You are here

ਪੰਜਾਬ

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਮਾਲਵਾ ਜੋਨ 3 ਦੇ ਜਨਰਲ ਸੱਕਤਰ ਨੂੰ ਸਦਮਾ ਧਰਮ ਪਤਨੀ  ਦਾ ਦਿਹਾਂਤ  

ਮਹਿਲ ਕਲਾਂ /ਬਰਨਾਲਾ-ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਮਾਲਵਾ ਜੋਨ ਦੇ ਜਰਨਲ ਸਕੱਤਰ ਸ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ,ਉਹਨਾਂ ਦੀ ਧਰਮਪਤਨੀ ਸ੍ਰੀਮਤੀ ਹਰਜੋਤ ਕੌਰ ਧਾਲੀਵਾਲ (33)ਸਾਲ ਦਾ ਸੰਖੇਪ ਬਿਮਾਰੀ ਨਾਲ ਪਰਿਵਾਰ ਨੂੰ ਸਦਾ ਲਈ ਵਿਛੋੜਾ ਦੇ ਗਏ। ਇਸ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਵਿਧਾਇਕ ਕੁਲਵੰਤ ਸਿੰਘ ਪੰਡੋਰੀ ,ਭਾਕਿਯੂ (ਰਾਜੇਵਾਲ) ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਧੀ, ਬਲਾਕ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ ਸਹਿਜੜਾ, ਇਕਾਈ ਪ੍ਰਧਾਨ ਕੁਲਦੀਪ ਸਿੰਘ ਬਾਜਵਾ, ਸਰਪੰਚ ਸੁਖਦੇਵ ਸਿੰਘ ਸੁੱਖਾ ਸਹਿਜੜਾ , ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜੱਥੇਦਾਰ ਮਹਿੰਦਰ ਸਿੰਘ ਸਹਿਜੜਾ, ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਬਲਜੀਤ ਸਿੰਘ ਪਡੌਰੀ, ਕਿਸਾਨ ਆਗੂ ਗਗਨਦੀਪ ਸਿੰਘ ਬਾਜਵਾ, ਭੋਲਾ ਸਿੰਘ ਕਲਾਲਾ, ਸਹੀਦ ਊਧਮ ਸਿੰਘ ਯੂਥ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਬਾਜਵਾ, ਬਾਬਾ ਫਰੀਦ ਜੀ ਸਪੋਰਟਸ ਕਲੱਬ ਰਜਿ ਸਹਿਜੜਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਧਾਲੀਵਾਲ, ਸਮਾਜ ਸੇਵੀ ਡਾ ਬਲਵਿੰਦਰ ਸਿੰਘ ਗੋਗਾ ਗਿੱਲ, ਡਾ ਗੁਰਮੀਤ ਸਿੰਘ ਛੀਨੀਵਾਲ ਕਲਾਂ ,ਪੰਚ ਹਰਚੇਤ ਸਿੰਘ ਧਾਲੀਵਾਲ, ਮਾਸਟਰ ਗੁਰਦੇਵ ਸਿੰਘ ਸਹਿਜੜਾ ਆਦਿ ਆਗੂਆਂ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਅਤੇ ਕਸਬਾ ਮਹਿਲ ਕਲਾਂ ਦੇ ਸਮੂਹ ਦੁਕਾਨਦਾਰਾਂ ਵਲੋਂ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ। ਪੰਚ ਹਰਚੇਤ ਸਿੰਘ ਧਾਲੀਵਾਲ ਨੇ ਦੱਸਿਆ ਕਿ  ਸ੍ਰੀਮਤੀ ਹਰਜੋਤ ਕੌਰ ਧਾਲੀਵਾਲ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 14 ਅਗਸਤ ਦਿਨ ਸ਼ੁੱਕਰਵਾਰ ਨੂੰ ਵੱਡਾ ਗੁਰਦੁਆਰਾ ਸਾਹਿਬ ਸਹਿਜੜਾ ਵਿਖੇ 11ਵਜੇ ਤੋਂ ਲੈ ਕੇ 12ਵਜੇ ਤੱਕ ਅੰਤਿਮ ਅਰਦਾਸ ਹੋਵੇਗੀ।

ਬੀਹਲਾ ਨੇ ਸ਼ਹੀਦ ਭਗਤ ਸਿੰਘ ਪਾਰਕ ਨੂੰ ਦਿੱਤਾ 1 ਲੱਖ ਅਤੇ ਜ਼ਨਮ ਅਸ਼ਟਮੀ ਤੇ ਮੰਦਿਰ ਵਿਚ ਕਰਵਾਈ ਪੂਜਾ

ਮਹਿਲ ਕਲਾਂ/ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਅੱਜ ਜ਼ਨਮ ਅਸ਼ਟਮੀ ਦੇ ਮੌਕੇ ਤੇ ਐਨ,ਆਰ,ਆਈ,ਅਤੇ ਸਮਾਜ ਸੇਵੀ ਸ੍ਰ.ਦਵਿੰਦਰ ਸਿੰਘ ਬੀਹਲਾ ਨੇ ਬਰਨਾਲਾ ਵਿਖੇ ਵੱਖ-ਵੱਖ ਮੰਦਿਰਾਂ ਵਿੱਚ ਜਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਐਸ.ਡੀ ਸਕੂਲ ਵਿਖੇ ਮੰਦਿਰ ਵਿੱਚ ਪੰਡਿਤ ਸ਼ਿਵ ਕੁਮਾਰ ਗੌੜ ਜੀ ਨਾਲ ਪੂਜਾ ਕਰਵਾਈ ਅਤੇ ਜ਼ਿੰਦਗੀ ਵਿੱਚ ਲੋਕਾਂ ਨਾਲ ਅਤੇ ਸੱਚ ਨਾਲ ਜੁੜੇ ਰਹਿਣ ਦਾ ਪ੍ਰਣ ਲਿਆ ਨਾਲ ਹੀ ਅੱਜ ੳੁਹਨਾਂ ਨੇ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਉੱਥੇ ਸੈਰ ਕਰ ਰਹੇ ਭਰਾਂਵਾਂ ਨਾਲ ਮੁਲਾਕਾਤ ਕੀਤੀ ਅਤੇ ਜਦੋਂ ਉਹਨਾਂ ਭਰਾਂਵਾਂ ਨੇ ਦਵਿੰਦਰ ਸਿੰਘ ਬੀਹਲਾ ਜੀ ਨੂੰ ਦੱਸਿਆ ਕਿ ਇਸ ਪਾਰਕ ਵਿੱਚ ਬਹੁਤ ਕੰੰਮ ਕਰਵਾਉਣ ਵਾਲਾ ਹੈ ਤਾਂ ਦਵਿੰਦਰ ਸਿੰਘ ਬੀਹਲਾ ਜੀ ਨੇ ਅਪਣੇ ਕੋਲੋਂ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਤਾਂ ਜ਼ੋ ਇਹ ਪਾਰਕ ਵਿੱਚ ਜੋ ਵੀ ਕੰਮ ਰੁਕਿਆ ਹੋਇਆ ਹੈ ।ਉਹ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ, ਇਸ ਪਾਰਕ ਦਾ ਨੀਂਹ ਪੱਥਰ ਸ੍ਰ ਸੁਖਬੀਰ ਸਿੰਘ ਬਾਦਲ ਜੀ ਨੇ ਰੱਖਿਆ ਸੀ, ਇਸ ਪਾਰਕ ਨੂੰ ਬਨਾਉਣ ਵਿੱਚ ਸਾਰੇ ਸ਼ਹਿਰ ਵਾਸੀਆਂ ਦਾ ਅਤੇ ਟ੍ਰਾਇਡੇੰਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਜੀ ਦਾ ਅਹਿਮ ਯੋਗਦਾਨ ਸੀ।

ਪਿੰਡ ਬੀਹਲਾ ਵਿਖੇ ਫਾਇਨਾਂਸ ਕੰਪਨੀਆਂ ਖਿਲਾਫ਼ ਚੱਲ ਰਹੇ ਕਰਜ਼ਾ ਮੁਕਤੀ ਸੰਘਰਸ਼ ਦੇ ਚੱਲਦਿਆਂ ਕੰਪਨੀ ਵਾਲਿਆ ਨੂੰ ਵਾਪਸ ਮੋੜਿਆ

ਮਹਿਲ ਕਲਾਂ/ਬਰਨਾਲਾ-ਅਗਸਤ 2020 -(ਗੁਰਸੇਵਕ ਸੋਹੀ)- ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ 'ਕਰਜ਼ਾ ਵਿਰੋਧੀ ਸੰਘਰਸ਼ ਕਮੇਟੀ ' ਦੀ 22 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਚਰਨਜੀਤ ਕੌਰ ਨੂੰ ਪ੍ਰਧਾਨ,  ਜਸਵਿੰਦਰ ਕੌਰ ਨੂੰ ਮੀਤ ਪ੍ਰਧਾਨ ਅਤੇ ਮਨਪ੍ਰੀਤ ਕੌਰ ਨੂੰ ਖ਼ਜ਼ਾਨਚੀ ਤੌਰ 'ਤੇ ਜਿੰਮੇਵਾਰੀਆਂ ਦਿੱਤੀਆਂ ਗਈਆਂ ਅਤੇ ਬਾਕੀ ਔਰਤਾਂ ਨੂੰ ਕਮੇਟੀ ਮੈਂਬਰ ਤੌਰ 'ਤੇ ਫਾਇਨਾਂਸ ਕੰਪਨੀਆਂ ਖਿਲਾਫ਼ ਔਰਤਾਂ ਦੀ ਕਰਜ਼ਾ ਮੁਕਤੀ ਦੇ ਸੰਘਰਸ਼ ਚ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।   ਨੌਜਵਾਨ ਭਾਰਤ ਸਭਾ ਦੀ ਅਗਵਾਈ ਚ ਬਣੀ ਔਰਤਾਂ ਦੀ 'ਕਰਜ਼ਾ ਵਿਰੋਧੀ ਸੰਘਰਸ਼ ਕਮੇਟੀ ' ਵਿੱਚ ਗੁਰਮੀਤ ਕੌਰ, ਪਰਮਜੀਤ ਕੌਰ, ਮਨਦੀਪ ਕੌਰ, ਬਲਜੀਤ ਕੌਰ, ਸ਼ਰਨਜੀਤ ਕੌਰ, ਸਰਬਜੀਤ ਕੌਰ, ਗੁਰਜੀਤ ਕੌਰ, ਜਸਵੀਰ ਕੌਰ, ਚਰਨਜੀਤ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਬਬਲੀ ਕੌਰ, ਬਲਜਿੰਦਰ ਕੌਰ, ਸਵਰਨਜੀਤ ਕੌਰ, ਕੁਲਵਿੰਦਰ ਕੌਰ, ਬਿੰਦਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ,ਰਮਨ ਕੌਰ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ।  ਨੌਜਵਾਨ ਭਾਰਤ ਸਭਾ ਦੀ ਅਗਵਾਈ ਚ ਹੋਈ ਮੀਟਿੰਗ ਬਾਅਦ ਫਾਇਨਾਂਸ ਕੰਪਨੀ ਦੇ ਕਿਸ਼ਤਾਂ ਭਰਾਉਣ ਆਏ ਮੁਲਾਜ਼ਮ ਨੂੰ ਔਰਤਾਂ ਦੀ 'ਕਰਜ਼ਾ ਵਿਰੋਧੀ ਸੰਘਰਸ਼ ਕਮੇਟੀ ' ਨੇ ਖਾਲੀ ਹੱਥ ਵਾਪਸ ਮੋੜਿਆ।

ਸਹੀਦ ਬੀਬੀ ਕਿਰਨਜੀਤ ਕੌਰ ਦੀ ਸਲਾਨਾ ਬਰਸੀ ਮਨਾਈ

ਲੋਕ ਸੰਘਰਸ਼ ਦੇ 23 ਵਰ੍ਹੇ ਸ਼ਾਨਮੱਤੇ ਇਤਿਹਾਸ ਦਾ ਸੁਨਿਹਰਾ ਪੰਨਾ

ਐਕਸ਼ਨ ਕਮੇਟੀ ਦੇ ਮਸ਼ਾਲਚੀ ਆਪਣੀ ਜਿੰਮੇਵਾਰੀ ਅਦਾ ਕਰਦੇ ਰਹਿਣਗੇ -ਗੁਰਬਿੰਦਰ ਕਲਾਲਾ

ਮਹਿਲ ਕਲਾਂ /ਬਰਨਾਲਾ- ਅਗਸਤ 2020  (ਗੁਰਸੇਵਕ ਸਿੰਘ ਸੋਹੀ)- ਅੱਜ ਤੋਂ 23 ਸਾਲ ਪਹਿਲਾਂ ਮਹਿਲ ਕਲਾਂ ਦੀ ਧਰਤੀ ਉੱਤੇ ਕਿਰਨਜੀਤ ਕੌਰ ਸਮੂਹਿਕ ਜਬਰ ਜਿਨਾਹ ਅਤੇ ਕਤਲ ਕਾਂਡ ਨੂੰ ਵਾਪਰਿਆਂ ਭਲੇ ਹੀ ਲੰਬਾ ਅਰਸਾ ਬੀਤ ਗਿਆ ਹੈ। ਪਰ ਲੋਕ ਮਨਾਂ ਅੰਦਰ ਇਸ ਦਰਦਨਾਕ ਵਰਤਾਰੇ ਦੀ ਚੀਸ ਮੱਠੀ ਨਹੀਂ ਪਈ। ਸਗੋਂ ਇਸ ਲੋਕ ਇਤਿਹਾਸ ਨੇ ਨਵੇੰ ਕੀਰਤੀਮਾਨ ਸਥਾਪਤ ਕੀਤੇ ਹਨ। ਦਾਣਾ ਮੰਡੀ ਮਹਿਲ ਕਲਾਂ ਵਿੱਚ ਕਰੋਨਾ ਵਾਇਰਸ ਦੇ ਚਲਦਿਆਂ ਹੋਏ ਸੀਮਤ ਸਾਥੀਆਂ ਵਾਲੇ ਇਕੱਠ ਨੂੰ ਸੰਬੋਧਨ ਕਰਦਿਆਂ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਐਕਸ਼ਨ ਕਮੇਟੀ ਮੈਂਬਰਾਂ ਗੁਰਮੀਤ ਸੁਖਪੁਰ, ਪ੍ਰਧਾਨ ਮਨਜੀਤ ਧਨੇਰ, ਅਮਰਜੀਤ ਕੁੱਕੂ, ਪ੍ਰੇਮ ਕੁਮਾਰ ਅਤੇ ਬਲਦੇਵ ਧੌਲਾ ਨੇ ਕਿਹਾ ਕਿ ਜਦ 3 ਸਤੰਬਰ 2019 ਨੂੰ ਅਦਾਲਤ ਦੇ ਸਭ ਤੋਂ ਸਿਖਰਲੇ ਅਦਾਰੇ ਨੇ ਲੋਕ ਹਿੱਤਾਂ ਲਈ ਖਾਸ ਕਰ ਕਿਸਾਨਾਂ-ਮਜਦੂਰਾਂ ਸਮੇਤ ਸਮਾਜਿਕ ਜਬਰ ਵਿਰੁੱਧ ਜੂਝਣ ਵਾਲੇ ਲੋਕਾਂ ਦੇ ਪੁੱਤ ਨੂੰ ਉਮਰ ਕੈਦ ਸਜਾਕੇ ਵੱਡੀ ਮੱਲ ਮਾਰਨ ਦਾ ਭਰਮ ਪਾਲਿਆਂ ਸੀ। ਐਕਸ਼ਨ ਕਮੇਟੀ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਸੀਮਤ ਸਾਥੀਆਂ ਵਾਲੀ ਥਾਂ ਤੋਂ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ 23 ਸਾਲ ਪਹਿਲਾਂ ਸਾਂਝੇ ਲੋਕ ਸੰਘਰਸ਼ਾਂ ਦੀ ਵਿਰਾਸਤ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਹ ਸੰਘਰਸ਼ ਭਲੇ ਹੀ ਦਾਣਾ ਮੰਡੀ ਮਹਿਲਕਲਾਂ ਵਿਖੇ ਸੀਮਤ ਸਾਥੀਆਂ ਵਾਲਾ ਸੀ ਪੰਜਾਬ ਦੇ ਵੱਖੋ-ਵੱਖ ਜਿਲ੍ਹਿਆਂ ਵਿੱਚ 70 ਥਾਵਾਂ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਵਾਲੇ ਲੋਕ ਘੋਲ ਦੇ ਸਬਕਾਂ ਨੂੰ ਗ੍ਰਹਿਣ ਕਰਨ ਵਾਲੇ ਸਮਾਗਮ ਆਯੋਜਿਤ ਕੀਤੇ ਗਏ। ਇਹ ਸਮਾਗਮ 20 ਅਗਸਤ ਤੱਕ ਜਾਰੀ ਰਹਿਣਗੇ। ਬੁਲਾਰੇ ਆਗੂਆਂ ਪ੍ਰੇਮਪਾਲ ਕੌਰ, ਪਰਮਜੀਤ ਕੌਰ ਅਤੇ ਪ੍ਰਦੀਪ ਕੌਰ ਨੇ ਕਿਹਾ ਕਿ ਔਰਤਾਂ ਉੱਪਰ ਹੁੰਦੇ ਜਬਰ ਜੁਲਮ ਦੀ ਦਾਸਤਾਂ ਬਹਜੁਤ ਲੰਬੀ ਹੈ। ਇਸ ਕੋਈ ਨਵਾਂ ਜਾਂ ਇਕੱਲੀ ਇਕਹਰੀ ਘਟਨਾ ਨਹੀਂ ਹੈ, ਸਗੋਂ ਇਸ ਨੂੰ ਵਰਤਾਰਿਆਂ ਦੀ ਕੜੀ ਵਜੋਂ ਵੇਖਣਾ ਚਾਹੀਦਾ ਹੈ। ਕਿਉੀਕ ਔਰਤਾਂ ਉੱਪਰ ਜਬਰ ਦੀ ਅਸਲ ਜੜ੍ਹ ਇਹ ਲੁਟੇਰਾ ਤੇ ਜਾਬਰ ਢਾਂਚਾ ਹੈ। ਹੁਣ ਵੀ ਬਹੁਤ ਸਾਰੀਆਂ ਜਬਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਲਈ ਸੰਘਰਸ਼ ਦੀ ਧਾਰ ਵੀ ਇਸ ਬੁਰਾਈ ਦੇ ਧੁਰੇ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਖਿਲਾਫ ਸੇਧਤ ਕਰਦਿਆਂ ਨਵਾਂ ਤੇ ਜਮਹੂਰੀ ਪ੍ਰਬੰਧ ਖਿਲਾਫ ਸੇਧਤ ਕਰਨ ਦੀ ਲੋੜ ਹੈ। ਕਰੋਨਾ ਸੰਕਟ ਕਾਰਨ ਐਕਸ਼ਨ ਕਮੇਟੀ ਵੱਲੋਂ 11 ਦਿਨ ਤੋਂ ਲਗਤਾਰ ਲਾਈਵ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਲੱਖਾਂ ਲੋਕਾਂ ਤੱਕ ਸ਼ੋਸ਼ਲ ਮੀਡੀਏ ਰਾਹੀਂ ਬੁੱਧੀਜੀਵੀ ਅਤੇ ਔਰਤ ਕਾਰਕੁਨ ਇਤਿਹਾਸ ਦੇ ਪੰਨਿਆਂ ਰਾਹੀਂ ਆਪਣੀ ਲਾਈਵ ਪ੍ਰੋਗਰਾਮ ਰਾਹੀਂ ਲੋਕਾਂ ਸਾਹਮਣੇ ਰੱਖ ਚੁੱਕੇ ਹਨ। ਬੁਲਾਰਿਆਂ ਨੇ ਮੌਜੂਦਾ ਦੌਰ ਦੇ ਗੰਭੀਰ ਸੰਕਟ ਕਿਸਾਨੀ ਮੁੱਦਿਆਂ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਲੋਕ ਵਿਰੋਧੀਨ ਸੋਧਾਂ ਸਮੇਤ ਕਰੋਨਾ ਸੰਕਟ ਦੇ ਬਹਾਨੇ ਮੋਦੀ ਹਕੂਮਤ ਵੱਲੋਂ  ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੰਘਰਸ਼ ਦੀ ਅਗਵਾਈ ਕਰ ਰਹੀਆਂ ਮੁਸਲਿਮ ਘੱਟ ਗਿਣਤੀ ਤਬਕੇ ਨੂੰ ਮੋਦੀ ਹਕੂਮਤ ਆਪਣੇ ਫਿਰਕੂ ਫਾਸ਼ੀ ਹੱਲੇ ਦਾ ਨਿਸ਼ਾਨਾ ਬਣਾ ਰਹੀ ਹੈ। ਜਿਸ ਖਿਲ਼ਾਫ ਵੀ ਸੰਘਰਸ਼ ਨੂੰ ਵਿਸ਼ਾਲ,ਸਾਂਝਾ ਅਤੇ ਤਿੱਖਾ ਮਹਿਲ  ਕਲਾਂ ਲੋਕ ਘੋਲ ਦੇ ਸਬਕਾਂ ਨੂੰ ਗ੍ਰਹਿਣ ਕਰਦਿਆਂ ਅੱਗੇ ਵਧਾਉਣਾ ਹੋਵੇਗਾ। ਇਸ ਸਮੇਂ ਹੱਥੀਂ ਤਿਆਰ ਕੀਤਾ ਨੌਜਵਾਨ ਧੀ ਨਵਜੋਤ ਨੂਰ ਨੇ ਬੇਹੱਦ ਪਿਆਰਾ ਖੂਬਸੂਰਤ ਪੈਨਸਿਲ ਸਕੈੱਚ ਐਕਸ਼ਨ ਕਮੇਟੀ ਨੂੰ ਸੌਂਪਿਆ। ਲੋਕ ਗਾਇਕ ਅਜਮੇਰ ਅਕਲੀਆ ਨੇ ਸ਼ਰਧਾਂਜਲੀ ਅਤੇ ਲੋਕ ਸੰਘਰਸ਼ ਨੂੰ ਸਮਰਪਿਤ ਗੀਤ ਪੇਸ਼ ਕੀਤੇ। ਬੱਚੀ ਇਸਮੀਤ ਕੌਰ ਨੇ ਵੀ ਗੀਤ ਪੇਸ਼ ਕੀਤਾ। ਸਟੇਜ ਸਕੱਤਰ ਦੇ ਫਰਜ ਡਾ.ਕੁਲਵੰਤ ਪੰਡੋਰੀ ਨੇ ਅਦਾ ਕੀਤੇ। ਇਸ ਸਮੇਂ ਮਾ.ਦਰਸ਼ਨ ਸਿੰਘ, ਗੁਰਦੇਵ ਮਹਿਲ ਖੁਰਦ, ਸੁਰਿੰਦਰ ਜਲਾਲਦੀਵਾਲ, ਗੁਰਦੇਵ ਸਿੰਘ ਸਹਿਜੜਾ, ਜਰਨੈਲ ਸਿੰਘ ਚੰਨਣਵਾਲ, ਪਰਮਜੀਤ ਕੌਰ, ਅਮਰਜੀਤ ਕੌਰ, ਸਮੀਤ, ਹਾਕਮ ਨੂਰ, ਗੁਰਮੇਲ ਠੂਲੀਵਾਲ, ਹਰਚਰਨ ਚੰਨਾ ,ਕਿਸਾਨ ਆਗੂ ਜੱਗਾ ਸਿੰਘ ਛਾਪਾ ,ਹਰਪ੍ਰੀਤ ਸਿੰਘ, ਅਤੇ ਗੁਰਜੰਟ ਸਿੰਘ ਆਦਿ ਆਗੂ ਵੀ ਹਾਜਰ ਸਨ।

ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 23ਵੀ ਬਰਸੀ ਤੇ ਕੀਤੀਆਂ ਲੋਕ ਮਾਰੂ ਨੀਤੀਆਂ ਤੇ ਵਿਚਾਰਾਂ

ਮਹਿਲ ਕਲਾਂ /ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਕੋਵਿਡ 19 ਦੌਰਾਨ ਵੱਡੇ ਇਕੱਠਾਂ ਤੇ ਪਾਬੰਦੀ ਹੋਣ ਕਾਰਨ ਇਸ ਵਾਰ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਹਿਲ ਕਲਾਂ ਵਿਖੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ 23ਵੀ ਬਰਸੀ ਨੂੰ ਮੁੱਖ ਰੱਖ ਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਹਾਲ ਵਿਖੇ ਸੰਘਰਸ਼ ਸ਼ੀਲ ਜੱਥੇਬੰਦੀਆਂ ਦੇ ਆਗੂਆਂ ਨੇ 23 ਵਰੇ ਪਹਿਲਾਂ ਸ਼ਹੀਦ ਹੋਣ ਵਾਲੀ ਉਹ ਬੱਚੀ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਲੋਕਾਂ ਨਾਲ ਮੌਜੂਦਾ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਤੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਕੋਵਿਡ19 ਨੂੰ ਮਹਾਂਮਾਰੀ ਦਾ ਨਾਮ ਦੇ ਕੇ ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕੀਤਾ ਹੈ ਤਾਂ ਜੋ ਸਰਕਾਰ ਲੋਕ ਵਿਰੋਧੀ ਫੈਸਲਿਆਂ ਨੂੰ ਲਾਗੂ ਕਰ ਸਕੇ। ਇਸ ਆੜ ਵਿੱਚ ਸਰਕਾਰ ਨੇ ਕਿਸਾਨ ਮਾਰੂ ਆਰਡੀਨੈਂਸ ਲਿਆ ਕੇ ਕਿਸਾਨੀ ਦਾ ਲੱਕ ਤੋੜਣ ਤੇ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਵੱਲ ਕਦਮ ਵਧਾਇਆ ਹੈ। ਪਿਛਲੇ 23 ਸਾਲਾਂ ਦੇ ਸੰਘਰਸ਼ਮਈ ਸਮੇਂ ਵਿੱਚ ਆਪਾਂ ਵੇਖ ਚੁੱਕੇ ਹਾਂ ਕਿ ਕਿਸ ਤਰਾਂ ਪੁਲਿਸ-ਸਿਆਸੀ-ਅਦਾਲਤਾਂ ਅਤੇ ਗੁੰਡਿਆਂ ਦਾ ਗੱਠਜੋੜ ਬਣਿਆ ਹੋਇਆ ਹੈ। ਹੁਣ ਅੱਛੇ ਦਿਨਾਂ ਦਾ ਝਾਂਸਾ ਦੇ ਕੇ ਸੱਤਾ ਤੇ ਕਾਬਜ਼ ਹੋਣ ਵਾਲੀ ਮੋਦੀ ਸਰਕਾਰ ਨੇ ਇਸ ਗੱਠਜੋੜ ਵਿੱਚ ਕਾਰਪੋਰੇਟ ਕੰਪਨੀਆਂ ਨੂੰ ਵੀ ਸ਼ਾਮਿਲ ਕਰ ਲਿਆ ਹੈ। ਲਗਾਤਾਰ ਲੋਕਾਂ ਦੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਸਰਕਾਰੀ ਅਦਾਰੇ ਬੰਦ ਕੀਤੇ ਜਾ ਰਹੇ ਹਨ, ਪਬਲਿਕ ਸੈਕਟਰ ਵੇਚਿਆ ਜਾ ਰਿਹਾ ਹੈ। ਰੁਜ਼ਗਾਰ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ।ਨੌਜਵਾਨੀ ਨੂੰ ਬਰਬਾਦ ਕਰਨ ਲਈ ਨਸ਼ਿਆਂ ਦੇ ਕਾਰੋਬਾਰ ਬੇਰੋਕ ਚੱਲ ਰਹੇ ਹਨ। ਲੋਕ ਨਪੀੜੇ ਜਾ ਰਹੇ ਹਨ।ਇਸ ਲਈ ਇਹਨਾਂ ਜ਼ਾਲਮ ਸਰਕਾਰਾਂ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਮੋੜਾ ਦੇਣ ਲਈ ਆਪਾਂ ਸਾਰਿਆਂ ਨੂੰ ਵੱਡੇ ਹੰਭਲੇ ਮਾਰਨੇ ਪੈਣਗੇ।ਜਿਸ ਤਰ੍ਹਾਂ ਕਿਹਾ ਹੈ ਕਿ ਇਕੱਠ ਲੋਹੇ ਦੀ ਲੱਠ, ਸਿਰ ਵਿੱਚ ਜ਼ਾਲਮ ਦੇ।ਇਸ ਸਮੇਂ ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਮੈਂਬਰ ਲੋਕ ਆਗੂ ਮਨਜੀਤ ਸਿੰਘ ਧਨੇਰ,ਗੁਰਵਿੰਦਰ ਕਲਾਲਾ, ਮਾਸਟਰ ਪ੍ਰੇਮ ਕੁਮਾਰ,ਸੁਰਿੰਦਰ ਜਲਾਲਦੀਵਾਲ, ਸਾਥੀ ਨਰਾਇਣ ਦੱਤ, ਮਾ ਬਲਜਿੰਦਰ ਪ੍ਰਭੂ ਮਹਿਲ ਕਲਾਂ, ਜਰਨੈਲ ਸਿੰਘ ਚੰਨਣਵਾਲ, ਡਾਕਟਰ ਕੁਲਵੰਤ ਰਾਏ ਪੰਡੋਰੀ, ਅਮਰਜੀਤ ਕੁੱਕੂ, ਸਰਪੰਚ ਬਲੋਰ ਸਿੰਘ ਤੋਤੀ,ਡੀ ਟੀ ਐਫ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਸੋਹਣ ਸਿੰਘ ਸਿੱਧੂ, ਅਜਮੇਰ ਸਿੰਘ ਕਾਲਸਾਂ ,ਬੀ ਕੇ ਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਹਾਜ਼ਰ ਸਨ।

ਬਾਰਵੀਂ ਵਿੱਚੋਂ ਨੜ੍ਹਿਨਵੇਂ ਪ੍ਰਤੀਸ਼ਤ ਨੰਬਰ ਲੈਣ ਵਾਲੀ ਨਵਦੀਪ ਕੌਰ ਦੀ ਪਹਿਲੀ ਪਸੰਦ ਬਣਿਆ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਕਮਾਲਪੁਰਾ

ਹਠੂਰ  ਅਗਸਤ 2020 (ਨਛੱਤਰ ਸੰਧੂ) ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਇਲਾਕੇ ਦੀਆਂ ਵਿਿਦਆਰਥਣਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਬਾਰਵੀਂ ਵਿੱਚੋਂ ਅੱਸੀ ਪ੍ਰਤੀਸ਼ਤ ਤੋਂ ਵੱਧ ਨੰਬਰ ਲੈਣ ਵਾਲੀਆਂ ਕਈ ਵਿਿਦਆਰਥਣਾਂ ਨੇ ਕਾਲਜ ਵਿੱਚ ਦਾਖਲਾ ਲੈਣ ਦੀ ਰੁਚੀ ਦਿਖਾਈ ਹੈ।ਇਸ ਮੌਕੇ ਪ੍ਰਿੰ. ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਆਪਣੀਆਂ ਵਿਿਦਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਹੈ।ਇਹੀ ਕਾਰਨ ਹੈ ਕਿ ਬਾਰਵੀਂ ਵਿੱਚੋਂ ਨੜ੍ਹਿਨਵੇਂ ਪ੍ਰਤੀਸ਼ਤ ਨੰਬਰ ਲੈਣ ਵਾਲੀ ਨਵਦੀਪ ਕੌਰ ਨੱਥੋਵਾਲ ਨੇ ਵੀ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਲਈ ਇਸੇ ਕਾਲਜ ਨੂੰ ਚੁਣਿਆ ਹੈ।ਅਜਿਹੀ ਹੋਣਹਾਰ ਵਿਿਦਆਰਥਣ ਦਾ ਉਤਸ਼ਾਹ ਵਧਾਉਣ ਅਤੇ ਕਾਲਜ ਵਿੱਚ ਪਹਿਲਾ ਦਿਨ ਯਾਦਗਾਰੀ ਬਣਾਉਣ ਲਈ ਕਾਲਜ ਵੱਲੋਂ ਉਸਦੇ ਹੱਥੋਂ ਬੂਟਾ ਵੀ ਲਗਵਾਇਆ ਗਿਆ।ਇਸ ਸਮੇਂ ਨਵਦੀਪ ਕੌਰ ਦੇ ਪਿਤਾ ਸ. ਅਮਨਦੀਪ ਸਿੰਘ ਅਤੇ ਮਾਤਾ ਕਰਮਜੀਤ ਕੌਰ ਵੀ ਹਾਜ਼ਰ ਸਨ।ਇਸੇ ਤਰ੍ਹਾਂ ਬਾਨ੍ਹਵੇਂ ਪ੍ਰਤੀਸ਼ਤ ਨੰਬਰ ਲੈਣ ਵਾਲੀ ਵਿਿਦਆਰਥਣ ਮਨਪ੍ਰੀਤ ਕੌਰ ਨੇ ਵੀ ਇਸੇ ਕਾਲਜ ਵਿੱਚ ਦਾਖਲਾ ਲੈਣ ਨੂੰ ਪਹਿਲ ਦਿੱਤੀ ਹੈ।ਇਨ੍ਹਾਂ ਵਿਿਦਆਰਥਣਾਂ ਅਨੁਸਾਰ ਕਾਲਜ ਦੇ ਅਨੁਸ਼ਾਸਨ ਅਤੇ ਇੱਥੋਂ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਦਾਖਲਾ ਲੈਣ ਲਈ ਪ੍ਰੇਰਿਆ ਹੈ।ਪ੍ਰਿੰਸੀਪਲ ਡਾ. ਸੰਧੂ ਅਨੁਸਾਰ ਕਾਲਜ ਵਿੱਚ ਬੀ.ਏ., ਬੀ. ਕਾਮ, ਬੀ ਸੀ ਏ, ਪੀ ਜੀ ਡੀ ਸੀ ਏ, ਐਮ ਐਸ ਸੀ (ਆਈ ਟੀ), ਐਮ ਏ ਪੰਜਾਬੀ ਅਤੇ ਇਤਿਹਾਸ ਆਦਿ ਕੋਰਸ ਚੱਲ ਰਹੇ ਹਨ।ਕਾਲਜ ਦੇ ਪ੍ਰਧਾਨ ਸ. ਬਲਜਿੰਦਰ ਸਿੰਘ ਹੰਸਰਾ, ਉਪ ਪ੍ਰਧਾਨ ਸ. ਅਮਰਜੀਤ ਸਿੰਘ ਹੰਸਰਾ ਅਤੇ ਸੈਕਟਰੀ ਸ. ਮਲਕੀਅਤ ਸਿੰਘ ਰਾਜਲ ਵੱਲੋਂ ਕਾਲਜ ਵਿੱਚ ਦਾਖਲ ਹੋ ਰਹੀਆਂ ਨਵੀਆਂ ਵਿਿਦਆਰਥਣਾਂ ਨੂੰ ਜੀ ਆਇਆਂ ਕਹਿੰਦਿਆਂ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ।

ਭਾਈ ਦਾਨ ਸਕੂਲ ਮਾਣੂੰਕੇ ਨੇ ਅੰਤਰ ਜਿਲ੍ਹਾ ਖੇਡਾ ਵਿੱਚ ਮਾਰੀ ਬਾਜੀ

ਹਠੂਰ ਅਗਸਤ 2020 (ਨਛੱਤਰ ਸੰਧੂ) 65ਵੀਆ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾ 2019-2020 ਵਿੱਚ ਭਾਈ ਦਾਨ ਸਿੰਘ ਪਬਲਿਕ ਸਕੂਲ ਮਾਣੂੰਕੇ ਤਹਿਸੀਲ ਜਗਰਾਓ ਦੇ ਵਿਿਦਆਰਥੀਆ ਨੇ ਕਬੱਡੀ ਅਤੇ ਵੇਟ ਲਿਫਟਿੰਗ ਟੀਮ ਵਿੱਚ ਸਾਨਦਾਰ ਜਿੱਤ ਪ੍ਰਾਪਤ ਕੀਤੀ।ਰਾਜ ਅੰਤਰ ਜਿਲ੍ਹਾ ਸਕੂਲ ਖੇਡਾ ਵਿੱਚ ਕਬੱਡੀ ਟੀਮ ਵਿੱਚ ਦਵਿੰਦਰ ਸਿੰਘ ਡੱਲਾ,ਹਰਕਮਲ ਸਿੰਘ ਸਿੰਘ ਢੋਲਣ ਅਤੇ ਜਸਪ੍ਰੀਤ ਸਿੰਘ ਮੀਨੀਆ ਨੇ ਪਹਿਲਾ ਸਥਾਨ ਅਤੇ ਵੇਟ ਲਿਫਟਿੰਗ ਵਿੱਚ ਸੁਖਵੀਰ ਸਿੰਘ ਲੱਖਾ ਨੇ ਪਹਿਲਾ ਸਥਾਂਨ ਹਾਸਲ ਕਰਕੇ ਸਕੂਲ ਦਾ ਨਾਮ ਰੌਸਨ ਕੀਤਾ।ਜਿਕਰਯੋਗ ਹੈ ਕਿ ਜੇਤੂ ਬੱਚਿਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਰਡ ਵੱਲੋ ਜਾਰੀ ਕੀਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਦੇ ਡਾਇਰੈਕਟਰ ਗੁਰਮੱੁਖ ਸਿੰਘ ਸਿੰਘ ਸੰਧੂ ਨੇ ਕਿਹਾ ਕਿ ਇਨ੍ਹਾ ਪ੍ਰਾਪਤੀਆ ਪਿੱਛੇ ਬੱਚਿਆ ਦੀ ਮਿਹਨਤ ਤੇ ਇਨ੍ਹਾ ਨੂੰ ਸਹਿਯੋਗ ਦੇਣ ਵਾਲੇ ਸਨਦੀਪ ਸਿੰਘ ਮਾਣੰੁਕੇ ਅਤੇ ਜਸਪ੍ਰੀਤ ਸਿੰਘ ਮਾਣੰੁਕੇ ਦਾ ਵਿਸੇਸ ਯੋਗਦਾਨ ਹੈ।ਇਸ ਮੌਕੇ ਸਕੂਲ ਦੇ ਡਾਇਰੈਕਟਰ ਗੁਰਮੁੱਖ ਸਿੰਘ ਅੰਧੂ,ਸਨਦੀਪ ਸਿੰਘ ਮਾਣੰੂਕੇ ਅਤੇ ਜੇਤੂ ਵਿਿਦਆਰਥੀ ਹਾਜਰ ਸਨ।

ਡਾ ਰੀਤੂ ਜੈਨ ਦੀ ਬਦਲੀ ਅਤੇ ਅਪਮਾਨਿਤ ਕਰਨ ਖਿਲਾਫ ਇਕਜੁੱਟ ਹੋਈਆਂ ਸਿਹਤ ਵਿਭਾਗ ਦੀਆਂ ਜੱਥੇਬੰਦੀਆਂ

ਡਾ ਹਰਜੋਤ ਕਮਲ ਦੇ ਰਵੱਈਏ ਖਿਲਾਫ ਸਿਹਤ ਮੁਲਾਜ਼ਮਾਂ ਵਿੱਚ ਸਖਤ ਨਾਰਾਜਗੀ। ਵਿੱਢਿਆ ਸੰਘਰਸ਼ 

ਮੋਗਾ , ਅਗਸਤ 2020 (ਕਿਰਨ ਰੱਤੀ ) : ਮਿਤੀ 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿੱਚ ਡਾ ਹਰਜੋਤ ਕਮਲ ਵੱਲੋਂ ਵਿਦੇਸ਼ ਜਾਣ ਵਾਲੇ ਲੋਕਾਂ ਦੇ ਟੈਸਟਾਂ ਨੂੰ ਲੈ ਕੇ ਡਾ ਰੀਤੂ ਜੈਨ ਨਾਲ ਕੀਤੀ ਗਈ ਤਲਖਕਲਾਮੀ ਅਤੇ ਰਾਤੋ ਰਾਤ ਕੀਤੀ ਗਈ ਬਦਲੀ ਨੂੰ ਲੈ ਕੇ ਸਿਹਤ ਵਿਭਾਗ ਮੋਗਾ ਦੇ ਸਮੁੱਚੇ ਮੁਲਾਜ਼ਮਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਮੁੱਦੇ ਤੇ ਇਨਸਾਫ ਲੈਣ ਲਈ ਪੀ ਸੀ ਐਮ ਐਸ ਐਸੋਸੀਏਸ਼ਨ ਮੋਗਾ ਦੇ ਸੱਦੇ ਤੇ ਸਿਹਤ ਵਿਭਾਗ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਇਕੱਤਰਤਾ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਹੋਈ। ਇਸ ਮੀਟਿੰਗ ਵਿੱਚ 21 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਹਰ ਕੇਡਰ ਤੋਂ ਇੱਕ ਨੁਮਾਇੰਦਾ ਸ਼ਾਮਲ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਵਿਧਾਇਕ ਡਾ ਹਰਜੋਤ ਕਮਲ ਸੁਖਜੀਤ ਸਿੰਘ ਅਤੇ ਸਾਥੀਆਂ ਵੱਲੋਂ ਪਬਲਿਕ ਵਿੱਚ ਖੜਾ ਕਰਕੇ ਇੱਕ ਮਹਿਲਾ ਡਾਕਟਰ (ਗਜਟਿਡ ਅਫਸਰ) ਨਾਲ ਤੱਥਾਂ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਕੀਤੀ ਗਈ ਬਦਸਲੂਕੀ ਅਤੇ ਤਲਖਕਲਾਮੀ ਦਾ ਸਖਤ ਨੋਟਿਸ ਲਿਆ ਅਤੇ ਆਪਣੀ ਗਲਤੀ ਨੂੰ ਛੁਪਾਉਣ ਲਈ ਰਾਤੋ ਰਾਤ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਲਈ ਐਕਸ਼ਨ ਉਲੀਕਿਆ ਗਿਆ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਡਾ ਗਗਨਦੀਪ ਸਿੰਘ, ਕੁਲਬੀਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਕੰਗ ਨੇ ਸਾਂਝੇ ਤੌਰ ਤੇ ਦੱਸਿਆ ਕਿ ਕੋਵਿਡ 19 ਦੀ ਗੰਭੀਰਤਾ ਨੂੰ ਦੇਖਦੇ ਹੋਏ ਜੱਥੇਬੰਦੀ ਵੱਲੋਂ ਤੁਰੰਤ ਵੱਡਾ ਐਕਸ਼ਨ ਨਹੀਂ ਦਿੱਤਾ ਗਿਆ ਤੇ ਸਰਕਾਰ ਨੂੰ ਇਸ ਮਸਲੇ ਦੇ ਹੱਲ ਲਈ ਚਾਰ ਦਿਨ ਦਾ ਸਮਾਂ ਦਿੱਤਾ ਗਿਆ ਹੈ ਪਰ ਉਸ ਤੋਂ ਬਾਅਦ ਹੋਣ ਵਾਲੇ ਸਖਤ ਐਕਸ਼ਨਾਂ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੱਲ੍ਹ 13 ਅਗਸਤ ਨੂੰ 10 ਤੋਂ 11 ਵਜੇ ਤੱਕ ਇੱਕ ਘੰਟੇ ਦੀ ਸੰਕੇਤਕ ਤਾਲਾਬੰਦੀ ਕਰਕੇ ਡੀ ਸੀ ਮੋਗਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ, 14 ਅਗਸਤ ਨੂੰ 10 ਤੋਂ 12 ਵਜੇ ਤੱਕ ਦੋ ਘੰਟੇ ਦੀ ਤਾਲਾਬੰਦੀ ਕੀਤੀ ਜਾਵੇਗੀ। ਜੇਕਰ ਫਿਰ ਵੀ ਬਦਲੀ ਰੱਦ ਨਾ ਕੀਤੀ ਗਈ ਅਤੇ ਵਿਧਾਇਕ ਦੇ ਸਾਥੀਆਂ ਵੱਲੋਂ ਤਲਖਕਲਾਮੀ ਲਈ ਜਨਤਕ ਮੁਆਫੀ ਨਾ ਮੰਗੀ ਤਾਂ ਸੋਮਵਾਰ ਤੋਂ ਸਾਰੇ ਜਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ ਤੇ ਉਸ ਦੀ ਸੰਪੂਰਨ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਕੱਲ੍ਹ ਤੋੰ ਸਾਰੇ ਮੁਲਾਜ਼ਮ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ। ਉਹਨਾਂ ਕਿਹਾ ਇਸ ਘਟਨਾ ਕਾਰਨ ਕਰੋਨਾ ਵਿੱਚ ਫਰੰਟਲਾਈਨ ਤੇ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਦਾ ਅਪਮਾਨ ਹੋਇਆ ਹੈ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਵਿਧਾਇਕ ਨੇ ਆਪਣੇ ਮਾਨਸਿਕ ਦਿਵਾਲੀਏਪਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਡਾ ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ, ਵਿਧਾਇਕ ਦੇ ਸਾਥੀ ਜਨਤਕ ਤੌਰ ਤੇ ਮੁਆਫੀ ਮੰਗਣ ਅਤੇ ਇਸ ਸਮੁੱਚੀ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਕਤ ਤੋਂ ਇਲਾਵਾ ਡਾ ਇੰਦਰਵੀਰ ਸਿੰਘ, ਡਾ ਰੁਪਿੰਦਰ ਕੌਰ, ਡਾ ਸੰਜੀਵ ਜੈਨ, ਡਾ ਰੀਤੂ ਜੈਨ, ਡਾ ਹਰਪ੍ਰੀਤ ਕੌਰ, ਡਾ ਚਰਨਪ੍ਰੀਤ ਸਿੰਘ, ਡਾ ਰੁਪਾਲੀ ਸੇਠੀ, ਮਹਿੰਦਰ ਪਾਲ ਲੂੰਬਾ, ਪਰਮਿੰਦਰ ਸਿੰਘ, ਜਗਪਾਲ ਕੌਰ, ਮਨਵਿੰਦਰ ਕਟਾਰੀਆ, ਰਾਜ ਕੁਮਾਰ, ਜੋਗਿੰਦਰ ਮਾਹਲਾ ਅਤੇ ਚਮਨ ਲਾਲ ਸੰਗੇਲੀਆ ਆਦਿ ਹਾਜ਼ਰ ਸਨ।

ਜਨਮ ਅਸ਼ਟਮੀ ਮੌਕੇ ਕੀਤੇ ਪੁਖ਼ਤਾ ਸੁਰੱਖਿਆ ਪ੍ਰਬੰਧ

ਮਹਿਲ ਕਲਾਂ /ਬਰਨਾਲਾ- ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਅੱਜ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਸਬ ਡਵੀਜ਼ਨ ਮਹਿਲ ਕਲਾਂ ਵਿਖੇ ਐਸ ਐਸ,ਪੀ,ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ,ਐੱਸ,ਪੀ ਪ੍ਰੱਗਿਆ ਜੈਨ ਦੀ ਅਗਵਾਈ ਚ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਥਾਣਾ ਠੁੱਲੀਵਾਲ, ਟੱਲੇਵਾਲ ਅਤੇ ਮਹਿਲ ਕਲਾਂ ਇਲਾਕੇ ਅੰਦਰ ਹਿੰਦੂ ਧਰਮ ਨਾਲ ਸਬੰਧਿਤ ਧਾਰਮਿਕ ਸੰਸਥਾਨਾਂ ਅਤੇ ਹੋਰ ਜਨਤਕ ਥਾਵਾਂ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ। ਭਿਆਨਕ ਮਹਾਂਮਾਰੀ (ਕੋਵਿਡ 19) ਦੇ ਬਚਾਅ ਦੇ ਮੱਦੇਨਜ਼ਰ ਹਿੰਦੂ ਧਰਮ ਦੇ ਧਾਰਮਿਕ ਅਸਥਾਨਾਂ ਤੇ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਆਮ ਲੋਕਾਂ ਨੂੰ ਸਮਾਜਕ ਦੂਰੀ ਬਣਾ ਕੇ ਰੱਖਣ ਮਾਸਕ ਪਹਿਨਣ ਸਬੰਧੀ ਜਾਗਰੂਕ ਕੀਤਾ ਗਿਆ। ਸਬ ਡਵੀਜ਼ਨ ਮਹਿਲ ਕਲਾਂ ਦੇ ਇਲਾਕੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਨਮ ਅਸ਼ਟਮੀ ਦੇ ਦਿਨ ਸੁਰੱਖਿਆ ਪ੍ਰਬੰਧ ਅਮਨ ਸ਼ਾਂਤੀ ਨਾਲ ਮੁਕੰਮਲ ਕੀਤੇ ਗਏ।

ਮੋਗਾ ਦੇ ਵਿਧਾਇਕ ਹਰਜੋਤ ਕਮਲ ਕੋਰੋਨਾ ਪਾਜ਼ੇਟਿਵ

ਪੰਜਾਬ ਚ ਮੰਗਲਵਾਰ ਕੋਰੋਨਾ ਪਾਜ਼ੇਟਿਵ ਦੀ ਗਿਣਤੀ 845 ਹੋਈ, 23 ਮੌਤਾਂ

ਲੁਧਿਆਣਾ ਚ ਅੱਜ ਫੇਰ 9 ਮੌਤਾਂ, ਸਥਿਤੀ ਖੌਫ਼ਨਾਕ

ਚੰਡੀਗੜ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

ਕੋਰੋਨਾ ਕਾਰਨ ਪੰਜਾਬ 'ਚ 23 ਹੋਰ ਲੋਕਾਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮਿ੍ਤਕਾਂ ਦੀ ਗਿਣਤੀ ਵਧ ਕੇ 636 ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਮੰਗਲਵਾਰ ਨੂੰ ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਸਮੇਤ ਕੁੱਲ 845 ਮਾਮਲੇ ਸਾਹਮਣੇ ਆਏ ਹਨ।ਘਰ 'ਚ ਆਈਸੋਲੇਟ ਪਠਾਨਕੋਟ ਦੇ ਕਾਂਗਰਸੀ ਵਿਧਾਇਕ ਅਮਿਤ ਵਿਜ ਨੂੰ ਅੰਮਿ੍ਤਸਰ ਰੈਫਰ ਕਰਨਾ ਪਿਆ। ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਸੀ। ਜਲੰਧਰ 'ਚ ਸਿਵਲ ਜੱਜ ਤੇ ਕੋਰੋਨਾ ਨੋਡਲ ਅਫਸਰ ਸਮੇਤ 90 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤਾਂ ਅੰਮਿ੍ਤਸਰ 'ਚ ਵੀ 113 ਨਵੇਂ ਮਾਮਲੇ ਸਾਹਮਣੇ ਆਏ ਹਨ। ਸੰਗਰੂਰ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ। ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਸਮੇਤ 60 ਕੋਰੋਨਾ ਪਾਜ਼ੇਟਿਵ ਪਾਏ ਗਏ। ਗੁਰਦਾਸਪੁਰ 'ਚ ਕੋਰੋਨਾ ਨਾਲ 65 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦਕਿ 35 ਨਵੇਂ ਕੇਸ ਮਿਲੇ ਹਨ। ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਲੁਧਿਆਣਾ ਦੀ ਸਥਿਤੀ ਸਭ ਤੋਂ ਖ਼ਰਾਬ ਹੈ। ਮੰਗਲਵਾਰ ਨੂੰ ਇੱਥੇ ਸਭ ਤੋਂ ਜ਼ਿਆਦਾ ਨੌਂ ਮੌਤਾਂ ਹੋ ਗਈਆਂ। ਜਲੰਧਰ 'ਚ ਤਿੰਨ ਮੌਤਾਂ ਹੋਈਆਂ। ਇਸ ਤੋਂ ਇਲਾਵਾ ਪਟਿਆਲਾ, ਬਠਿੰਡਾ ਤੇ ਤਰਨਤਾਰਨ 'ਚ ਦੋ-ਦੋ ਤੇ ਅੰਮਿ੍ਤਸਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਕਪੂਰਥਲਾ ਤੇ ਪਠਾਨਕੋਟ 'ਚ ਇਕ-ਇਕ ਮਰੀਜ਼ ਦੀ ਮੌਤ ਹੋ ਗਈ। ਸੂਬੇ 'ਚ ਸੋਮਵਾਰ ਨੂੰ ਕੋਰਨਾ ਨਾਲ 31 ਮੌਤਾਂ ਹੋਈਆਂ ਸਨ ਜਦਕਿ 1232 ਕੇਸ ਆਏ ਸਨ।

17 ਅਗਸਤ ਨੂੰ ਮਜਦੂਰ ਜਥੇਬੰਦੀ ਵੱਲੋਂ ਮਹਿਲ ਕਲਾਂ ਵਿਖੇ ਇਕੱਠ ਕਰਕੇ ਕਰਜ਼ਾ ਵਸੂਲੀ ਖਿਲਾਫ ਅਗਲੇ ਤਿੱਖੇ ਸੰਘਰਸ਼ ਦੀ ਨਵੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ- ਕਲਾਲਮਾਜਰਾ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸੋਹੀ)-ਦਿਹਾਤੀ ਮਜਦੂਰ ਸਭਾ ਵੱਲੋਂ ਨਿੱਜੀ ਫਰਮਾ ਦੀ ਧੱਕੇਸ਼ਾਹੀ ਖਿਲਾਫ ਸ਼ੰਘਰਸ਼ ਤੇਜ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਤਾਲਾਬੰਦੀ ਦੌਰਾਨ ਵੱਲੋਂ ਗਰੀਬ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਮਗਨਰੇਗਾ ਸਮੇਤ ਕਈ ਮਸਲਿਆਂ 'ਤੇ ਲਾਮਬੰਦੀ ਤੇਜ ਕਰਨ ਲਈ 17 ਅਗਸਤ ਨੂੰ ਮਹਿਲ ਕਲਾਂ ਵਿਖੇ ਮਜਦੂਰਾਂ ਦਾ ਇਕੱਠ ਕਰਕੇ ਅਗਲੇ ਸੰਘਰਸ਼ ਦੀ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ।ਇਹ ਵਿਚਾਰ ਪਿੰਡ ਗੁੰਮਟੀ ਵਿਖੇ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ,ਮਗਨਰੇਗਾ ਮਜਦੂਰ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਪਰਮਜੀਤ ਕੌਰ ਗੁੰਮਟੀ ਨੇ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਲਗਾਤਾਰ ਮਜ਼ਦੂਰਾਂ ਤੋਂ ਹੱਕ ਖੋਹੇ ਜਾ ਰਹੇ ਹਨ  ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਆੜ ਹੇਠ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਮਜ਼ਦੂਰ ਵਿਰੋਧੀ ਫ਼ੈਸਲੇ ਲੈ ਕੇ ਸਰਮਾਏਦਾਰ ਧਨਾਡ ਲੋਕਾਂ ਪੱਖੀ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਰੁਜ਼ਗਾਰ ਦੇ ਧੰਦੇ ਖਤਮ ਕੀਤੇ ਜਾ ਰਹੇ ਹਨ।ਇਸ ਮੌਕੇ ਮਜਦੂਰ ਆਗੂ ਪ੍ਰਕਾਸ਼ ਸਿੰਘ ਸੱਦੋਵਾਲ,ਸਾਧੂ ਸਿੰਘ ਛੀਨੀਵਾਲ,ਕੁਲਵੰਤ ਕੌਰ ਸੱਦੋਵਾਲ ਅਤੇ ਪ੍ਰਮੋਦ ਕੌਰ ਸੱਦੋਵਾਲ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਮਜਦੂਰਾਂ ਨੂੰ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ ਤੇ ਦੂਸਰੇ ਪਾਸੇ ਨਿੱਜੀ ਫਰਮਾ ਦੇ ਕਰਿੰਦਿਆ ਵੱਲੋਂ ਜਬਰੀ ਕਿਸ਼ਤ ਵਸੂਲੀ ਲਈ ਮਜਦੂਰਾਂ 'ਤੇ ਦਬਾਅ ਪਾ ਕਿ ਕਿਸਤਾ ਭਰਨ ਲਈ ਮਜ਼ਬੂਰ ਤੇ ਤੰਗ ਪੇ੍ਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨਿੱਜੀ ਫਾਇਨਾਸ ਕੰਪਨੀਆਂ ਦੀ ਉੱਚ ਪੱਧਰੀ ਜਾਂਚ ਕਰਵਾਏ ਅਤੇ ਮਜਦੂਰਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ। ਉਨ੍ਹਾਂ ਸਮੂਹ ਮਜ਼ਦੂਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਦਿਹਾਤੀ ਮਜ਼ਦੂਰ ਸਭਾ ਦੇ ਝੰਡੇ ਥੱਲੇ ਇਕਮੁੱਠ ਹੋ ਕੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।

ਪੰਜਾਬ ਸਰਕਾਰ ਨੇ ਕਰੋਨਾ ਸ਼ਹੀਦ ਪਰਿਵਾਰ ਨੂੰ ਮੁਆਵਜ਼ਾ ਦੇਣ ਤੋਂ ਚੁੱਪ ਵੱਟੀ - ਕੁਲਵੰਤ ਸਿੰਘ ਟਿੱਬਾ

50 ਲੱਖ ਦੀ ਐਕਸਗ੍ਰੇਸੀਆ ਗ੍ਰਾਂਟ ਤੁਰੰਤ ਜਾਰੀ ਕਰਨ ਦੀ ਮੰਗ

ਮਹਿਲ ਕਲਾਂ/ਬਰਨਾਲਾ- ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 'ਮਿਸ਼ਨ ਫਤਹਿ' ਨੂੰ ਕਾਮਯਾਬ ਕਰਨ ਲਈ ਕਰੋਨਾ ਮਹਾਂਮਾਰੀ ਦੌਰਾਨ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿ ਕੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਹਤ ਕਾਮਿਆਂ ਦੀ ਪੰਜਾਬ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ। ਇਹ ਪ੍ਰਗਟਾਵਾ 'ਹੋਪ ਫਾਰ ਮਹਿਲ ਕਲਾਂ' ਮੁਹਿੰਮ ਦੇ ਇੰਚਾਰਜ਼ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਲੋਹਗੜ੍ਹ ਵਿਖੇ ਕਰੋਨਾ ਕਾਰਨ ਜਿੰਦਗੀ ਦੀ ਜੰਗ ਹਾਰਨ ਵਾਲੀ ਮਲਟੀਪਰਪਜ਼ ਹੈਲਥ ਵਰਕਰ ਪਰਮਜੀਤ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਪਰਮਜੀਤ ਕੌਰ ਨੇ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਪੂਰਾ ਕਰਦਿਆਂ ਜਾਨ ਤੱਕ ਕੁਰਬਾਨ ਕਰ ਦਿੱਤੀ ਪਰ ਫਿਰ ਵੀ ਪੰਜਾਬ ਸਰਕਾਰ ਪੀੜਤ ਪਰਿਵਾਰ ਦੀ ਸਾਰ ਦੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਉਸ ਵਾਅਦੇ ਨੂੰ ਪੂਰਾ ਕਰੇ, ਜਿਸ ਵਿਚ ਸਰਕਾਰ ਨੇ ਕਿਹਾ ਸੀ ਕਿ ਕਰੋਨਾ ਵਿਰੁੱਧ ਫਰੰਟ ਲਾਈਨ ਤੇ ਲੜਦਿਆਂ ਸਹੀਦ ਹੋਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਆਰਥਿਕ ਮੱਦਦ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਅਤੇ ਕੰਨਗੋ ਗੁਰਮੇਲ ਸਿੰਘ ਵਾਂਗ ਮ੍ਰਿਤਕ ਪਰਮਜੀਤ ਕੌਰ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਦੀ ਐਕਸਗ੍ਰੇਸੀਆ ਗ੍ਰਾਂਟ ਤੁਰੰਤ ਜਾਰੀ ਕਰੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।ਕੁਲਵੰਤ ਸਿੰਘ ਟਿੱਬਾ ਨੇ ਕਰੋਨਾ ਵਿਰੋਧੀ ਜੰਗ ਵਿੱਚ ਮੋਹਰੀ ਰੋਲ ਅਦਾ ਕਰਕੇ ਆਪਣੀ ਜਾਨ ਕੁਰਬਾਨ ਕਰਨ ਵਾਲੀ ਪਰਮਜੀਤ ਕੌਰ ਲੋਹਗ੍ਹੜ ਦੇ ਪਰਿਵਾਰ ਨੂੰ ਐਕਸ਼ਗ੍ਰੇਸੀਆ ਗ੍ਰਾਂਟ ਜਾਰੀ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਚੁੱਪ ਵੱਟ ਲੈਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਇਸ ਮੌਕੇ ਮ੍ਰਿਤਕਾ ਦੇ ਪਤੀ ਨਿਰਭੈ ਸਿੰਘ, ਦਰਸ਼ਨ ਸਿੰਘ ਲੋਹਗੜ੍ਹ, ਗੁਰਦੀਪ ਸਿੰਘ ਸੰਧੂ, ਗੁਰਮੇਲ ਸਿੰਘ ਕਾਲਸਾਂ ਸਾਬਕਾ ਸਰਪੰਚ, ਸਰਪੰਚ ਬਿੱਟੂ ਕਾਲਸਾਂ, ਗੁਰਪਿਆਰ ਸਿੰਘ ਆਦਿ ਆਗੂ ਵੀ ਹਾਜਰ ਸਨ।

ਰਿੰਕਾ ਬਾਹਮਣੀਆਂ ਦੀ ਅਗਵਾਈ ਚ ਦਰਜਨਾਂ ਨੌਜਵਾਨ ਅਕਾਲੀ ਦਲ ਵਿੱਚ ਸ਼ਾਮਲ ਹੋਏ

ਮਹਿਲ ਕਲਾਂ/ ਬਰਨਾਲਾ -ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲ ਮਾਜਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਨ ਦੀ ਵਿੱਢੀ ਮੁਹਿੰਮ ਦੇ ਤਹਿਤ ਹਲਕੇ ਦੇ ਸੀਨੀਅਰ ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ ਦੀ ਅਗਵਾਈ ,ਚ ਵੱਖ- ਵੱਖ ਪਾਰਟੀਆਂ ਛੱਡ ਕੇ ਨੌਜਵਾਨ ਦਰਜਨਾਂ ਦੇ ਕਰੀਬ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ  ਹੋਏ। ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਸਮਾਜ ਸੇਵੀ ਅਤੇ ਐਨਆਰਆਈ ਦਵਿੰਦਰ ਸਿੰਘ ਬੀਹਲਾ, ਕੋਰ ਕਮੇਟੀ ਦੇ ਮੈਂਬਰ ਤਰਨਜੀਤ ਸਿੰਘ ਦੁੱਗਲ ਹਾਜ਼ਰ ਸਨ। ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀਆਂ ਕੀਤੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਚੋਣਾਂ ਵੇਲੇ ਵੱਡੇ- ਵੱਡੇ ਵਾਅਦੇ ਕਰਕੇ ਭੋਲੇ -ਭਾਲੇ ਲੋਕਾਂ ਤੋਂ ਵੋਟਾਂ ਲੈ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਦਾ ਨਤੀਜਾ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦਾ ਇਕਾਈ ਪ੍ਰਧਾਨ ਹਨੀ ਸੇਖੋਂ ਕਲਾਲ ਮਾਜਰਾ, ਸੁਖਦੀਪ ਗਿੱਲ ਕਲਾਲ ਮਾਜਰਾ ਦੀ ਅਗਵਾਈ ਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਨਰਿੰਦਰ ਧਾਲੀਵਾਲ, ਗੁਰਿੰਦਰ ਸਿੰਘ, ਬਲਵੀਰ ਕੌਰ ਪੰਚ, ਪਰਮਪ੍ਰੀਤ ਸਿੱਧੂ, ਅੰਮ੍ਰਿਤਪਾਲ ਸਿੰਘ, ਕੁਲਵਿੰਦਰ ਸਿੰਘ, ਜੋਬਨ ਸਿੰਘ, ਹੈਪੀ ਧਾਲੀਵਾਲ ਆਦਿ ਹਾਜ਼ਰ ਸਨ ।

ਹਲਕਾ ਮਹਿਲ ਕਲਾਂ ਦੇ ਪਿੰਡ ਚੀਮਾ ਵਿਖੇ ਬਣੇਗੀ 4 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ "ਡੀ ਆਈ ਈ ਟੀ -ਮੌੜ

ਕਿਹਾ -ਕੇਵਲ ਢਿੱਲੋਂ ਦੇ ਯਤਨਾਂ ਸਦਕਾ ਹੋਈ ਮਨਜ਼ੂਰ 

ਮਹਿਲ ਕਲਾਂ /ਬਰਨਾਲਾ -ਅਗਸਤ 2020 - (ਗੁਰਸੇਵਕ ਸਿੰਘ ਸੋਹੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਚੀਮਾ ਵਿਖੇ 4 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ "ਡੀ ਆਈ ਈ ਟੀ"ਜੋ ਕਿ ਵਿਕਾਸ ਪੁਰਸ਼ ਸ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਮਨਜ਼ੂਰ ਹੋਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੇਵਾਦਾਰ ਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਉਕਤ "ਡੀ ਆਈ ਈ ਟੀ" ਨੂੰ ਮਨਜ਼ੂਰ ਕਰਵਾਉਣ ਵਿੱਚ ਸਭ ਤੋਂ ਵੱਡਾ ਕਾਰਨ ਪਿੰਡ ਟੱਲੇਵਾਲ ਵਿਖੇ ਸ ਕੇਵਲ ਸਿੰਘ ਢਿੱਲੋਂ ਦੀ ਜਨਮ ਭੂਮੀ ਹੈ । ਉਨ੍ਹਾਂ ਕਿਹਾ ਉਕਤ "ਡੀ ਆਈ ਈ ਟੀ" ਵਿੱਚ ਜ਼ਿਲ੍ਹਾ ਬਰਨਾਲਾ ਦੇ ਬੱਚੇ ਟ੍ਰੇਨਿੰਗ ਲੈ ਕੇ ਵੱਖ-ਵੱਖ ਮਹਿਕਮਿਆਂ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਆਪਣੇ ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ । ਉਨ੍ਹਾਂ ਕਿਹਾ ਕਿ ਇਸ "ਡੀ ਆਈ ਈ ਟੀ" ਦਾ ਟੈਂਡਰ ਹੋ ਚੁੱਕਿਆ ਹੈ ਅਤੇ ਇਸ ਦੇ ਠੇਕੇਦਾਰ ਨੂੰ 4 ਲੱਖ 12 ਹਜ਼ਾਰ ਰੁਪਏ ਦਾ ਭੁਗਤਾਨ ਵੀ ਕੀਤਾ ਜਾ ਚੁੱਕਿਆ ਹੈ ।ਜੋ ਕਿ ਜਲਦ ਤਿਆਰ ਹੋ ਕੇ ਜ਼ਿਲ੍ਹਾ ਬਰਨਾਲਾ ਦੇ ਲੋਕਾਂ ਨੂੰ ਵੱਡੀ ਸਹੂਲਤ ਦੇਵੇਗੀ ।ਜਿਸ ਦਾ ਉਦਘਾਟਨ ਵਿਕਾਸ ਪੁਰਸ਼ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਹਾਈਕਮਾਂਡ ਵੱਲੋਂ ਕੀਤਾ ਜਾਵੇਗਾ ।ਇਸ ਮੌਕੇ ਬਲਾਕ ਸੰਮਤੀ ਮੈਂਬਰ ਨਿਰੰਜਨ ਸਿੰਘ ,ਰੀਠਾ ਸਿੰਘ ,ਮਨਪ੍ਰੀਤ ਸਿੰਘ, ਮੱਖਣ ਸਿੰਘ ,ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਜਗਪਾਲ ਸਿੰਘ ਹਾਜ਼ਰ ਸਨ ।

ਕੋਰੋਨਾ ਵਾਈਰਸ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ ਸਹਾਇਕ ਥਾਣੇਦਾਰ

 

ਪਾਇਲ/ ਲੁਧਿਆਣਾ ,ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਸਹਾਇਕ ਥਾਣੇਦਾਰ ਜਸਪਾਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵਾਰਡ ਨੰਬਰ 11 ਪਾਇਲ ਅੱਜ ਕਰੋਨਾ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ। ਪੁਲੀਸ ਲਾਈਨ ਲੁਧਿਆਣਾ ਵਿੱਚ ਡਿਊਟੀ ਨਿਭਾ ਰਿਹਾ ਜਸਪਾਲ ਸਿੰਘ ਕਰੀਬ ਇੱਕ ਮਹੀਨੇ ਤੋਂ ਬਿਮਾਰ ਸੀ। ਉਹਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਸੀ। ਅੱਜ ਮਕਸੂਦੜਾ ਰੋਡ ਪਾਇਲ ਵਿਖੇ ਸਰਕਾਰੀ ਸਨਮਾਨਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਸਲਾਮੀਂ ਦਿੱਤੀ ਗਈ। ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪੁੱਤਰ ਨੇ ਅਗਨੀ ਭੇਟ ਕੀਤੀ। ਇਸ ਮੌਕੇ ਐੱਸਐੱਚਓ ਕਰਨੈਲ ਸਿੰਘ ਪਾਇਲ, ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ, ਮੋਹਨ ਸਿੰਘ ਔਜਲਾ ਅਤੇ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਹਾਜ਼ਰ ਸਨ।

ਯੂਥ ਚੇਤਨਾ ਜੋੜੋ ਮੁਹਿੰਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਿੰਡ ਨਰੈਣਗੜ੍ਹ ਸੋਹੀਆਂ ਦੇ ਵਰਕਰਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ

ਮਹਿਲ ਕਲਾਂ/ ਬਰਨਾਲਾ, ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਹਲਕਾ ਇੰਨਚਾਰਜ ਸੰਤ ਬਲਵੀਰ ਸਿੰਘ ਘੁੰਣਸ ਦੀ ਅਗਵਾਈ ਅਧੀਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੁਝਾਰੂ ਵਰਕਰ ਰੈਕਾਂ ਕੁਤਬਾ ਬਾਹਮਣੀਆਂ ਅਤੇ ਤਰਨਜੀਤ ਸਿੰਘ ਦੁੱਗਲ ਦੇ ਵੱਲੋਂ ਚਲਾਈ ਗਈ ਯੂਥ ਚੇਤਨਾ ਜੋੜੋ ਮੁਹਿੰਮ ਦੇ ਤਹਿਤ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰਾਂ ਦੀ ਅਹਿਮ ਮੀਟਿੰਗ ਹੋਈ। ਉਨ੍ਹਾਂ ਆਪਣੇ ਯੂਥ ਨੂੰ ਮਜ਼ਬੂਤ ਬਣਾਉਣ ਦੇ ਲਈ ਵੱਖ-ਵੱਖ ਸੁਝਾਅ ਪੇਸ਼ ਕੀਤੇ, ਸਾਬਕਾ ਸਰਪੰਚ ਮੋਹਨ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ ਅਤੇ ਨਿਧੱੜਕ ਰੀਡਰ ਵੀ ਹੈ ਜੋ ਕਹਿਣੀ ਤੇ ਕਰਨੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਲੋਕਾਂ ਦੇ ਦੁੱਖ,ਸੁੱਖ ਵਿੱਚ ਹਰ ਸਮੇਂ ਖੜ੍ਹਨ ਵਾਲੇ ਹਨ। ਬਾਦਲ ਸਰਕਾਰ ਦੇ ਰਾਜ ਦੌਰਾਨ ਰਿਕਾਰਡ ਤੋੜ ਵਿਕਾਸ ਦੇ ਕੰਮਾਂ ਤੇ ਮੋਹਰਾਂ ਲਾਈਆ ਸਨ।  ਨੌਜਵਾਨ ਅਕਾਲੀ ਆਗੂ ਅਜੀਤ ਸਿੰਘ ਸੋਹੀ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਣਦੇ ਹਨ ਕਿ ਸ਼ੋਮਣੀ ਅਕਾਲੀ ਦਲ ਉਹ ਹੈ ਜਿਸ ਕੋਲ ਤੱਕੜੀ ਦਾ ਚੋਣ ਨਿਸ਼ਾਨ ਹੈ ਜਿਸ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਨ੍ਹਾਂ ਜੋ ਕਿਹਾ ਉਹ ਕਰਕੇ ਦਿਖਾਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਵੱਡੇ- ਵੱਡੇ ਵਾਅਦੇ ਕਰਕੇ ਆਪਣੀ ਸਰਕਾਰ ਬਣਾਈ ਸੀ ਪਰ ਅੱਜ ਤਿੰਨ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਤੇ ਸਰਕਾਰ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਸ ਸਮੇਂ ਅਕਾਲੀ ਆਗੂ ਪ੍ਰਧਾਨ ਮਲਕੀਤ ਸਿੰਘ ਬਿੱਲੂ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਦੇ ਲੋਕ ਦੁਖੀ ਹਨ ਅਤੇ ਸੜਕਾਂ ਉੱਪਰ ਆ ਕੇ ਆਪਣੇ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਚ ਕੰਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਜੋਸ਼ 2022 ਚ ਨਵਾਂ ਬਦਲਾਵ ਲੈ ਕੇ ਆਵੇਗਾ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਗੋਰਖਾ ਸਿੰਘ ਸੋਹੀਆਂ, ਪ੍ਰਧਾਨ ਸਤਨਾਮ ਸਿੰਘ, ਲਸ਼ਮਣ ਸਿੰਘ, ਕ੍ਰਿਸ਼ਨ ਸਿੰਘ, ਰਜਿੰਦਰ ਸਿੰਘ, ਸਾਬਕਾ ਸਰਪੰਚ ਪਰਵਿੰਦਰ ਸਿੰਘ, ਕੇਵਲ ਸਿੰਘ, ਬਖਤੌਰ ਸਿੰਘ, ਕਾਕਾ ਸਿੰਘ ਆਦਿ ਹਾਜ਼ਰ ਸਨ।

ਲਾਪਤਾ ਫੌਜੀ ਦੇ ਮਾਮਲੇ 'ਚ ਰਾਸ਼ਟਰਪਤੀ ਦੇ ਦਾਖਲ ਦੀ ਮੰਗ

ਕੁਲਵੰਤ ਸਿੰਘ ਟਿੱਬਾ ਨੇ ਚੀਫ ਆਫ ਡਿਫੈਂਸ ਸਟਾਫ਼ ਨਾਲ ਕੀਤਾ ਸੰਪਰਕ

ਮਹਿਲ ਕਲਾਂ/ਬਰਨਾਲਾ, ਅਗਸਤ 2020-(ਗੁਰਸੇਵਕ ਸੋਹੀ ਸੋਹੀ) ਲੰਘੀ 23 ਜਲਾਈ ਤੋਂ ਚੀਨ ਦੀ ਸਰਹੱਦ ਤੇ ਗਸ਼ਤ ਦੌਰਾਨ ਨਹਿਰ ਵਿੱਚ ਡਿੱਗ ਕੇ ਲਾਪਤਾ ਹੋਏ ਪਿੰਡ ਕੁਤਬਾ ਨਾਲ ਸਬੰਧਿਤ 4 ਸਿਖਲਾਈ ਦੇ ਫ਼ੌਜੀ ਜਵਾਨ ਸਤਵਿੰਦਰ ਸਿੰਘ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ 23 ਜੁਲਾਈ ਨੂੰ ਗਸ਼ਤ ਦੌਰਾਨ ਹੋਏ ਹਾਦਸੇ ਵਿੱਚ ਪਿੰਡ ਡੇਮਰੂ ਖ਼ੁਰਦ ਦਾ ਲਖਵੀਰ ਸਿੰਘ ਸਹੀਦ ਹੋ ਗਿਆ ਸੀ ਜਦਕਿ ਪਿੰਡ ਕੁਤਬਾ ਨਾਲ ਸਬੰਧਿਤ ਉਸ ਦੇ ਸਾਥੀ ਸਤਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।  'ਹੋਪ ਫ਼ਾਰ ਮਹਿਲ ਕਲਾਂ' ਮੁਹਿੰਮ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕੁਤਬਾ ਪੁੱਜ ਕੇ ਡਿਊਟੀ ਦੌਰਾਨ ਲਾਪਤਾ ਹੋਏ ਫ਼ੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਭਾਵੇਂ ਫ਼ੌਜ ਦੀ ਸਬੰਧਿਤ ਯੂਨਿਟ ਵੱਲੋਂ ਲਾਪਤਾ ਫ਼ੌਜੀ ਸਤਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਵਿੱਚ ਹੋ ਰਹੀ ਦੇਰੀ ਕਾਰਣ ਮਾਪਿਆਂ ਅਤੇ ਸਕੇ ਸੰਬੰਧੀਆਂ ਦੀਆਂ ਚਿੰਤਾਵਾਂ ਵਧ ਰਹੀਆਂ ਹਨ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਗੁੰਮਸਦਾ ਦੀ ਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਤੇਜ਼ੀ ਲੈ ਕੇ ਆਉਣ ਦੇ ਮੰਤਵ ਨਾਲ ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਨਾਲ ਰਾਬਤਾ ਕੀਤਾ ਹੈ ਅਤੇ ਲੋੜੀਂਦੀ ਜਾਣਕਾਰੀ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਰਾਸ਼ਟਰਪਤੀ ਭਵਨ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਦਾਖਿਲ ਤੋਂ ਬਾਅਦ ਆਉਂਦੇ ਕੁੱਝ ਦਿਨਾਂ ਤੱਕ ਇਸ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੀੜਤ ਪਰਿਵਾਰ ਦੀ ਸਾਰ ਨਾ ਲਏ ਜਾਣ ਨੂੰ ਮੰਦਭਾਗਾ ਦੱਸਦਿਆਂ  ਕਿਹਾ ਕਿ ਦੇਸ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਫ਼ੌਜ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਸਾਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਲਾਪਤਾ ਸਿਪਾਹੀ ਸਤਵਿੰਦਰ ਸਿੰਘ ਦੇ ਭਰਾ ਮਨਜਿੰਦਰ ਸਿੰਘ, ਮਾਤਾ ਸੁਖਵਿੰਦਰ ਸਿੰਘ, ਹਰਮੇਲ ਸਿੰਘ ਕੁਤਬਾ, ਬਿਸਾਖਾ ਸਿੰਘ ਕੁਤਬਾ ਆਦਿ ਵੀ ਹਾਜ਼ਰ ਸਨ।

ਫ਼ੋਟੋ ਕੈਪਸ਼ਨ - ਪਿੰਡ ਕੁਤਬਾ ਵਿਖੇ  ਕੁਲਵੰਤ ਸਿੰਘ ਟਿੱਬਾ ਪੀੜਤ ਸਮੇਤ ਗੱਲਬਾਤ ਕਰਦੇ ਹੋਏ।

ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਗ੍ਰਿਫਤਾਰੀਆ ਦੇਣ ਲਈ ਪੁੱਜੇ, ਧਨੋਲਾ, ਫਰਵਾਹੀ,

ਮਹਿਲ ਕਲਾਂ/ਬਰਨਾਲਾ , ਅਗਸਤ  2020 ( ਗੁਰਸੇਵਕ ਸੋਹੀ ) 'ਅੰਗਰੇਜੋ ਭਾਰਤ ਛੱਡੋ' ਅੰਦੋਲਨ ਦੀ 79ਵੀਂ ਵਰੇਗੰਢ ਮੌਕੇ ਦੇਸ਼ ਭਰ ਦੇ ਮਜ਼ਦੂਰ ਤੇ ਕਿਸਾਨਾਂ ਦੇ ਹਿੱਤਾਂ ਲਈ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਤੇ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੱਦੇ 'ਤੇ ਸਥਾਨਕ ਕੋਰਟ ਚੋਂਕ 'ਚ ਗ੍ਰਿਫਤਾਰੀਆਂ ਲਈ ਭਰਵਾਂ ਇਕੱਠ ਕੀਤਾ। ਜਿਸ ਦੀ ਪ੍ਰਧਾਨਗੀ ਮਾਨ ਸਿੰਘ ਗੁਰਮ, ਲਾਲ ਸਿੰਘ ਧਨੌਲਾ ਤੇ ਨਰੰਜਣ ਸਿੰਘ ਨੇ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲਾਲ ਸਿੰਘ ਧਨੌਲਾ ਨੇ ਕਿਹਾ ਕਿ ਪਿਛਲੇ 6 ਸਾਲਾਂ ਤੋਂ ਦੇਸ਼ ਵੱਡੇ ਸੰਕਟ 'ਚੋਂ ਲੰਘ ਰਿਹਾ ਹੈ। ਜਿਸ ਕਾਰਨ ਦੇਸ਼ ਦੀ ਆਰਥਿਕਤਾ ਵੀ ਥੱਲੇ ਡਿੱਗ ਗਈ ਹੈ। 15 ਕਰੋੜ ਕਿਰਤੀ ਇਸ ਕੋਰੋਨਾ ਮਹਾਂਮਾਰੀ ਕਾਰਨ ਪਿੱਛਲੇ 5 ਮਹੀਨਿਆਂ 'ਚ ਵੇਹਲੇ ਹੋ ਗਏ ਹਨ ਤੇ ਜਿੱਥੇ ਮੋਦੀ ਸਰਕਾਰ ਪੂਰੇ ਤਾਣ ਨਾਲ ਫਿਰਕਾਪ੍ਰਸ਼ਤੀ ਦਾ ਜ਼ਹਿਰ ਘੋਲ ਰਹੀ ਹੈ। ਉੱਥੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਰਿਆਇਤਾਂ ਦੇ ਕੇ ਮਿਹਨਤਕਸ਼ ਲੋਕਾਂ 'ਤੇ ਵੱਡੇ ਬੋਝ ਲੱਦ ਰਹੀ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਕੋਲ ਨਾ ਤਾਂ ਕੋਈ ਕੰਮ ਹੈ ਅਤੇ ਨਾ ਹੀ ਇੰਨ੍ਹਾ ਨੂੰ ਸਿਹਤ ਤੇ ਵਿੱਦਿਅਕ ਸੇਵਾਵਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸੁਬਾਈ ਆਗੂ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਜ਼ਦੂਰ ਪੱਖੀ ਕਾਨੂੰਨ ਰੱਦ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਜੋ ਬੇਹੱਦ ਨਿੰਦਣਯੋਗ ਕਾਰਵਾਈ ਹੈ। ਉਨ੍ਹਾ ਕਿਹਾ ਕਿ ਮਜ਼ਦੂਰ ਸਮਾਜ ਦੀ ਨੀਂਹ ਦਾ ਕੰਮ ਕਰਦਾ ਹੈ। ਜੇਕਰ ਮਜ਼ਦੂਰ ਹੀ ਨਾ ਰਿਹਾ ਤਾਂ ਸਮਾਜ ਕਿਸੇ ਦੇ ਸਹਾਰੇ ਰਹੇਗਾ। ਆਗੂਆਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਮਹਾਂਮਾਰੀ ਦੇ ਰਹਿਣ ਤੱਕ ਦਿੱਤਾ ਜਾਵੇ, ਹਰ ਜੀਅ ਨੂੰ 10 ਕਿੱਲੋ ਅਨਾਜ਼, ਦੋ ਕਿੱਲੋ ਪ੍ਰਤੀ ਪਰਿਵਾਰ ਦਾਲ ਤੇ ਰਸੋਈ 'ਚ ਕੰਮ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਕੀਤੀਆਂ ਜਾਣ, ਪਿੰਡਾਂ 'ਚ ਫਾਇਨੈਸ ਕੰਪਨੀਆਂ ਦੀਆਂ ਕਰਜ਼ਦਾਰ ਔਰਤਾਂ ਦਾ ਕਰਜਾ ਮੁਆਫ਼ ਕੀਤਾ ਜਾਵੇ,ਮਨਰੇਗਾ ਅਧੀਨ 200 ਦਿਨ ਦਾ ਕੰਮ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ, ਕੱਟੇ ਗਏ ਨੀਲੇ ਕਾਰਡ ਬਹਾਲ ਕੀਤੇ ਜਾਣ, ਮਹਾਂਮਾਰੀ ਦੌਰਾਨ ਫਰੰਟ 'ਤੇ ਲੜਨ ਵਾਲੇ ਕਾਮਿਆਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ, ਆਂਗਣਵਾੜੀ, ਆਸਾ, ਮਿੱਡ ਡੇ ਮੀਲ ਵਰਕਰਾਂ ਤੇ ਪੇਂਡੂ ਚੌਂਕੀਦਾਰਾਂ ਸਮੇਤ ਸਾਰੇ ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜ਼ਰਤ ਦੇ ਘੇਰੇ ਅਧੀਨ ਲਿਆਂਦਾ ਜਾਵੇ, ਖੇਤੀ ਆਰਡੀਨੈਂਸ ਰੱਦ ਕਰਨ ਸਮੇਤ ਬਿਜਲੀ ਬਿੱਲ 2020 ਵਾਪਸ ਲਿਆ ਜਾਵੇ, ਸਵਾਮੀਨਾਥਨ ਕਮਿਸ਼ਨ ਲਾਗੂ ਤੇ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਘਟਾਈਆਂ ਜਾਣ। ਇਕੱਠ ਨੂੰ ਗੁਰਦੇਵ ਸਿੰਘ ਦਰਦੀ, ਬਲਰਾਜ ਕੌਰ, ਹਰਪਾਲ ਕੌਰ ਆਦਿ ਨੇ ਵੀ ਸੰਬੋਧਨ ਕੀਤਾ।   ਇਸ ਮੌਕੇ ਉਪਰੋਕਤ ਤੋਂ ਇਲਾਵਾ ਜਸਵੰਤ ਸਿੰਘ ਅਸਪਾਲ ਕਲਾਂ, ਗੁਰਪਾਲ ਸਿੰਘ ਪੱਖੋ, ਜਗਸੀਰ ਸਿੰਘ ਸਹਿਜੜਾ, ਨਿਰਮਲ ਸਿੰਘ ਝਲੂਰ, ਸੁਦਾਗਰ ਸਿੰਘ ਉੱਪਲੀ, ਮੁਕੰਦ ਸਿੰਘ ਫਰਵਾਹੀ, ਦਰਸ਼ਨ ਸਿੰਘ ਭੂਰੇ, ਉਸ਼ਾ, ਅੰਗਰੇਜ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਲਾਭ ਸਿੰਘ ਵਜਦੀਕੇ, ਗੁਰਪ੍ਰੀਤ ਬਰਨਾਲਾ ਤੇ ਪ੍ਰੀਤਮ ਸਿੰਘ ਸਹਿਜੜਾ ਆਦਿ ਹਾਜ਼ਰ ਸਨ।

ਕਰੋਨਾ ਪੀੜਤ ਦੇ ਸੰਪਰਕ ਵਿੱਚ ਆਏ ਵਿਅਕਤੀ ਦੀ ਰਿਪੋਰਟ ਆਈ ਪਾਜੀਟਿਵ,

ਮਹਿਲ ਕਲਾਂ /ਬਰਨਾਲਾ-ਅਗਸਤ 2020 - (ਗੁਰਸੇਵਕ ਸਿੰਘ ਸੋਹੀ) ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮਿਸ਼ਨ ਫ਼ਤਹਿ ਮੁਹਿੰਮ ਤਹਿਤ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਬਰਨਾਲਾ ਡਾ ਗੁਰਬਿੰਦਰ ਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਡਲੂ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਐਸ. ਪੀ.ਐਚ ਡਬਲਯੂ ਸ ਕੁਲਦੀਪ ਸਿੰਘ ਕਲਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਕਸਬਾ ਮਹਿਲ ਕਲਾਂ ਸੋਢੇ ਦੇ ਸੰਪਰਕ ਵਿੱਚ ਆਏ ਪਿੰਡ ਸਹਿਜੜਾ ਦੇ ਇਕ ਵਿਅਕਤੀ ਦਾ ਪਿਛਲੇ ਦਿਨਾਂ ਵਿੱਚ ਕੋਵਿੰਡ -19 ਜਾਚ ਦਾ ਸੈਂਪਲ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਹੁਣ ਕਰੋਨਾ ਪਾਜੀਟਿਵ ਆਉਣ ਤੋਂ ਬਾਅਦ ਮਰੀਜ ਨੂੰ ਘਰਾਂ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ ਅਤੇ ਉਸ ਦੇ ਸੰਪਰਕ ਵਿੱਚ ਆਏ  ਪਰਿਵਾਰ ਅਤੇ ਹੋਰ ਵਿਅਕਤੀਆਂ ਦੀ ਸਨਾਖਤ ਕਰਕੇ ਸੈਪਲ ਕਰਵਾਏ ਜਾ ਰਹੇ ਹਨ ।ਇਸ ਮੌਕੇ ਕੁਲਦੀਪ ਸਿੰਘ ਕਲਾਲਾ M. P. H. W(m)ਗੁਰਦਸਨ ਸਿੰਘ ਮਲਟੀਪਰਪਜ਼ ਹੈਲਥ ਸੁਪਰ ਵਾਈਜਰ, ਸੁਖਵਿੰਦਰ ਕੁਮਾਰ,  M P S,, ਸੁਰਿੰਦਰ ਪਾਲ ਸਿੰਘ, ਜਸਪਾਲ ਸਿੰਘ, ਹਰਭਜਨ ਸਿੰਘ ਤੇ ਆਸਾ ਵਰਕਰ ਹਾਜ਼ਰ ਸਨ

ਨਕਸਾਲਵਾੜੀ ਲਹਿਰ ਦੇ ਸ਼ਹੀਦ ਕਾ.ਨਿਰੰਜਣ ਸਿੰਘ ਅਕਾਲੀ ਦਾ ਸ਼ਹੀਦੀ ਦਿਹਾੜਾ ਮਨਾਇਆ

ਨਕਸਾਲਵਾੜੀ ਲਹਿਰ ਦੇ ਸ਼ਹੀਦ ਸਾਡੀ ਵਿਰਾਸਤ ਅਤੇ ਪ੍ਰੇਰਨਾ ਸ੍ਰੋਤ- ਦੱਤ

ਮਹਿਲਕਲਾਂ /ਬਰਨਾਲਾ-ਅਗਸਤ 2020 -(ਗੁਰਸੇਵਕ ਸਿੰਘ ਸੋਹੀ)- ਨਕਸਾਲਵਾੜੀ ਲਹਿਰ ਦੇ ਸ਼ਹੀਦ ਕਾ. ਨਿਰੰਜਣ ਸਿੰਘ ਅਕਾਲੀ ਕਾਲਸਾਂ ਦਾ ਸ਼ਹੀਦੀ ਦਿਹਾੜਾ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਪੂਰੇ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ।'ਨਕਸਲਬਾੜੀ ਦੀ ਪੈਂਦੀ ਗੁੰਜ-ਲੋਟੂ ਢਾਣੀ ਦੇਣੀ ਹੂੰਝ, ਨਕਸਲਵਾੜੀ ਲਹਿਰ ਦੇ ਸ਼ਹੀਦ-ਅਮਰ ਰਹਿਣ, ਅਮਰ ਸ਼ਹੀਦਾਂ ਦਾ ਪੈਗਾਮ-ਬਦਲ ਲੈਣਾ ਹੈ ਲੁਟੇਰਾ ਨਿਜਾਮ, ਇਨਕਲਾਬ-ਜਿੰਦਾਬਾਦ,  ਸਾਮਰਾਜਬਾਦ-ਮੁਰਦਾਬਾਦ ''ਦੇ ਅਕਾਸ਼ ਗੁੰਜਾਊ ਨਾਹਰੇ ਮਾਰਦਾ ਕਾਫਲਾ ਕਾ. ਨਿਰੰਜਣ ਸਿੰਘ ਅਕਾਲੀ ਦੀ ਸੂਹੀ ਸ਼ਹੀਦੀ ਲਾਟ ਵੱਲ ਰਵਾਨਾ ਰਵਾਨਾ ਹੋਇਆ। ਸ਼ਹੀਦੀ ਲਾਟ ਉੱਪਰ ਝੰਡਾ ਲਹਿਰਾਉਣ ਦੀ ਰਸਮ ਕਾ. ਨਰਿੰਜਣ ਸਿੰਘ ਅਕਾਲੀ ਕਾਲਸਾਂ ਦੀ ਚੌਥੀ ਪੀੜੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਨਿਭਾਈ। ਸ਼ਹੀਦੀ ਲਾਟ ਉੱਪਰ ਝੰਡਾ ਲਹਿਰ ਦੀ ਰਸਮ ਸਮੇਂ ਇਨਕਲਾਬੀ ਕੇਂਦਰ ,ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਜਿਲ੍ਹਾ ਪ੍ਰਧਾਨ ਡਾ.ਰਜਿੰਦਰ ਪਾਲ ਨੇ ਕਿਹਾ ਕਿ ਨਕਸਲਵਾੜੀ ਲਹਿਰ ਦੇ ਸ਼ਹੀਦ ਵਿਚਾਰ ਦੇ ਰੂਪ ਵਿੱਚ ਸਾਡਾ ਅਮੁੱਲ ਸਰਮਾਇਆ ਹਨ, ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਮੁਲਕ ਭਰ ਵਿੱਚ ਚੱਲ ਰਹੀਆਂ ਲੋਕ ਲਹਿਰਾਂ ਦੀ ਅਗਵਾਈ ਲਈ ਪ੍ਰੇਰਨਾ ਸ੍ਰੋਤ ਹੈ। ਸ਼ਹੀਦਾਂ ਦੀ ਕਰਬਾਨੀ ਅਜਾਈਂ ਨਹੀਂ ਜਾਂਦੀ, ਕਾ. ਨਿਰੰਜਣ ਸਿੰਘ ਅਕਾਲੀ ਹੁਰਾਂ ਨੂੰ ਸ਼ਹੀਦ ਹੋਇਆਂ ਪੰਜਾਹ ਸਾਲ ਦਾ ਲੰਬਾ ਅਰਸਾ ਬੀਤ ਚੁੱਕਿਆ ਹੈ ਪਰ ਜਿਸ ਮਕਸਦ ਲਈ ਉਨ੍ਹਾਂ ਸ਼ਹੀਦੀ ਦਿੱਤੀ ਉਹ ਕਾਰਜ ਅੱਜ ਵੀ ਅਧੂਰਾ ਹੈ। ਉਨ੍ਹਾਂ ਦੇ ਅਧੂਰੇ ਕਾਜ ਲੁੱਟ ਰਹਿਤ ਸਮਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਅੱਜ ਵੀ ਚੱਲ ਰਹੀ ਹੈ। ਅੱਜ ਦੀਆਂ ਹਾਲਤਾਂ ਸਬੰਧੀ ਗੱਲ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਸੀਨਅਿਰ ਮੀਤ ਪ੍ਰਧਾਨ ਮਨਜੀਤ ਧਨੇਰ ਅਤੇ ਜਗਰਾਜ ਹਰਦਾਸਪੁਰਾ ਨੇ ਕਿਹਾ ਕਿ ਸਾਮਰਾਜੀਆਂ ਦੇ ਦਲਾਲ ਭਾਰਤੀ ਹਾਕਮ ਮੁਲਕ ਦੇ ਕੁਦਰਤੀ ਸ੍ਰੋਤਾਂ ਸਮੇਤ ਖੇਤੀ ਪ੍ਰਧਾਨ ਮੁਲਕ ਦੀ ਖੇਤੀ ਨੂੰ ਅਸਲ ਮਾਅਨਿਆਂ ਵਿੱਚ ਪੇਂਡੂ ਸੱਭਿਅਤਾ ਨੂੰ ਤਬਾਹ ਕਰਨ ਲਈ ਆਰਡੀਨੈਂਸ ਪਾਸ ਕਰ ਰਹੇ ਹਨ। ਕਰੋਨਾ ਸੰਕਟ ਭਾਰਤੀ ਹਾਕਮਾਂ ਲਈ ਰਾਮਬਾਣ ਬਣਕੇ ਬਹੁੜਿਆ ਹੈ। ਇਸ ਬਹਾਨੇ ਹੇਠ ਕਿਰਤ ਵਿਰੋਧੀ ਕਾਨੂੰਨ , ਬਿਜਲੀ ਸੋਧ ਕਾਨੂੰਨ-2020, ਕੋਇਲਾ ਖਾਣਾਂ, ਰੇਲਵੇ, ਜਹਾਜਰਾਨੀ ਸਮੇਤ ਜਨਤਕ ਖੇਤਰ ਦੇ ਸਾਰੇ ਅਦਾਰੇ ਅੰਬਾਨੀਆਂ-ਅਡਾਨੀਆਂ ਦੇ ਹਵਾਲੇ ਕਰ ਰਹੇ ਹਨ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਹਕੂਮਤ ਮੁਲਕ ਦੀ ਵੰਨਸੁਵੰਨਤਾ ਦਾ ਭੋਗ ਪਾਉਣ ਲਈ ਤਹੂ ਭਗਵਾਂਕਰਨ ਦੀ ਫਿਰਕੂ ਸਿਆਸਤ ਦੇ ਜਹਿਰੀ ਨਾਗ ਰਾਹੀਂ ਮੁਸਲਿਮ ਘੱਟ ਗਿਣਤੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਹੀਨ ਬਾਗ ਸੰਘਰਸ਼ ਵਿੱਚ ਅਤੇ ਦਲਿਤਾਂ, ਬੁੱਧੀਜੀਵੀਆਂ, ਲੇਖਕਾਂ, ਸਮਾਜਿਕ ਕਾਰਕੁਨਾਂ, ਵਕੀਲਾਂ ਨੂੰ ਭੀਮਾ ਕੋਰੇਗਾਉਂ ਕੇਸ ਵਿੱਚ ਸ਼ਾਮਿਲ ਕਰਕੇ ਸਾਲਾਂ ਬੱਧੀ ਜੇਲ੍ਹ ਦੀਆ ਸਲਾਖਾਂ ਪਿੱਛੇ ਬੰਦ ਰੱਖਣ ਦੀਆਂ ਸਜਿਸ਼ਾਂ ਘੜ ਰਹੀ ਹੈ। ਲੋਕਾਂ ਦੇ ਜਥੇਬੰਦ ਹੋਣ, ਸੰਘਰਸ਼ ਕਰਨ ਦੇ ਹੱਕਾਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿੱਚ  ਮਹਿਲਕਲਾਂ ਲੋਕ ਘੋਲ ਦੀ ਵਿਰਾਸਤ ਸਾਡੇ ਸਭਨਾਂ ਲਈ ਅਜਿਹਾ ਚਾਨਣ ਮੁਨਾਰਾ ਹੈ ਜੋ 23 ਸਾਲ ਦੇ ਲੰਬੇ ਅਰਸੇ ਬਾਅਦ ਵੀ ਸਾਂਝੇ ਵਿਸ਼ਾਲ ਅਤੇ ਤਿੱਖੇ ਘੋਲਾਂ ਦੀ ਬਦੌਲਤ ਚੁਣੌਤੀਆਂ ਦਾ ਟਾਕਰਾ ਕਰਦਾ ਕਰਦਾ ਹੋਇਆ ਇਤਿਹਾਸਕ ਪ੍ਰਾਪਤੀਆਂ ਕਰਨ ਵੱਲ ਅੱਗੇ ਵਧ ਰਿਹਾ ਹੈ। ਕਰੋਨਾ ਸੰਕਟ ਦੇ ਚਲਦਿਆਂ ਭਾਵੇਂ ਮਹਿਲਕਲਾਂ ਦੀ ਦਾਣਾ ਮੰਡੀ ਵਿੱਚ ਲੋਕ ਸ਼ਮੂਲੀਅਤ ਵਾਲਾ ਸਮਾਗਮ ਨਹੀਂ ਹੋ ਰਿਹਾ ਪਰ ਹਰ ਪਿੰਡ-ਪਿੰਡ ਪੂਰੇ ਇਨਕਲਾਬੀ ਜੋਸ਼ ਨਾਲ ਮਹਿਲਕਲਾਂ ਲੋਕ ਘੋਲ ਦੀ ਇਤਿਹਾਸਕ ਜਿੱਤ ਦੇ ਸਬਕਾਂ ਨੂੰ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਲਿਜਾਇਆ ਜਾਵੇਗਾ । ਜਿਸ ਵਿੱਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਮਾ. ਅਜਮੇਰ ਕਾਲਸਾਂ ਨੇ ਸ਼ਰਧਾਂਜਲੀ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ ਡਾ.ਸੁਖਵਿੰਦਰ ਨੇ ਨਿਭਾਏ। ਇਸ ਸਮੇਂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਪ੍ਰੀਵਾਰਿਕ ਮੈਂਬਰ ਮਹਿੰਦਰ ਮੂੰਮ, ਪਰਮਜੀਤ ਦੱਧਾਹੂਰ, ਨਾਥ ਸਿੰਘ, ਜੰਗ ਸਿੰਘ ਦੱਧਾਹੂਰ ਤੋਂ ਇਲਾਵਾ ਅਮਰਜੀਤ ਕੌਰ, ਬਲਦੇਵ ਸੱਦੋਵਾਲ, ਗੱਜਣ ਕਾਲਸਾਂ, ਨੀਲਮ ਰਾਣੀ, ਜਸਵਿੰਦਰ ਕੌਰ, ਖੁਸ਼ਮੰਦਰਪਾਲ, ਬਲਵੰਤ ਉੱਪਲੀ, ਡਾ. ਚਮਕੌਰ ਸਿੰਘ, ਵਿਸਾਖਾ ਸਿੰਘ ਕਾਲਸਾਂ, ਪਵਿੱਤਰ ਲਾਲੀ, ਅਵਤਾਰ ਸਿੰਘ, ਪਰਮਜੀਤ ਸਿੰਘ, ਭਰਤ ਮੂੰਮ, ਨਛੱਤਰ ਦੀਵਾਨਾ, ਪ੍ਰੀਤਮ ਸਿੰਘ, ਕੁਲਵਿੰਦਰ ਮਹਿਲਕਲਾਂ ਤੋਂ ਇਲਾਵਾ ਬਹੁਤ ਸਰੇ ਆਗੂ ਹਾਜਰ ਸਨ।