ਅੰਮ੍ਰਿਤਸਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਖੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਘੱਟ ਹੋਣ ਬਾਰੇ ਉਜਾਗਰ ਕੀਤੇ ਗਏ ਮਾਮਲੇ ਤੋਂ ਬਾਅਦ ਰਿਕਾਰਡ ਵਿਚ 267 ਸਰੂਪ ਘਟਣ ਦੀ ਰਿਪੋਰਟ ਆਖਰ ਜਾਂਚ ਕਮੇਟੀ ਵੱਲੋਂ ਤਿਆਰ ਕਰ ਲਈ ਗਈ ਹੈ। ਇਸ ਮਾਮਲੇ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਪੜਤਾਲੀਆ ਕਮੇਟੀ ਵੱਲੋਂ 17 ਜੁਲਾਈ ਤੋਂ ਲਗਾਤਾਰ ਕੀਤੀ ਜਾ ਰਹੀ ਸੀ।
ਸੂਤਰਾਂ ਮੁਤਾਬਕ ਪਬਲੀਕੇਸ਼ਨ ਵਿਭਾਗ ਵਿਖੇ 267 ਪਾਵਨ ਸਰੂਪ ਘਟ ਹੋਣ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਕਈ ਮੁਲਾਜ਼ਮਾਂ ਨੂੰ ਇਸ ਮਾਮਲੇ ਵਿਚ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਜਥੇਦਾਰ ਵੱਲੋਂ ਇਕ ਮਹੀਨੇ ਦੇ ਵੱਧ ਸਮੇਂ ਵਿਚ ਇਹ ਰਿਪੋਰਟ ਬੜੀ ਬਾਰੀਕੀ ਨਾਲ ਤਿਆਰ ਕੀਤੀ ਗਈ ਹੈ।
ਜਾਂਚ ਰਿਪੋਰਟ ਪੰਜ ਸਿੰਘ ਸਾਹਿਬਾਨ ਨੂੰ ਸੌਂਪਣ ਦੀ ਤਿਆਰੀ ਹੈ। ਜਿਸ ਲਈ ਜਥੇਦਾਰ ਵੱਲੋਂ 24 ਅਗਸਤ ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸੱਦੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 17 ਜੁਲਾਈ ਨੂੰ ਸਾਬਕਾ ਜੱਜ ਬੀਬੀ ਨਵਿਤਾ ਸਿੰਘ ਨੂੰ ਮੱਖ ਜਾਂਚ ਅਧਿਕਾਰੀ ਨਿਯੁਕਤ ਕੀਤਾ ਸੀ, ਜਦ ਕਿ 30 ਜੁਲਾਈ ਨੂੰ ਬੀਬੀ ਨਵਿਤਾ ਸਿੰਘ ਵੱਲੋਂ ਜਾਂਚ ਤੋਂ ਪਿਛੇ ਹਟਣ ਤੋਂ ਬਾਅਦ ਡਾ. ਈਸ਼ਰ ਸਿੰਘ (ਐਡਵੋਕੇਟ) ਤੇਲੰਗਾਨਾ ਹਾਈ ਕੋਰਟ ਨੂੰ ਮੁੱਖ ਜਾਂਚ ਅਧਿਕਾਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਡਾ. ਈਸ਼ਰ ਸਿੰਘ ਦੇ ਨਾਲ ਸਹਿਯੋਗ ਲਈ ਡਾ. ਹਰਪ੍ਰੀਤ ਕੌਰ (ਐਡਵੋਕੇਟ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਤੇ ਬੀਬੀ ਹਰਲੀਨ ਕੌਰ ਸੀਏ ਨੂੰ ਸਹਾਇਕ ਵਜੋਂ ਜਾਂਚ ਕਮੇਟੀ ਵਿਚ ਸ਼ਾਮਲ ਕਰ ਦਿੱਤਾ ਸੀ। ਜਿਨ੍ਹਾਂ ਦੀ ਮਿਹਨਤ ਸਦਕਾ ਰਿਪੋਰਟ ਤਿਆਰ ਹੋਈ ਹੈ, ਜਿਸ ਵਿਚ ਕਈ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਹਰੇਕ ਵਿਅਕਤੀ ਤੋਂ ਪੁੱਛ-ਪੜਤਾਲ ਵੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਮੀਟਿੰਗ ਵਿਚ ਅਹਿਮ ਮਾਮਲੇ ਵਿਚਾਰੇ ਜਾਣਗੇ। ਜਿਨ੍ਹਾਂ ਵਿਚ ਪੰਥ ’ਚੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਵਾਉਣ ਵਿਚ ਜਿਹੜੇ ਵਿਅਕਤੀ ਸ਼ਾਮਲ ਹਨ, ਉਨ੍ਹਾਂ ਵਿਅਕਤੀਆਂ ’ਤੇ ਵੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵਿਚ ਗ਼ੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ, ਸਤਿਕਾਰ ਕਮੇਟੀਆਂ ਦਾ ਮਾਮਲਾ, ਕੈਨੇਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਦਾ ਮਾਮਲਾ ਆਦਿ ਸ਼ਾਮਲ ਹਨ। ਇਸ ਮੀਟਿੰਗ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਸ਼ਾਮਲ ਹੋ ਰਹੇ ਹਨ।