You are here

ਪੰਜਾਬ

ਜਿਮ ਮਾਲਕ ਤੇ ਚਲਾਈਆਂ ਗੋਲੀਆਂ ਤੇ ਕੀਤੀ ਕੁੱਟਮਾਰ, ਤੋੜੀਆਂ ਲੱਤਾਂ

ਕੋਟ ਈਸੇ ਖਾ/ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ)- ਧਰਮਕੋਟ ਤੋਂ ਥੋੜ੍ਹੀ ਦੂਰ ਕਸਬਾ ਕੋਟ ਈਸੇ ਖਾਂ ਵਿਖੇ ਮੇਨ ਚੌਕ ਤੋਂ ਥੋੜ੍ਹੀ ਦੂਰੀ ਤੇ ਸਥਿਤ ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਭਾਰੀ ਕੁੱਟਮਾਰ ਕੀਤੀ ਗਈ । ਕੁੱਟਮਾਰ ਚ ਜਿੰਮ ਮਾਲਕ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਨੇੜਲੇ ਲੋਕਾਂ ਵੱਲੋਂ  ਜ਼ਖ਼ਮੀ ਹਾਲਤ ਚ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ।ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਧਰਮਕੋਟ ਸ਼ਬੇਗ ਸਿੰਘ  ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ । ਪਰਿਵਾਰਕ ਮੈਂਬਰਾਂ ਮੁਤਾਬਿਕ ਹਮਲਾਵਰ ਇੱਕ ਸਕਾਰਪੀਓ ਗੱਡੀ ਵਿੱਚ ਆਏ ਸਨ ਜਿਨ੍ਹਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਏ।

ਫ਼ੌਜੀ ਪਰਮਿੰਦਰ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਇਗੀ 

ਮੋਗਾ, ਸਤੰਬਰ 2020 -(ਜਸਵੀਰ ਨਾਸਿਰਵਾਲਿਆ/ਮਨਜਿੰਦਰ ਗਿੱਲ)- ਜ਼ਿਲ੍ਹਾ ਮੋਗਾ ਦੇ ਪਿੰਡ ਮਹਿਰੋਂ ਦਾ ਬਾਈ ਸਾਲਾ ਫੌਜੀ ਪਰਮਿੰਦਰ ਸਿੰਘ ਜੋ ਝਾਰਖੰਡ ਵਿਖੇ  ਡਿਊਟੀ  ਕਰਦਾ ਸੀ ਜਦ ਪ੍ਰੈਕਟਿਸ ਕਰਕੇ ਵਾਪਸ ਜਾ ਰਿਹਾ ਸੀ ਤਾਂ ਝੀਲ ਦੇ ਕੋਲ ਲੰਘਦੇ ਸਮੇਂ ਪੈਰ ਫਿਸਲਣ ਕਾਰਨ ਝੀਲ ਵਿੱਚ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ  ਪਰਮਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਬੇਟਾ ਸੀ ਜਿਸ ਦਾ ਅਜੇ ਵਿਆਹ ਨਹੀਂ ਹੋਇਆ ਸੀ  ਉਸ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ । ਪਿੰਡ ਮਹਿਰੋ ਦੀ ਸਮਸਾਨ ਘਾਟ ਵਿੱਖੇ ਸਰਕਾਰੀ ਸਨਮਾਨਾ ਨਾਲ ਫੌਜੀ ਪਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ।

ਸੀਟੂ ਦੀ ਕਮੇਟੀ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ  

ਮਲੇਰਕੋਟਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ ) ਕੇਂਦਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ 1 ਸਤੰਬਰ ਨੂੰ ਦਿੱਲੀ ਗੇਟ ਵਿੱਚ ਆਪਣੀ ਅਪੀਲ ਕਰਦੇ ਹੋਏ ਅਤੇ 2 ਤਰੀਕ ਨੂੰ ਪਿੰਡ  ਬੀਜੋਕੀ 3 ਤਰੀਕ ਨੂੰ ਪਿੰਡ ਰਸੂਲਪੁਰ   ਕਮੇਟੀ ਦੇ ਸੱਦੇ ਤੇ ਪਿੰਡਾ ਵਿੱਚ ਪੈਦਲ ਰੋਸ਼ ਪ੍ਰਦਰਸ਼ਨ ਦੀ ਸੁ਼ਰੂਆਤ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡਾਂ ਵੱਲੋਂ ਕੀਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰਤਾਲ ਆਵਾਜ਼ ਸੰਸਥਾ ਦੇ ਜਰਨਲ ਸਕੱਤਰ ਤਮੰਨਾ ਨੇ ਕਿਹਾ ਕੇ ਜਸਵਿੰਦਰ ਸਿੰਘ ਮਹੇਰਨਾ ਮਜ਼ਦੂਰ ਯੂਨੀਅਨ ਤਹਿਸੀਲ਼ ਪ੍ਰਧਾਨ ਅਤੇ ਅਬਦੁਲ ਸਤਾਰ ਮਲੇਰਕੋਟਲਾ ਸੀਟੂ ਆਗੂ ਪਿੰਡ ਰਸੂਲਪੁਰ ਦੀ ਅਗਵਾਈ ਵਿੱਚ ਪੈਦਲ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਸੀਟੂ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਕਿਰਤੀਆਂ ਦੇ ਹੱਕਾਂ ਤੇ ਡਾਕੇ, ਖੇਤੀ ਨੂੰ ਬਰਬਾਦ ਕਰਨ, ਲੋਕ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਸਮੇਤ ਜਰੂਰੀ ਹੱਕਾਂ ਨੂੰ ਖਤਮ ਕਰਨ ਤੇ ਤੁਲੀਆ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਸੀਟੂ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ ਹੈ, ਪੈਦਲ ਮਾਰਚ ਵਿੱਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਜੋ਼ਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਇਸ ਪੈਦਲ ਰੋਸ ਮਾਰਚ ਵਿੱਚ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਹੋਰਨਾਂ ਤੋ ਇਲਾਵਾ ਜਗਤਾਰ ਸਿੰਘ ਮੋਹਾਲੀ ਜਨਰਲ ਸਕੱਤਰ ਜ਼ਿਲ੍ਹਾ ਸੰਗਰੂਰ, ਜਗਰਾਜ ਸਿੰਘ ਮਹੇਰਨਾ ਤਹਿਸੀਲ ਪ੍ਰਧਾਨ ਕਿਸਾਨ ਸਭਾ ,ਅਮਨਦੀਪ ਸਿੰਘ ਮਲੇਰਕੋਟਲਾ ਸੀਟੂ ਆਗੂ ,ਮੁਹੰਮਦ ਇਲਿਆਸ ਮਲੇਰਕੋਟਲਾ ਸੀਟੂ ਆਗੂ ,ਅਬਦੁਲ ਸਤਾਰ ਮਲੇਰਕੋਟਲਾ ਸੀਟੂ ਆਗੂ ,ਜਗਰਾਜ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਆਰਫ ਖਾਣ, ਰਿਆਜ਼ ਖਾਨ, ਰਘੁਨਾਥ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਪਾਲੀ ਵਜੀਦਕੇ ਆਪਣੀ ਨਵੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ

ਮਹਿਲ ਕਲਾਂ/ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ)-ਲੇਖਕ ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਆਪਣੀ ਦਸਤਾਵੇਜ਼ੀ ਫਿਲਮ ਸ਼ਹੀਦ ਦਾ ਪਿੰਡ ਨੂੰ ਲੈ ਕੇ ਚਰਚਾ 'ਚ ਹੈ। ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦੇ ਜੀਵਨ ਤੇ ਆਧਾਰਿਤ ਫਿਲਮ ਸ਼ਹੀਦ ਦਾ ਪਿੰਡ ਨੂੰ ਦਰਸ਼ਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ। ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਫਿਲਮ ਦੇ ਨਿਰਮਾਤਾ 'ਤੇ ਅਦਾਕਾਰ ਹਰਪਾਲ ਪਾਲੀ ਵਜੀਦਕੇ ਨੇ ਦੱਸਿਆ ਕਿ ਸ਼ਹੀਦ ਦਾ ਪਿੰਡ ਫਿਲਮ ਸਤਿਕਰਤਾਰ ਯੂ ਟਿਊਬ ਚੈਨਲ ਵੱਲੋਂ ਰੀਲੀਜ ਕੀਤਾ ਗਿਆ ਹੈ। ਇਸ ਫਿਲਮ 'ਚ ਅਵਾਜ਼ ਪੰਥ ਦੀ ਮਹਾਨ ਹਸਤੀ ਰਾਗੀ ਅਮਨਦੀਪ ਕੌਰ ਖਾਲਸਾ (ਮਜੀਠਾ ਵਾਲੇ) 'ਤੇ ਗੀਤਕਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਦਿੱਤੀ ਗਈ ਹੈ। ਇਸ ਫਿਲਮ ਨੂੰ ਹੋਰ ਸੋਹਣਾ ਬਣਾਉਣ ਲਈ ਫਿਲਮ ਨੂੰ ਕਹਾਣੀ ਰੂਪ ਦਿੱਤਾ ਗਿਆ ਹੈ ਤਾਂ ਜੋ ਦਰਸ਼ਕ ਉਤਸ਼ਾਹ ਨਾਲ ਦੇਖਣ। ਉਹਨਾਂ ਦੱਸਿਆ ਕਿ ਜਿੱਥੇ ਇਸ ਫਿਲਮ 'ਚ ਬਲਜੀਤ ਸਿੰਘ ਬਬਲੂ, ਗੁਲਾਬ ਸਿੰਘ, ਜੱਗਾ ਸਿੰਘ ਛਾਪਾ, ਲੱਕੀ ਲੋਹਗੜ, ਗੁਰਸੇਵਕ ਸਿੰਘ ਸਹੋਤਾ ਅਤੇ ਮਿੱਠੀ ਵਜੀਦਕੇ ਵੱਲੋਂ ਕਿਰਦਾਰ ਨਿਭਾਇਆ ਗਿਆ ਹੈ, ਉੱਥੇ ਮਹਾਨ ਲਿਖਾਰੀ ਪ੍ਰੀਸੀਪਲ ਸਰਵਣ ਸਿੰਘ ਔਜਲਾ, ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ, ਸਰਪੰਚ ਕਰਮ ਸਿੰਘ ਬਾਜਵਾ ਅਤੇ ਮਾਤਾ ਦਲੀਪ ਕੌਰ ਵੱਲੋਂ ਇਤਿਹਾਸ 'ਤੇ ਵਜੀਦਕੇ ਖੁਰਦ ਦੇ ਪੁਰਾਤਨ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਇਸ ਫਿਲਮ ਨੂੰ ਵੀਡੀਓ ਡਾਇਰੈਕਟਰ ਜਸਵੀਰ ਵਜੀਦਕੇ ਨੇ ਵੱਖ ਵੱਖ ਲੁਕੇਸਨਾਂ 'ਤੇ ਸੂਟ ਕੀਤਾ ਹੈ। ਉਹਨਾਂ ਕਿਹਾ ਕਿ ਦੇਸ ਨੂੰ ਆਜ਼ਾਦ ਕਰਾਉਣ ਲਈ ਚੱਲੀ ਗਦਰ ਲਹਿਰ 'ਚ ਅਹਿਮ ਭੂਮਿਕਾ ਨਿਭਾ ਕੇ ਫਾਸੀ ਦਾ ਰੱਸਾ ਚੁੰਮਣ ਵਾਲੇ ਗਦਰੀ ਸ਼ਹੀਦ ਰਹਿਮਤ ਅਲੀ ਵਜੀਦਕੇ ਦਾ ਪਿੰਡ ਸਰਕਾਰਾਂ ਵੱਲੋਂ ਅਣਗੋਲਾ ਕੀਤਾ ਗਿਆ ਹੈ। ਸਰਕਾਰਾਂ ਦਾ ਧਿਆਨ ਪਿੰਡ ਵਜੀਦਕੇ ਖੁਰਦ ਵੱਲ ਲਿਆਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਫਿਲਮ ਨਾਲ ਜਿੱਥੇ ਅੱਜ ਦੀ ਪੀੜੀ ਸ਼ਹੀਦ ਰਹਿਮਤ ਅਲੀ ਦੀ ਵਡਮੁੱਲੀ ਕੁਰਬਾਨੀ ਤੋਂ ਜਾਣੂ ਹੋਵੇਗੀ ਉੱਥੇ ਦੇਸ ਵਾਸੀ ਵੀ ਸਹੀਦ ਨੂੰ ਜਾਣ ਸਕਣਗੇ। ਪਾਲੀ ਵਜੀਦਕੇ ਨੇ ਦੱਸਿਆ ਕਿ ਅਗਲੇ ਪ੍ਰਾਜੈਕਟ ਜਲਦ ਦਰਸ਼ਕਾਂ ਦੀ ਕਚਹਿਰੀ 'ਚ ਲੈ ਕੇ ਆ ਰਹੇ ਹਨ। ਅਖੀਰ ਉਹਨਾਂ ਫਿਲਮ ਸ਼ਹੀਦ ਦਾ ਪਿੰਡ ਬਣਾਉਣ ਲਈ ਸਹਿਯੋਗ ਕਰਨ ਵਾਲੇ ਦੋਸਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਤਿਕਰਤਾਰ ਯੂ ਟਿਊਬ ਚੈਨਲ ਦੀ ਫਿਲਮ ਸਹੀਦ ਦਾ ਪਿੰਡ ਨੂੰ ਦੇਖਣ ਤੇ ਸ਼ੇਅਰ ਕਰਕੇ ਆਪਣੀ ਰਾਇ ਦੇਣ ਲਈ ਲੋਕਾਂ ਨੂੰ ਅਪੀਲ ਕੀਤੀ।

ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੀ ਮੀਟਿੰਗ ਹੋਈ

ਢਾਡੀ ਕਰਨੈਲ ਸਿੰਘ ਛਾਪਾ ਬਣੇ ਜਿਲਾ ਬਰਨਾਲਾ ਦੇ ਪ੍ਰਧਾਨ

ਮਹਿਲ ਕਲਾਂ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਦੀ ਅਹਿਮ ਮੀਟਿੰਗ ਗੁਰਦੁਆਰਾ ਕਾਲਾ ਮਾਹਿਰ ਵਿਖੇ ਸਭਾ ਦੇ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ, ਸਰਪ੍ਰਸਤ ਭਾਈ ਬਲਵੀਰ ਸਿੰਘ ਵੀਰ ਅਤੇ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵੱਖ ਵੱਖ ਥਾਵਾਂ ਤੋਂ ਪੁੱਜੇ ਢਾਡੀ ਸਿੰਘਾਂ ਵੱਲੋਂ ਵਿਚਾਰਾਂ ਪੇਸ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਢਾਡੀ ਮਲਕੀਤ ਸਿੰਘ ਪਪਰਾਲੀ ਅਤੇ ਸਰਪ੍ਰਸਤ ਭਾਈ ਬਲਵੀਰ ਸਿੰਘ ਵੀਰ ਨੇ ਕਿਹਾ ਕਿ ਢਾਡੀ ਕਲਾ ਸਿੱਖ ਕੌਮ ਦੀ ਵਿਲੱਖਣ ਵਿਰਾਸਤ ਹੈ ਕਿਉਕਿ ਢਾਡੀ ਜੱਥਿਆਂ ਵੱਲੋਂ ਗਾਈਆਂ ਵਾਰਾਂ ਸੂਰਬੀਰ ਯੋਧਿਆਂ 'ਚ ਜੋਸ ਭਰਦੀਆਂ ਸਨ। ਅੱਜ ਢਾਡੀ ਵਿਰਾਸਤ ਨੂੰ ਸਾਭਣ 'ਤੇ ਢਾਡੀ ਜੱਥਿਆ ਨੂੰ ਆ ਰਹੀਆਂ ਦਰਪੇਸ ਮੁਸਕਲਾਂ ਲਈ ਜਥੇਬੰਦ ਹੋਣਾ ਬੜਾ ਜਰੂਰੀ ਹੈ। ਉਹਨਾਂ ਸਮੂਹ ਢਾਡੀ ਸਿੰਘਾਂ ਨੂੰ ਅਪੀਲ ਕੀਤੀ ਕਿ ਅੱਜ ਇੱਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ ਇਸ ਲਈ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਨਾਲ ਜੁੜ ਕੇ ਜਥੇਬੰਦ ਹੋਣ। ਇਸ ਮੌਕੇ ਭਾਈ ਨੱਥਾ ਭਾਈ ਅਬਦੁੱਲਾ ਇੰਟਰਨੈਸਨਲ ਢਾਡੀ ਸਭਾ ਜਿਲਾ ਬਰਨਾਲਾ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਭਾਈ ਮੁਖਤਿਆਰ ਸਿੰਘ ਤੂਫਾਨ ਬੀਹਲਾ ਨੂੰ ਸਰਪ੍ਰਸਤ, ਨਾਮਵਰ ਢਾਡੀ ਕਰਨੈਲ ਸਿੰਘ ਛਾਪਾ, ਢਾਡੀ ਕਸਮੀਰ ਸਿੰਘ ਸੰਘੜਾ ਨੂੰ ਸੀਨੀਅਰ ਮੀਤ ਪ੍ਰਧਾਨ, ਦਰਸਨ ਸਿੰਘ ਬਰਨਾਲਾ ਮੀਤ ਪ੍ਰਧਾਨ, ਢਾਡੀ ਸਾਧੂ ਸਿੰਘ ਠੁੱਲੀਵਾਲ ਸਕੱਤਰ, ਢਾਡੀ ਬਲਦੇਵ ਸਿੰਘ ਬੱਬੀ ਭਦੌੜ ਖਜਾਨਚੀ,ਢਾਡੀ ਸੋਹਣ ਸਿੰਘ ਸੀਤਲ ਮਿਸਰਾ ਚੇਅਰਮੈਨ,ਢਾਡੀ ਬਲਵੀਰ ਸਿੰਘ ਨਿਹਾਲੂਵਾਲ ਪ੍ਰਧਾਨ ਸੰਘਰਸ ਕਮੇਟੀ, ਬਸੰਤ ਸਿੰਘ ਖੜਕਾ ਬਾਦਲ ਨੂੰ ਮੀਤ ਸਕੱਤਰ,ਲਖਵੀਰ ਸਿੰਘ ਸੀਤਲ ਸਹਾਇਕ ਖਜਾਨਚੀ, ਢਾਡੀ ਸੁਖਵਿੰਦਰ ਸਿੰਘ ਕ੍ਰਿਪਾਲ ਸਿੰਘ ਵਾਲਾ ਸਕੱਤਰ, ਢਾਡੀ ਗੁਰਮੇਲ ਸਿੰਘ ਕਾਲੇਕੇ ਪ੍ਰਚਾਰ ਸਕੱਤਰ ਸੰਘਰਸ ਕਮੇਟੀ,ਰਵਨੀਤ ਸਿੰਘ ਹੀਰਾ ਸੀਨੀਅਰ ਮੀਤ ਪ੍ਰਧਾਨ ਸੰਘਰਸ ਕਮੇਟੀ, ਢਾਡੀ ਮਲਕੀਤ ਸਿੰਘ ਸਹੌਰ ਮੀਤ ਪ੍ਰਧਾਨ, ਢਾਡੀ ਬਲਵਿੰਦਰ ਸਿੰਘ ਰੰਗੀਆਂ ਜਨਰਲ ਸਕੱਤਰ, ਢਾਡੀ ਮਨਜੀਤ ਸਿੰਘ ਛਾਪਾ ਮੁੱਖ ਸਲਾਹਕਾਰ, ਗੁਰਦੇਵ ਸਿੰਘ ਗੁਲਸਨ ਪ੍ਰੈਸ ਸਕੱਤਰ, ਬਲਵੰਤ ਸਿੰਘ ਮਾਂਗੇਵਾਲ ਸਰਪ੍ਰਸਤ ਅਤੇ ਗਿਆਨੀ ਗੁਰਦਿੱਤ ਸਿੰਘ ਸੋਢਾ ਮੁੱਖ ਬੁਲਾਰਾ ਚੁਣੇ ਗਏ। ਇਸ ਮੌਕੇ ਨਵੇਂ ਚੁਣੇ ਗਏ ਆਗੂਆਂ ਦਾ ਸਨਮਾਨ ਕੀਤਾ ਗਿਆ। ਨਵੇਂ ਚੁਣੇ ਗਏ ਆਗੂਆਂ ਨੇ ਵਿਸਵਾਸ ਦਿਵਾਇਆ ਕਿ ਉਹ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨਗੇ ਅਤੇ ਢਾਡੀ ਜੱਥਿਆਂ ਨੂੰ ਆ ਰਹੀਆਂ ਮੁਸਕਿਲਾਂ ਦੇ ਹੱਲ ਲਈ ਯਤਨਸੀਲ ਰਹਿਣਗੇ। ਢਾਡੀ ਕਰਨੈਲ ਸਿੰਘ ਛਾਪਾ ਨੇ ਸਮੂਹ ਆਗੂਆਂ ਨੂੰ ਕਦਮ ਨਾਲ ਕਦਮ ਮਿਲਾ ਕੇ ਚੱਲਣ 'ਤੇ ਇੱਕ ਦੂਜੇ ਦਾ ਸਹਾਰਾ ਬਣਕੇ ਕੰਮ ਕਰਨ ਦੀ ਅਪੀਲ ਕੀਤੀ।

ਯੂਥ ਜੋੜੋ ਮੁਹਿੰਮ ਤਹਿਤ ਰਿੰਕਾ ਕੁਤਬਾ ਬਾਹਮਣੀਆਂ ਨੇ ਕੀਤੀ ਮੀਟਿੰਗ

ਬੇਅਦਬੀ 'ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਲੋਕ ਮਾਫ ਨਹੀ ਕਰਨਗੇ-ਰਿੰਕਾ ਕੁਤਬਾ ਬਾਹਮਣੀਆ

ਮਹਿਲ ਕਲਾਂ /ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਸ੍ਰੋਮਣੀ ਅਕਾਲੀ ਦਲ ਵੱਲੋਂ ਸੁਰੂ ਕੀਤੀ ਯੂਥ ਜੋੜੋ ਮੁਹਿੰਮ ਤਹਿਤ ਡਾ ਬੀਆਰ ਅੰਬੇਡਕਰ ਫੈਡਰੇਸਨ ਦੇ ਸੂਬਾ ਪ੍ਰਧਾਨ ਰਿੰਕਾ ਕੁਤਬਾ ਬਾਹਮਣੀਆ ਦੀ ਅਗਵਾਈ ਹੇਠ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਵਿਸਾਲ ਮੀਟਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਸਮੂਲੀਅਤ ਕੀਤੀ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿੰਕਾ ਕੁਤਬਾ ਬਾਹਮਣੀਆ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ,ਜਿਸ ਪੰਜਾਬ ਲਈ ਲੰਮੇ ਸੰਘਰਸ ਲੜੇ ਹਨ 'ਤੇ ਹਰ ਸੰਘਰਸ 'ਚ ਜਿੱਤ ਹਾਸਲ ਕੀਤੀ। ਸ੍ਰੋਮਣੀ ਅਕਾਲੀ ਦਲ ਅਤੇ ਹਰ ਆਗੂ ਤੇ ਵਰਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਜੋ ਆਪਣਾ ਹਰ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਸੀਰਵਾਦ ਲੈ ਕੇ ਕਰਦਾ ਹੈ। ਪਰ ਕਾਂਗਰਸ ਤੇ ਨਕਲੀ ਇਨਕਲਾਬ ਦਾ ਨਾਅਰਾ ਲਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲੀ ਆਮ ਆਦਮੀ ਪਾਰਟੀ ਬੇਅਦਬੀ ਨੂੰ ਲੈ ਕੇ ਹੋਛੀ ਰਾਜਨੀਤੀ ਕਰ ਰਹੀਆਂ ਹਨ। ਗੁਰੂ ਸਾਹਿਬ ਜੀ ਦੀ ਬੇਅਦਬੀ 'ਤੇ ਸਿਆਸਤ ਕਰਨ ਵਾਲੇ ਲੋਕਾਂ ਨੂੰ ਗੁਰੂ ਮਾਫ ਨਹੀ ਕਰਨਗੇ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ ਗਰੀਬ ਪਰਿਵਾਰਾਂ ਅਤੇ ਨੌਜਵਾਨਾਂ ਲਈ ਜੋ ਸਕੀਮਾਂ ਚਲਾਈਆਂ ਉਹ ਕੋਈ ਹੋਰ ਸਰਕਾਰ ਸੋਚ ਵੀ ਨਹੀ ਸਕੀ। ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਹੋ ਗਏ ਹਨ, ਹੁਣ ਉਹ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਚਲਾਈਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਤੇ ਸ੍ਰੋਮਣੀ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕੀਤੀ। ਮੀਟਿੰਗ ਸਮੇਂ ਨੌਜਵਾਨਾਂ ਨੇ ਵਿਸਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ। ਇਸ ਮੌਕੇ ਸਤਪਾਲ ਸਿੰਘ, ਜਸਵੰਤ ਸਿੰਘ, ਮਲਕੀਤ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ ਸਿੰਘ, ਰਛਪਾਲ ਸਿੰਘ, ਗੁਰਜੀਤ ਸਿੰਘ, ਬੰਤ ਸਿੰਘ ਸਰਵਣ ਸਿੰਘ ਫੌਜੀ, ਜਗਤਾਰ ਸਿੰਘ, ਮੱਘਰ ਸਿੰਘ, ਮੇਜਰ ਸਿੰਘ, ਰਣਬੀਰ ਸਿੰਘ, ਕਰਤਾਰ ਸਿੰਘ, ਜੈਬ ਸਿੰਘ, ਜਗਸੀਰ ਸਿੰਘ, ਜਰਨੈਲ ਸਿੰਘ, ਬਸੰਤ ਸਿੰਘ, ਸਤਨਾਮ ਸਿੰਘ, ਜਿਊਣ ਸਿੰਘ, ਮਿੰਦਰ ਸਿੰਘ, ਬੂਟਾ ਸਿੰਘ, ਸਰੂਪ ਸਿੰਘ, ਸਤਨਾਮ ਸਿੰਘ, ਨਛੱਤਰ ਸਿੰਘ, ਗੋਰਾ ਸਿੰਘ ਰਾਜਾ ਸਿੰਘ, ਪ੍ਰਦੀਪ ਸਿੰਘ, ਹਰਦੇਵ ਸਿੰਘ, ਗੁਰਪਰੀਤ ਸਿੰਘ, ਬੇਅੰਤ ਸਿੰਘ, ਸਰਵਿੰਦਰ, ਗੁਰਜੰਟ ਸਿੰਘ, ਲੱਖੀ ਸਿੰਘ, ਜੱੱਸਾ ਸਿੰਘ ਅਤੇ ਹਰਬੰਸ ਹਾਜਰ ਸਨ।

ਸੀਟੂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ਼ ਪ੍ਰਦਰਸ਼ਨ ਜਾਰੀ 

5 ਸਤੰਬਰ ਨੂੰ ਵੱਡੀ ਪੱਧਰ ਤੇ ਪਿੰਡਾ ਵਿੱਚ ਹੋਣਗੇ ਰੋਸ਼ ਵਿਖਾਵੇ-ਕਾਮਰੇਡ ਜਤਿੰਦਰਪਾਲ  

ਰਾਏਕੋਟ/ਲੁਧਿਆਣਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ) - ਕੇਂਦਰ ਦੀਆਂ ਲੋਕ ਮਾਰੂ ਨੀਤੀਆ ਖਿਲਾਫ 5 ਸਤੰਬਰ ਤੱਕ ਸੀਟੂ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਪਿੰਡਾਂ ਵਿੱਚ ਕੀਤੇ ਜਾਣ ਵਾਲੇ ਪੈਦਲ ਰੋਸ਼ ਪ੍ਰਦਰਸ਼ਨ ਦੀ ਸੁ਼ਰੂਆਤ ਸੀਟੂ ਦੇ ਕੇਂਦਰੀ ਕਮੇਟੀ ਆਗੂ ਕਾਮਰੇਡ ਜਤਿੰਦਰਪਾਲ ਸਿੰਘ ਬੱਸੀਆਂ ਅਤੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਦੀ ਅਗਵਾਈ ਵਿੱਚ ਕੀਤੀ ਗਈ ਸੀ,ਪੈਦਲ ਰੋਸ਼ ਪ੍ਰਦਰਸ਼ਨ ਨੂੰ ਅੱਜ ਪਿੰਡ ਲੋਹਟਬੱਦੀ ਵਿਖੇ ਸਮਾਪਤ ਕੀਤੀ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਟੂ ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਕਿਰਤੀਆਂ ਦੇ ਹੱਕਾਂ ਤੇ ਡਾਕੇ, ਖੇਤੀ ਨੂੰ ਬਰਬਾਦ ਕਰਨ, ਲੋਕ ਵਿਰੋਧੀ ਆਰਥਿਕ ਅਤੇ ਸਨਅਤੀ ਨੀਤੀਆਂ ਸਮੇਤ ਜਰੂਰੀ ਹੱਕਾਂ ਨੂੰ ਖਤਮ ਕਰਨ ਤੇ ਤੁਲੀਆ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਸੀਟੂ ਨਾਲ ਸਬੰਧਤ ਜੱਥੇਬੰਦੀਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ ਹੈ, ਪੈਦਲ ਮਾਰਚ ਵਿੱਚ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਜੋ਼ਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਇਸ ਪੈਦਲ ਰੋਸ ਮਾਰਚ ਵਿੱਚ ਸੀਟੂ ਨਾਲ ਸਬੰਧਤ ਸਾਰੀਆਂ ਯੂਨੀਅਨਾਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਹੋਰਨਾਂ ਤੋ ਇਲਾਵਾ ਸੀਟੂ ਆਗੂ ਪ੍ਰਕਾਸ਼ ਸਿੰਘ ਬਰਮੀ, ਪ੍ਰਕਾਸ਼ ਸਿੰਘ ਹਿੱਸੋਵਾਲ, ਰਾਜਜਸਵੰਤ ਸਿੰਘ ਜੋਗਾ, ਪ੍ਰਿਤਪਾਲ ਸਿੰਘ ਬਿੱਟਾ, ਜਰਨੈਲ ਸਿੰਘ ਹਲਵਾਰਾ, ਬਹਾਦਰ ਸਿੰਘ ਨੂਰਪੁਰਾ, ਕਰਮਜੀਤ ਸਿੰਘ ਸਨੀ, ਸਤਵਿੰਦਰ ਮਾੜਾ, ਅੰਗਰੇਜ ਸਿੰਘ, ਕਰਨੈਲ ਸਿੰਘ, ਕਰਮਚੰਦ, ਗੁਰਦੀਪ ਸਿੰਘ ਬੁਰਜ ਹਕੀਮਾਂ, ਨਿਰਮਲ ਸਿੰਘ, ਸਰੂਪ ਸਿੰਘ ਭੋਲਾ, ਜੀਤਾ ਪੰਚ ਜੌਹਲਾ ਆਦਿ ਹਾਜਰ ਸਨ।

ਪਿੰਡ ਹਮੀਦੀ ਵਿਖੇ 27 ਸਾਲ ਪਹਿਲਾਂ 25 ਬਿਸਤਰਿਆਂ ਦਾ ਹਸਪਤਾਲ ਬਣਾਉਣ ਲਈ ਰੱਖਿਆ ਨੀਂਹ ਪੱਥਰ ਉਸਾਰੀ ਦੀ ਉਡੀਕ ਵਿੱਚ ਸਰਕਾਰ ਦੇ ਆਗੂਆਂ ਤੇ ਅਧਿਕਾਰੀਆਂ ਨੂੰ ਮੂੰਹ ਚੜ੍ਹਾ ਰਿਹਾ ਹੈ 

ਹਸਪਤਾਲ ਦੀ ਉਸਾਰੀ ਲਈ ਜ਼ਮੀਨ ਦਾਨ ਕਰਨ ਵਾਲੇ ਪਰਿਵਾਰ ਕਿਹਾ ਕੇ ਸਰਕਾਰ ਜਾਂ ਮਹਿਕਮੇ ਵੱਲੋਂ ਸਾਨੂੰ ਕੋਈ ਵੀ ਚਿੱਠੀ ਪੱਤਰ ਨਹੀਂ ਜਾਰੀ ਹੋਇਆ

ਮੈਂ ਇਸ ਬਾਰੇ ਦੇਖਦਾ ਹਾਂ.ਸਿਵਲ ਸਰਜਨ ਬਰਨਾਲਾ ਗੁਰਵਿੰਦਰਵੀਰ ਸਿੰਘ 

ਪਿੰਡ ਵਾਸੀਆਂ ਨੇ ਸਰਕਾਰ ਤੇ ਮਹਿਕਮੇ ਪਾਸੋਂ ਮੰਗ ਕੀਤੀ 27 ਬਿਸਤਰਿਆਂ ਵਾਲੇ ਹਸਪਤਾਲ ਨੂੰ ਬਣਾਉਣ ਲਈ ਅਮਲੀ ਜਾਮਾ ਪਹਿਨਾਇਆ ਜਾਵੇ                

 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)ਪੰਜਾਬ ਵਿੱਚ ਪਿਛਲੇ ਸਮੇਂ ਤੋਂ ਬਣਦੀਆਂ ਆ ਰਹੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਵੱਲੋਂ ਪਿੰਡਾਂ ਅੰਦਰ ਕਈ ਕਈ ਸਾਲਾਂ ਤੋਂ ਵਿਕਾਸ ਕਾਰਜਾ.ਸਿਹਤ ਸਹੂਲਤਾਂ ਅਤੇ ਨਵੀਆਂ ਸੜਕਾਂ ਬਣਾਉਣ ਦੇ ਨਾਂ ਤੇ ਸਰਕਾਰਾਂ ਆਗੂਆਂ ਅਤੇ ਅਧਿਕਾਰੀਆਂ ਵੱਲੋਂ ਪਿੰਡਾਂ ਅੰਦਰ ਰੱਖੇ ਨੀਂਹ ਪੱਥਰ ਅੱਜ ਵੀ  ਸਰਕਾਰਾਂ ਦਾ ਮੂੰਹ ਚੜਾ ਰਹੇ ਹਨ ਅਜਿਹੀ ਮਿਸਾਲ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਅੱਜ ਤੋਂ 27 ਸਾਲ ਪਹਿਲਾਂ 25 ਬਿਸਤਰਾਂ ਦਾ ਹਸਪਤਾਲ ਬਣਾਉਣ ਲਈ ਰੱਖੇ ਨੀਂਹ ਪੱਥਰ ਤੋਂ ਮਿਲਦੀ ਹੈ ਇਸ ਪਿੰਡ ਅੰਦਰ ਪਿਛਲੇ ਸਮੇਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸੰਨ 1993 ਵਿੱਚ ਉਸ ਸਮੇਂ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨਿਰਮਲਜੀਤ ਸਿੰਘ ਕਲਸੀ ਨੇ ਭਰਪੂਰ ਸਿੰਘ ਰਾਣੂ ਚੈਰੀਟੇਬਲ 25 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਅੱਜ 27 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਕਿਸੇ ਵੀ ਆਗੂ ਜਾਂ  ਅਧਿਕਾਰੀ ਨੇ 25 ਬਿਸਤਰਾਂ ਵਾਲਾ ਹਸਪਤਾਲ ਬਣਾਉਣ ਲਈ ਕੋਈ ਧਿਆਨ ਨਹੀਂ ਦਿੱਤਾ ਇਸ ਹਸਪਤਾਲ ਦੀ ਉਸਾਰੀ ਲਈ ਪਿੰਡ ਦੇ ਕਿਸਾਨ ਸਵਰਗਵਾਸੀ ਕਿਸਾਨ ਭਰਪੂਰ ਸਿੰਘ ਰਾਣੂ ਵੱਲੋਂ ਠੁੱਲੀਵਾਲ ਰੋਡ ਪਿੰਡ ਹਮੀਦੀ ਵਿਖੇ ਆਪਣੇ ਵੱਲੋਂ ਡੇਢ ਏਕੜ ਜ਼ਮੀਨ ਸਿਹਤ ਵਿਭਾਗ ਦੇ ਨਾਂ ਉਪਰ ਰਜਿਸਟਰੀ ਕਰਵਾ ਕੇ ਦਾਨ ਵਜੋਂ ਦਿੱਤੀ ਹੋਈ ਹੈ ਇਸ ਮੌਕੇ ਸਵਰਗਵਾਸੀ ਭਰਪੂਰ ਸਿੰਘ ਰਾਣੂ ਦੇ ਪਰਿਵਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਅੱਜ ਤਾਂ 27ਸਾਲ ਪਹਿਲਾਂ ਸਿਹਤ ਵਿਭਾਗ ਦੇ ਨਾਂ ਤੇ ਡੇਢ ਏਕੜ ਜ਼ਮੀਨਾਂ ਵਿੱਚ ਪੱਚੀ ਬਿਸਤਰਾਂ ਦਾ ਹਸਪਤਾਲ ਬਣਾਉਣ ਲਈ ਜ਼ਮੀਨ ਦੀ ਰਜਿਸਟਰੀ ਵੀ ਕਰਵਾ ਚੁੱਕੇ ਹਾਂ ਪਰ ਪੰਜਾਬ ਸਰਕਾਰ ਜਾਂ ਮਹਿਕਮੇ ਵੱਲੋਂ ਇਸ ਹਸਪਤਾਲ ਨੂੰ ਬਣਾਉਣ ਸਬੰਧੀ ਸਾਨੂੰ ਅੱਜ ਤੱਕ ਕੋਈ ਚਿੱਠੀ ਪੱਤਰ ਵੀ ਜਾਰੀ ਨਹੀਂ ਕੀਤਾ ਗਿਆ ਜਦੋਂ ਇਸ ਸਬੰਧੀ ਸਿਵਲ ਸਰਜਨ ਬਰਨਾਲਾ ਗੁਰਵਿੰਦਰਬੀਰ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਮੈ ਇਸ ਬਾਰੇ ਦੇਖਾਗਾ ਇਸ ਮੌਕੇ ਸਰਪੰਚ ਜਸਪ੍ਰੀਤ ਕੌਰ ਮਾਂਗਟ ਪੰਚ ਜਸਵਿੰਦਰ ਸਿੰਘ ਮਾਂਗਟ ਪੰਚ ਅਮਰ ਸਿੰਘ ਚੋਪੜਾ ਡਾ ਅਜਮੇਰ ਸਿੰਘ ਯਾਦਗਾਰੀ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਵਿੱਕੀ ਖਜ਼ਾਨਚੀ ਇਹ ਏਕਮ ਸਿੰਘ ਦਿਓਲ ਪ੍ਰੈੱਸ ਸਕੱਤਰ ਹਰਸੇਵ ਸਿੰਘ ਬੱਲੂ ਨੰਬਰਦਾਰ ਜਸਵੀਰ ਸਿੰਘ ਹਮੀਦੀ ਸਾਬਕਾ ਸਰਪੰਚ ਸੁਦਾਗਰ ਸਿੰਘ ਬਲਵੰਤ ਰਾੲੇ ਸਰਮਾ ਸਾਬਕਾ ਸਰਪੰਚ ਜਗਰੂਪ ਸਿੰਘ ਰਾਣੂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਦਿਓਲ ਆਦਿ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਪਾਸੋਂ ਮੰਗ ਕੀਤੀ ਪਿੰਡ ਹਮੀਦੀ ਵਿਖੇ 25 ਬਿਸਤਰਿਆ ਵਾਲੇ ਹਸਪਤਾਲ ਨੂੰ ਬਣਾਉਣ ਲਈ ਅਮਲੀ ਜਾਮਾ ਪਹਿਨਾਇਆ ਜਾਵੇ ਕਿਉਂਕਿ ਇੱਥੇ ਹਸਪਤਾਲ ਬਣਨ ਨਾਲ ਪਿੰਡ ਠੁੱਲੀਵਾਲ ਮਾਂਗੇਵਾਲ ਮਨਾਲ ਗੁਰਮ ਗੁੰਮਟੀ ਹਮੀਦੀ ਵਜੀਦਕੇ ਕਲਾਂ ਵਜੀਦਕੇ ਖ਼ੁਰਦ ਠੁੱਲ੍ਹੇਵਾਲ ਨੰਗਲ ਕਰਮਗੜ੍ਹ ਅਤੇ ਅਮਲਾ ਸਿੰਘ ਵਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣ ਦਾ ਵੱਡਾ ਲਾਭ ਹੋਵੇਗਾ

ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਆਰਡੀਨੈਸਾਂ ਖਿਲਾਫ ਫੈਸਲਾ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ। ਅਸੋਕ ਅੱਗਰਵਾਲ 

ਮਹਿਲ ਕਲਾ /ਬਰਨਾਲਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਇਜਲਾਸ ਅੰਦਰ ਕਾਂਗਰਸ ਪਾਰਟੀ ਵਿਧਾਇਕਾਂ ਦੀ ਸਰਬਸੰਮਤੀ ਨਾਲ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀਬਾੜੀ ਆਰਡੀਨੈਸਾਂ ਨੂੰ ਵਿਧਾਨ ਸਭਾ ਇਜਲਾਸ ਦੌਰਾਨ ਰੱਦ ਕਰਕੇ ਇਕ ਇਤਿਹਾਸਕ ਅਤੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਕਿਉਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਅਧੀਨ ਭਾਜਪਾ ਦੇ ਲੋਕ ਸਭਾ ਤੇ ਰਾਜ ਸਭਾ ਮੈਬਰਾਂ ਦੀ ਬਹੁਗਿਣਤੀ ਦੇ ਨਾਲ ਮਤਾ ਪੇਸ਼ ਕਰਕੇ ਤਿੰਨ ਖੇਤੀਬਾੜੀ ਆਰਡੀਨੈਸਾਂ ਨੂੰ ਪਾਸ ਕਰ ਦਿੱਤਾ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਸੀਨੀਅਰ ਆਗੂ ਅਸ਼ੋਕ ਕੁਮਾਰ ਅੱਗਰਵਾਲ ਤੱਪੇ ਵਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ ਹੈ।ਯੂਥ ਆਗੂ ਅੱਗਰਵਾਲ ਨੇ ਕਿਹਾ ਹੈ ਕਿ ਪਾਣੀਆਂ ਦੇ ਰਾਖੇ ਪੰਜਾਬ ਦੇ ਸਪੂਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਿਸਾਨ ਹਿਮੈਸੀ ਕਹਾਉਦੇ ਹਨ।ੳਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ-ਮਜਦੂਰਾਂ ਤੇ ਆੜਤੀਆਂ ਦੇ ਮਨਾਂ ਅੰਦਰ ਇੱਕ ਆਸ ਦੀ ਕਿਰਨ ਪੈਦਾ ਹੋ ਗਈ ਹੈ। ਇਨ੍ਹਾਂ ਆਰਡੀਨੈਸਾਂ ਦੇ ਲਾਗੂ ਹੋਣ ਨਾਲ ਗਰੀਬ ਕਿਸਾਨਾ ਮਜ਼ਦੂਰਾਂ ਅਤੇ ਫਸਲਾ ਦੀ ਖਰੀਦੋ ਖਰੀਦ ਕਰਾਉਣ ਵਾਲੇ ਕਮਿਸ਼ਨ ਏਜੰਟਾਂ ਦੇ ਹਿੱਤ ਸੁਰੱਖਿਆਤ ਨਹੀ ਰਹਿ ਸਕਦੇ। ਇਸ ਸਮੇ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਤਿੰਨ ਖੇਤੀਬਾੜੀ ਆਰਡੀਨੈਸ ਲਾਗੂ ਕਰਨੀ ਚਾਹੁੰਦੀ  ਹੈ ਪ੍ਰੰਤੂ ਪੰਜਾਬ ਦੇ ਕਿਸਾਨ ਮਜ਼ਦੂਰ ਲੋਕ ਅਤੇ ਜੱਥੇਬੰਦੀਆਂ ਇੰਨਾਂ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਆਪਣੇ ਹੱਕ ਲੈਕੇ ਹੀ ਰਹਿਣਗੇ।

ਕਾਂਗਰਸ ਨੂੰ ਵੱਡਾ ਝਟਕਾ ਪਿੰਡ ਨਰੈਣਗੜ੍ਹ ਸੋਹੀਆਂ ਤੋਂ ਪੰਜ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ

ਮਹਿਲ ਕਲਾਂ/ ਬਰਨਾਲਾ- ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਅੱਜ ਹਲਕਾ ਮਹਿਲ ਕਲਾਂ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕੀਤੂ ਅਤੇ ਹਲਕਾ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਹੀ ਵਿੱਚ ਕਾਂਗਰਸ ਦੇ ਪੰਜ ਵਿਅਕਤੀ ਆਪਣੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸੰਤ ਬਲਵੀਰ ਸਿੰਘ ਘੁੰਨਸ ਅਤੇ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਕਾਂਗਰਸ ਪਾਰਟੀ ਛੱਡ ਕੇ ਆਏ ਵਰਕਰਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ-ਮੋਟੀ ਗੱਲ ਨਹੀਂ ਕਿ ਚੱਲਦੀ ਸਰਕਾਰ ਨੂੰ ਛੱਡ ਕੇ ਦੂਜੀ ਸਰਕਾਰ ਵਿੱਚ ਜਾਣਾ ਇਹ ਅਸੀਂ ਹੀ ਸਮਝ ਸਕਦੇ ਹਾਂ ਉਨ੍ਹਾਂ ਕਿਹਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹ ਪਿੰਡਾਂ ਦੇ ਵਿੱਚ ਸੰਗਤ ਦਰਸ਼ਨ ਕਰਦੇ ਸਨ ਅੱਜ ਪਰਿਵਾਰਾਂ ਨੂੰ ਪਤਾ ਲੱਗਦਾ ਹੈ ਕਿ ਸਰਪੰਚਾਂ ਵਾਂਗ ਪਿੰਡਾਂ ਵਿੱਚ ਘੁੰਮਣ ਵਾਲਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਸੀ। 

ਐਨਆਰਆਈ ਅਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ ਚੋਂ ਬਾਹਰ ਹੀ ਨਹੀਂ ਨਿਕਲਦਾ ਅਤੇ ਕਿੱਥੇ ਸ਼੍ਰੋਮਣੀ ਅਕਾਲੀ ਦਲ ਧਰਮ ਯੁੱਧ ਨਿਕਲੇ ਹੋਏ ਮੋਰਚਿਆਂ ਚੋਂ ਨਿਕਲੀ ਹੋਈ ਪਾਰਟੀ ਹੈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਕਰੋੜਾਂ ਰੁਪਏ ਬਾਹਰਲੇ ਦੇਸ਼ਾਂ ਚੋਂ ਫ਼ੰਡ ਮੰਗਵਾਇਆ ਜਿਸ ਦਾ ਕੋਈ ਹਿਸਾਬ ਨਹੀਂ ਦਿੱਤਾ।ਮੈਂ ਕੋਰਟ ਵਿੱਚ ਕੇਸ ਕਰਨ ਲੱਗਾ ਹਾਂ ਹਿਸਾਬ ਲੈਕੇ ਦੀ ਜਨਤਾ ਦੇ ਸਾਹਮਣੇ ਰੱਖਾਂਗਾ  

ਆਈ.ਟੀ.ਵਿੰਗ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਅਤੇ ਚਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚਾਰ ਸਾਲਾਂ ਵਿਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਨਾ ਤਾਂ ਕੋਈ ਕੰਮ ਹੀ ਕੀਤਾ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਜਿਵੇਂ ਕਿ ਗ਼ਰੀਬਾਂ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਸਨ। ਉਹ ਵੀ ਬੰਦ ਕਰਵਾ ਦਿੱਤੀਆਂ ਨੇ ਉਨ੍ਹਾਂ ਕਿਹਾ ਕਿ ਅਸਲ ਪਰਖ ਤਾਂ ਲੌਕਡਾਉਨ ਅਤੇ ਕਰੋਨਾ ਮਹਾਂਮਾਰੀ ਦੇ ਫੈਲਣ ਵੇਲੇ ਹੋਈ ਹੈ। ਜੋ ਸੈਂਟਰ ਸਰਕਾਰ ਨੇ ਗਰੀਬ ਮਜ਼ਦੂਰਾਂ ਨੂੰ ਆਟਾ ਦਾਲ ਸਕੀਮਾਂ ਭੇਜੀਆਂ ਸਨ। ਉਹ ਕਾਂਗਰਸ ਨੇ ਆਪਣੇ ਹੀ ਚਹੇਤਿਆਂ ਨੂੰ ਵੰਡ ਦਿੱਤੀਆਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਗਾਗੇਵਾਲ ਨੇ ਆਪਣੇ ਹਲਕੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮਹਿਲ ਕਲਾਂ ਹਲਕੇ ਦੇ ਵਰਕਰ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤ ਬਣਾ ਰਹੇ ਨੇ ਚੋਣਾਂ ਤੋਂ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਵਰਕਰ ਦੇਖ ਕੇ ਪਾਰਟੀ ਦੀ ਇਕ ਵੱਡੀ ਮਜਬੂਤੀ ਹੈ।ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲੇ ਗੁਰਤੇਜ ਸਿੰਘ ਕਲੱਬ ਪ੍ਰਧਾਨ ਯੁਵਕ ਸੇਵਾਵਾਂ, ਅਸਰੂ ਸਿੰਘ, ਜਗਜੀਤ ਸਿੰਘ ,ਲਸ਼ਮਣ ਸਿੰਘ, ਗੁਰਪਾਲ ਸਿੰਘ, ਪਾਰਟੀ ਵਿੱਚ ਸ਼ਾਮਿਲ ਹੋਏ।ਇਸ ਮੌਕੇ ਗੁਰਮੇਲ ਸਿੰਘ ਆੜ੍ਹਤੀਆ ਦੀਵਾਨਾ, ਡਾ ਗੁਰਮੀਤ ਸਿੰਘ ਸਾਬਕਾ ਮੈਂਬਰ ਮਾਰਕੀਟ ਕਮੇਟੀ, ਸਾਬਕਾ ਸਰਪੰਚ ਗੁਰਮੀਤ ਸਿੰਘ ਜੋਧਪੁਰੀਆ, ਨਾਹਰ ਸਿੰਘ ,ਬਰਿੰਦਰ ਸਿੰਘ ਪ੍ਰਧਾਨ ਯੂਥ ਇਕਾਈ ਦੀਵਾਨਾ, ਨਿਰਭੈ ਸਿੰਘ ਦੀਵਾਨਾ ,ਹਰਵਿੰਦਰ ਸਿੰਘ ਦੀਵਾਨਾ, ਅਨੰਦ ਭੋਤਨਾ, ਸਾਬੂ ਭੋਤਨਾ, ਲੱਭਾ ਭੋਤਨਾ, ਅਮਨ ਭੋਤਨਾ, ਸਾਬਕਾ ਸਰਪੰਚ ਮੋਹਨ ਸਿੰਘ ਸੋਹੀ, ਸੀਨੀਅਰ ਅਕਾਲੀ ਆਗੂ ਜੀਤ ਸਿੰਘ ਸੋਹੀ, ਬਖਤੌਰ ਸਿੰਘ, ਕ੍ਰਿਸ਼ਨ ਸਿੰਘ, ਲੈਂਬਰ ਸਿੰਘ, ਬੱਗਾ ਸਿੰਘ, ਪਾਰਾ ਸਿੰਘ,ਸਾਬਕਾ ਸਰਪੰਚ ਪਰਵਿੰਦਰ ਸਿੰਘ, ਪ੍ਰਧਾਨ ਮਲਕੀਤ ਸਿੰਘ ਬਿੱਲੂ, ਸਿੰਘ ਕੁਲਵੰਤ ਸਿੰਘ ਡੇਅਰੀ ਵਾਲਾ ਆਦਿ ਹਾਜਰ ਸਨ।

ਲੋਪੋ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ,150ਪਰਿਵਾਰ ਕਾਂਗਰਸ ਵਿੱਚ ਸ਼ਾਮਲ

ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਕਾਰਨ ਲੋਕਾਂ ਦਾ ਵਿਸਵਾਸ ਕਾਂਗਰਸ ਵਿੱਚ ਬੱਝਿਆ-ਬੀਬੀ ਜਗਦਰਸ਼ਨ ਕੌਰ/ਪੱਪੀ ਰਾਊਕੇ/ਮੀਤਾ ਰਣੀਆ

ਬੱਧਨੀ ਕਲਾਂ/ਅਜੀਤਵਾਲ 2ਸਤੰਬਰ-(ਨਛੱਤਰ ਸੰਧੂ)-ਅੱਜ ਪਿੰਡ ਲੋਪੋਂ ਵਿਖੇ ਟਕਸਾਲੀ ਕਾਂਗਰਸੀ ਆਗੂਆਂ ਜੁਗਰਾਜ ਸਿੰਘ ਇਕਾਈ ਪ੍ਰਧਾਨ ਇੰਦਰਜੀਤ ਸਿੰਘ ਪੰਚ ਜਸਪਾਲ ਸਿੰਘ ਜੱਸਾ ਗੁਰਤੇਜ ਸਿੰਘ ਪੰਚ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਦਾ ਭਾਰੀ ਉਤਸ਼ਾਹ ਭਰਪੂਰ ਇਕੱਠ ਹੋਇਆ,ਜਿਸ ਵਿੱਚ ਮੀਤ ਪ੍ਰਧਾਨ ਕਾਂਗਰਸ ਮੋਗਾ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ,ਮੀਤ ਪ੍ਰਧਾਨ ਕਾਂਗਰਸ ਮੋਗਾ ਸੁਰਜੀਤ ਸਿੰਘ ਮੀਤਾ ਰਣੀਆ ਤੇ ਵੋਮੈਨ ਚਾਈਲਡ ਕਮਿਸ਼ਨ ਮੈਂਬਰ ਪੰਜਾਬ ਬੀਬੀ ਜਗਦਰਸ਼ਨ ਕੌਰ,ਯੂਥ ਕਾਂਗਰਸ ਪੰਜਾਬ ਜਰਨਲ ਸਕੱਤਰ ਪਰਮਿੰਦਰ ਸਿੰਘ ਡਿੰਪਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪਿੰਡ ਲੋਪੋ ਦੇ ਕਰੀਬ 150 ਪ੍ਰੀਵਾਰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ,ਪਰਮਿੰਦਰ ਸਿੰਘ ਡਿੰਪਲ ਅਤੇ ਬੀਬੀ ਜਗਦਰਸ਼ਨ ਕੌਰ ਨੇ ਸ਼ਾਮਲ ਹੋਏ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।ਇਸ ਸਮੇਂਂ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ ਨੇ ਬੀਬੀ ਜਗਦਰਸ਼ਨ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਟਕਸਾਲੀ ਕਾਂਗਰਸੀ ਆਗੂਆਂ ਦੀ ਬਾਂਹ ਫੜਨ ਲਈ ਕਾਂਗਰਸ ਹਾਈਕਮਾਂਡ ਵੱਲੋਂ ਥਾਪੜਾ ਲੈ ਕੇ ਮੁੱਖ ਸੇਵਾਦਾਰ ਬਣ ਕੇ ਲੋਕਾਂ ਵਿੱਚ ਵਿਚਰਨ ਲੱਗੇ ਹਨ ਹੁਣ ਉਹ ਦਿਨ ਦੂਰ ਨਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ।ਪੱਪੀ ਰਾਊਕੇ ਨੇ ਕਿਹਾ ਕਿ ਹਲਕੇ ਦੇ ਹੋਰ ਪਿੰਡਾਂ ਦੇ ਲੋਕ ਵੀ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਸ਼ਾਮਲ ਹੋਣ ਲਈ ਉਤਾਵਲੇ ਬੈਠੇ ਹਨ ਅਤੇ ਇਸ ਲੜੀ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਲੋਪ,ਆਤਮਾ ਸਿੰਘ ਲੋਪੋ,ਗੁਰਤੇਜ ਸਿੰਘ ਪੰਚ,ਜਸਪਾਲ ਸਿੰਘ ਜੱਸੀ,ਚਮਕੌਰ ਸਿੰਘ ਪੱਤੋ,ਰਾਮ ਸਿੰਘ ਲੋਪੋ,ਗੀਤਾ ਰਣੀਆ,ਪ੍ਰਧਾਨ ਕਿੱਕਰ ਬੱਧਨੀ ਕਲਾਂ,ਇੰਦਰਜੀਤ ਸਿੰਘ ਪੰਚ ਲੋਪੋ ਤੇ ਕਾਂਗਰਸੀ ਵਰਕਰ ਹਾਜ਼ਰ ਸਨ।

ਮਾਤਾ ਅੰਗਰੇਜ਼ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ 

ਮਾਂ ਦੇ ਪਿਆਰ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ।

ਮਹਿਲ ਕਲਾਂ/ ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਮਰਹੂਮ ਮਾਤਾ ਅੰਗਰੇਜ਼ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਲਮਸਰ ਕੋਠੇ ਪਿੰਡ ਮੌੜ (ਨਾਭਾ) ਬਰਨਾਲਾ ਵਿਖੇ ਹੋਇਆ ਇਸ ਮੌਕੇ ਵੱਖ ਵੱਖ ਰਾਜਨੀਤਿਕ ਧਾਰਮਿਕ  ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸਵ: ਮਾਤਾ ਅੰਗਰੇਜ਼ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਰਾਗੀ ਮੇਵਾ ਸਿੰਘ ਰਾਏਸਰ ਨੇ ਕੀਰਤਨੀ ਜਥੇ ਵੱਲੋਂ ਵਿਰਾਗ ਮਈ ਕੀਰਤਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਿੱਖ ਪ੍ਰਚਾਰਕ ਭਾਈ ਰਾਜਵਿੰਦਰ ਸਿੰਘ ਟਿੱਬਾ ਮੰਗਤ ਸਿੰਘ ਸਿੱਧੂ ਲੇਖਕ ਹਰਪਾਲ ਸਿੰਘ ਪਾਲੀ ਵਜੀਦਕੇ ਨੇ ਕਿਹਾ ਕਿ ਮਾਂ ਦਾ ਰੁਤਬਾ ਰੱਬ ਦੇ ਬਰਾਬਰ ਹੈ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ ਕਿਹਾ ਕਿ ਅੱਜ ਦਾ ਸਮਾਂ ਭਿਆਨਕ ਹੈ ਬਜ਼ੁਰਗਾਂ ਨੂੰ ਬੁਢਾਪੇ ਚ ਰੁਲਣਾ ਪੈ ਰਿਹਾ ਹੈ ਅੱਜ ਲੋੜ ਹੈ ਕਿ ਮੌੜ ਪਰਿਵਾਰ ਵਾਂਗ ਬਜ਼ੁਰਗਾਂ ਦੀ ਸੇਵਾ ਕਰੀਏ ਮਾਂ ਬਾਪ ਦੇ ਅਸ਼ੀਰਵਾਦ ਨਾਲ ਮਨੁੱਖ ਹਰ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਪੰਚ ਹਾਕਮ ਸਿੰਘ, ਹਰਦੇਵ ਸਿੰਘ ਮੌੜ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਸਰਦਾਰ ਗੁਰਮੇਲ ਮੌੜ ਨੇ ਸ਼ਰਧਾਂਜਲੀ ਸਮਾਗਮ ਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਕੌਰ ਖੁੱਡੀ, ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਸਤਨਾਮ ਸਿੰਘ ਰਾਹੀ, ਸਰਪੰਚ ਜਸਵਿੰਦਰ ਸਿੰਘ ਮਾਂਗਟ ਹਮੀਦੀ, ਸੰਮਤੀ ਮੈਂਬਰ ਨਰੰਜਣ ਸਿੰਘ ਚੀਮਾ, ਪਰਵਿੰਦਰ ਸਿੰਘ ਸੰਮੀ ਠੁੱਲੀਵਾਲ, ਨਰਿੰਦਰ ਸ਼ਰਮਾ, ਮਨਜੀਤ ਸਿੰਘ ਸੀਆਈਡੀ, ਬਲਦੇਵ ਸਿੰਘ, ਸਰਪੰਚ ਅਮਰਜੀਤ ਸਿੰਘ, ਆਦਿ ਹਾਜ਼ਰ ਸਨ।ਇਸ ਮੌਕੇ ਸਟੇਜ ਸੰਚਾਲਕ ਕਥਾਵਾਚਕ ਜਗਸੀਰ ਸਿੰਘ ਮਹਿਲ ਕਲਾਂ ਨੇ ਕਾਂਗਰਸ ਆਈ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਗਰ ਕੌਂਸਲ ਦੇ ਪ੍ਰਧਾਨ ਮੱਖਣ ਸ਼ਰਮਾ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਮਹਿਲ ਕਲਾਂ ਗੁਣਤਾਜ ਪ੍ਰੈੱਸ ਕਲੱਬ ਆਜ਼ਾਦ ਕਲਾ ਪ੍ਰੈੱਸ ਕਲੱਬ ਮਹਿਲ ਕਲਾਂ ਬਾਬਾ ਕਾਲਾ ਮਾਹਰ ਮੋਟਰਸਾਈਕਲ ਯੂਨੀਅਨ ਫਤਹਿ ਪ੍ਰੈੱਸ ਕਲੱਬ ਸ਼ੇਰਪੁਰ ਵੱਲੋਂ ਆਏ ਪੰਜਾਬ ਦੇ ਕੋਨੇ ਕੋਨੇ ਚੋਂ ਆਏ ਮਿੱਤਰ ਪਿਆਰਿਆਂ ਨੇ ਗੁਰਮੇਲ ਸਿੰਘ ਮੌੜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪਿੰਡ ਬੀਹਲਾ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਲੱਗੇ ਹੋਏ ਜਿੰਦਰੇ ਕਦੋਂ ਖੁੱਲ੍ਹਣਗੇ ਪਿੰਡ ਵਾਸੀਆਂ ਨੇ ਕੀਤੀ ਮੰਗ। 

ਮਹਿਲ ਕਲਾਂ- ਬਰਨਾਲਾ -ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਸ਼ਹੀਦ ਨਾਇਕ ਕੁਲਦੀਪ ਸਿੰਘ ਦੇ ਨਾਂ ਉੱਪਰ ਚੱਲਦਾ ਆ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਖ਼ੁਰਦ ਚ ਬੱਚਿਆਂ ਦੀ ਘਾਟ ਕਾਰਨ ਮਹਿਕਮੇ ਵੱਲੋਂ ਜਿੰਦਰਾ ਲਗਾ ਕੇ ਸਕੂਲ ਨੂੰ ਪਿਛਲੇ ਲੰਬੇ ਸਮੇਂ ਤੋਂ ਬੰਦ ਕੀਤੇ ਜਾਣ ਕਾਰਨ ਬੱਚਿਆਂ ਨੂੰ ਬਾਹਰਲੇ ਸਕੂਲਾਂ ਵਿੱਚ ਪੜ੍ਹਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਰੋਸ ਸਕੂਲ ਨੂੰ ਮੁੜ ਚਾਲੂ ਕਰਨ ਦੀ ਕੀਤੀ ਮੰਗ ਘੱਟੋ ਘੱਟ 25 ਬੱਚਿਆਂ ਦੇ ਦਾਖਲ ਹੋਣ ਤੇ ਹੀ ਸਕੂਲ ਖੋਲ੍ਹਿਆ ਜਾ ਸਕਦਾ.ਡੀ.ਈ.ਓ ਮਨਿੰਦਰ ਕੌਰ ਲਾਸ ਨਾਇਕ ਸ਼ਹੀਦ ਕੁਲਦੀਪ ਸਿੰਘ ਦੇ ਨਾਮ ਉੱਪਰ ਚੱਲਦੇ ਆ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਪਿਛਲੇ ਚਾਰ ਸਾਲਾਂ ਦੇ ਲੰਬੇ ਸਮੇਂ ਤੋਂ ਸਕੂਲ ਅੰਦਰ ਬੱਚਿਆਂ ਦੀ ਗਿਣਤੀ ਘੱਟ ਹੋਣ ਕਾਰਨ ਮਹਿਕਮੇ ਵੱਲੋਂ ਜਿੰਦਰਾ ਲਗਾ ਕੇ ਸਕੂਲ ਨੂੰ ਬੰਦ ਕੀਤੇ ਜਾਣ ਕਾਰਨ ਪਿੰਡ ਦੇ ਬੱਚਿਆਂ ਨੂੰ ਆਪਣੀ ਪ੍ਰਾਇਮਰੀ ਤੱਕ ਦੀ ਸਿੱਖਿਆ ਹਾਸਲ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚਾਨਣ ਵਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਵਿਖੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਇਸ ਮੌਕੇ ਲਾਸ ਨਾਇਕ ਸ਼ਹੀਦ ਕੁਲਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਬੀਹਲਾ ਖ਼ੁਰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਕੁਲਦੀਪ ਸਿੰਘ ਨੇ 2005 ਵਿਚ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਇਲਾਕੇ ਅੰਦਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਹੋਇਆ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸ਼ਹਾਦਤ ਦਾ ਜਾਮ ਪੀ ਕੇ ਕੁਰਬਾਨੀ ਦਿੱਤੀ ਸੀ ਪਰ ਪੰਜਾਬ ਸਰਕਾਰ ਵੱਲੋਂ ਸ਼ਹੀਦ ਨਾਇਕ ਕੁਲਦੀਪ ਸਿੰਘ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਖ਼ੁਰਦ ਦਾ ਨਾਂ ਸ਼ਹੀਦ ਦੇ ਨਾਂਅ ਉੱਪਰ ਰੱਖ ਕੇ ਮਾਨ ਸਤਿਕਾਰ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਕਿ ਕੁਰਬਾਨੀਆਂ ਵਾਲੇ ਸ਼ਹੀਦਾਂ ਦੇ ਨਾਂਅ ਉੱਪਰ ਬਣੇ ਸਰਕਾਰੀ ਸਕੂਲਾਂ ਨੂੰ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸ਼ਹੀਦ ਦੇ ਨਾਮ ਉੱਪਰ ਚੱਲਦੇ ਆ ਰਹੇ ਪ੍ਰਾਇਮਰੀ ਸਕੂਲ ਨੂੰ ਮੁੜ ਚਾਲੂ ਕਰਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਈ ਜਾਵੇ ਇਸ ਮੌਕੇ ਸਰਪੰਚ ਗੁਰਪ੍ਰੀਤ ਕੌਰ ਬੀਹਲਾ ਖੁਰਦ ਸੀਨੀਅਰ ਕਾਂਗਰਸੀ ਆਗੂ, ਲੱਖਾ ਸਿੰਘ ਬੀਹਲਾ ਸਮਾਜ ਸੇਵੀ, ਬਾਬਾ ਪ੍ਰੀਤਮ ਸਿੰਘ ਬੀਹਲਾ' ਪੰਚ ਜਸਵਿੰਦਰ ਸਿੰਘ, ਜਸਵੀਰ ਕੌਰ, ਭਾਗ ਸਿੰਘ ਤੂਰ, ਜਗਦੇਵ ਸਿੰਘ ਨੇ ਕਿਹਾ ਕਿ ਸ਼ਹੀਦ ਦੇ ਨਾਂ ਉੱਪਰ ਚੱਲਦੇ ਆ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘੱਟ ਕਾਰਨ ਮੈਕਰੋਨ ਵੱਲੋਂ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਕਿ ਸਕੂਲ ਦੇ ਬੰਦ ਹੋਣ ਕਰਕੇ ਲੋਕਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਬਾਹਰਲੇ ਸਕੂਲਾਂ ਵਿੱਚੋਂ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਆਉਣ ਜਾਣ ਸਮੇਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲਿਆਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਦੀ ਪੜ੍ਹਾਈ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਚਾਇਤ ਵੱਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਡਿਪਟੀ ਕਮਿਸ਼ਨਰ ਬਰਨਾਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਨੂੰ ਮਿਲਕੇ ਬੰਦ ਪਏ ਸਕੂਲ ਨੂੰ ਮੁੜ ਚਾਲੂ ਕਰਵਾਉਣ ਲਈ ਪੂਰੇ ਯਤਨ ਕੀਤੇ ਜਾਣਗੇ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬੰਦ ਪਏ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੀਹਲਾ ਖ਼ੁਰਦ ਨੂੰ ਮੁੜ ਚਾਲੂ ਕਰਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਵਾਈ ਜਾਵੇ ਉਧਰ ਦੂਜੇ ਪਾਸੇ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਸੰਪਰਕ ਕਰਨ ਤੇ ਕਿਹਾ ਕਿ 2013 ਤੋਂ ਇਸ ਸਕੂਲ ਵਿੱਚ ਬੱਚਿਆਂ ਦੀ ਲਗਾਤਾਰ ਘੱਟ ਰਹੀ ਗਿਣਤੀ ਅਤੇ ਸਕੂਲ ਅੰਦਰ ਬੱਚਿਆਂ ਵੱਲੋਂ ਦਾਖਲ ਨਾ ਹੋਣ  ਕਾਰਨ ਮਹਿਕਮੇ ਵੱਲੋਂ ਸਕੂਲ ਨੂੰ ਬੰਦ ਕਰਨਾ ਪਿਆ ਉਨ੍ਹਾਂ ਕਿਹਾ ਕਿ ਘੱਟੋ ਘੱਟ 25 ਬੱਚਿਆਂ ਵੱਲੋਂ ਦਾਖਲਾ ਲੈਣ ਤੇ ਹੀ ਸਕੂਲ ਖੋਲ੍ਹਿਆ ਜਾ ਸਕਦਾ ਹੈ।

ਭਾਈ ਢੱਡਰੀਆਂ ਵਾਲਿਆਂ ਨੂੰ ਮਿਲ ਕੇ ਸੰਗਤ ਨੇ ਕੀਤੀਆਂ ਵਿਚਾਰਾਂ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਹਰ ਪੱਖ ਤੋਂ ਸਾਥ ਦਿੱਤਾ ਜਾਵੇਗਾ-ਮਾਹਲ

ਮਹਿਲ ਕਲਾਂ /ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ) -ਮਹਿਲ ਕਲਾਂ ਦੀ ਸਿੱਖ ਸੰਗਤ ਵੱਲੋਂ ਪ੍ਰਮੇਸਰ ਦੁਆਰ ਵਿਖੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆ ਨੂੰ ਮਿਲ ਕੇ ਧਾਰਮਿਕ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜਗਜੀਤ ਸਿੰਘ ਮਾਹਲ, ਜਗਦੇਵ ਸਿੰਘ ਮਾਨ, ਜੀਵਨ ਸਿੰਘ ਕੁਰੜ, ਬਹਾਲ ਸਿੰਘ ਕੁਰੜ, ਧਰਮ ਸਿੰਘ ਕੁਰੜ, ਗੁਰਪ੍ਰੀਤ ਸਿੰਘ ਕਲਾਲਮਾਜਰਾ, ਹਰਬੰਸ ਸਿੰਘ ਮਹਿਲ ਕਲਾਂ, ਮਨਜੀਤ ਸਿੰਘ, ਜਗਰਾਜ ਸਿੰਘ,ਬਲਵਿੰਦਰ ਸਿੰਘ ਪੰਡੋਰੀ ਅਤੇ ਗੁਰਜੰਟ ਸਿੰਘ ਕਾਲਾ ਨੇ ਕਿਹਾ ਕਿ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾਂ ਨੂੰ ਅੱਗੇ ਵਧਾ ਰਹੇ ਹਨ। ਭਾਈ ਢੱਡਰੀਆਂ ਵਾਲੇ ਆਪਣੇ ਧਾਰਮਿਕ ਦੀਵਾਨਾਂ 'ਚ ਗੁਰਬਾਣੀ ਦੀ ਰੌਸਨੀ 'ਚ ਗੁਰਮਿਤ ਦੀ ਗੱਲ ਕਰਦੇ ਹਨ, ਜੋ ਗੱਲਾਂ ਅੱਜ ਤੱਕ ਕਿਸੇ ਵੀ ਪ੍ਰਚਾਰਕ ਨੇ ਨਹੀ ਕੀਤੀਆਂ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਰਦੇ ਹਨ। ਇਸੇ ਸੱਚ ਬੋਲਣ ਕਾਰਨ ਉਨਾਂ ਨੂੰ ਪ੍ਰਚਾਰ ਕਰਨ ਤੋ ਰੋਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਦੇ ਜਥੇਦਾਰ ਸੱਚ ਸੁਨਣਾ ਪਸੰਦ ਨਹੀ ਕਰਦੇ ਜਿਸ ਕਰਕੇ ਉਹ ਸਿੱਖ ਸੰਗਤ ਨੂੰ ਗੁੰਮਹਾਰ ਕਰ ਰਹੇ ਹਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੁਬਿਧਾ ਪੈਦਾ ਕਰ ਰਹੇ ਹਨ, ਪਰ ਭਾਈ ਸਾਹਿਬ ਦੇ ਪ੍ਰਚਾਰ ਕਾਰਨ ਹਜਾਰਾਂ ਨੌਜਵਾਨ ਗੁਰੂ ਲੜ ਲੱਗੇ ਹਨ। ਲੱਖਾਂ ਦੀ ਗਿਣਤੀ 'ਚ ਜੁੜਦਾ ਇਕੱਠ ਸਾਬਤ ਕਰਦਾ ਹੈ ਕਿ ਭਾਈ ਢੱਡਰੀਆਂ ਵਾਲੇ ਸੱਚ ਦਾ ਪ੍ਰਚਾਰ ਕਰਦੇ ਹਨ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੌਜੂਦਾ ਧਾਰਮਿਕ 'ਤੇ ਸਮਾਜਿਕ ਹਾਲਾਤਾਂ ਤੇ ਵਿਚਾਰ ਕੀਤੀ ਗਈ ਹੈ, 'ਤੇ ਸਮੁੱਚੀ ਸੰਗਤ ਨੇ ਵਿਸਵਾਸ ਦਿਵਾਇਆ ਕਿ ਭਾਈ ਢੱਡਰੀਆਂ ਵਾਲਿਆਂ ਦਾ ਡੱਟ ਕੇ ਸਾਥ ਦਿੱਤਾ ਜਾਵੇਗਾ।

ਪਾਵਨ ਸਰੂਪ: ਸ਼੍ਰੋਮਣੀ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਕਮੇਟੀ ਬਣਾਈ

 

ਅੰਮ੍ਰਿਤਸਰ, ਸਤੰਬਰ 2020 -(ਸੱਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)- ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਅਗਲੇਰੀ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਅੱਜ ਦੋਸ਼ੀ ਕਰਾਰ ਦਿੱਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਵਾਸਤੇ ਕਾਨੂੰਨੀ ਮਾਹਿਰਾਂ ਦੀ ਚਾਰ ਮੈਂਬਰੀ ਕਮੇਟੀ ਬਣਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਕਮੇਟੀ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਕਮੇਟੀ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਬਲਤੇਜ ਸਿੰਘ ਢਿੱਲੋਂ ਸਾਬਕਾ ਜ਼ਿਲ੍ਹਾ ਅਟਾਰਨੀ ਅਤੇ ਐਡਵੋਕੇਟ ਮਹਿੰਦਰ ਸਿੰਘ ਗਿੱਲ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਕਮੇਟੀ ਨੇ ਅਗਲੇਰੀ ਕਾਰਵਾਈ ਵਾਸਤੇ ਅਤੇ ਅੰਤ੍ਰਿੰਗ ਕਮੇਟੀ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ੍ਰੀ ਲੌਂਗੋਵਾਲ ਨੇ ਆਖਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਕਾਨੂੰਨੀ ਚਾਰਾਜੋਈ ਵਾਸਤੇ ਇਹ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ, ਜਿਸ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਵਕੀਲਾਂ ਦਾ ਪੈਨਲ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਾਉਣ ਲਈ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਪੰਜ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਹੈ ਅਤੇ ਪੰਜ ਨੂੰ ਮੁਅੱਤਲ ਕੀਤਾ ਹੈ। ਜਿਨ੍ਹਾਂ ਨੂੰ ਬਰਖਾਸਤ ਕੀਤਾ ਗਿਆ ਹੈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਹੋਵੇਗੀ ਅਤੇ ਮੁਅੱਤਲ ਕੀਤਿਆਂ ਖ਼ਿਲਾਫ਼ ਵਿਭਾਗੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਇਕ ਸੇਵਾ ਮੁਕਤ ਹੋਏ ਕਰਮਚਾਰੀ ਦੇ ਫੰਡ ਰੋਕ ਲਏ ਗਏ ਹਨ ਅਤੇ ਸਾਬਕਾ ਮੁੱਖ ਸਕੱਤਰ ਖ਼ਿਲਾਫ਼ ਵੀ ਦੋਸ਼ ਲਾਏ ਗਏ ਹਨ। ਮੌਜੂਦਾ ਮੁੱਖ ਸਕੱਤਰ ਨੇ ਅਸਤੀਫ਼ਾ ਦੇ ਦਿੱਤਾ ਹੈ। ਪਬਲੀਕੇਸ਼ਨ ਵਿਭਾਗ ਵਿਚ ਜਿਲਦਸਾਜ਼ੀ ਦਾ ਦਿੱਤਾ ਠੇਕਾ ਵੀ ਰੱਦ ਕਰ ਦਿੱਤਾ ਗਿਆ ਹੈ।

ਪੰਥਕ ਤਾਲਮੇਲ ਸੰਗਠਨ ਨੇ ਜਾਂਚ ਦੇ ਵੇਰਵੇ ਮੰਗੇ਼

ਪੰਥਕ ਤਾਲਮੇਲ ਸੰਗਠਨ ਨੇ ਸ਼੍ਰੋਮਣੀ ਕਮੇਟੀ ਕੋਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਕੀਤੀ ਜਾਂਚ ਸਬੰਧੀ ਵੇਰਵੇ ਦੇਣ ਦੀ ਅਪੀਲ ਕੀਤੀ ਹੈ। ਸੰਗਠਨ ਦੇ ਕੋ-ਕਨਵੀਨਰ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਸ਼੍ਰੋਮਣੀ ਕਮੇਟੀ ਦੇ ਪੱਤਰ ਅਤੇ ਸੂਚਨਾ ਅਧਿਕਾਰੀ ਨੂੰ ਇਸ ਸਬੰਧੀ ਸੂਚਨਾ ਅਧਿਕਾਰ ਐਕਟ ਹੇਠ ਦਰਖ਼ਾਸਤ ਦਿੱਤੀ ਹੈ। ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਅਧੂਰੀ ਹੈ ਕਿਉਂਕਿ ਇਸ ਵਿਚ ਲਾਪਤਾ ਪਾਵਨ ਸਰੂਪ ਕਿੱਥੇ ਗਏ, ਕਿਸ ਦੇ ਆਦੇਸ਼ਾਂ ’ਤੇ ਦਿੱਤੇ ਗਏ, ਕਿਸ ਨੂੰ ਦਿੱਤੇ ਗਏ, ਕਿਉਂ ਦਿੱਤੇ ਗਏ ਆਦਿ ਕਈ ਮੁੱਦੇ ਸਪੱਸ਼ਟ ਨਹੀਂ ਕੀਤੇ ਗਏ। ਸਿੱਖ ਸੰਸਥਾ ਕੋਲੋਂ ਇਸ ਸਬੰਧੀ ਜਾਣਕਾਰੀ ਮੰਗੀ ਗਈ ਸੀ ਪਰ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਕਾਰਨ ਹੁਣ ਸੂਚਨਾ ਦੇ ਅਧਿਕਾਰ ਐਕਟ ਤਹਿਤ ਇਹ ਜਾਣਕਾਰੀ ਮੰਗੀ ਗਈ ਹੈ।

ਛੱਪੜ ਵਿੱਚੋਂ ਨਾਬਾਲਗ ਲੜਕੀ ਦੀ ਲਾਸ਼ ਬਰਾਮਦ Video

ਮੋਗਾ, ਸਤੰਬਰ 2020  (ਕਿਰਨ  ਰੱਤੀ /ਬਲਬੀਰ ਬਾਠ) ਅੱਜ ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਚੂਹੜਚੱਕ ਵਿੱਚ ਇਕ 16 ਸਾਲਾਂ ਲੜਕੀ ਦੀ ਲਾਸ਼ ਛੱਪੜ ਵਿੱਚੋਂ ਤੈਰਦੀ ਮਿਲੀ।ਇਸ ਸੰਬੰਧੀ ਲੜਕੀ ਦੇ ਪਿਤਾ ਸਰਬਣ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਅਮਨਦੀਪ ਕੌਰ ਕੱਲ ਰਾਤ ਤੋਂ ਲਾਪਤਾ ਸੀ।ਅੱਜ ਜਦੋਂ ਛੱਪੜ ਦੇ ਨਜ਼ਦੀਕ ਖੜੇ ਵਿਅਕਤੀਆਂ ਨੇ ਦੇਖਿਆ ਕਿ ਲਾਸ਼ ਤੈਰ ਰਹੀ ਹੈ ਤਾਂ ਉਨਾਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ।ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ।ਇਸ ਸੰਬੰਧੀ ਅਜੀਤਵਾਲ ਦੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੌਤ ਦੇ ਕਾਰਨਾਂ ਅਤੇ  ਕਥਿਤ ਦੋਸ਼ੀਆਂ ਦੀ ਭਾਲ ਪਲਿਸ ਸਰਗਰਮੀ ਨਾਲ ਕਰ ਰਹੀ ਹੈ।ਲੜਕੀ ਦੇ ਪਿਤਾ ਨੇ ਲੜਕੀ ਅਮਨਦੀਪ ਕੌਰ ਦੇ ਕਤਲ ਹੋਣ ਦੀ ਸ਼ੰਕਾ ਜ਼ਾਹਰ ਕਰਦਿਆਾਂ ਕਿਹਾ ਕਿ ਸਾਡੇ ਕੋਲ ਕਾਤਲਾਂ ਦੇ ਪੁਖਤਾ ਸਬੂਤ ਹਨ। ਦੇਰ ਰਾਤ  ਪੁਲਿਸ ਵਲੋਂ ਲੜਕੀ ਦੇ ਪਿਤਾ ਤੇ ਪਰਚਾ ਦਰਜ

ਥਾਣਾ ਅਜੀਤਵਾਲ ਦੀ ਪੁਲੀਸ ਨੇ ਲੜਕੀ ਦੇ ਪਿਤਾ ਸਰਬਣ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

ਸੀ.ਡੀ.ਪੀ.ਓ ਦਫ਼ਤਰ ਮਹਿਲ ਕਲਾਂ ਵਿਖੇ ਵੱਖ ਵੱਖ ਆਸਾਮੀਆਂ ਖਾਲੀ ਪਈਆਂ ਹੋਣ ਕਰਕੇ ਲੋੜਵੰਦ ਲੋਕ ਸਹੂਲਤਾਂ ਤੋਂ ਵਾਂਝੇ

ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਸਾਰੀ ਰਿਪੋਰਟ ਤਿਆਰ ਕਰਕੇ ਮਾਮਲਾ ਵਿਧਾਨ ਸਭਾ ਚ ਉਠਾਇਆ ਜਾਵੇਗਾ-ਵਿਧਾਇਕ ਪੰਡੋਰੀ

ਪਿੰਡਾਂ ਵਿੱਚੋਂ ਕਿਰਾਏ ਭਾੜੇ ਖਰਚ ਕਰਕੇ ਆਪਣੇ ਕੰਮ ਕਰਵਾਉਣ ਲਈ ਆਏ ਲੋਕ ਖੱਜਲ ਖੁਆਰ ਹੋ ਕੇ ਘਰਾਂ ਨੂੰ ਬੇਰੰਗ ਪਰਤ ਜਾਂਦੇ ਹਨ

ਮਹਿਲ ਕਲਾਂ/ਬਰਨਾਲਾ-ਅਗਸਤ 2020-(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਰਕਾਰ ਇੱਕ ਪਾਸੇ ਤੋਂ ਆਪਣੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਰਾਹੀਂ ਬੁਢਾਪਾ,ਵਿਧਵਾ, ਅੰਗਹੀਣ ਅਤੇ ਆਸ਼ਰਿਤ ਦੇ ਲੋੜਵੰਦ ਵਿਅਕਤੀਆਂ ਨੂੰ ਪੈਨਸ਼ਨਾਂ ਪਾਰਦਰਸ਼ੀ ਢੰਗ ਨਾਲ ਲਗਾਉਣ ਅਤੇ ਸਰਕਾਰਾ ਦੀਆਂ ਵੱਖ ਵੱਖ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਰਾਜ ਭਰ ਦੇ ਅੰਦਰ ਕੁੱਲ 156 ਬਲਾਕਾਂ ਅੰਦਰ 150 ਕਲਰਕਾਂ 150 ਸੀਨੀਅਰ ਸਹਾਇਕ 37 ਸੀਡੀਪੀਓ ਦੀਆਂ ਅਸਾਮੀਆਂ ਸਮੇਤ ਕੁਝ ਹੋਰ ਖਾਲੀ ਪਈਆਂ ਹੋਣ ਕਾਰਨ ਲੋਕਾਂ ਨੂੰ ਕੇਂਦਰ ਤੇ ਰਾਜ ਸਰਕਾਰ ਦੁਆਰਾ ਮਿਲਣ ਵਾਲੀਆਂ ਵੱਖ ਵੱਖ ਸਕੀਮਾਂ ਲੋਕਾਂ ਤੱਕ ਨਾ ਪਹੁੰਚਣ ਕਰਕੇ ਲੋੜਵੰਦ ਲੋਕ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ ਅਜਿਹਾ ਮਾਮਲਾ ਬਿਨਾਂ ਸਰਕਾਰੀ ਬਿਲਡਿੰਗ ਦੇ ਇੱਕ ਕਿਰਾਏ ਦੇ ਮਕਾਨ ਵਿੱਚ ਚੱਲ ਰਹੇ ਸੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ1ਕਲਰਕ ਦੀ ਅਸਾਮੀ ਖਾਲੀ 2 ਸੁਪਰਵਾਈਜ਼ਰਾਂ 1ਚੌਕੀਦਾਰ ਸਮੇਤ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਸਾਹਮਣੇ ਆਇਆ ਹੈ ਜਦ ਕਿ ਇਸ ਦਫ਼ਤਰ ਅੰਦਰ ਕੁੱਲ 12 ਮੁਲਾਜ਼ਮਾਂ ਦੀਆਂ ਪੋਸਟਾਂ ਹਨ ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਕਲੱਰਕ ਹੀ ਦਫਤਰ ਦਾ ਕੰਮ ਕਾਜ ਦੇਖ ਰਹੇ ਹਨ ਇੱਥੇ ਇਹ ਵੀ ਪਤਾ ਲੱਗਾ ਹੈ ਪੁਰਾਣੇ ਮੁਲਾਜ਼ਮਾਂ ਦੀ ਲਗਾਤਾਰ ਸੇਵਾ ਮੁਕਤ ਹੋਣ ਕਰਕੇ ਮੁਲਾਜ਼ਮਾਂ ਦੀ ਗਿਣਤੀ ਲਗਾਤਾਰ ਦਿਨੋਂ ਦਿਨ ਘਟਦੀ ਜਾ ਰਹੀ ਹੈ।ਜਿਸ ਕਰਕੇ ਪਹਿਲਾਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਉੱਪਰ ਹੋਰ ਵਾਧੂ ਬੋਝ ਪਾਇਆ ਹੋਇਆ ਹੈ ਅਤੇ ਮੁਲਾਜ਼ਮਾਂ ਦੀ ਨਵੀਂ ਭਰਤੀ ਨਾ ਹੋਣ ਕਰਕੇ ਮੁਲਾਜ਼ਮਾਂ ਦੀ ਘਾਟ ਕਾਰਨ ਲੋੜਵੰਦ ਲੋਕ ਕੇਂਦਰ ਤੇ ਰਾਜ ਸਰਕਾਰ ਦੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।ਇਸ ਸੀਡੀਪੀਓ ਦਫ਼ਤਰ ਵਿੱਚ ਪਿੰਡਾਂ ਤੋਂ ਬੱਸ ਕਰਾਏ ਲਾ ਕੇ ਆੲੇ ਲੋਕ ਆਪਣੇ ਕੰਮ ਧੰਦੇ ਕਰਵਾਉਣ ਲਈ ਖੱਜਲ ਖੁਆਰ ਹੁੰਦੇ ਰਹਿੰਦੇ ਹਨ ਕਿਉਂਕਿ ਲੋੜਵੰਦ ਲੋਕ ਪੈਨਸ਼ਨਾਂ ਲਗਾਉਣ ਸਮੇਂ ਅਤੇ ਹੋਰ ਆਂਗਣਵਾੜੀ ਸੈਂਟਰਾਂ ਵਿੱਚੋਂ ਮਿਲਣ ਵਾਲੀਆਂ ਸਹੂਲਤਾਂ ਲੈਣ ਲਈ ਕਈ ਵਾਰੀ ਤਾਂ ਦਫਤਰ ਲੱਭਣਾਂ ਹੀ ਬਹੁਤ ਔਖਾ ਹੈ।ਜਿਸ ਕਾਰਨ ਉਹ ਦਫ਼ਤਰ ਨਾ ਲੱਭਣ ਸਮੇਂ ਖੱਜਲ ਖੁਆਰ ਹੁੰਦੇ ਰਹਿੰਦੇ ਹਨ,ਜਿਸ ਕਰਕੇ ਕੁਝ ਲੋਕ ਬਿਨਾਂ ਕੰਮ ਕਰਵਾਏ ਬੇਰੰਗ ਘਰਾਂ ਨੂੰ ਵਾਪਸ ਪਰਤ ਲਈ ਮਜਬੂਰ ਹੋ ਜਾਂਦੇ ਹਨ।ਇੱਥੇ ਇਹ ਵੀ ਪਤਾ ਲੱਗਿਆ ਕਿ ਇਸ ਸੀਡੀਪੀਓ ਦਫ਼ਤਰ ਅਧੀਨ ਕੁੱਲ 124 ਸੈਂਟਰਾਂ ਨੂੰ ਪਿੰਡ ਵਜੀਦਕੇ ਕਲਾਂ,ਮਹਿਲ ਖੁਰਦ,ਛਾਪਾ ਚੰਨਣਵਾਲ ਸਰਕਲਾਂ ਵਿੱਚ ਵੰਡਿਆ ਹੋਣ ਕਰਕੇ ਉਕਤ ਸੈਂਟਰਾਂ ਵਿੱਚ 6 ਵਰਕਰਾਂ ਅਤੇ 18 ਹੈਲਪਰਾਂ ਦੀਆਂ ਪੋਸਟਾਂ ਵੀ ਖਾਲੀ ਹੋਣ ਕਰਕੇ 0 ਤੋਂ 6 ਤੱਕ ਦੇ 6550 ਦੇ ਕਰੀਬ ਬੱਚਿਆਂ ਨੂੰ ਕੁਪੋਸ਼ਨ ਤੋਂ ਬਚਾਉਣ ਲਈ ਸੰਤੁਲਨ ਭੋਜਨ ਮੁਹੱਈਆ ਕਰਾਉਣ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ 993 ਦੇ ਕਰੀਬ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵੀ ਸਮੇਂ ਸਿਰ ਲੋੜੀਂਦੀ ਖ਼ੁਰਾਕ ਨਾ ਮਿਲਣ ਕਰਕੇ ਮੁਸ਼ਕਿਲਾਂ ਵਿਚੋਂ ਲੰਘਣਾ ਪੈ ਰਿਹਾ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ  ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕੇ ਪੰਜਾਬ ਸਰਕਾਰ ਇੱਕ ਪਾਸੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਨਾਲ ਨਾਲ ਪੂਰੇ ਪੰਜਾਬ ਅੰਦਰ ਵੱਖ ਵੱਖ ਵਿਭਾਗਾਂ ਚ ਖਾਲੀ ਪਈਆਂ ਆਸਾਮੀਆਂ ਹੋਣ ਕਾਰਨ ਲੋੜਵੰਦ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਖਾਲੀ ਅਸਾਮੀਆਂ ਦਾ ਮਾਮਲਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ।ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਕਾਸ ਸਿੰਘ ਸੱਦੋਵਾਲ,ਜਨਰਲ ਸਕੱਤਰ ਭੋਲਾ ਸਿੰਘ,ਕਲਾਲ ਮਾਜਰਾ ਮੁੱਖ ਸਲਾਹਕਾਰ ਭਾਨ ਸੰਘੇੜਾ,ਮਨਰੇਗਾ ਕਨਵੀਨਰ ਪਰਮਜੀਤ ਕੌਰ ਗੁੰਮਟੀ ਅੌਰਤ ਕਰਜਾ ਮੁਕਤੀ ਸੰਘਰਸ਼ ਕਮੇਟੀ ਦੀ ਆਗੂ ਕੁਲਵੰਤ ਕੌਰ ਸੱਦੋਵਾਲ,ਪ੍ਮੋਦ ਕੌਰ ਸੱਦੋਵਾਲ,ਚਰਨ ਸਿੰਘ ਵਜੀਦਕੇ ਨੇ ਪੰਜਾਬ ਪਾਸੋਂ ਮੰਗ ਕੀਤੀ ਕੇ ਸੀ,ਡੀ,ਪੀ, ਓ ਦਫ਼ਤਰ ਮਹਿਲ ਕਲਾਂ ਵਿਖੇ ਵੱਖ ਵੱਖ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਤਾਂ ਜੋ ਕਿ ਲੋੜਵੰਦ ਲੋਕਾਂ ਨੂੰ ਪੈਨਸ਼ਨਾਂ ਅਤੇ ਹੋਰ ਕੰਮ ਪਾਰਦਰਸ਼ੀ ਢੰਗ ਨਾਲ ਹੋ ਸਕਣ।

ਮੋਗਾ ਵਿਖੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ 5 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ

ਮੋਗਾ,ਅਗਸਤ 2020 (ਜਸਬੀਰ ਨਾਸਿਰਵਾਲਿਆ)- ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਇੱਕ ਦਿਨ ਪਹਿਲਾਂ ਭਾਵ ਕਿ 14 ਅਗਸਤ ਨੂੰ ਮੋਗਾ ਦੇ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਲ 'ਤੇ ਦੋ ਨੌਜਵਾਨਾਂ ਵਲੋਂ ਖ਼ਾਲਿਸਤਾਨੀ ਝੰਡਾ ਲਹਿਰਾ ਕੇ ਝੂਲ ਰਹੇ ਤਿਰੰਗੇ ਦਾ ਵੀ ਅਪਮਾਨ ਕੀਤਾ ਸੀ, ਜਿਸ ਦੇ ਚੱਲਦਿਆਂ ਇਸ ਮਾਮਲੇ 'ਚ ਮੋਗਾ ਪੁਲਿਸ ਨੇ ਇੱਕ ਨੌਜਵਾਨ ਅਕਾਸ਼ਦੀਪ ਸਿੰਘ ਵਾਸੀ ਸਾਧੂ ਵਾਲਾ (ਫ਼ਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉੱਥੇ ਹੀ ਇਸ ਮਾਮਲੇ 'ਚ ਸ਼ਾਮਲ ਦੋ ਹੋਰ ਨੌਜਵਾਨ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਦੇ ਵਾਸੀ ਜਸਪਾਲ ਸਿੰਘ ਉਰਫ਼ ਅੰਪਾ ਅਤੇ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਈ ਪੁਲਿਸ ਛਾਪੇਮਾਰੀ ਕਰ ਸੀ ਪਰ ਉਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਸਪੈਸ਼ਲ ਕ੍ਰਾਈਮ ਬਰਾਂਚ ਨੇ ਉਨ੍ਹਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਅੱਜ ਪੁਲਿਸ ਨੇ ਦੋਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਦੋਹਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।  

ਸ੍ਰੀ ਅਕਾਲ ਤਖਤ ਵਿਖੇ ਮਨਾਈ ਗਈ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 25ਵੀਂ ਬਰਸੀ

ਅੰਮ੍ਰਿਤਸਰ, ਅਗਸਤ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੌਰਾਨ ਸ਼ਹੀਦ ਹੋਏ ਭਾਈ ਦਿਲਾਵਰ ਸਿੰਘ ਬੱਬਰ ਦੀ 25ਵੀਂ ਬਰਸੀ ਸ੍ਰੀ ਅਕਾਲ ਤਖਤ ਦੀ ਪਹਿਲੀ ਮੰਜ਼ਲ 'ਤੇ ਮਨਾਈ ਗਈ।ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਕੀਤਾ ਗਿਆ ਜਦਕਿ ਭਾਈ ਦਿਲਾਵਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ।ਇਸ ਮੌਕੇ ਮੈਂਬਰ ਐੱਸ.ਜੀ.ਪੀ.ਸੀ ਭਗਵੰਤ ਸਿੰਘ ਸਿਆਲਕਾ, ਇਮਾਨ ਸਿੰਘ ਮਾਨ, ਕੰਵਰਪਾਲ ਸਿੰਘ, ਪ੍ਰੋ. ਬਰਜਿੰਦਰ ਸਿੰਘ, ਬਲਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ।

ਅੱਜ 105 ਕਰੋਨਾ ਮਰੀਜ਼ਾਂ ਨੂੰ ਦਰੁਸਤ ਹੋਣ ਤੇ ਕੀਤਾ ਡਿਸਚਾਰਜ

257 ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ

ਸਿਵਲ ਸਰਜਨ ਨੇ ਘਰ ਰਹੋ ਸੁਰੱਖਿਅਤ ਰਹੋ ਦੀ ਕੀਤੀ ਪੁਰਜ਼ੋਰ ਅਪੀਲ

ਜ਼ਿਲਾ ਪ੍ਰਸ਼ਾਸਨ/ਸਿਹਤ ਵਿਭਾਗ ਦੀਆਂ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਅਤੀ ਜਰੂਰੀ-ਸਿਵਲ ਸਰਜਨ ਮੋਗਾ

ਮੋਗਾ ,ਅਗਸਤ 2020 -( ਕਿਰਨ ਰੱਤੀ)-  ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 45 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਜਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 600 ਹੋ ਗਈ ਹੈ ਜਿੰਨਾਂ ਵਿੱਚੋ 532 ਕੇਸਾਂ ਨੂੰ ਹੋਮ ਆਈਸੋਲੇਸਟ, 5 ਕੇਸਾਂ ਨੂੰ ਲੈਵਲ 1 ਅਤੇ 13 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਦਾਖਲ ਹਨ।

ਉਨਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 34069 ਕਰੋਨਾ ਸੈਪਲ ਇਕੱਤਰ ਕੀਤੇ ਹਨ, ਜਿੰਨਾਂ ਵਿੱਚੋ 32028 ਸੈਪਲਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 412 ਦੀ ਰਿਪੋਰਟ ਦਾ ਇੰਤਜਾਰ ਹੈ। ਜਿਕਰਯੋਗ ਹੈ ਕਿ ਸਿਹਤ ਵਿਭਾਗ ਮੋਗਾ ਨੇ ਅੱਜ ਕੁੱਲ 257 ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗਾ ਨੇ ਅੱਜ 105 ਕਰੋਨਾ ਮਰੀਜ਼ਾਂ ਨੂੰ ਨੇਗੇਟਿਵ ਰਿਪੋਰਟ ਪ੍ਰਾਪਤ ਹੋਣ ਤੇ ਸਿਹਤਯਾਬ ਹਾਲਤ ਵਿੱਚ ਡਿਸਚਾਰਜ ਕਰ ਦਿੱਤਾ ਹੈ।

ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜੋ ਅਪਣਾਉਣਾ ਚਾਹੀਦਾ ਹੈ, ਕਿਉਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਈਰਸ ਤੋ ਬਚਾਅ ਦਾ ਸਾਧਨ ਹੈ। ਉਨਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਬੇਲੋੜੀ ਮੂਵਮੈਟ ਬੰਦ ਕਰਨੀ, ਆਦਿ ਸਾਵਧਾਨੀਆਂ ਨਾਲ ਅਸੀ ਕਰੋਨਾ ਤੋ ਬਚੇ ਰਹਿ ਸਕਦੇ ਹਾਂ ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋ ਜੋ ਵੀ ਅਨਲਾਕ-3 ਦੀ ਲਗਾਤਾਰਤਾ ਵਿੱਚ ਹੋਰ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ ਜਾਂ ਦੁਕਾਨਾਂ ਖੁੱਲਣ ਦੇ ਸਮੇ ਵਿੱਚ ਕਟੌਤੀ ਕੀਤੀ ਗਈ ਹੈ ਉਹ ਸਿਰਫ ਤੇ ਸਿਰਫ ਇਸਦੇ ਸੰਕਰਮਣ ਨੂੰ ਰੋਕਣ ਲਈ ਕੀਤੀ ਗਈ ਹੈ ਤਾਂ ਕਿ ਆਰਥਿਤਾ ਤੇ ਪ੍ਰਭਾਵ ਪਾਉਣ ਤੋ ਬਿਨਾਂ ਅਸੀ ਇਸਦੇ ਸੰਕਰਮਣ ਤੇ ਰੋਕ ਲਗਾ ਸਕੀਏ। ਉਨਾਂ ਕਿਹਾ ਕਿ ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਸਾਡੀ ਭਲਾਈ ਲਈ ਹੀ ਸਖਤ ਕਦਮ ਚੁੱਕ ਰਹੀ ਹੈ ਜਿਸਦੀ ਪਾਲਣਾ ਕਰਨ ਦੀ ਬਹੁਤ ਜਿਆਦਾ ਜਰੂਰਤ ਹੈ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਘਰ ਰਹੋ ਸੁਰੱਖਿਅਤ ਰਹੋ ਦੀ ਅਪੀਲ ਵੀ ਕੀਤੀ