ਤਲਵੰਡੀ ਸਾਬੋ, 27 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਦੀ ਬਠਿੰਡਾ ਟੀਮ ਵਲੋਂ ਗੁਰਦੁਆਰਾ ਬੁੰਗਾ ਮਸਤੂਆਣਾ ਤਲਵੰਡੀ ਸਾਬੋ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਡਾ. ਕਸ਼ਿਸ਼ ਗੁਪਤਾ (ਮੈਕਸ ਹਸਪਤਾਲ ਬਠਿੰਡਾ ਵਾਲੇ) ਅਤੇ ਉਹਨਾਂ ਦੀ ਟੀਮ ਵੱਲੋਂ 829 ਮਰੀਜਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 105 ਅੱਖਾਂ ਦੇ ਓਪਰੇਸਨ ਕੀਤੇ ਗਏ। ਇਸ ਭਲਾਈ ਵਾਲੇ ਕਾਰਜ ਦਾ ਅੱਜ ਰਸਮੀ ਉਦਘਾਟਨ, ਬਠਿੰਡਾ ਇਕਾਈ ਸਰਬੱਤ ਦਾ ਭਲਾ ਦੇ ਪ੍ਰਧਾਨ ਪ੍ਰੋ. ਜੇ.ਐਸ. ਬਰਾੜ ਨੇ ਕੀਤਾ। ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜਿੱਥੇ ਦੁਨੀਆਂ ਭਰ ਦੇ ਲੋੜਵੰਦ ਵਿਅਕਤੀਆਂ ਅਤੇ ਸੰਸਥਾਵਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਟੀਮ ਲੋੜਵੰਦ ਮਰੀਜਾਂ ਦੀ ਭਲਾਈ ਲਈ ਪਿੰਡਾਂ ਤੇ ਕਸਬਿਆਂ ਵਿੱਚ ਮੈਡੀਕਲ਼ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਜਾਂਦੀਆਂ ਹਨ। ਟਰੱਸਟ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਆਰ.ਓ. ਸਿਸਟਮ ਦਾਨ ਵਜੋਂ ਲਗਵਾਏ ਜਾ ਰਹੇ ਹਨ। ਇਸ ਮੌਕੇ ਐਡਵੋਕੇਟ ਰਾਜਮੁਕੱਦਰ ਸਿੰਘ ਸਿੱਧੂ ਨੇ ਕਿਹਾ ਕਿ ਟਰੱਸਟ ਦੀ ਇਕਾਈ ਜਿਲ੍ਹਾ ਬਠਿੰਡਾ ਵਿਚ ਤਿੰਨ ਕੰਪਿਊਟਰ ਸੈਂਟਰ, ਦੋ ਸਿਲਾਈ ਟਰੇਨਿੰਗ ਸੈਂਟਰ, ਬਾਜਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਇੱਕ ਕਲੀਨੀਕਲ ਲੈਬੋਰੇਟਰੀ ਅਤੇ ਡਾਇਲਸਸ ਯੂਨਿਟ ਚਲਾਏ ਜਾ ਰਹੇ ਹਨ ਜਿੱਥੇ ਸਿਰਫ਼ 750 ਰੁਪਏ ਡਾਇਲਸਸ ਕੀਤਾ ਜਾਂਦਾ ਹੈ। ਟਰੱਸਟ ਵਲੋਂ ਜਿਲ੍ਹੇ ਵਿਚ 125 ਤੋਂ ਵੱਧ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮਾਜ ਵਿਚ ਕਿਸੇ ਵੀ ਐਮਰਜੈਂਸੀ ਸਮੇਂ ਲੋਕਾਂ ਦੀ ਸੇਵਾ ਲਈ ਸਾਡੇ ਮੈਂਬਰ ਤਿਆਰ ਰਹਿੰਦੇ ਹਨ। ਇਸ ਮੌਕੇ ਬਠਿੰਡਾ ਇਕਾਈ ਵਲੋਂ ਕੈਂਪ ਇੰਚਾਰਜ ਐਡਵੋਕੇਟ ਰਾਜਮੁਕੱਦਰ ਸਿੰਘ ਸਿੱਧੂ, ਸੁਰਜੀਤ ਸਿੰਘ ਦਫਤਰ ਇੰਚਾਰਜ, ਸ. ਬਲਦੇਵ ਕੈਸ਼ੀਅਰ, ਡਾ. ਜੋਗਿੰਦਰ ਸਿੰਘ, ਬਲਜੀਤ ਸਿੰਘ ਨਰੂਆਣਾ, ਸੁਭਾਸ਼ ਚੰਦਰ ਮੈਨੇਜਰ, ਸੋਮ ਕੁਮਾਰ (ਫੂਲੋ ਮਿੱਠੀ), ਅੰਗਰੇਜ ਸਿੰਘ, ਗੁਰਲਾਭ ਸਿੰਘ ਸੰਧੂ, ਬਿਕਰਮਜੀਤ ਸਿੰਘ ਜੀ ਪ੍ਰਿੰਸੀਪਲ, ਖਾਲਸਾ ਸਕੂਲ ਅਤੇ ਸਾਰੇ ਮੈਂਬਰ ਸਾਹਿਬਾਨ ਨੇ ਮੌਜੂਦ ਰਹਿਕੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਇਸ ਕੈਂਪ ਵਿੱਚ ਡਾ. ਕਸ਼ਿਸ ਗੁਪਤਾ ਜੀ ਦੀ ਸਮੁੱਚੀ ਟੀਮ ਅਤੇ ਬਾਬਾ ਕਾਕਾ ਸਿੰਘ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਦੀ ਸਮਾਪਤੀ ਤੇ ਇੰਜੀਨੀਅਰ ਅਮਰਜੀਤ ਸਿੰਘ ਜਨਰਲ ਸਕੱਤਰ ਨੇ ਕੈਂਪ ਦੀ ਸਫ਼ਲਤਾ ਲਈ ਸਾਰੇ ਮੈਡੀਕਲ ਸਟਾਫ਼, ਸਰਬੱਤ ਦਾ ਭਲਾ ਟੀਮ ਦੇ ਮੈਂਬਰ ਸਾਹਿਬਾਨ ਅਤੇ ਸਹਿਯੋਗ ਕਰਨ ਵਾਲੇ ਮੈਂਬਰਾਂ ਦਾ ਬਹੁਤ ਧੰਨਵਾਦ ਕੀਤਾ।