤੇ ਹਰ ਸੂਬੇ ਤੋਂ ਕਾਂਸ਼ੀ ਤੱਕ ਵਿਸ਼ੇਸ਼ ਬੇਗਮਪੁਰਾ ਰੇਲ ਗੱਡੀਆਂ , ਬੱਸਾਂ ਅਤੇ ਹਵਾਈ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਜਾਵੇ । ਤਾਂ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ' ਚ ਵਸਦੀਆਂ ਸਤਿਗੁਰੂ ਨਾਮ ਲੇਵਾ ਸੰਗਤਾਂ ਕਾਂਸ਼ੀ ਵਿਖੇ ਸਤਿਗੁਰੂ ਜੀ ਦੇ ਪਵਿੱਤਰ ਜਨਮ ਅਸਥਾਨ ਦੇ ਦਰਸ਼ਨ ਕਰ ਸਕਣ ਅਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ 'ਚ ਸ਼ਾਮਲ ਹੋ ਸਕਣ ।ਇਸ ਮੌਕੇ ਉਪਰੋਕਤ ਆਗੂਆਂ ਨੇ ਸਤਿਗੁਰੂ ਰਵਿਦਾਸ ਦੇ ਨਾਮ ਦਾ ਪ੍ਰਚਾਰ ਕਰਨ ਸਮੇਤ ਸਮਾਜ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਕਾਰਜਾਂ ਤੇ ਚਰਚਾ ਕਰਦਿਆਂ ਕਿਹਾ ਕਿ ਸਮਾਜ ਦੀ ਨੌਜਵਾਨ ਪੀੜ੍ਹੀ ਨੂੰ ਆਤਮ ਨਿਰਭਰ ਬਣਾਉਣ ਅਤੇ  ਸਮਾਜ ਨੂੰ ਦਰਪੇਸ਼  ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਸਤਿਗੁਰੂ ਰਵਿਦਾਸ ਧਰਮ ਸਮਾਜ ਸਰਧਸ  ਦੇ ਸਰਪ੍ਰਸਤ ਰਮਨਜੀਤ ਲਾਲੀ , ਕਾਨੂੰਨੀ ਸਲਾਹਕਾਰ ਐਡਵੋਕੇਟ ਵਿਜੇ ਕਲਸੀ , ਕੁਲਵੰਤ ਸਿੰਘ ਮੁੱਖ ਸਲਾਹਕਾਰ ਖਜ਼ਾਨਚੀ ਆਤਮਾ ਸ਼ਾਨ , ਜਨਰਲ ਸਕੱਤਰ ਰਾਜੂ ਕਾਸਾਬਦ , ਸਲਾਹਕਾਰ ਇਕਬਾਲ ਸਿੰਘ , ਗੁਰਪ੍ਰੀਤ ਰਾਏ , ਅਮਰਜੀਤ ਜੀਤਾ ਲੱਕੀ ਨਾਹਰ, ਚਰਨ ਦਾਸ, ਬੰਟੀ ਵਰਨਾ ਪਿੰਦੀ ਜੀ, ਜਗਜੀਤ ਕਾਕੋਵਾਲ , ਲਖਵਿੰਦਰ ਪ੍ਰਕਾਸ਼ ਆਜ਼ਾਦ  , ਲੇਖਰਾਜ ਕਾਕੋਵਾਲ , ਬਿੱਟੂ ਐਮਲੀਲ , ਬਿੱਟੂ ਲਾਡੋਵਾਲ , ਪ੍ਰਕਾਸ਼ ਆਜ਼ਾਦ , ਸਰਪੰਚ ਲਖਿੰਦਰਾ , ਸੁਰੇਸ਼ ਲੋਈ , ਚਰਨ ਦਾਸ ਆਦਿ ਵੀ ਹਾਜ਼ਰ ਸਨ ।

ਸਿਲਵਰ ਸਮਾਜ ਸੇਵਾ ਸੁਸਾਇਟੀ ਨੇ ਵੰਡੇ ਜਰੂਰਤਮੰਦ ਬੱਚਿਆਂ ਨੂੰ  ਚੈਕ

ਲੁਧਿਆਣਾ 27 ਨਵੰਬਰ ( ਰਾਣਾ ਮੱਲ ਤੇਜੀ )  ਸਥਾਨਕ ਜਲੰਧਰ ਬਾਈਪਾਸ ਡਾ :ਅੰਬੇਡਕਰ  ਭਵਨ ਵਿਖੇ  ਸਿਲਵਰ ਸਮਾਜ ਸੇਵਾ ਸੋਸਾਇਟੀ ਨੇ ਪ੍ਰਧਾਨ ਅਨਿਲ ਨਈਅਰ ਦੀ ਅਗਵਾਈ 'ਚ ਗਰੀਬ ਤੇ ਜਰੂਰਤਮੰਦ 80 ਬੱਚੀਆਂ ( ਲੜਕੀਆਂ ) ਨੂੰ ਇੱਕ -ਇੱਕ ਹਜ਼ਾਰ  ਦੇ ਚੈੱਕ ਵੰਡੇ ਗਏ । ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਲ , ਹਿੰਦ ਸਮਾਚਾਰ ਗਰੁੱਪ ਦੇ ਮਾਲਕ ਵਿਜੇ ਚੋਪੜਾ , ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ ਨੇ ਵਿਸ਼ੇਸ਼ ਤੌਰ  ਤੇ ਪਹੁੰਚਕੇ ਸੰਸਥਾ ਵਲੋਂ ਕੀਤੇ ਜਾ ਰਹੇ ਵਧੀਆ ਉਪਾਰਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਮੇਬਰਾ ਦੇ ਇਸ ਉਦਮ ਸਦਕਾ ਗਰੀਬ ਤੇ ਜਰੂਰਤਮੰਦ ਪਰਵਾਰਾਂ ਦੀਆਂ ਬੱਚੀਆਂ  ਆਪਣੀ ਪੜ੍ਹਾਈ ਅੱਗੇ ਜਾਰੀ ਸਕਦੀਆਂ ਹਨ ।ਉਨ੍ਹਾਂ ਕਿਹਾ ਸਮੂਹ ਸਭਾ ਸੁਸਾਇਟੀਆ ਨੂੰ ਅਪੀਲ ਕੀਤੀ ਕਿ ਉਹ ਵੀ ਆਜਿਹੇ ਕਾਰਜ ਕਰਦੇ ਰਹਿਣ ਜਿਸ ਨਾਲ ਕਿਸੇ ਲੌੜਵੰਦ ਦੀ ਮਦਦ ਹੋ ਸਕੇ । ਇਸ ਮੌਕੇ ਸਾਬਕਾ ਚੈਅਰਮੈਨ ਦਰਸ਼ਨ ਬਵੰਜਾ ਵਲੋਂ ਜੰਮੂ ਕਸ਼ਮੀਰ ਦੇ  ਜਰੂਰਤਮੰਦ ਪੀੜਤਾ ਵਾਸਤੇ ਰਾਸ਼ਨ ਦੀ ਗੱਡੀ ਭੇਜੀ ਗਈ । ਇਸ ਮੌਕੇ  ਸਮਾਜ ਸੇਵੀ  ਦਿਯਾਨੰਦ ਮਹਿਤਾ ,ਚੈਅਰਮੈਨ ਬਲਜੀਤ ਸਿੰਘ  ਘੁੰਮਣ , ਜੈਨ ਸਾਹਿਬ ,ਡਿਪਟੀ ਕਪੂਰ , ਬਿੰਦੀਆਂ ਮਦਾਨ, ਰਕੇਸ ਮਹਾਜਨ ,ਵੇਦ ਭੰਡਾਰੀ ਤੋਂ  ਇਲਾਵਾ ਵੱਡੀ ਗਿਣਤੀ 'ਚ ਸਮਾਜ ਸੇਵੀ ਹਾਜ਼ਰ ਸਨ ।

ਗੀਤ'' ਨਾ ਕਰਵਾਉ ਯਾਦ 84'' ਨੂੰ ਯੂਟਿਊਬ ਚੈਨਲ ਤੋਂ ਹਟਾਉਣ ਦੀ ਸਖ਼ਤ ਨਿੰਦਾ

ਪ੍ਰਡੀਊਸਰ ਰੁਪਿੰਦਰ ਜੋਧਾਂ ਜਪਾਨ ਦੀ ਕੰਪਨੀ ਜੋਧਾਂ ਰਿਕਾਰਡਿੰਗ ਦੇ ਬੈਨਰ ਹੇਠ ਰਿਲੀਜ਼ ਗਾਇਕ ਰਮੇਸ਼ ਨੂਰ ਦਾ ਗੀਤ'' ਨਾ ਕਰਵਾਉ ਯਾਦ 84'' ਨੂੰ ਯੂਟਿਊਬ ਚੈਨਲ ਤੋਂ ਹਟਾਉਣ ਦੀ ਸਖ਼ਤ ਨਿੰਦਾ ਕੀਤੀ

ਜੋਧਾਂ/ਸਰਾਭਾ 27 ਨਵੰਬਰ (ਦਲਜੀਤ ਸਿੰਘ ਰੰਧਾਵਾ ) ਆਪਣੀ ਉੱਚਪਾਏ ਦੀ ਲੋਕਪੱਖੀ ਗਾਇਕੀ ਅਤੇ ਗੀਤਕਾਰੀ ਨਾਲ ਹਮੇਸ਼ਾ ਸਮਾਜਿਕ ਕੁਰੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਗਾਇਕ ਅਤੇ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਦੀ ਮਿਊਜ਼ਿਕ ਕੰਪਨੀ ਜੋਧਾਂ ਰਿਕਾਰਡਿੰਗ ਵੱਲੋਂ ਪਿਛਲੇ ਦਿਨੀਂ ਰਿਲੀਜ ਕੀਤੇ ਗਏ ਚਰਚਿਤ ਗਾਇਕ ਰੇਸ਼ਮ ਨੂਰ ਦੀ ਆਵਾਜ਼ ਵਿੱਚ ਆਏ ਗੀਤ "ਨਾ ਕਰਵਾਉ ਯਾਦ 84" ਨੂੰ ਮਿਆਰੀ ਅਤੇ ਉਸਾਰੂ ਗਾਇਕੀ ਸੁਣਨ ਵਾਲੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਸੀ। ਪਰ ਹੁਣ ਯੂਟਿਊਬ ਤੇ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸਰਕਾਰ ਵੱਲੋਂ ਬਿਨ੍ਹਾਂ ਕੋਈ ਕਾਰਨ ਦੱਸੇ ਹਟਾ ਦਿੱਤਾ ਗਿਆ ਹੈ। ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਗਾਇਕ ਰੇਸ਼ਮ ਨੂਰ ਦੇ ਗਾਏ ਗੀਤ ਨਾ ਕਰਵਾਉ ਯਾਦ 84 ਨੂੰ ਯੂਟਿਊਬ ਤੋਂ ਹਟਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੇ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜੀਅਮ, ਮੁੱਖ ਬੁਲਾਰੇ ਨਵਦੀਪ ਜੋਧਾ ਕੇਨੈਡਾ, ਕਨਵੀਨਰ ਰਵਿੰਦਰ ਰਵੀ ਲਾਲੀ ਅਮਰੀਕਾ,ਮੀਤ ਪ੍ਰਧਾਨ ਬਿੰਦਰ ਜਾਨ ਇਟਲੀ, ਕਾਨੂੰਨੀ ਸਲਾਹਕਾਰ ਪ੍ਰਭਜੋਤ ਸਿੰਘ ਦੋਰਾਹਾ ਸਮੇਤ ਹੋਰ ਬਹੁਤ ਸਾਰੇ ਅਹੁਦੇਦਾਰਾਂ ਨੇ ਕਿਹਾ ਕਿ ਦੇਸ਼ ਦੇ ਮਾੜੇ ਹਾਕਮਾਂ ਦੀਆਂ ਗਲਤ ਨੀਤੀਆਂ ਕਾਰਨ 47 ਅਤੇ 84ਵਿੱਚ  ਹੋਏ ਭਰਾ ਮਾਰੂ ਕਤਲੇਆਮ ਕਾਰਨ ਪੰਜਾਬ ਦਾ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਉਸ ਦਾ ਖਮਿਆਜਾ ਅਸੀਂ ਹੁਣ ਤੱਕ ਭੁਗਤ ਰਹੇ ਹਾਂ। ਜਿਸ ਕਾਰਨ ਪੰਜਾਬ ਦੇ ਲੋਕ ਉਸ ਤਰ੍ਹਾਂ ਦੇ ਸੰਤਾਪ ਅਤੇ ਡਰ ਭੈਅ ਦਾ ਮਾਹੌਲ ਦੁਬਾਰਾ ਨਹੀਂ ਵੇਖਣਾ ਚਾਹੁੰਦੇ। ਇਸੇ ਭਾਵਨਾ ਅਤੇ ਸਿਧਾਂਤ ਨੂੰ ਮੁੱਖ ਰੱਖ ਕੇ ਲਿਖੇ ਅਤੇ ਗਾਏ ਗਏ ਗੀਤ ਨਾ ਕਰਵਾਉ ਯਾਦ 84 ਨੂੰ ਯੂਟਿਊਬ ਤੋਂ ਹਟਾਉਣ ਦਾ ਗਲਤ ਫ਼ੈਸਲਾ ਕਰਨ ਵਾਲੇ ਪ੍ਰਬੰਧਕਾਂ ਅਤੇ ਸਰਕਾਰ ਨੂੰ ‌ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਇਸ ਗੀਤ ਨੂੰ ਦੁਬਾਰਾ ਤੋਂ ਯੂਟਿਊਬ ਤੇ ਰਿਲੀਜ਼ ਕਰਨਾ ਚਾਹੀਦਾ ਹੈ।

ਗੁਰਇਕਬਾਲ ਤੂਰ ਦੀ ਪਲੇਠੀ ਕਾਵਿ ਪੁਸਤਕ ਜੋਗੀ ਅਰਜ਼ ਕਰੇ ਪੰਜਾਬੀ ਭਵਨ ਵਿੱਚ ਡਾਃ ਸ ਸ ਜੌਹਲ ਵੱਲੋਂ ਲੋਕ ਅਰਪਨ

ਲੁਧਿਆਣਾ, 27 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਤੇ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਿਜ ਦਾਖਾ ਦੇ ਸਾਬਕਾ ਪ੍ਰਿੰਸੀਪਲ ਡਾਃ ਗੁਰਇਕਬਾਲ ਸਿੰਘ ਦੀ ਲਿਖੀ ਪਲੇਠੀ ਕਾਵਿ ਪੁਸਤਕ ਜੋਗੀ ਅਰਜ਼ ਕਰੇ ਨੂੰ ਲੋਕ ਅਰਪਿਤ ਕਰਦਿਆਂ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਸਾਬਕਾ ਚਾਂਸਲਰ ਡਾਃ ਸ ਸ ਜੌਹਲ ਨੇ ਕਿਹਾ ਹੈ ਕਿ ਚੰਗੇ ਆਸੋਚਕ ਤੇ ਕੁਸ਼ਲ ਪ੍ਰਬੰਧਕ ਤੋਂ ਬਾਦ ਗੁਰਇਕਬਾਲ ਹੁਣ ਨਵੀਂ ਪਛਾਣ ਤੇ ਨਵੇਂ ਨਾਮ ਗੁਰਇਕਬਾਲ ਤੂਰ ਦੇ ਰੂਪ ਵਿੱਚ ਕਵਿਤਾ ਦੇ ਖੇਤਰ ਵਿੱਚ ਪਹਿਲਾ ਪਰਾਗਾ ਲੈ ਕੇ ਆਇਆ ਹੈ ਜੋ ਕਿ ਸ਼ੁਭ ਸ਼ਗਨ ਹੈ। ਡਾਃ ਜੌਹਲ ਨੇ ਕਿਹਾ ਕਿ ਸਾਹਿੱਤ ਦੇ ਵੱਖ ਵੱਖ ਰੂਪਾਂ ਵਿੱਚੋਂ ਕਵਿਤਾ ਸਾਡੇ ਮਨਾਂ ਨੂੰ ਤਰੰਗਿਤ ਕਰਦੀ ਹੈ ਤੇ ਸੰਵੇਦਨਸ਼ੀਲ ਬਣਾਉਂਦੀ ਹੈ। ਇਸ ਪੁਸਤਕ ਦੇ ਛਪਣ ਨਾਲ ਗੁਰਇਕਬਾਲ ਨਵੀਂ ਪਛਾਣ ਨਾਲ ਜਾਣਿਆ ਜਾਵੇਗਾ। 
ਪੰਜਾਬੀ ਸਾਹਿੱਤ ਅਕਾਡਮੀ ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾਃ ਸ਼ਿਆਮ ਸੁੰਦਰ ਦੀਪਤੀ, ਡਾਃ ਭਗਵੰਤ ਸਿੰਘ ਮੀਤ ਪ੍ਰਧਾਨ, ਗੁਰਚਰਨ ਕੌਰ ਕੋਚਰ ਸਕੱਤਰ, ਕਾਰਜਕਾਰਨੀ ਮੈਂਬਰ  ਹਰਦੀਪ ਢਿੱਲੋਂ ਅਬੋਹਰ, ਜਸਬੀਰ ਝੱਜ, ਰੋਜ਼ੀ ਸਿੰਘ , ਆਪਣੀ ਆਵਾਜ਼ ਸਾਹਿੱਤਕ ਮੈਗਜ਼ੀਨ ਦੇ ਮੁੱਖ ਸੰਪਾਦਕ ਸਃ ਸੁਰਿੰਦਰ ਸਿੰਘ ਸੁੱਨੜ , ਸਤੀਸ਼ ਗੁਲਾਟੀ, ਡਾਃ ਊਸ਼ਾ ਦੀਪਤੀ ਤੇ ਕਹਾਣੀਕਾਰ ਸੁਰਿੰਦਰ ਦੀਪ ਕੌਰ ਵੀ ਹਾਜ਼ਰ ਸਨ।  184 ਪੰਨਿਆਂ ਦੀ ਇਸ ਕਾਵਿ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ। 
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡਾਃ ਗੁਰਇਕਬਾਲ ਦੀ ਸਿਰਜਣਾ ਯਾਤਰਾ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਅੱਗੜ ਪਿੱਛੜ ਜੀ ਜੀ ਐੱਨ ਖਾਲਸਾ ਕਾਲਿਜ ਦੇ ਵਿਦਿਆਰਥੀ ਰਹੇ ਹਾਂ ਅਤੇ ਉਥੋਂ ਦੀ ਸਾਹਿੱਤਕ ਫ਼ਿਜ਼ਾ ਵਿੱਚੋਂ  ਸਿਰਜਣਾ ਦੇ ਕਣ ਹਾਸਲ ਕੀਤੇ। ਡਾਃ ਅਤਰ ਸਿੰਘ ਜੀ ਕੋਲ ਪੀ ਐੱਚ ਡੀ ਕਰਨ ਕਰਕੇ ਉਸ ਵਿੱਚ ਆਲੋਚਨਾ ਵਧੇਰੇ ਸਰਗਰਮ ਹੋ ਗਈ ਤੇ ਕਵਿਤਾ ਪਿੱਛੇ ਰਹਿ ਗਈ। ਇਸ ਪਲੇਠੇ ਕਾਵਿ ਸੰਗ੍ਰਹਿ ਰਾਹੀਂ ਪਿੱਛੋਂ ਭੱਜ ਕੇ ਆਪਣਾ ਕਾਵਿ ਹਾਣੀਆਂ ਨਾਲ ਆ ਰਲਿਆ ਹੈ ਜੋ ਕਿ ਮੁਬਾਰਕਯੋਗ ਹੈ। 
ਪੁਸਤਕ ਬਾਰੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਨੇ ਕਿਹਾ ਕਿ ਗਹਿਰ ਗੰਭੀਰ ਚਿੰਤਨੀ ਬਿਰਤੀ ਵਾਲੇ ਬੰਦੇ ਅੰਦਰ ਮਾਨਵੀ ਸੰਵੇਦਨਾ ਨੱਕੋ ਨੱਕ ਭਰੀ ਹੋਈ ਸੀ ਜੋ ਚਸ਼ਮਾ ਬਣ ਕੇ ਫੁੱਟੀ ਹੈ। ਉਸ ਦੀ ਸ਼ਾਇਰੀ ਨਾਲ ਤੁਰੋ ਤਾਂ ਕਿਤੇ ਉਹ ਰਮਤਾ ਜੋਗੀ ਬਣ ਜੱਗ ਜਹਾਨ ਦੀਆਂ ਬਾਤਾਂ ਪਾਉਂਦਾ ਹੈ ਕਦੇ ਮੁਹੱਬਤੀ ਇਨਸਾਨ ਬਣ ਦਿਲ ਦੀਆਂ ਰਮਜ਼ਾਂ ਗੁਣਗੁਣਾਉਂਦਾ ਹੈ। ਉਸ ਦੀ ਕਵਿਤਾ ਸੰਕੇਤਕ ਰੂਪ ਵਿੱਚ ਬੰਦੇ ਨੂੰ ਤਣਾਉ ਮੁਕਤ ਕਰਦੀ ਹੈ। 
ਡਾਃ ਸ ਸ ਜੌਹਲ ਦੀ ਮੰਗ ਤੇ ਡਾਃ ਗੁਰਇਕਬਾਲ ਸਿੰਘ ਤੂਰ ਨੇ ਆਪਣੀਆਂ ਦੋ ਪ੍ਰਤੀਨਿਧ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਸੰਵਿਧਾਨ ਦਿਵਸ਼ ਮਨਾਇਆ ਗਿਆ

ਸੰਗਰੂਰ ,  27 ਨਵੰਬਰ (ਡਾ ਸੁਖਵਿੰਦਰ ਬਾਪਲਾ) 27 ਨਵੰਬਰ 2022 ਨੂੰ ਸੰਵਿਧਾਨ ਦਿਵਸ਼ ਮਨਾਇਆ ਗਿਆ ਇਸ ਪ੍ਰੋਗਰਾਮ ਵਿਚ 50 ਤੋਂ ਵੱਧ ਨੋਜਵਾਨ ਸ਼ਾਮਲ ਹੋਏ।ਇਸ ਪ੍ਰੋਗਰਾਮ ਵਿਚ ਵਿਚ ਸ੍ਰੀ ਅਰੁਣ ਕੁਮਾਰ ਜੀ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸ੍ਰੀ ਰਾਹੁਲ ਸੈਣੀ ਜੀ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਵੱਲੋਂ ਇਸ ਪ੍ਰੋਗਰਾਮ ਵਿਚ ਸੰਵਿਧਾਨ ਦਿਵਸ਼ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ ਗਈ। ਸੰਵਿਧਾਨ ਦੇ ਨਿਰਮਾਤਾ ਸ੍ਰ ਡ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਬਾਰੇ ਦੱਸਿਆ ਉਹਨਾਂ ਦੱਸਿਆ ਕਿ ਆਪਣੇ ਸੰਵਿਧਾਨ ਨੂੰ ਬਣਾਉਣ ਲਈ ਦੋ ਸਾਲ ਗਿਆਰਾਂ ਮਹੀਨੇ ਅਠਾਰਾਂ ਦਿਨ ਲੱਗੇ ਸਨ। ਨੋਜਵਾਨਾ ਨੂੰ ਆਪਣੇ ਮੋਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਾਰੇ ਨੋਜਵਾਨਾ ਨੂੰ ਆਪਣੇ ਸੰਵਿਧਾਨ ਪ੍ਰਤੀ ਵਫ਼ਾਦਾਰ ਰਹਿਣ ਲਈ ਸਪਤ ਦਿਵਾਈ ਗਈ।ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਸ੍ਰੀ ਰਾਹੁਲ ਸੈਣੀ ਜੀ ਵੱਲੋਂ ਮੁੱਖ ਮਹਿਮਾਨ ਸ੍ਰੀ ਅਰੁਣ ਕੁਮਾਰ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਟਾਫ ਮੈਂਬਰ ਸ੍ਰੀਮਤੀ ਹਰਪ੍ਰੀਤ ਕੌਰ ਜੀ ਅਤੇ ਵਾਨੁਜ ਜੀ ਲੇਖਾ ਅਤੇ ਪ੍ਰੋਗਰਾਮ ਸਹਾਇਕ ਵਲੋਂ ਇਸ ਪ੍ਰੋਗਰਾਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ। ਜਗਸੀਰ ਸਿੰਘ ਬਲਾਕ ਸੰਗਰੂਰ।।

ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਪ੍ਰਚਾਰ ਵਹੀਰ ਪੋਸਟਰ ਦਿਲਜੀਤ ਸਿੰਘ ਬੇਦੀ ਨੇ ਕੀਤਾ ਰਲੀਜ਼

  ਅੰਮ੍ਰਿਤਸਰ 27 ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਕੌਮੀ ਜਜਬੇ ਨਾਲ ਭਰਪੂਰ ਬਲੀ ਯੋਧੇ ਮਹਾਂਪੁਰਸ਼ ਪ੍ਰਣਪਾਲਕ, ਛੇਵੇਂ ਗੁਰੂ ਸਾਹਿਬ ਵਲੋਂ ਸਿਰਜਣ ਸ੍ਰੀ ਅਕਾਲ ਤਖਤ ਸਾਹਿਬ ਅਤੇ ਬੁੱਢਾ ਦਲ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰ, ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਪ੍ਰਚਾਰ ਵਹੀਰ 28 ਨਵੰਬਰ ਨੂੰ ਪਿੰਡ ਹਲੇੜ ਲਈ ਰਵਾਨਾ ਹੋਵੇਗੀ ਅਤੇ ਇਸ ਨਾਲ ਪ੍ਰਚਾਰ ਵਹੀਰ ਦਾ ਅਰੰਭ ਹੋ ਜਾਵੇਗਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਮਨਾਈ ਜਾਵੇਗੀ। ਜਿਸ ਸਬੰਧੀ ਬੁੱਢਾ ਦਲ ਵਲੋਂ ਵੱਖ-ਵੱਖ ਜਥੇਬੰਦੀਆਂ ਨੂੰ ਪ੍ਰੇਰਕੇ ਵੱਖ-ਵੱਖ ਸਮਾਗਮ ਕੀਤੇ ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਬੀਆਂ ਅਧਾਰਤ ਬਣੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ 4 ਜੁਲਾਈ ਤੋਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ ਅਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਤਾਬਦੀ ਨੂੰ ਸਮਰਪਿਤ ਸ਼ਬਦ ਕੀਰਤਨ ਪ੍ਰਵਾਹ ਚੱਲ ਰਿਹਾ ਹੈ। ਅੱਜ ਏਥੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਪ੍ਰਚਾਰ ਵਹੀਰ ਸਬੰਧੀ ਵਿਸ਼ੇਸ਼ ਪੋਸਟਰ ਰਲੀਜ਼ ਕੀਤਾ ਗਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਤੇ ਨਗਰ ਨਿਵਾਸੀਆਂ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਜੋ 14 ਮਾਰਚ 2023 ਵਿੱਚ ਆ ਰਹੀ ਨੂੰ ਸਮਰਪਿਤ ਪ੍ਰਚਾਰ ਵਹੀਰ 28 ਨਵੰਬਰ ਤੋਂ ਅਰੰਭ ਕੀਤੀ ਜਾ ਰਹੀ ਹੈ, ਜੋ ਗੁਰਦੁਆਰਾ ਸ਼ਬਦ ਪ੍ਰਕਾਸ਼ ਤੋਂ ਪਿੰਡ ਹਲੇੜ ਲਈ ਰਵਾਨਾ ਹੋਵੇਗੀ। ਸਮੂਹਕ ਅਰਦਾਸ ਉਪਰੰਤ ਇਹ ਵਹੀਰ ਇਸ ਤਰ੍ਹਾਂ ਅੱਗੋਂ ਵੱਖ-ਵੱਖ ਪਿੰਡਾਂ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਪ੍ਰਚਾਰ ਦੀ ਅਲਖ ਜਗਾਏਗੀ ਅਤੇ ਵੱਖ-ਵੱਖ ਸਮਿਆਂ ਤੇ ਗੁਰਦੁਆਰਾ ਸ਼ਬਦ ਪ੍ਰਕਾਸ਼ ਵਿਖੇ ਵੱਡੇ ਗੁਰਮਤਿ ਸਮਾਗਮ ਕੀਤੇ ਜਾਣਗੇ। ਇਸ ਮੌਕੇ ਜਗਤ ਮਾਤਾ ਗੁਜਰ ਕੌਰ (ਮਾਤਾ ਗੁਜਰੀ ਜੀ) ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੋਸਟਰ ਵੀ ਸ. ਬੇਦੀ ਵਲੋਂ ਸੰਗਤ ਅਰਪਣ ਕੀਤਾ ਗਿਆ। ਪੋਸਟਰ ਰਲੀਜ਼ ਸਮੇਂ ਮਹੰਤ ਬਾਬਾ ਭਗਤ ਸਿੰਘ, ਬਾਬਾ ਅਮਰੀਕ ਸਿੰਘ ਗ੍ਰੰਥੀ ਅਤੇ ਗੁਰਦੁਆਰਾ ਸ਼ਬਦ ਪ੍ਰਕਾਸ਼ ਤੋਂ ਸ. ਅਮਰਜੀਤ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਮਨਵੀਰ ਸਿੰਘ, ਭਾਈ ਸੋਭਾ ਸਿੰਘ, ਭਾਈ ਬਲਰਾਜ ਸਿੰਘ ਆਦਿ ਹਾਜ਼ਰ ਸਨ।

ਸੰਜੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕੱਲ੍ਹ ਪੰਜਾਬ ਦੇ ਰਾਜਪਾਲ ਨੂੰ ਚੰਡੀਗੜ੍ਹ ਵਿਖੇ ਦਿੱਤਾ ਗਿਆ ਮੰਗ-ਪੱਤਰ

ਸੰਯੁਕਤ ਕਿਸਾਨ ਮੋਰਚਾ, ਭਾਰਤ

(ਦੇਸ਼ ਦੇ ਰਾਸ਼ਟਰਪਤੀ ਦੇ ਨਾਂ 'ਤੇ ਮਾਨਯੋਗ ਰਾਜਪਾਲ ਜੀ ਰਾਹੀਂ ਮੰਗ ਪੱਤਰ)

ਮਿਤੀ: 26 ਨਵੰਬਰ 2022

ਸ਼੍ਰੀਮਤੀ ਦ੍ਰੋਪਦੀ ਮੁਰਮੂ

ਰਾਸ਼ਟਰਪਤੀ, ਭਾਰਤ ਗਣਰਾਜ,

ਰਾਸ਼ਟਰਪਤੀ ਭਵਨ, ਨਵੀਂ ਦਿੱਲੀ

ਦੁਆਰਾ: ਮਾਨਯੋਗ ਰਾਜਪਾਲ ਜੀ, ..........ਪੰਜਾਬ

.ਵਿਸ਼ਾ: ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਵਾਇਦਾਖਿਲਾਫ਼ੀ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ, ਮੁਕੰਮਲ ਕਰਜ਼ਾ ਮੁਕਤੀ ਅਤੇ ਹੋਰ ਮੰਗਾਂ ਸਬੰਧੀ ਮੰਗ ਪੱਤਰ

ਮਾਣਯੋਗ ਰਾਸ਼ਟਰਪਤੀ ਜੀ,

ਅੱਜ ਸੰਵਿਧਾਨ ਦਿਵਸ ਦੇ ਮੌਕੇ 'ਤੇ ਦੇਸ਼ ਭਰ ਦੇ ਕਿਸਾਨ ਤੁਹਾਨੂੰ, ਆਪਣੇ-ਆਪਣੇ ਰਾਜਾਂ ਦੇ ਰਾਜਪਾਲਾਂ ਰਾਹੀਂ, ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਬਾਰੇ ਯਾਦ ਕਰਵਾ ਰਹੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਸੰਯੁਕਤ ਕਿਸਾਨ ਮੋਰਚੇ ਨੇ 21 ਨਵੰਬਰ 2021 ਨੂੰ ਕੇਂਦਰ ਸਰਕਾਰ ਨੂੰ ਲਿਖੇ ਇੱਕ ਪੱਤਰ ਵਿੱਚ ਆਪਣੇ ਛੇ ਲੰਬਿਤ ਮੁੱਦਿਆਂ ਵੱਲ ਸਰਕਾਰ ਨੂੰ ਧਿਆਨ ਦਿਵਾਇਆ ਸੀ। ਇਸ ਦੇ ਜਵਾਬ ਵਿੱਚ, ਸ਼੍ਰੀ ਸੰਜੇ ਅਗਰਵਾਲ, ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਨੂੰ ਇੱਕ ਪੱਤਰ (ਸਕੱਤਰ/AFW/2021/ਮਿਸ/1) ਲਿਖਿਆ। ਇਸ ਪੱਤਰ ਵਿੱਚ ਉਨ੍ਹਾਂ ਕਈ ਮੁੱਦਿਆਂ ’ਤੇ ਸਰਕਾਰ ਦੀ ਤਰਫੋਂ ਭਰੋਸਾ ਦਿਵਾਇਆ ਅਤੇ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ। ਸਰਕਾਰ ਦੇ ਇਸ ਪੱਤਰ 'ਤੇ ਭਰੋਸਾ ਕਰਦਿਆਂ, ਸੰਯੁਕਤ ਕਿਸਾਨ ਮੋਰਚਾ ਨੇ 11 ਦਸੰਬਰ 2021 ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਮੋਰਚਾ ਅਤੇ ਸਾਰੇ ਰੋਸ ਪ੍ਰਦਰਸ਼ਨਾਂ ਨੂੰ ਚੁੱਕਣ ਦਾ ਫੈਸਲਾ ਕੀਤਾ ਸੀ। ਅੱਜ ਕੋਈ 12 ਮਹੀਨੇ ਬਾਅਦ ਵੀ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅਸੀਂ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇ ਕੇ ਲਟਕਦੀਆਂ ਮੰਗਾਂ ਦੇ ਹੱਲ ਲਈ ਤੁਰੰਤ ਠੋਸ ਕਦਮ ਚੁੱਕੇ ਅਤੇ ਹੇਠ ਲਿਖੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ:

1. ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ, C2 + 50% ਦੇ ਫਾਰਮੂਲੇ ਨਾਲ ਸਾਰੀਆਂ ਫ਼ਸਲਾਂ ਲਈ MSP ਦੀ ਗਰੰਟੀ ਦੇਣ ਲਈ ਇੱਕ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਬਣਾਈ ਗਈ ਕਮੇਟੀ ਅਤੇ ਇਸ ਦਾ ਐਲਾਨਿਆ ਏਜੰਡਾ ਕਿਸਾਨਾਂ ਵੱਲੋਂ ਪੇਸ਼ ਕੀਤੀਆਂ ਮੰਗਾਂ ਦੇ ਅਨੁਸਾਰ ਨਹੀਂ ਹੈ। ਇਸ ਕਮੇਟੀ ਨੂੰ ਰੱਦ ਕਰਕੇ, ਕੇਂਦਰ ਸਰਕਾਰ ਆਪਣੇ ਵਾਅਦੇ ਅਨੁਸਾਰ, MSP 'ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਾਰੰਟੀ ਕਰਨ ਵਾਲਾ ਕਨੂੰਨ ਬਨਾਉਣ ਲਈ, SKM ਦੇ ਨੁਮਾਇੰਦਿਆਂ ਨੂੰ ਸ਼ਾਮਲ ਕਰਕੇ, ਕਿਸਾਨਾਂ ਦੀ ਸਹੀ ਨੁਮਾਇੰਦਗੀ ਦੇ ਨਾਲ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਲਈ ਨਵੀਂ ਕਮੇਟੀ ਦਾ ਪੁਨਰ ਗਠਨ ਕੀਤਾ ਜਾਵੇ।

2. 80%ਤੋਂ ਵੱਧ ਕਿਸਾਨ, ਖੇਤੀ ਵਿੱਚ ਲਾਗਤਾਂ ਵਧਣ ਅਤੇ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਰਕੇ, ਭਾਰੀ ਕਰਜ਼ੇ ਵਿੱਚ ਫਸੇ ਹੋਏ ਹਨ ਅਤੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਅਜਿਹੀ ਸਥਿਤੀ ਵਿੱਚ ਆਪ ਜੀ ਨੂੰ ਬੇਨਤੀ ਹੈ ਕਿ ਸਾਰੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜਿਆਂ 'ਤੇ ਲੀਕ ਮਾਰੀ ਜਾਵੇ।

3. ਬਿਜਲੀ ਸੋਧ ਬਿੱਲ, 2022 ਵਾਪਸ ਲਿਆ ਜਾਵੇ। 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਨੂੰ ਲਿਖੇ ਪੱਤਰ ਵਿੱਚ ਕੇਂਦਰ ਸਰਕਾਰ ਨੇ ਲਿਖਤੀ ਭਰੋਸਾ ਦਿੱਤਾ ਸੀ ਕਿ, "ਮੋਰਚੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਬਿੱਲ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।" ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਬਿਨਾਂ ਕਿਸੇ ਚਰਚਾ ਦੇ ਇਸ ਬਿੱਲ ਨੂੰ ਸੰਸਦ ਵਿੱਚ ਪੇਸ਼ ਕਰ ਦਿੱਤਾ ਹੈ।

4. (i) ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਵਿਖੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕੀਤਾ ਜਾਵੇ ਅਤੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ।

    (ii) ਲਖੀਮਪੁਰ ਖੀਰੀ ਕਤਲੇਆਮ ਵਿੱਚ, ਜੇਲ੍ਹਾਂ ਵਿੱਚ ਬੰਦ ਬੇਕਸੂਰ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲਏ ਜਾਣ। ਸਰਕਾਰ, ਜ਼ਖਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਆਪਣਾ ਵਾਅਦਾ ਪੂਰਾ ਕਰੇ।

5. ਸਰਕਾਰ ਨੂੰ ਸੋਕੇ, ਹੜ੍ਹ, ਜ਼ਿਆਦਾ ਮੀਂਹ, ਫਸਲਾਂ ਨਾਲ ਸਬੰਧਤ ਬਿਮਾਰੀਆਂ ਆਦਿ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ, ਸਾਰੀਆਂ ਫਸਲਾਂ ਲਈ ਵਿਆਪਕ ਅਤੇ ਪ੍ਰਭਾਵੀ ਫਸਲ ਬੀਮਾ ਯੋਜਨਾਂ ਲਾਗੂ ਕਰੋ।

6. ਸਾਰੇ ਦਰਮਿਆਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 5,000 ਰੁਪਏ ਪ੍ਰਤੀ ਮਹੀਨਾ ਕਿਸਾਨ ਪੈਨਸ਼ਨ ਦੀ ਯੋਜਨਾ ਲਾਗੂ ਕੀਤੀ ਜਾਵੇ।

7. ਕਿਸਾਨ ਅੰਦੋਲਨ ਦੌਰਾਨ ਭਾਜਪਾ ਸ਼ਾਸਤ ਰਾਜਾਂ ਅਤੇ ਹੋਰ ਰਾਜਾਂ ਵਿੱਚ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਕਿਸਾਨਾਂ ਵਿਰੁੱਧ ਜੋ ਝੂਠੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਿੰਘੂ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਦਿੱਤੀ ਜਾਵੇ।

ਇਸ ਮੰਗ ਪੱਤਰ ਰਾਹੀਂ ਦੇਸ਼ ਦੇ ਅੰਨਦਾਤਾ ਆਪਣੇ ਗੁੱਸੇ ਨੂੰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਹਨ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕੇਂਦਰ ਸਰਕਾਰ ਨੂੰ ਉਸਦੇ ਲਿਖਤੀ ਵਾਅਦੇ ਯਾਦ ਕਰਵਾਉ ਅਤੇ ਦੇਸ਼ ਦੇ ਕਿਸਾਨਾਂ ਦੀ ਮੁਕੰਮਲ ਕਰਜ਼ਾ ਮੁਆਫੀ, ਫ਼ਸਲ ਬੀਮਾ ਅਤੇ ਕਿਸਾਨ ਪੈਨਸ਼ਨ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਅਸੀਂ ਤੁਹਾਡੇ ਰਾਹੀਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣਾਂ ਬੰਦ ਕੀਤਾ ਜਾਵੇ। ਜੇਕਰ ਸਰਕਾਰ ਕਿਸਾਨਾਂ ਪ੍ਰਤੀ ਆਪਣੇ ਵਾਅਦਿਆਂ ਅਤੇ ਜ਼ਿੰਮੇਵਾਰੀ ਤੋਂ ਮੁੱਕਰਦੀ ਰਹੀ ਤਾਂ ਕਿਸਾਨਾਂ ਕੋਲ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚੇਗਾ।

ਜੈ ਕਿਸਾਨ !

ਅਸੀਂ ਹਾਂ, ਭਾਰਤ ਦੇ ਲੋਕ ਅਤੇ ਦੇਸ਼ ਦੇ ਅੰਨਦਾਤਾ

ਵੱਲੋਂ

ਸੰਯੁਕਤ ਕਿਸਾਨ ਮੋਰਚਾ

ਸ਼ਾਮਲ ਜਥੇਬੰਦੀਆਂ :

1)ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜਨਰਲ ਸੈਕਰੇਟਰੀ ਹਰਿੰਦਰ ਸਿੰਘ ਲੱਖੋਵਾਲ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮੇਹਲੋ,  ਪਲਵਿੰਦਰ ਸਿੰਘ ਪਾਲਮਾਜਰਾ-

2)ਕੁੱਲ ਹਿੰਦ ਕਿਸਾਨ ਸਭਾ ਪੰਜਾਬ ਪ੍ਰਧਾਨ, ਰੂਪ ਬਸੰਤ, ਬਲਜੀਤ ਸਿੰਘ ਗਰੇਵਾਲ ਜਨਰਲ ਸੈਕਰੇਟਰੀ -

3)ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ, ਡਾ: ਦਰਸ਼ਨ ਪਾਲ,ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ, ਪ੍ਰੈੱਸ ਸਕੱਤਰ ਅਵਤਾਰ ਸਿੰਘ ਮੁਹਿੰਮਾ-

4)ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪ੍ਰਧਾਨ ਸੁਰਜੀਤ ਸਿੰਘ ਫੂਲ, ਜਨਰਲ ਸੈਕਰੇਟਰੀ ਬਲਦੇਵ ਸਿੰਘ ਜ਼ੀਰਾ-

5)ਕਿਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਹਰਦੇਵ ਸਿੰਘ ਸੰਧੂ, ਜਨਰਲ ਸੈਕਰੇਟਰੀ ਰਸ਼ਪਾਲ ਸਿੰਘ-

6)ਜਮਹੂਰੀ ਕਿਸਾਨ ਸਭਾ ਪੰਜਾਬ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ, ਜਨਰਲ ਸੈਕਰੇਟਰੀ ਕੁਲਵੰਤ ਸਿੰਘ ਸੰਧੂ , ਪ੍ਰਗਟ ਸਿੰਘ ਜਾਮਾਰਾਇ-

7)ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਪ੍ਰਧਾਨ ਬਲਕਰਨ ਸਿੰਘ ਬਰਾੜ,ਜਨਰਲ ਸੈਕਰੇਟਰੀ  ਬਲਦੇਵ ਸਿੰਘ ਨਿਹਾਲਗਡ਼੍ਹ-

8)ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ-

9)ਕਿਰਤੀ ਕਿਸਾਨ ਯੂਨੀਅਨ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਰਮਿੰਦਰ ਪਟਿਆਲਾ-

10)ਪੰਜਾਬ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ,ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ- 

11)ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜਨਰਲ ਸਕੱਤਰ ਵੀਰਪਾਲ ਸਿੰਘ ਢਿੱਲੋਂ-

12)ਭਾਰਤੀ ਕਿਸਾਨ ਯੂਨੀਅਨ (ਸ਼ਾਦੀਪੁਰ) ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ-

13)ਭਾਰਤੀ ਕਿਸਾਨ ਯੂਨੀਅਨ ਦੋਆਬਾ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ-

14)ਮਾਝਾ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ-

15)ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਸੂਬਾ ਪ੍ਰਧਾਨ ਸਤਨਾਮ ਸਿੰਘ ਬਹਿਰੂ-

16)ਦੋਆਬਾ ਕਿਸਾਨ ਕਮੇਟੀ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ -

17)ਦੋਆਬਾ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਮੁਕੇਸ਼ ਚੰਦਰ, ਜਨਰਲ ਸੈਕਰੇਟਰੀ ਬਲਵਿੰਦਰ ਸਿੰਘ- 

18)ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਸੇਖੋਂ-

19)ਆਈ ਪੀ ਡੀ ਕਿਸਾਨ ਬਚਾਓ ਮੋਰਚਾ ਪ੍ਰਧਾਨ ਕਿਰਪਾ ਸਿੰਘ ਨੱਥੂਵਾਲਾ, ਜਨਰਲ ਸਕੱਤਰ ਲਖਵਿੰਦਰ ਸਿੰਘ-

20)ਦੋਆਬਾ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਜ਼ੀਦਪੁਰ, ਸੂਬਾ ਸਕੱਤਰ ਕੁਲਦੀਪ ਸਿੰਘ ਦਿਆਲਾ-

21)ਭਾਰਤੀ ਕਿਸਾਨ ਯੂਨੀਅਨ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ-

22)ਕੌਮੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ-

23)ਕਿਰਤੀ ਕਿਸਾਨ ਮੋਰਚਾ ਰੋਪੜ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਜਨਰਲ ਸੈਕਰੇਟਰੀ ਜਗਮਨਦੀਪ ਸਿੰਘ -

24)ਜੈ ਕਿਸਾਨ ਅੰਦੋਲਨ ਪੰਜਾਬ; ਪ੍ਰਧਾਨ,ਗੁਰਬਖ਼ਸ਼ ਸਿੰਘ ਬਰਨਾਲਾ-

25)ਆਜ਼ਾਦ ਕਿਸਾਨ ਕਮੇਟੀ ਦੋਆਬਾ ਪ੍ਰਧਾਨ,ਹਰਪਾਲ ਸਿੰਘ ਸੰਘਾ,ਜਨਰਲ ਸੈਕਰੇਟਰੀ ਰਣਜੀਤ ਸਿੰਘ-

26)ਕੰਢੀ ਏਰੀਆ ਸੰਘਰਸ਼ ਕਮੇਟੀ ਪ੍ਰਧਾਨ ਭੁਪਿੰਦਰ ਸਿੰਘ-

27)ਮਹਿਲਾ ਕਿਸਾਨ ਯੂਨੀਅਨ ਪ੍ਰਧਾਨ ਰਾਜਵਿੰਦਰ ਕੌਰ ਰਾਜੂ-

28)ਭਾਰਤੀ ਕਿਸਾਨ ਯੂਨੀਅਨ ਮਾਲਵਾ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ, ਜਨਰਲ ਸਕੱਤਰ ਨਛੱਤਰ ਸਿੰਘ ਜੈਤੋ -

29)ਕਿਸਾਨ ਸੰਘਰਸ਼ ਕਮੇਟੀ ਪੰਜਾਬ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ-

30)ਕੰਢੀ ਕਿਰਸਾਣੁ ਸੰਘਰਸ਼ ਕਮੇਟੀ ਪ੍ਰਧਾਨ ਕੁਲਜਿੰਦਰ ਸਿੰਘ ਘੁੰਮਣ-

31)ਸਬਜ਼ੀ ਉਤਪਾਦਕ ਕਿਸਾਨ ਸੰਗਠਨ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰ-

32)ਅਜਾਦ ਕਿਸਾਨ ਸੰਘਰਸ਼ ਕਮੇਟੀ,ਏਕਤਾ ਨਿਰਵੈਲ ਸਿੰਘ ਡਾਲੇਕੇ ਪ੍ਰਧਾਨ ਪੰਜਾਬ-

33)ਭਾਰਤੀ ਕਿਸਾਨ ਯਨੀਅਨ ਏਕਤਾ (ਉਗਰਾਹਾਂ) ਪ੍ਰਧਾਨ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ-

ਪੱਤਰਕਾਰ ਗੁਰਕੀਰਤ ਜਗਰਾਓ ਅਤੇ ਮਨਜਿੰਦਰ ਗਿੱਲ ਦੀ ਰਿਪੋਰਟ

ਠੇਕੇਦਾਰ ਦੀ ਧੱਕੇਸਾਹੀ ਖਿਲਾਫ ਐਸ ਐਸ ਪੀ ਨੂੰ ਮਿਲਾਂਗਾ ਵਫਦ

 ਹਠੂਰ,27 ਨਵੰਬਰ-(ਕੌਸ਼ਲ ਮੱਲ੍ਹਾ)–ਪਿਛਲੇ ਦਿਨੀ ਪਿੰਡ ਲੰਮਾਂ-ਜੱਟਪੁਰਾ ਦੇ ਖੇਡ ਗਰਾਊਂਡ ਵਿੱਚੋਂ ਧੱਕੇ ਨਾਲ ਠੇਕੇਦਾਰ ਵੱਲੋਂ ਝੋਨੇ ਦਾ ਫੂਸਾ ਚੁੱਕਣ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ੍ਹ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜਿਲਾ੍ਹ ਜਨਰਲ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਇਸ ਧੱਕੇਸਾਹੀ ਖਿਲਾਫ ਅਸੀ ਜਲਦੀ ਹੀ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਨੂੰ ਵਫਦ ਦੇ ਰੂਪ ਵਿੱਚ ਮਿਲਾਗੇ।ਇਸ ਮੌਕੇ ਪੀੜ੍ਹਤ ਕੁਲਵੰਤ ਸਿੰਘ ਕੰਤਾ ਜੱਟਪੁਰਾ ਨੇ ਠੇਕੇਦਾਰ ਤੇ ਦੋਸ ਲਾਉਦਿਆ ਕਿਹਾ ਕਿ ਉਸ ਨੇ ਲੰਮਾਂ-ਜੱਟਪੁਰਾ ਦੀ ਦਾਣਾ ਮੰਡੀ ਤੋਂ ਬਾਹਰ ਖੇਡ ਗਰਾਊਂਡ ਵਿੱਚ ਝੋਨੇ ਵਿੱਚੋਂ ਫੂਸਾ ਕੱਢਣ ਲਈ ਥਰੈਸਰ ਲਗਾਇਆ ਹੋਇਆ ਸੀ।ਦਾਣਾ ਮੰਡੀ ਦਾ ਸੀਜਨ ਖਤਮ ਹੋਣ ਤੇ ਰਾਏਕੋਟ ਤੋਂ ਵਿਪਨ ਕੁਮਾਰ ਜੋ ਆਪਣੇ ਆਪ ਨੂੰ ਮੰਡੀ ਦਾ ਠੇਕੇਦਾਰ ਦੱਸਦਾ ਸੀ ਆਪਣੇ ਸਾਥੀਆਂ ਨਾਲ ਆਇਆ ਅਤੇ ਪਿਸਤੌਲ ਦੀ ਨੋਕ ਤੇ ਮੇਰਾ ਸਾਰਾ ਫੂਸਾ ਟਰੱਕ ਵਿੱਚ ਭਰ ਕੇ ਲੈ ਗਿਆ,ਮੇਰੇ ਦੁਆਰਾ ਰੌਲਾ ਪਾਉਣ ਤੇ ਉਸ ਨੇ ਆਪਣੇ ਠੇਕੇ ਦੇ ਪੈਸੇ ਕੱਟ ਕੇ ਬਾਕੀ ਪੈਸੇ ਦੇਣ ਦਾ ਲਾਰਾ ਵੀ ਲਾਇਆ।ਉਹਨਾਂ ਅੱਗੇ ਦੱਸਿਆ ਕਿ ਠੇਕੇਦਾਰ ਹੁਣ ਉਸ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ।ਇਸ ਮੌਕੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਜੱਟਪੁਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਠੇਕੇਦਾਰੀ ਦੀ ਆੜ ਵਿੱਚ ਇਸ ਤਰ੍ਹਾਂ ਦੇ ਗੁੰਡਾ ਗਿਰੋਹ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਮੁਕੱਦਮਾ ਦਰਜ ਕਰਵਾ ਕੇ ਹੀ ਦਮ ਲਿਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਬਲਵਿੰਦਰ ਸਿੰਘ ਡੇਅਰੀ ਵਾਲੇ,ਜੁਗਿੰਦਰ ਸਿੰਘ ਰਾਹਲ,ਗੁਰਚਰਨ ਸਿੰਘ ਨੰਬਰਦਾਰ, ਬਿੱਕਰ ਸਿੰਘ,ਸੁਖਦੇਵ ਸਿੰਘ ਨੇਕਾ,ਦੇਸਰਾਜ ਸਿੰਘ,ਸਾਬਕਾ ਪੰਚ ਬੂਟਾ ਸਿੰਘ,ਗੁਰਮੀਤ ਸਿੰਘ ਕਾਲਾ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਵਿਪਨ ਕੁਮਾਰ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਸਾਡਾ ਪੰਜਾਬ ਮੰਡੀਕਰਨ ਬੋਰਡ ਵੱਲੋ ਠੇਕਾ ਲਿਆ ਗਿਆ ਹੈ ਅਸੀ ਫੂਸਾ ਚੁੱਕ ਸਕਦੇ ਹਾਂ।  ਫੋਟੋ ਕੈਪਸ਼ਨ:-ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਆਗੂ।

29 ਦੇ ਰੋਸ ਪ੍ਰਦਰਸਨ ਲਈ ਲੋਕਾ ਨੂੰ ਕੀਤਾ ਲਾਮਵੰਦ

 ਜਗਰਾਉ/ਹਠੂਰ, 27 ਨਵੰਬਰ-(ਕੌਸ਼ਲ ਮੱਲ੍ਹਾ)-ਮਜਦੂਰਾ ਦੀਆ ਵੱਖ-ਵੱਖ ਮੰਗਾ ਨੂੰ ਮੰਨਵਾਉਣ ਲਈ ਸੀ ਆਈ ਟੀ ਯੂ ਵੱਲੋ ਦੇਸ ਵਿਚ 19 ਨਵੰਬਰ ਤੋ ਲੈ ਕੇ 29 ਨਵੰਬਰ ਤੱਕ ਤਹਿਸੀਲ ਅਤੇ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸਨ ਕੀਤੇ ਜਾ ਰਹੇ ਹਨ।ਇਸੇ ਲੜੀ ਤਹਿਤ ਅੱਜ ਸੀ ਆਈ ਟੀ ਯੂ ਇਕਾਈ ਦੇਹੜਕਾ ਦੇ ਪ੍ਰਧਾਨ ਮੇਜਰ ਸਿੰਘ ਦੀ ਅਗਵਾਈ ਹੇਠ ਪਿੰਡ ਦੇਹੜਕਾ ਵਿਖੇ ਮਜਦੂਰਾ ਨਾਲ ਮੀਟਿੰਗ ਕਰਕੇ 29 ਨਵੰਬਰ ਦੇ ਰੋਸ ਪ੍ਰਦਰਸਨ ਲਈ ਲਾਮਵੰਦ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਲਾਲ ਝੰਡਾ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਦੇ ਹਲਕਾ ਪ੍ਰਧਾਨ ਪਰਮਜੀਤ ਸਿੰਘ ਭੰਮੀਪੁਰਾ ਨੇ ਕਿਹਾ ਕਿ 29 ਨਵੰਬਰ ਨੂੰ ਏ ਡੀ ਸੀ ਦਫਤਰ ਜਗਰਾਉ ਅੱਗੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਵਿਸਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਰੋਸ ਧਰਨੇ ਨੂੰ ਸੀ ਆਈ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਜਤਿੰਦਰ ਪਾਲ ਸਿੰਘ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ।ਉਨ੍ਹਾ ਕਿਹਾ ਕਿ ਸਾਡੀਆ ਮੁੱਖ ਮੰਗਾ ਜਿਨ੍ਹਾ ਵਿਚ ਮਨਰੇਗਾ ਕਾਮਿਆ ਨੂੰ ਦੋ ਸੌ ਦਿਨ ਦਾ ਰੁਜਗਾਰ ਦਿੱਤਾ ਜਾਵੇ,750 ਰੁਪਏ ਪ੍ਰਤੀ ਦਿਹਾੜੀ ਲਾਗੂ ਕੀਤੀ ਜਾਵੇ,ਹਰ ਪ੍ਰਈਵੇਟ ਨੌਕਰੀ ਕਰਦੇ ਕਰਮਚਾਰੀ ਨੂੰ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ।ਪੰਜਾਬ ਸਰਕਾਰ ਵੱਲੋ ਚੋਣਾ ਸਮੇਂ ਕੀਤੇ ਵਾਅਦੇ ਤੁਰੰਤ ਲਾਗੂ ਕੀਤੇ ਜਾਣ ਆਦਿ ਮੰਗਾ ਹਨ।ਉਨ੍ਹਾ ਕਿਹਾ ਕਿ 29 ਨਵੰਬਰ ਨੂੰ ਸਵੇਰੇ ਦਸ ਵਜੇ ਜਗਰਾਉ ਦੇ ਬਸ ਸਟੈਡ ਤੇ ਵੱਡਾ ਇਕੱਠ ਕਰਕੇ ਕਾਫਲੇ ਦੇ ਰੂਪ ਵਿਚ ਸਵੇਰੇ ਗਿਆਰਾ ਵਜੇ ਏਡੀਸੀ ਦਫਤਰ ਜਗਰਾਉ ਅੱਗੇ ਇਹ ਰੋਸ ਧਰਨਾ ਮੰਗ ਪੱਤਰ ਦੇਣ ਉਪਰੰਤ ਸਮਾਪਤ ਕੀਤਾ ਜਾਵੇਗਾ।ਇਸ ਮੌਕੇ ਪ੍ਰਧਾਨ ਹਾਕਮ ਸਿੰਘ ਡੱਲਾ,ਪ੍ਰਧਾਨ ਪਾਲ ਸਿੰਘ ਭੰਮੀਪੁਰਾ,ਸਕੱਤਰ ਗੁਰਦੀਪ ਸਿੰਘ ਕੋਟਉਮਰਾ,ਪ੍ਰਧਾਨ ਬੂਟਾ ਸਿੰਘ ਹਾਂਸ,ਮੀਤ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ ਆਦਿ ਨੇ ਕਿਹਾ ਕਿ ਜੇਕਰ ਫਿਰ ਵੀ ਸਾਡੀਆ ਮੰਗਾ ਨਾ ਮੰਨੀਆ ਗਈਆ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਜਗਜੀਤ ਸਿੰਘ ਡਾਗੀਆ,ਚਰਨ ਸਿੰਘ ਕਾਉਕੇ ਖੋਸਾ,ਕਰਮ ਸਿੰਘ,ਮੰਗਾ ਸਿੰਘ ਸਹੋਤਾ,ਹਰਜਿੰਦਰ ਸਿੰਘ,ਬਲਦੇਵ ਸਿੰਘ,ਗੁਰਨਾਮ ਸਿੰਘ,ਸੰਤ ਸਿੰਘ,ਹਾਕਮ ਸਿੰਘ,ਜੋਗਿੰਦਰ ਕੌਰ,ਕੁਲਵਿੰਦਰ ਕੌਰ,ਲਖਵੀਰ ਕੌਰ,ਕਰਮਜੀਤ ਕੌਰ,ਛਿੰਦਰ ਕੌਰ,ਕਿਰਨਦੀਪ ਕੌਰ ਆਦਿ ਹਾਜ਼ਰ ਸਨ।  ਫੋਟੋ ਕੈਪਸ਼ਨ:-ਪ੍ਰਧਾਨ ਪਰਮਜੀਤ ਸਿੰਘ ਭੰਮੀਪੁਰਾ ਪਿੰਡ ਦੇਹੜਕਾ ਦੇ ਮਜਦੂਰਾ ਨਾਲ ਮੀਟਿੰਗ ਕਰਦੇ ਹੋਏ।