You are here

ਪੰਜਾਬ

ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਚੋਣ ਸੂਬਾਈ ਸਰਪ੍ਰਸਤ ਡਾਕਟਰ ਜਸਬੀਰ ਸਿੰਘ ਔਲਖ ਦੀ ਦੇਖਰੇਖ ਹੇਠ ਹੋਈ

ਡਾਕਟਰ ਅਖਿਲ ਸਰੀਨ ਪ੍ਰਧਾਨ ਤੇ ਡਾਕਟਰ ਵਰਿੰਦਰ ਰਿਆੜ ਜਨਰਲ ਸਕੱਤਰ ਚੁਣੇ ਗਏ। ਡਾਕਟਰ ਗਗਨਦੀਪ ਸਿੰਘ ਮੋਗਾ, ਡਾਕਟਰ ਇੰਦਰਵੀਰ ਗਿੱਲ ਅਤੇ ਡਾਕਟਰ ਗਗਨਦੀਪ ਸ਼ੇਰਗਿੱਲ ਸੂਬਾਈ ਸੀਨੀਅਰ ਸਲਾਹਕਾਰ ਚੁਣੇ ਗਏ

 

ਮੋਗਾ- 10 ਅਪ੍ਰੈਲ ( ਗੁਰਕੀਰਤ ਜਗਰਾਉਂ  )ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜੱਥੇਬੰਦੀ ਪੀਸੀਐਮਐਸ ਐਸੋਸੀਏਸ਼ਨ ਨੇ ਅੱਜ ਮੋਗਾ ਵਿਖੇ ਨਵੀਂ ਟੀਮ ਦੀ ਚੋਣ ਕੀਤੀ। ਜਿਸ ਵਿੱਚ ਡਾਕਟਰ ਅਖਿਲ ਸਰੀਨ ਪ੍ਰਧਾਨ ਅਤੇ ਡਾਕਟਰ ਵਰਿੰਦਰ ਰਿਆੜ ਜਨਰਲ ਸਕੱਤਰ ਚੁਣੇ ਗਏ। ਜੱਥੇਬੰਦੀ ਦੇ ਸਾਬਕਾ ਸੂਬਾਈ ਆਗੂ ਡਾਕਟਰ ਗਗਨਦੀਪ ਸਿੰਘ ਮੋਗਾ, ਡਾਕਟਰ ਇੰਦਰਵੀਰ ਗਿੱਲ ਅਤੇ ਡਾਕਟਰ ਗਗਨਦੀਪ ਸ਼ੇਰਗਿੱਲ ਸੂਬਾਈ ਸੀਨੀਅਰ ਸਲਾਹਕਾਰ ਚੁਣੇ ਗਏ। ਇਸਤੋਂ ਇਲਾਵਾ ਸੱਤ ਸਲਾਹਕਾਰ, ਤਿੰਨ ਸੀਨੀਅਰ ਮੀਤ ਪ੍ਰਧਾਨ, ਤਿੰਨ ਮੀਤ ਪ੍ਰਧਾਨ, ਤਿੰਨ ਵਿੱਤ ਸਕੱਤਰ, ਤਿੰਨ ਜੱਥੇਬੰਦਕ ਸਕੱਤਰ, ਤਿੰਨ ਸੰਯੁਕਤ ਸਕੱਤਰ,ਦੋ ਪ੍ਰੈਸ ਸਕੱਤਰ ਅਤੇ ਬਾਈ ਮੈਂਬਰੀ ਸੂਬਾ ਕਾਰਜਕਾਰਨੀ ਵੀ ਚੁਣੀ ਗਈ। ਇਥੇ ਵਰਨਣਯੋਗ ਹੈ ਕਿ ਕੁੱਝ ਹਫਤੇ ਪਹਿਲਾਂ ਪੀਸੀਐਮ‌ਐਸ ਐਸੋਸੀਏਸ਼ਨ ਨੇ ਆਪਣੀਆਂ ਸੂਬਾਈ ਅਤੇ ਜ਼ਿਲ੍ਹਾ ਇਕਾਈਆਂ ਭੰਗ ਕਰ ਦਿੱਤੀਆਂ ਸਨ।ਸਭ ਅਹੁਦਿਆਂ ਲਈ ਚੋਣ ਸਰਬਸੰਮਤੀ ਨਾਲ ਹੋਈ।

      ਨਵੇਂ ਚੁਣੀ ਟੀਮ ਦੇ ਆਗੂ ਡਾਕਟਰ ਸਰੀਨ ਅਤੇ ਡਾਕਟਰ ਰਿਆੜ ਨੇ ਕਿਹਾ ਪੀਸੀਐਮ‌ਐਸ ਐਸੋਸੀਏਸ਼ਨ ਪੰਜਾਬ ਦੇ ਸਮੂਹ ਸਰਕਾਰੀ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ। ਐਸੋਸੀਏਸ਼ਨ  ਡਾਕਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਲਈ  ਸਰਕਾਰ ਅਤੇ ਸਿਹਤ ਮੰਤਰੀ ਤੱਕ ਪਹੁੰਚ ਕਰੇਗੀ ਅਤੇ ਜਨਤਕ ਸਿਹਤ ਸਹੂਲਤਾਂ ਬਿਹਤਰ ਕਰਨ ਲਈ ਆਵਾਜ਼ ਉਠਾਏਗੀ।

ਕਣਕ ਦੇ ਨਾੜ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਦੇ ਆਦੇਸ਼ ਜਾਰੀ

ਹੁਕਮ 31 ਮਈ ਤੱਕ ਰਹਿਣਗੇ ਲਾਗੂ

ਮੋਗਾ, 10 ਅਪ੍ਰੈਲ (ਰਣਜੀਤ ਸਿੱਧਵਾਂ)  :  ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਤੂੜੀ ਬਣਾਉਣ ਉਪਰੰਤ ਨਾੜ (ਰਹਿੰਦ- ਖੂੰਹਦ) ਨੂੰ ਸਬੰਧਿਤ ਮਾਲਕਾਂ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ। ਕਣਕ ਦੇ ਨਾੜ ਨੁੂੰ ਅੱਗ ਲਗਾਉਣ ਨਾਲ ਹਵਾ ਵਿੱਚ ਧੂੰਏਂ ਨਾਲ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ/ਦਮਾਂ/ਕੋਵਿਡ 19 ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ। ਇਸਦੇ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਮਾਰੂ ਪ੍ਰਭਾਵ ਪੈਂਦਾ ਹੈ ਅਤੇ ਧੂੰਏਂ ਨਾਲ ਕਈ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ, ਜਿਸ ਨਾਲ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।
ਨਾੜ ਨੂੰ ਅੱਗ ਲਗਾਉਣ ਨਾਲ ਨਾਲ ਖੇਤ ਵਿੱਚ ਖੜੀ ਫ਼ਸਲ ਜਾਂ ਆਲੇ ਦੁਆਲੇ ਦੇ ਦਰਖਤਾਂ ਨੂੰ ਵੀ ਅੱਗ ਲੱਗਣ ਦਾ ਡਰ ਰਹਿੰਦਾ ਹੈ ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਦੱਸਿਆ ਕਿ ਉਪਰੋਕਤ ਨੂੰ ਮੁੱਖ ਰੱਖਦੇ ਹੋਏ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਮੋਗਾ ਦੀ ਹਦੂਦ ਅੰਦਰ ਕਣਕ ਦੇ ਨਾੜ (ਰਹਿੰਦ-ਖੂੰਹਦ) ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਉਨਾਂ ਕਿਹਾ ਕਿ ਇਹ ਹੁਕਮ 31 ਮਈ, 2022 ਤੱਕ ਲਾਗੂ ਰਹਿਣਗੇ।

ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਵੱਲੋਂ ਆਰੰਭੀ ਮੁਹਿੰਮ ਦਾ ਕਾਫ਼ਲਾ ਵੱਡਾ ਹੋਣ ਲੱਗਿਆ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਡਾ. ਰਜਿੰਦਰ ਗੁਪਤਾ ਨੇ ਪਾਇਆ 21 ਲੱਖ ਰੁਪਏ ਦਾ ਯੋਗਦਾਨ

ਸੰਗਰੂਰ, 10 ਅਪ੍ਰੈਲ  (ਰਣਜੀਤ ਸਿੱਧਵਾਂ)   :  ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਪਿਛਲੇ ਦਿਨੀਂ ਸੰਗਰੂਰ ਵਿਖੇ ਅਹੁਦਾ ਸੰਭਾਲਣ ਮੌਕੇ
ਆਪਣੀ ਤਨਖਾਹ ਵਿੱਚੋਂ ਹਰ ਮਹੀਨੇ ਜ਼ਰੂਰਤਮੰਦ ਲੜਕੀਆਂ ਦੀ ਪੜ੍ਹਾਈ ਲਈ 21 ਹਜ਼ਾਰ ਰੁਪਏ ਦੇਣ ਦੇ ਕੀਤੇ ਐਲਾਨ ਨੇ ਸਾਰਥਕ ਮੁਹਿੰਮ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਉਨ੍ਹਾਂ ਦੇ ਇਸ ਉਦਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਲੋੜਵੰਦਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਡਾ. ਰਜਿੰਦਰ ਗੁਪਤਾ ਨੇ ਇਸ ਮੁਹਿੰਮ ਵਿਚ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਡਾ. ਗੁਪਤਾ ਵੱਲੋਂ ਲੋਕ ਸੇਵਾ ਲਈ ਇੱਕ ਹੋਰ ਮਹੱਤਵਪੂਰਨ ਪੁਲਾਂਘ ਹੈ। ਸ੍ਰੀ ਸਿੱਧੂ ਨੇ ਡਾ. ਗੁਪਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਜਿਹੜੀਆਂ ਬੱਚੀਆਂ ਆਪਣੇ ਪਿਤਾ ਨੂੰ ਖੁਦਕੁਸ਼ੀ ਜਿਹੇ ਮਾੜੇ ਸਮਾਜਿਕ ਵਰਤਾਰੇ ਕਾਰਨ ਗੁਆ ਚੁੱਕੀਆਂ ਹਨ, ਨੂੰ ਵਿੱਤੀ ਸਹਾਇਤਾ ਮਿਲਣ ਨਾਲ ਉਹ ਬੱਚੀਆਂ ਆਪਣੇ ਸੁਨਹਿਰੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਮਰੱਥ ਬਣਨਗੀਆਂ। ਜ਼ਿਕਰਯੋਗ ਹੈ ਕਿ ਐਸ.ਐਸ.ਪੀ ਸ੍ਰੀ ਸਿੱਧੂ ਵੱਲੋਂ ਆਪਣੀ ਪਹਿਲੀ ਤਨਖਾਹ ਵਿੱਚੋਂ 51 ਹਜ਼ਾਰ ਰੁਪਏ ਅਤੇ ਫਿਰ ਸੰਗਰੂਰ ਵਿਖੇ ਪੋਸਟਿੰਗ ਤੱਕ ਹਰ ਮਹੀਨੇ ਆਪਣੀ ਤਨਖਾਹ ਵਿੱਚੋਂ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।

ਕਿਸਾਨ ਫ਼ਸਲੀ ਚੱਕਰ ’ਚੋਂ ਨਿਕਲ ਕੇ ਖੇਤੀ ਵਿਭਿੰਨਤਾ ਅਪਨਾਉਣ : ਸੰਦੀਪ ਹੰਸ

-ਡਿਪਟੀ ਕਮਿਸ਼ਨਰ ਨੇ ਖੇਤੀ ਵਿਭਾਗ ਵਲੋਂ ਆਯੋਜਿਤ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਕੀਤਾ ਉਦਘਾਟਨ

-ਕਿਸਾਨਾਂ ਨੂੰ ਪਾਣੀ ਦੀ ਬੱਚਤ ਵਾਲੀ ਖੇਤੀ ਤਕਨੀਕਾਂ ਦਾ ਪ੍ਰਯੋਗ ਕਰਨ ਦੀ ਕੀਤੀ ਅਪੀਲ
-ਕਿਹਾ, ਕਿਸਾਨ ਸਿਖਲਾਈ ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਤੋਂ ਜਾਣੂ ਕਰਵਾਉਣਾ

ਹੁਸ਼ਿਆਰਪੁਰ, 9 ਅਪ੍ਰੈਲ   (ਰਣਜੀਤ ਸਿੱਧਵਾਂ)    ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਖੇਤੀ ਭਵਨ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ  ਖੇਤੀਬਾੜੀ ਵਿਭਾਗ ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਸਬੰਧੀ ਜਾਣੂੰ ਕਰਵਾਇਆ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੀਤਾ। ਇਸ ਦੌਰਾਨ ਵਿਧਾਇਕ ਮੁਕੇਰੀਆਂ ਸ੍ਰੀ ਜੰਗੀ ਲਾਲ ਮਹਾਜਨ ਤੇ ਪਰਮਜੀਤ ਸਿੰਘ ਸਚਦੇਵਾ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
  ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸਾਰਿਆਂ ਦੇ ਸਹਿਯੋਗ ਨਾਲ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਨਿਕਲ ਕੇ ਫ਼ਸਲੀ ਵਿਭਿੰਨਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖੇਤੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਖੇਤ ਪੱਧਰ ’ਤੇ ਲਾਗੂ ਕਰਦਾ ਹੈ ਤਾਂ ਉਸ ਕਿਸਾਨ ਦਾ ਹੱਥ ਫੜਨਾ ਪਵੇਗਾ ਅਤੇ ਵਿਭਾਗ ਵਲੋਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਕਿਸਾਨਾਂ ਲਈ ਢੁਕਵੇਂ ਹੱਲ, ਪ੍ਰਸਾਰ ਤੇ ਖੋਜ਼ਾਂ ਪੰਹੁਚਾਉਣ ਦੀ ਜਰੂਰਤ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਪਾਣੀ ਦੀ ਬੱਚਤ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ  ਜਿਆਦਾ ਕੰਢੀ ਖੇਤਰ ਹੋਣ ਕਾਰਨ ਪਾਣੀ ਦੀ ਮੁੱਖ ਸਮੱਸਿਆ ਹੈ, ਇਸ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਖੇਤੀ ਦੀਆਂ ਤਕਨੀਕਾਂ ਜਿਸ ਵਿਚ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ, ਨੂੰ ਲਾਗੂ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਕਰਾਉਣ ਦਾ ਉਦੇਸ਼ ਇਹੀ ਹੈ ਕਿ ਕਿਸਾਨਾਂ ਨੂੰ ਨਵੀਂ ਖੇਤੀ ਤਕਨੀਕਾਂ ਤੋਂ ਜਾਣੂੰ ਕਰਵਾਇਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਣਕ ਦੀ ਫ਼ਸਲ ਸਰਕਾਰ ਵਲੋਂ ਖਰੀਦਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਫ਼ਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਸਾਨ ਗਰੁੱਪਾਂ ਤੇ ਸੈਲਫ ਹੈਲਪ ਗਰੁੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਦੇਖੀਆਂ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ।
ਕੈਂਪ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਨੇ ਖੇਤੀਬਾੜੀ ਵਿਭਾਗ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਇਕਜੁੱਟਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਅੱਗੇ ਆਉਣ ਕਿਉਂਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ। ਇਸ ਤੋਂ ਇਲਾਵਾ ਜਮੀਨ ਅੰਦਰ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਜੋ ਜਮੀਨ ਦੇ ਉਤਪਾਦਨ ਵਿੱਚ ਅਸਰ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਵਿਭਾਗ ਕਿਸਾਨਾਂ ਤੱਕ ਖਾਦਾਂ, ਬੀਜਾਂ ਅਤੇ ਹੋਰ ਵਸਤੂਆਂ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਯੁੱਗ ਵਿਚ ਗਰੁੱਪ, ਸੋਸਾਇਟੀ ਬਣਾ ਕੇ ਖੇਤੀ ਕਰਨਾ ਲਾਭਦਾਇਕ ਹੈ ਤਾਂ ਜੋ ਮਹਿੰਗੀ ਆਧੁਨਿਕ ਮਸ਼ੀਨਾਂ ਦੀ ਖਰੀਦ ਕਰਕੇ ਕਿਸਾਨ ਚੰਗਾ ਮੰਡੀਕਰਨ ਕਰ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਭੂਮੀ ਪਰਖ ਦੇ ਆਧਾਰ ਪ੍ਰਾਪਤ ਕੀਤੇ ਭੂਮੀ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦਾ ਪ੍ਰਯੋਗ ਕਰਨ। ਉਨ੍ਹਾਂ ਇਸ ਦੌਰਾਨ ਆਤਮਾ ਸਕੀਮ ਤਹਿਤ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ ਵਿਗਿਆਨਕਾਂ ਦੀ ਟੀਮ ਨੇ ਖਰੀਫ ਦੀਆਂ ਮੁੱਖ ਫ਼ਸਲਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਪਾਣੀ ਦੀ ਬੱਚਤ ਲਈ ਕਿਸਾਨ ਝੋਨੇ ਲਈ ਸਿੱਧੀ ਬਿਜਾਈ ਨੂੰ ਪਹਿਲ ਦੇਣ ਅਤੇ ਮਾਹਿਰਾਂ ਵਲੋਂ ਸੁਝਾਈਆਂ ਖਰੀਫ ਦੀਆਂ ਫਸ਼ਲਾਂ ਲਈ ਨੁਕਤੇ ਖੇਤ ਪੱਧਰ ’ਤੇ ਲਾਗੂ ਕਰਕੇ ਖੇਤੀ ਲਾਗਤ ਦੇ ਖਰਚੇ ਘੱਟ ਕਰਕੇ ਮੁਨਾਫਾ ਵਧਾਉਣ ਦੀ ਅਪੀਲ ਕੀਤੀ।
ਇਸ ਦੌਰਾਨ ਦਪਿੰਦਰ ਸਿੰਘ, ਸੁਭਾਸ਼ ਚੰਦਰ, ਜਸਵੀਰ ਸਿੰਘ, ਹਰਮਨਦੀਪ ਸਿੰਘ, ਵਿਨੇ ਕੁਮਾਰ, ਸੁਰਿੰਦਰ ਸਿੰਘ, ਗਗਨਦੀਪ ਸਿੰਘ, ਨਵਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨ ਅਤੇ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਸਨ।

ਮਾ.ਅਮਰਜੀਤ ਸਿੰਘ ਦੀਵਾਨਾ ਨੇ ਰਿਟਾਇਰਮੈਂਟ ਦੀ ਖੁਸੀ ਦੇ ਵਿੱਚ ਆਪਣੇ ਗ੍ਰਹਿ ਵਿਖੇ ਅਖੰਡ ਪਾਠ ਕਰਵਾਏ ।

ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ ਸਨਮਾਨਤ  

ਮਹਿਲ ਕਲਾਂ /ਬਰਨਾਲਾ- 09 ਅਪ੍ਰੈਲ- (ਗੁਰਸੇਵਕ ਸੋਹੀ) -ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਮਾਸਟਰ ਅਮਰਜੀਤ ਸਿੰਘ ਸੋਹੀ ਜੀ ਦੀ ਰਟਾਇਰਮੈਂਟ ਹੋਣ ਦੀ ਖੁਸ਼ੀ ਵਿਚ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਉਨ੍ਹਾਂ ਨੂੰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਨੇ ਕਿਹਾ ਕਿ ਮਾਸਟਰ ਅਮਰਜੀਤ ਸਿੰਘ ਨੇ ਆਪਣੇ ਸੇਵਾ ਕਾਲ ਵਿੱਚ ਜਿੱਥੇ ਬੱਚਿਆਂ ਨੂੰ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਸਿੱਖਿਆ ਦਿੱਤੀ ਹੈ ਉੱਥੇ ਹੀ ਸਕੂਲ ਵਿੱਚ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਵੀ ਕਰਦੇ ਰਹੇ ਹਨ। ਮਾਸਟਰ ਜੀ ਵੱਲੋਂ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਵੀ ਸਾਮ ਦੇ ਸਮੇਂ ਬਿਨਾਂ ਕਿਸੇ ਨਾਗੇ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਿਸਦੇ ਨਤੀਜੇ ਵਜੋ ਸਕੂਲ ਦੀਆ ਲੜਕੀਆਂ ਦੀ ਹਾਕੀ ਦੀ ਟੀਮ ਨੂੰ ਨੈਸਨਲ ਪੱਧਰ ਤੇ ਖੇਡਣ ਦਾ ਮਾਣ ਪ੍ਰਾਪਤ ਹੋਏਆ ਹੈ ਅਤੇ ਵੱਖ ਵੱਖ ਦੇਸ਼ਾਂ ਵਿਚ ਸੈਟਲ ਹਨ ।
ਇਸ ਮੌਕੇ ਪਿੰਡ ਦੇ ਸਰਪੰਚ ਰਣਧੀਰ ਸਿੰਘ ਦੀਵਾਨਾ ਸਮੁੱਚੀ ਕਲੱਬ ਸਮੁੱਚੇ ਸਕੂਲ ਸਟਾਫ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਸਕੂਲ ਸੇਵਾ ਗਰੁੱਪ ਦੇ ਸਾਰੇ NRI ਵੀਰਾਂ ਵੱਲੋਂ ਮਾਸਟਰ ਅਮਰਜੀਤ ਸਿੰਘ ਸੋਹੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਡਾ .ਹੰਸਰਾਜ ,ਮਾਸਟਰ ਪ੍ਰੇਮ ਸਿੰਘ ਦੀਵਾਨਾ, ਮਾਸਟਰ ਹਰਪਾਲ ਸਿੰਘ ਰਾਮਾ, ਮਾਸਟਰ ਜਸਵੰਤ ਸਿੰਘ ਗਹਿਲ, ਮਾਸਟਰ ਗੁਰਪ੍ਰੀਤ ਸਿੰਘ, ਮਾਸਟਰ ਜਗਦੀਪ ਸਿੰਘ ਬੁਰਜ ਕਲਾਲਾ, ਮਾਸਟਰ ਸਤਨਾਮ ਸਿੰਘ, ਮਾਸਟਰ ਈਵਰਿੰਦਰ ਸਿੰਘ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਸਿੰਘ ਬੜਿੰਗ ਦੀਵਾਨਾ, ਮਾਸਟਰ ਸੁਰਜੀਤ ਸਿੰਘ ਦੀਵਾਨਾ, ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ, ਗਿਆਨੀ ਗੁਰਪ੍ਰੀਤ ਸਿੰਘ ਸੋਹੀ ਆਦਿ ਹਾਜ਼ਰ ਸਨ।
 

ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਕੀਤਾ ਸਨਮਾਨਿਤ

ਗੱਲਬਾਤ ਦੌਰਾਨ ਢੇਸੀ ਨੇ ਪੰਜਾਬ ਲਈ ਸਿੱਧੀਆਂ ਉਡਾਣਾਂ ਸਮੇਤ ਕਈ ਪ੍ਰਵਾਸੀ ਭਾਰਤੀ ਮੁੱਦੇ ਉਠਾਏ

 

ਫਗਵਾੜਾ/ਜਲੰਧਰ, 8 ਅਪਰੈਲ ( ਰਣਜੀਤ ਸਿੱਧਵਾਂ ) ਬਰਤਾਨੀਆ ਦੀ ਸੰਸਦ ਵਿੱਚ ਬਹਿਸਾਂ ਅਤੇ ਸਵਾਲਾਂ ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਲਈ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪਿੰਡ ਮੌਲੀ, ਫਗਵਾੜਾ ਵਿੱਚ ਹਲਕਾ ਸਲੋਹ, ਯੂਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਿਤ ਵੀ ਕੀਤਾ। 

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਿੰਨਾਂ ਨੇ ਬੋਲਦਿਆਂ ਵਿਸ਼ਵ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨ ਯੂਕੇ ਦੇ ਐਮਪੀ ਢੇਸੀ ਨੇ ਭਾਰਤੀ ਕਿਸਾਨਾਂ ਲਈ ਐਨਆਰਆਈ ਭਾਈਚਾਰੇ ਵੱਲੋਂ ਕੀਤੀ ਗਈ ਹਰ ਤਰਾਂ ਦੀ ਸਹਾਇਤਾ ਅਤੇ ਦੇਸ਼ ਵਿੱਚੋਂ ਕਈ ਸਰੋਤਾਂ ਤੋਂ ਪ੍ਰਾਪਤ ਹੰੁਦੀ ਰੋਜਾਨਾ ਜਾਣਕਾਰੀ, ਖਾਸ ਤੌਰ ’ਤੇ ਆਦਮਪੁਰ ਤੋਂ ਉਨਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਵੱਲੋਂ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਢੇਸੀ ਨੇ ਖੁਲਾਸਾ ਕੀਤਾ ਕਿ ਉਸਨੇ ਪਹਿਲਕਦਮੀ ਕਰਦਿਆਂ ਯੂਕੇ ਦੇ ਵਿਦੇਸ਼ ਮੰਤਰੀ ਲਈ ਇੱਕ ਪੱਤਰ ਤਿਆਰ ਕਰਕੇ ਉਸ ’ਤੇ 36 ਸੰਸਦ ਮੈਂਬਰਾਂ ਦੁਆਰਾ ਦਸਤਖਤ ਕਰਵਾਏ ਗਏ ਸਨ ਤਾਂ ਜੋ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਭਾਰਤੀ ਵਿਦੇਸ਼ ਮੰਤਰੀ ਕੋਲ ਉਠਾਇਆ ਜਾ ਸਕੇ, ਜੋ ਕਿ ਉਨਾਂ ਨੇ ਸਹੀ ਢੰਗ ਨਾਲ ਕੀਤਾ ਵੀ ਸੀ।

ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਵੀ ਇਸ ਅੰਦੋਲਨ ਬਾਰੇ ਇੱਕ ਪੱਤਰ ਲਿਖਿਆ ਸੀ ਜਿਸ ਉਪਰ 100 ਤੋਂ ਵੱਧ ਬਰਤਾਨਵੀ ਸੰਸਦ ਮੈਂਬਰਾਂ ਵੱਲੋਂ ਦਸਤਖਤ ਕੀਤੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਦੋਂ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਫੁਟੇਜ ਵਾਇਰਲ ਹੋ ਗਈ ਸੀ ਤਾਂ ਪੁਲਿਸ ਵੱਲੋਂ ਕਿਸਾਨਾਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ।

ਆਪਣੇ ਸੰਬੋਧਨ ਵਿੱਚ ਢੇਸੀ ਨੇ ਵੱਖ-ਵੱਖ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਵੀ ਉਠਾਏ, ਜਿਵੇਂ ਕਿ ਯੂਕੇ ਤੋਂ ਅੰਮਿ੍ਰਤਸਰ ਅਤੇ ਚੰਡੀਗੜ ਲਈ ਹੋਰ ਸਿੱਧੀਆਂ ਉਡਾਣਾਂ ਦੀ ਲੋੜ ਹੈ। ਯੂਕੇ ਦੇ ਐਮਪੀ ਨੇ ਹੋਰ ਚੱਲ ਰਹੇ ਕੰਮਾਂ ਨੂੰ ਵੀ ਉਜਾਗਰ ਕੀਤਾ ਜਿੰਨਾਂ ਵਿੱਚ ਉਹ ਸਰਗਰਮ ਅਗਵਾਈ ਕਰ ਰਿਹਾ ਹੈ, ਉਨਾਂ ਵਿੱਚ ਵਿਸ਼ਵ ਯੁੱਧਾਂ ਦੌਰਾਨ ਸੇਵਾ ਕਰਨ ਵਾਲੇ ਸਿੱਖ ਸੈਨਿਕਾਂ ਲਈ ਕੇਂਦਰੀ ਲੰਦਨ ਵਿੱਚ ਇੱਕ ਯਾਦਗਾਰ ਬਣਾਉਣਾ ਅਤੇ ਪਿਛਲੇ ਸੱਤ ਸਾਲਾਂ ਤੋਂ ਯੂਕੇ ਗੱਤਕਾ ਚੈਂਪੀਅਨਸ਼ਿਪਾਂ ਦਾ ਸਾਲਾਨਾ ਆਯੋਜਨ ਕਰਕੇ ਜੰਗਜੂ ਕਲਾ ਗੱਤਕੇ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਇਸ ਮੌਕੇ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ ਸਮੇਤ ਬੀਕੇਯੂ ਦੇ ਆਗੂਆਂ ਨੇ ਢੇਸੀ ਦਾ ਕਿਸਾਨੀ ਮਸਲੇ ਉਠਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਐਨ.ਆਰ.ਆਈਜ਼ ਅਤੇ ਵਿਸਵ ਭਰ ਤੋਂ ਆਈਆਂ ਜੋਰਦਾਰ ਆਵਾਜਾਂ ਸਦਕਾ ਹੀ ਕਿਸਾਨ ਮੋਰਚੇ ਨੂੰ ਇਤਿਹਾਸਕ ਸਫਲਤਾ ਮਿਲੀ ਹੈ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਪਾਲ ਸਿੰਘ ਢੇਸੀ, ਕਿਸਾਨ ਆਗੂ ਕੁਲਦੀਪ ਸਿੰਘ ਸੰਘਾ, ਹਰਿੰਦਰ ਸਿੰਘ ਖਹਿਰਾ, ਹੁਸਨ ਲਾਲ ਸਰਪੰਚ, ਪਾਲਾ ਮੌਲੀ, ਹਰਬੰਸ ਸਿੰਘ ਹਰਦੋ ਫਰੋਲਾ ਅਤੇ ਡਾ: ਸੁੱਖੀ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਸਿਆਸੀ ਆਗੂ ਵੀ ਹਾਜਰ ਸਨ।

ਸੂਬੇ ਦੇ ਹਰ ਖੇਤਰ ’ਚ ਕਰਵਾਏ ਜਾਣਗੇ ਰਿਕਾਰਡਤੋੜ ਵਿਕਾਸ ਕਾਰਜ : ਬ੍ਰਮ ਸ਼ੰਕਰ ਜਿੰਪਾ -

ਕੈਬਨਿਟ ਮੰਤਰੀ ਨੇ 7 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਵਰਧਮਾਨ ਸਪੀਨਿੰਗ ਮਿੱਲ ਦੇ ਨਾਲ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

 

ਹੁਸ਼ਿਆਰਪੁਰ, 8 ਅਪੈ੍ਲ  (ਰਣਜੀਤ ਸਿੱਧਵਾਂ)  :  ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਹਰ ਖੇਤਰ ਦੀ ਨੁਹਾਰ ਸੰਵਾਰਨ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਰਿਕਾਰਡਤੋੜ ਵਿਕਾਸ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੋਣ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਹ ਫਗਵਾੜਾ ਰੋਡ ਸਥਿਤ ਵਰਧਮਾਨ ਸਪੀਨਿੰਗ ਮਿੱਲ ਦੇ ਨਾਲ ਵਾਲੀ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਕੈੰਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵਿਸ਼ੇਸ਼ ਤੌਰ ’ਤੇ ਵਿਕਾਸ ਕਾਰਜ ਕਰਵਾਏ ਜਾ  ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਵਾਰਡ ਵਿੱਚ ਨਿਵਾਸੀਆਂ ਦੀ ਸੁਵਿਧਾ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ  ਜ਼ਰੂਰੀ ਕੰਮ ਜੰਗੀ ਪੱਧਰ ’ਤੇ ਮੁਕੰਮਲ ਕੀਤੇ ਜਾਣਗੇ। ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਵਿਕਾਸ ਪੱਖੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ, ਉਥੇ ਯੋਗ ਵਿਅਕਤੀਆਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਵੀ ਯਕੀਨੀ ਬਣਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਵੀ ਮੌਜੂਦ ਸਨ।

ਸੀ.ਜੇ.ਐਮ ਅਮਰੀਸ਼ ਕੁਮਾਰ ਨੇ ਪੁਲਿਸ ਅਧਿਕਾਰੀਆਂ  ਨੂੰੰ ਕਾਨੂੰਨੀ ਸਹਾਇਤਾ ਸਬੰਧੀ ਕੀਤਾ ਜਾਗਰੂਕ

-ਪ੍ਰੀ-ਅਰੈਸਟ, ਅਰੈਸਟ, ਰਿਮਾਂਡ ਸਟੇਜ਼, ਪੰਜਾਬ ਵਿਕਟਿਮ ਮੁਆਵਜ਼ਾ ਸਕੀਮ, ਮੁਫ਼ਤ ਕਾਨੂੰਨੀ ਸਲਾਹ, ਸੇਵਾਵਾਂ ਅਤੇ ਪ੍ਰੀ-ਲਿਟਿਗੇਟਿਵ ਮੈਡੀਏਸ਼ਨ ਬਾਰੇ ਫੈਲਾਈ ਜਾਗਰੂਕਤਾ

 

ਮੋਗਾ, 8 ਅਪ੍ਰੈਲ (ਰਣਜੀਤ ਸਿੱਧਵਾਂ)  : ਮਾਣਯੋਗ ਜ਼ਸਟਿਸ ਸ਼੍ਰੀ ਤੇਜਿੰਦਰ ਸਿੰਘ ਢੀਂਡਸਾ, ਕਾਰਜਕਾਰੀ ਚੈਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਸ਼੍ਰੀ ਅਰੁਣ ਗੁਪਤਾ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਮਨਦੀਪ ਪੰਨੂ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਮੋਗਾ ਜੀ ਦੀ ਅਗਾਵਾਈ ਹੇਠ, ਸ਼੍ਰੀ ਅਮਰੀਸ਼ ਕੁਮਾਰ, ਸੀ.ਜੇ.ਐਮ-ਕਮ -ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੁਆਰਾ ਮੋਗਾ ਜ਼ਿਲ੍ਹਾ ਦੇ ਪੁਲਿਸ ਅਧਿਕਾਰੀਆਂ ਡੀ.ਐਸ.ਪੀ ਅਤੇ ਐਸ.ਐਚ.ਓ ਨੂੰ ਪ੍ਰੀ-ਅਰੈਸਟ, ਅਰੈਸਟ ਅਤੇ ਰਿਮਾਂਡ ਸਟੇਜ਼, ਪੰਜਾਬ ਵਿਕਟਿਮ ਮੁਆਵਜ਼ਾ ਸਕੀਮ, ਮੁਫ਼ਤ ਕਾਨੂੰਨੀ ਸਲਾਹ ਅਤੇ ਸੇਵਾਵਾਂ ਅਤੇ ਪ੍ਰੀ-ਲਿਟਿਗੇਟਿਵ ਮੈਡੀਏਸ਼ਨ `ਤੇ ਕਾਨੂੰਨੀ ਸਹਾਇਤਾ ਸਬੰਧੀ ਟ੍ਰੇਨਿੰਗ ਦਿੱਤੀ। ਸੀ.ਜੇ.ਐਮ ਅਮਰੀਸ਼ ਕੁਮਾਰ ਜੀ ਨੇ ਸਭ ਤੋਂ ਪਹਿਲਾਂ ਮੁਫ਼ਤ ਕਾਨੂੰਨੀ ਸੇਵਾਵਾਂ, ਵਿਕਟਿਮ ਮੁਆਵਜ਼ਾ ਸਕੀਮ, ਲੋਕ ਅਦਾਲਤਾਂ, ਮੈਡੀਏਸ਼ਨ ਆਦਿ ਬਾਰੇ ਜਾਗਰੂਕ ਕੀਤਾ। ਇਸ ਤੋਂ ਬਾਅਦ ਉਹਨਾਂ ਦੁਆਰਾ ਪੁਲਿਸ ਅਧਿਕਾਰੀਆਂ ਨੂੰ ਪ੍ਰੀ-ਅਰੈਸਟ, ਅਰੈਸਟ ਅਤੇ ਰਿਮਾਂਡ ਸਟੇਜ਼ `ਤੇ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕ ਕੀਤਾ ਅਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੇ ਵਿਅਕਤੀ ਨੂੰ ਅਰੈਸਟ ਕਰਨ ਤੋਂ ਪਹਿਲਾਂ ਉਸ ਨੂੰ ਦੱਸਿਆ ਜਾਵੇ ਕਿ ਉਸ ਨੂੰ ਕਿਸ ਜੁਰਮ ਕਰ ਕੇ ਅਰੈਸਟ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਕਿਸੇ ਵੀ ਤਰ੍ਹਾਂ ਦੀ ਲੀਗਲ ਸਲਾਹ ਜਾਂ ਸਹਾਇਤਾ ਦੀ ਲੋੜ ਹੈ ਤਾਂ ਉਸ ਨੂੰ ਸਾਡੇ ਦਫ਼ਤਰ ਦੇ ਨੰਬਰ 01636-235864 ਤੇ ਸੰਪਰਕ ਕਰਵਾਇਆ ਜਾਵੇ ਜਾਂ ਫਿਰ ਟੋਲ ਫਰੀ ਨੰਬਰ 1968 ਡਾਇਲ ਕਰ ਸਕਦੇ ਹਨ। ਇਸ ਤੋਂ ਬਾਅਦ ਉਹਨਾਂ ਪੁਲਿਸ ਅਧਿਕਾਰੀ ਨੂੰ ਪੰਜਾਬ ਵਿਕਟਿਮ ਮੁਆਵਜ਼ਾ ਸਕੀਮ ਵਿੱਚ ਮਿਲਣ ਵਾਲੇ ਮੁਆਵਜ਼ੇ ਸਬੰਧੀ ਵਿਸਥਾਰ ਵਿੱਚ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਕਿਹਾ ਕਿਆ ਕਿ ਲੋਕਾਂ ਨੂੰ ਇਹਨਾਂ ਸਕੀਮਾਂ ਬਾਰੇ ਦੱਸਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀ-ਲਿਟੀਗੇਟਿਵ ਕੇਸਾਂ (ਜਿਹੜੇ ਹੁਣ ਕੋਰਟ ਵਿੱਚ ਨਹੀਂ ਲੱਗੇ ਜਾਂ ਜਿਹਨਾਂ ਵਿੱਚ ਐਫ.ਆਈ.ਆਰ) ਵੀ ਨਹੀਂ ਹੋਈ, ਉਹਨਾਂ ਕੇਸਾਂ ਨੂੰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਦੇ ਮੈਡੀਏਸ਼ਨ ਸੈਂਟਰ ਮੋਗਾ ਦੇ ਵਿੱਚ ਰਾਜੀਨਾਮੇ ਲਈ ਭੇਜ਼ੋ ਤਾਂ ਜ਼ੋ ਉਹਨਾਂ ਕੇਸਾਂ ਵਿੱਚ ਆਮ ਲੋਕਾਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਅਨਾਜ ਮੰਡੀ ਖੰਨਾ ਵਿਖੇ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ 

ਕਿਸਾਨਾਂ ਸਮੇਤ ਸਾਰੇ ਹਿੱਸੇਦਾਰਾਂ ਨੂੰ ਨਿਰਵਿਘਨ, ਤੁਰੰਤ ਅਤੇ ਮੁਸ਼ਕਲ ਰਹਿਤ ਕਣਕ ਦੀ ਖਰੀਦ ਦਾ ਭਰੋਸਾ

 

ਕਿਸਾਨਾਂ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ

ਖੰਨਾ (ਲੁਧਿਆਣਾ), 8 ਅਪ੍ਰੈਲ  (ਰਣਜੀਤ ਸਿੱਧਵਾਂ)  :  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਾਰੇ ਹਿੱਸੇਦਾਰਾਂ ਖਾਸ ਕਰਕੇ ਖਰੀਦ ਪ੍ਰਕਿਰਿਆ ਵਿੱਚ ਸ਼ਾਮਲ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ।  ਇਥੇ ਅਨਾਜ ਮੰਡੀ ਵਿਖੇ ਚੱਲ ਰਹੇ ਕਣਕ ਦੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਸੂਬੇ ਦੀਆਂ ਸਾਰੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਨੂੰ ਤੁਰੰਤ ਲਿਫਟਿੰਗ ਤੋਂ ਇਲਾਵਾ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਵਿਸਤ੍ਰਿਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਮੌਕੇ ਰਜਵੰਤ ਕੌਰ ਪਤਨੀ ਕੁਲਵੰਤ ਸਿੰਘ ਭਾਦਲਾ ਦੀ 50 ਕੁਇੰਟਲ ਕਣਕ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਏਜੰਸੀ ਵੱਲੋਂ ਕਮਿਸ਼ਨ ਏਜੰਟ ਮੈਸਰਜ਼ ਖੁਸ਼ੀ ਰਾਮ ਐਂਡ ਕੰਪਨੀ ਰਾਹੀਂ ਖਰੀਦੀ ਗਈ ਅਤੇ ਮੌਕੇ 'ਤੇ ਹੀ ਆਨਲਾਈਨ ਅਦਾਇਗੀ ਵੀ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਮੰਡੀਆਂ ਵਿੱਚ ਕਣਕ ਦੀ ਆਮਦ ਵਿੱਚ ਥੋੜੀ ਦੇਰੀ ਹੋਈ ਹੈ ਅਤੇ ਕੁਝ ਖੇਤਰਾਂ ਵਿੱਚ ਉਪਜ ਵੀ ਮੁਕਾਬਲਤਨ ਘੱਟ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਪੈਦਾਵਾਰ ਦਾ ਇੱਕ-ਇੱਕ ਦਾਣਾ ਸਰਕਾਰ ਵੱਲੋਂ ਆਪਣੀਆਂ 2262 ਮੰਡੀਆਂ (1862 ਸਥਾਈ ਅਤੇ 400 ਅਸਥਾਈ) ਰਾਹੀਂ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਉਨ੍ਹਾਂ ਨੂੰ ਸੂਬੇ ਵਿੱਚ 135 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ, ਜਿਸ ਵਿੱਚੋਂ 97000 ਮੀਟਰਕ ਟਨ ਇਕੱਲੇ ਖੰਨਾ ਮੰਡੀ ਵਿੱਚ ਅਤੇ 9.24 ਲੱਖ ਮੀਟਰਕ ਟਨ ਜ਼ਿਲ੍ਹਾ ਲੁਧਿਆਣਾ ਵਿੱਚ ਆਉਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਵਿਸ਼ਵ ਪੱਧਰ 'ਤੇ ਕਣਕ ਦੀ ਮੰਗ ਵਧੇਗੀ ਅਤੇ ਇਸ ਵਾਰ ਨਿੱਜੀ ਵਪਾਰੀਆਂ ਵੱਲੋਂ ਸਰਕਾਰੀ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ ਤੋਂ ਉਪਰ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਟੈਕਸ ਜਮ੍ਹਾਂ ਕਰਵਾਉਣ ਤੋਂ ਬਾਅਦ ਪ੍ਰਾਈਵੇਟ ਵਪਾਰੀ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚੋਂ ਕਣਕ ਦੀ ਆਸਾਨੀ ਨਾਲ ਖਰੀਦ ਕਰ ਸਕਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਆਨਲਾਈਨ ਟਰਾਂਸਫਰ ਕੀਤੀ ਜਾ ਰਹੀ ਹੈ ਅਤੇ ਉਹ ਕਣਕ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਦੀ ਖੁਦ ਨਿਗਰਾਨੀ ਕਰ ਰਹੇ ਹਨ।

ਸ. ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਆਵਾਜਾਈ, ਅਦਾਇਗੀ ਅਤੇ ਬਾਰਦਾਨੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਦਾ “ਐਨ ਡਾਟਾ” ਸਹੀ ਢੰਗ ਨਾਲ ਸੰਭਾਲਿਆ ਜਾਵੇਗਾ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨ ਨੂੰ ਮੰਡੀਆਂ ਵਿੱਚ ਕੋਈ ਦਿੱਕਤ ਨਹੀਂ ਆਉਣ ਦੇਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਪੀਣ ਵਾਲੇ ਪਾਣੀ, ਲਾਈਟਾਂ, ਬੈਠਣ ਦੇ ਪ੍ਰਬੰਧ ਅਤੇ ਪਖਾਨੇ ਆਦਿ ਦੇ ਸਾਰੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੂਜੇ ਰਾਜਾਂ ਤੋਂ ਕਣਕ ਦੀ ਆਮਦ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਭ੍ਰਿਸ਼ਟ ਵਰਤਾਰੇ ਦੀ ਇਜਾਜ਼ਤ ਦੇਣ ਵਾਲੇ ਸਾਰੇ ਅਧਿਕਾਰੀਆਂ ਜਾਂ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਵਿੱਤ ਕਮਿਸ਼ਨਰ ਖੇਤੀਬਾੜੀ ਤੇ ਕਿਸਾਨ ਭਲਾਈ ਡੀ.ਕੇ ਤਿਵਾੜੀ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਸਮੇਤ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

ਜਲੰਧਰ ਵਿੱਚ ਹੁਣ ਤੱਕ ਜ਼ਮੀਨ ਮਾਲਕਾਂ ਨੂੰ 500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ - ਡਿਪਟੀ ਕਮਿਸ਼ਨਰ 

ਜਲੰਧਰ   (ਰਣਜੀਤ ਸਿੱਧਵਾਂ)    ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਦੱਸਿਆ ਕਿ ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ, ਜਲੰਧਰ ਬਾਈਪਾਸ, ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਅਤੇ ਜਲੰਧਰ-ਹੁਸ਼ਿਆਰਪੁਰ ਐਨ.ਐਚ-70 ਨੂੰ ਚਹੁੰ ਮਾਰਗੀ ਕਰਨ ਸਮੇਤ ਚਾਰ ਵੱਡੇ ਹਾਈਵੇ ਪ੍ਰਾਜੈਕਟਾਂ ਤਹਿਤ ਜ਼ਮੀਨ ਐਕਵਾਇਰ ਕਰਨ ਲਈ ਜਲੰਧਰ ਵਿੱਚ ਹੁਣ ਤੱਕ ਜ਼ਮੀਨ ਮਾਲਕਾਂ ਨੂੰ 500 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਵਾਰਡ ਵੰਡ ਸਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਚੱਲ ਰਹੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਜਾਰੀ ਸਮਾਂ ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਅਵਾਰਡ ਵੰਡ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।ਉਨ੍ਹਾਂ ਦੱਸਿਆ ਕਿ ਹਾਈਵੇ ਪ੍ਰਾਜੈਕਟਾਂ ਤਹਿਤ ਹੁਣ ਤੱਕ ਜ਼ਮੀਨ ਮਾਲਕਾਂ ਨੂੰ 505.11 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ-ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਤਹਿਤ ਐਸ.ਡੀ.ਐਮ. ਨਕੋਦਰ ਵੱਲੋਂ 28.97 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸੇ ਤਰ੍ਹਾਂ ਇਸੇ ਪ੍ਰਾਜੈਕਟ ਤਹਿਤ ਐਸ.ਡੀ.ਐਮ. ਜਲੰਧਰ-2 ਅਤੇ ਐਸ.ਡੀ.ਐਮ. ਫਿਲੌਰ ਵੱਲੋਂ ਕ੍ਰਮਵਾਰ 128.55 ਕਰੋੜ ਅਤੇ 46.14 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

 ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਲੰਧਰ ਬਾਈਪਾਸ ਪ੍ਰਾਜੈਕਟ ਤਹਿਤ 99 ਕਰੋੜ ਰੁਪਏ ਦੀ ਰਕਮ ਅਤੇ ਜਲੰਧਰ- ਹੁਸ਼ਿਆਰਪੁਰ ਐਨ.ਐਚ- 70 ਨੂੰ ਚਹੁੰ ਮਾਰਗੀ ਕਰਨ ਤਹਿਤ 198 ਕਰੋੜ ਰੁਪਏ ਜ਼ਮੀਨ ਮਾਲਕਾਂ ਨੂੰ ਵੰਡੇ ਜਾ ਚੁੱਕੇ ਹਨ। ਘਨਸ਼ਿਆਮ ਥੋਰੀ ਨੇ ਸਬੰਧਤ ਐਸ.ਡੀ.ਐਮਜ਼ ਨੂੰ ਅਵਾਰਡ ਵੰਡ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਮਾਂ ਸੀਮਾ ਦੀ ਪਾਲਣਾ ਵਿੱਚ ਲਾਪ੍ਰਵਾਹੀ ਵਰਤਣ ਵਾਲਿਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਇਨ੍ਹਾਂ ਪ੍ਰਾਜੈਕਟਾਂ ਅਧੀਨ ਆਉਂਦੇ ਸਾਰੇ ਜ਼ਮੀਨ ਮਾਲਕਾਂ ਨੂੰ ਆਪਣਾ ਮੁਆਵਜ਼ਾ ਪ੍ਰਾਪਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕ ਆਪਣਾ ਮੁਆਵਜ਼ਾ ਪ੍ਰਾਪਤ ਕਰਨ ਤੋਂ ਬਾਅਦ ਵੀ ਲੈਂਡ ਇਨਹੈਂਸਮੈਂਟ ਲਈ ਆਰਬਿਟ੍ਰੇਟਰਾਂ ਪਾਸ ਅਪੀਲ ਦਾਇਰ ਕਰ ਸਕਦੇ ਹਨ, ਇਸ ਲਈ, ਉਨ੍ਹਾਂ ਨੂੰ ਅਥਾਰਟੀ ਤੋਂ ਆਪਣਾ ਮੁਆਵਜ਼ਾ ਪ੍ਰਾਪਤ ਕਰਨਾ ਚਾਹੀਦਾ ਹੈ। ਉਨ੍ਹਾਂ ਇਨ੍ਹਾਂ ਪ੍ਰਾਜੈਕਟਾਂ ਨੂੰ ਬਹੁਤ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਇਹ ਹਾਈਵੇ ਪ੍ਰਾਜੈਕਟ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨਗੇ।

ਕੋਈ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਕੋਈ ਖੁਸ਼ੀ ਵਿੱਚ ਪੀਂਦਾ
ਕੋਈ ਪੀਂਦਾ ਗਮ ਅੰਦਰ
ਕੋਈ ਜੱਗ ਤੋਂ ਛੁੱਪਕੇ ਪੀਂਦਾ
ਕੋਈ ਪੀਂਦਾ ਵਿੱਚ ਬਾਜ਼ਾਰ
ਕਈ ਪੀਂਦੇ ਗਮ ਨੂੰ ਭੁੱਲਾਉਣ ਲਈ
ਕਈ ਪੀਂਦੇ ਘਰ ਦੂਜਿਆਂ ਦੇ ਢਾਉਣ ਲਈ
ਬਾਜ਼ਾਰ ਵਿੱਚੋਂ ਹਰ ਸ਼ੈਅ ਮਿਲਦੀ
ਪਰ ਮੁੱਲ ਵਿੱਕਦਾ ਪਿਆਰ ਨਹੀਂ ਮਿਲਣਾ
ਬੇਵਫਾ ਭਾਵੇਂ ਤੂੰ ਲੱਖਾਂ ਨਾਲ ਲਾ ਲਵੀਂ
ਪ੍ਰੀਤਾ ,ਯਾਰੀ,ਮੁਹੱਬਤਾਂ ਦਿਲਦਾਰੀਆਂ
ਪਰ "ਸ਼ਾਇਰ " ਜਿਹਾ ਨਿਮਾਣਾ
ਤੈਨੂੰ ਦਿਲਦਾਰ ਨਹੀਂ ਮਿਲਣਾ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਅਲਵਿਦਾ ਤੋਂ ਬਾਅਦ ✍️ ਰਮੇਸ਼ ਕੁਮਾਰ ਜਾਨੂੰ

ਉਸ ਗੀਤ ਦੀ ਮੌਤ ਤਾਂ ਪੱਕੀ ਏ
     ਜਿਹਦਾ ਸੁਰ ਟੁੱਟਦਾ ਏ ਰਾਗ ਵਿੱਚੋਂ
ਹੁਣ ਸਾਂਭ ਕੇ ਰੱਖੀਂ ਫੁੱਲ ਕਲੀਆਂ
     ਮਾਲੀ ਤੁਰ ਗਿਆ ਤੇਰੇ ਬਾਗ਼ ਵਿੱਚੋਂ

ਤੇਰੇ ਖਤ ਵੇਖੇ ਤੇ ਤਸਵੀਰਾਂ ਵੀ
     ਤੂੰ ਦਿਸਿਆ ਹਰ ਸੌਗ਼ਾਤ ਵਿਚੋਂ
ਮੇਰਾ ਸਭ ਕੁਝ ਏਥੇ ਰਹਿ ਗਿਆ ਏ
     ਜੋ ਖੱਟਿਆ ਮੁਹੱਬਤ ਪਾਕ ਵਿਚੋਂ

ਜਿਹੜਾ ਪਿਆਰ 'ਚ' ਦਿੱਤਾ ਛੱਲਾ ਤੂੰ
     ਉਹ ਵੀ ਲੱਭਿਆ ਮੇਰੀ ਰਾਖ ਵਿੱਚੋਂ
ਹੁਣ ਫ਼ਰੋਲ ਕੇ ਲੱਭਦਾ ਫਿਰਦਾ ਹੈ
     ਮੇਰੀ ਖ਼ਾਕ ਨੂੰ ਮੇਰੀ ਖ਼ਾਕ ਵਿਚੋਂ

ਓ ਚਾਨਣ ਮੇਰੀ ਅੱਗ ਦਾ ਸੀ
     ਸੇਕ ਆਉਂਦਾ ਨਾ ਚਾਨਣੀ ਰਾਤ ਵਿੱਚੋਂ
'ਜਾਨੂੰ' ਰੱਬ ਨੂੰ ਜਾ ਕੇ ਪੁੱਛਾਂ ਗਾ
     ਮੇਰਾ ਕੀ ਸੀ ਤੇਰੀ, ਕਾਇਨਾਤ ਵਿਚੋਂ
           
           ਲੇਖਕ-ਰਮੇਸ਼ ਕੁਮਾਰ ਜਾਨੂੰ
          ਫੋਨ ਨੰ:-98153-20080

ਕੌੜੀਆਂ ਯਾਦਾਂ, ਬਣੀਆਂ ਮਿੱਠੀਆਂ! ✍️ ਸਲੇਮਪੁਰੀ ਦੀ ਚੂੰਢੀ

 ਸੋਸ਼ਲ ਮੀਡੀਆ ਗਰੁੱਪ ਵਿਚ ਮੇਰੇ ਨਾਲ ਜੁੜੇ ਇਕ ਸੋਸ਼ਲ ਮੀਡੀਆ ਦੋਸਤ ਵਲੋਂ ਇਕ ਬੱਚੇ ਦੀ ਤਸਵੀਰ ਭੇਜੀ ਗਈ, ਜਿਸ ਨੂੰ ਵੇਖ ਕੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ।
ਮੈਂ ਪੰਜਵੀਂ ਜਮਾਤ ਪਾਸ ਕਰਨ ਪਿੱਛੋਂ ਜਿਲ੍ਹਾ ਲੁਧਿਆਣਾ ਦੇ ਮਸ਼ਹੂਰ ਪਿੰਡ ਹੰਬੜਾਂ ਵਿਚ ਸਥਾਪਿਤ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਮੇਰੇ ਸਮੇਂ ਹਾਈ ਸਕੂਲ ਸੀ , ਦੇ ਵਿੱਚ ਛੇਵੀਂ ਜਮਾਤ ਵਿਚ ਪੜ੍ਹ ਰਿਹਾ ਸੀ । ਗਰਮੀਆਂ ਦੀ ਰੁੱਤ ਸੀ, ਮਈ ਮਹੀਨਾ ਸੀ, ਦੁਪਹਿਰ ਵੇਲੇ ਜਦੋਂ ਸਕੂਲ ਤੋਂ ਛੁੱਟੀ ਹੋਈ ਤਾਂ ਮੈਂ ਹੰਬੜਾਂ ਤੋਂ ਆਪਣੇ ਪਿੰਡ ਸਲੇਮਪੁਰ ਆਉਣ ਲਈ ਅੱਡੇ 'ਤੇ ਖੜ੍ਹਾ ਸੀ, ਮੇਰੇ ਪੈਰ ਨੰਗੇ ਸਨ, ਧਰਤੀ ਗਰਮੀ ਨਾਲ ਸੜ ਰਹੀ ਸੀ, ਮੈਂ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਲਈ ਕਦੀ ਸੱਜਾ ਪੈਰ ਖੱਬੇ ਪੈਰ ਉਪਰ ਤੇ ਕਦੀ ਖੱਬਾ ਪੈਰ, ਸੱਜੇ ਪੈਰ ਉਪਰ ਰੱਖ ਕੇ ਆਪਣੇ ਪੈਰਾਂ ਨੂੰ ਸੜਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਸੀ । ਬੱਸ ਦੀ ਉਡੀਕ ਕਰਦਿਆਂ ਮੈਨੂੰ ਉਥੇ ਅੱਧਾ ਘੰਟਾ ਹੋ ਗਿਆ ਸੀ, ਗਰਮੀ ਨਾਲ ਸੜ ਰਹੀ ਧਰਤੀ ਨੇ ਮੇਰੇ ਨੰਗੇ ਪੈਰਾਂ ਨੂੰ ਲੂਅ ਕੇ ਰੱਖ ਦਿੱਤਾ ਸੀ, ਪੈਰ ਅੱਗ ਵਾਂਗ ਲਾਲ ਹੋ ਚੁੱਕੇ ਸਨ। ਬੱਸ ਅੱਡੇ ਕੋਲ (ਜਿਥੇ  ਬੈਠਣ ਲਈ ਨਾ ਤਾਂ ਪਹਿਲਾਂ ਥਾਂ ਸੀ ਅਤੇ ਨਾ ਹੀ ਕੋਈ ਛੱਤ ਸੀ) ਇੱਕ ਚਾਹ ਦੀ ਦੁਕਾਨ ਸੀ, ਦੇ ਵਿੱਚ ਚਾਹ ਪੀ ਰਹੇ ਫਰਿਸ਼ਤਾ ਰੂਪੀ ਇੱਕ ਇਨਸਾਨ ਨੇ ਮੇਰੇ ਵਲ ਵੇਖਿਆ ਤੇ ਮੇਰੇ ਕੋਲ ਆ ਕੇ ਮੇਰੀ ਬਾਂਹ ਫੜੀ, ਪਰ ਮੈਂ ਡਰ ਗਿਆ, ਕਿਉਂਕਿ ਮੈਂ ਉਸ ਇਨਸਾਨ ਨੂੰ ਜਾਣਦਾ ਹੀ ਨਹੀਂ ਸੀ, ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਲੈ ਕੇ ਇਕ ਦੁਕਾਨ ਵਿਚ ਵੜ ਗਿਆ ਅਤੇ ਦੁਕਾਨਦਾਰ ਨੂੰ ਆਖਣ ਲੱਗਾ ਕਿ 'ਇਸ ਮੁੰਡੇ ਦੇ ਮੇਚ ਦੀਆਂ ਚੱਪਲਾਂ ਕੱਢੋ ਅਤੇ ਪੈਰਾਂ ਵਿਚ ਪਾ ਦਿਓ! ਦੁਕਾਨਦਾਰ ਨੇ ਮੇਰੇ ਪੈਰਾਂ ਵਲ ਵੇਖਦਿਆਂ ਸਹੀ ਅੰਦਾਜ਼ੇ ਨਾਲ ਚੱਪਲਾਂ ਕੱਢੀਆਂ ਅਤੇ ਮੇਰੇ ਪੈਰਾਂ ਵਿਚ ਪਾ ਦਿੱਤੀਆਂ। ਚੱਪਲਾਂ ਪਾਉਣ ਤੋਂ ਬਾਅਦ ਮੈਂ ਉਥੇ ਹੀ ਖੜ੍ਹਾ ਰਿਹਾ, ਅਤੇ ਸੋਚ ਰਿਹਾ ਸਾਂ ਕਿ 'ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ, ਮੈਂ ਚੱਪਲਾਂ ਦੀ ਕੀਮਤ ਕਿਵੇਂ ਅਦਾ ਕਰਾਂਗਾ, ਮੈਂ ਸੋਚਾਂ ਦੇ ਦਰਿਆ ਵਿਚ ਡੁੱਬ ਚੁੱਕਿਆ ਸੀ, ਮੇਰਾ ਸਰੀਰ ਕੰਬ ਰਿਹਾ ਸੀ', ਦੁਕਾਨ ਉਪਰ ਖੜ੍ਹਿਆਂ ਖੜ੍ਹਿਆਂ ਮੇਰੇ ਪਿੰਡ ਨੂੰ ਆਉਣ ਵਾਲੀ ਬੱਸ ਵੀ ਲੰਘ ਗਈ ਸੀ, ਹੁਣ ਮੈਂ ਕਿਵੇਂ ਜਾਵਾਂਗਾ, ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ?, ਬਾਹਰ ਸੂਰਜ ਮਘ ਰਿਹਾ ਸੀ, ਧਰਤੀ ਸੜ ਰਹੀ ਸੀ ?'
 ਮੇਰੇ ਹਾਵ-ਭਾਵ ਵੇਖਦਿਆਂ ਉਸ ਭੱਦਰ ਪੁਰਸ਼ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ,' ਕਾਕਾ ਆਪਣੇ ਘਰ ਨੂੰ ਜਾਹ, ਮੈਂ ਆਪੇ ਪੈਸੇ ਦੇ ਦੇਵਾਂਗਾ।'
ਉਸ ਫਰਿਸ਼ਤਿਆਂ ਵਰਗੇ ਇਨਸਾਨ ਨੇ ਜਿਉਂ ਹੀ ਮੈਨੂੰ ਦੁਕਾਨ ਤੋਂ ਘਰ ਜਾਣ ਲਈ ਕਿਹਾ, ਮੈਂ ਦੱਬੇ ਜਿਹੇ ਪੈਰੀਂ ਤਿੱਖੜ ਦੁਪਹਿਰ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਪਿੰਡ ਨੂੰ ਪੈਦਲ ਹੀ ਤੁਰ ਪਿਆ, ਬੱਸ ਲੰਘ ਚੁੱਕੀ ਸੀ, ਪਰ ਅੱਜ ਮੈਨੂੰ ਪਿੰਡ ਵਲ ਪੈਦਲ ਆਉਂਦਿਆਂ ਤੇ ਘਰ ਤੱਕ ਪਹੁੰਚਦਿਆਂ ਰਤਾ ਜਿੰਨੀ ਵੀ ਗਰਮੀ ਮਹਿਸੂਸ ਨਹੀਂ ਹੋਈ ਸੀ। ਦੂਸਰੇ ਦਿਨ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਇਕ ਜਮਾਤੀ ਨੇ ਦੱਸਿਆ ਕਿ 'ਤੈਨੂੰ ਜਿਸ ਇਨਸਾਨ ਨੇ ਚੱਪਲਾਂ ਲੈ ਕੇ ਦਿੱਤੀਆਂ ਸਨ, ਉਸ ਦਾ ਨਾਂ 'ਕਰਤਾਰ ਸਿੰਘ ਹੈ'। ਮੈਨੂੰ ਅੱਜ ਵੀ ਉਹ ਫਰਿਸ਼ਤਿਆਂ ਵਰਗਾ ਇਨਸਾਨ ਯਾਦ ਹੈ, ਜਿਸ ਨੂੰ ਭੁੱਲਾਂਗਾ ਵੀ ਨਹੀਂ!
ਗੱਲ ਸੋਸ਼ਲ ਮੀਡੀਆ ਗਰੁੱਪ  ਵਿਚ ਸ਼ਾਮਲ ਇਕ ਦੋਸਤ ਵਲੋਂ ਭੇਜੀ ਗਈ ਤਸਵੀਰ ਦੀ ਕਰ ਰਿਹਾ ਸਾਂ, ਉਸ ਤਸਵੀਰ ਨੂੰ ਵੇਖ ਕੇ ਜਿਥੇ ਮੈਨੂੰ ਮੇਰਾ ਬਚਪਨ ਯਾਦ ਆਇਆ ਤਾਂ ਮੈਨੂੰ ਮੇਰੇ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਦੇ ਦਿਨ ਵੀ ਯਾਦ ਆ ਗਏ ਹਨ, ਕਿ ਮੇਰੇ ਕੋਲ ਕੱਪੜੇ ਵੀ ਨਹੀਂ ਸਨ ਹੁੰਦੇ, ਐਤਵਾਰ ਨੂੰ ਘੰਟਾ ਘਰ ਕਬਾੜੀਏ ਪੁਰਾਣੇ ਕੱਪੜਿਆਂ ਦੀਆਂ ਫੜ੍ਹੀਆਂ ਲਗਾ ਕੇ ਕੱਪੜੇ ਵੇਚਦੇ ਸਨ , ਹੁਣ ਵੀ ਵੇਚਦੇ ਹਨ, ਘਰ ਵਿਚ ਅੱਤ ਦੀ ਗਰੀਬੀ ਹੋਣ ਕਰਕੇ ਉਥੋਂ  ਪੁਰਾਣੇ ਕੱਪੜੇ ਖ੍ਰੀਦ ਕੇ ਪਾਉਂਦਾ ਸੀ, ਫਿਰ ਪੜ੍ਹਨ ਲਈ ਆਉਂਦਾ ਸੀ!'
ਅੱਜ ਜਿਸ ਬੱਚੇ ਦੀ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਬਿਲਕੁਲ ਮੇਰੀ ਹੱਡੀ-ਬੀਤੀ ਨੂੰ ਦਰਸਾਉਂਦੀ, ਸੱਚ ਬੋਲਦੀ ਤਸਵੀਰ ਹੈ!
-ਸੁਖਦੇਵ ਸਲੇਮਪੁਰੀ (09780620233) 8 ਅਪ੍ਰੈਲ, 2022.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਉੱਪਰ ਮੈਂ ਕੀ ਸੋਚਦਾ ਹਾਂ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਿਆਨ ਨੁੰ ਅਸੀਂ ਕਿਸ ਨਜ਼ਰੀਏ ਨਾਲ ਦੇਖੀਏ ? ਇਹ ਜੋ ਅੱਜ ਸਾਡੇ ਪੰਜਾਬ ਵਾਸੀਆਂ ਦੇ ਜਾਂ ਦੁਨੀਆਂ ਵਿੱਚ ਵਸਣ ਵਾਲੇ ਸਿੱਖਾਂ ਦੇ ਮਨਾਂ ਦੇ ਸਵਾਲ ਹਨ । ਪਰ ਇਨ੍ਹਾਂ ਸੁਆਲਾਂ ਦਾ ਜਵਾਬ ਅਸੀਂ ਕਿਸ ਤੋਂ ਮੰਗੀਏ ਕੋਈ ਨਜ਼ਰ ਨਹੀਂ ਆਉਂਦਾ ਇਸ ਦਾ ਸਹੀ ਜਵਾਬ ਦੇਣ ਵਾਲ਼ਾ ! ਚਲੋ ਇਸ ਗੱਲ ਦੇ ਉੱਪਰ ਤਾਂ ਅੱਜ ਸਾਨੂੰ ਮਿੱਟੀ ਪਾਉਣ ਦਾ ਹੀ ਫ਼ਾਇਦਾ ਪਰ ਆਪਣੇ ਮਨ ਨੂੰ ਸਮਝਾਉਣਾ ਬੜਾ ਔਖਾ । 

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਫਰ ਕਰਨਾ ਮੈਂ ਸਮਝਦਾ ਹਾਂ ਕਿ ਇਕ ਬਹੁਤ ਹੀ ਵਧੀਆ ਕਿਸੇ ਵੀ ਦੁਨੀਆਂ ਵਿੱਚ ਵਸਣ ਵਾਲੇ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਗੁਰੂ ਸਾਹਿਬਾਨਾਂ ਵਿੱਚ ਆਸਥਾ ਰੱਖਣ ਵਾਲੇ ਉਸ ਵਿਅਕਤੀ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ । ਇਸ ਬਿਆਨ ਤੋਂ ਇੱਕ ਹੋਰ ਵੀ ਗੱਲ ਬੜੇ ਚੰਗੇ ਤਰੀਕੇ ਨਾਲ ਸਪਸ਼ਟ ਹੋ ਜਾਂਦੀ ਹੈ ਕਿ ਇਕ  ਗੁਰੂ ਸਾਹਿਬਾਨਾਂ ਵਿੱਚ ਆਸਥਾ ਰੱਖਣ ਵਾਲਾ ਵਿਅਕਤੀ  ਕਿੰਨਾ ਸਤਿਕਾਰ ਅਤੇ ਪਿਆਰ ਆਪਣੇ ਮਨ ਵਿੱਚ ਰੱਖਦਾ ਹੈ ਚਾਹੇ ਉਹ ਕਿਸੇ ਵੀ ਸੀਟ ਤੇ ਉੱਪਰ ਬਿਰਾਜਮਾਨ ਕਿਉਂ ਨਾ ਹੋਵੇ । 

 ਮੁੱਖ ਮੰਤਰੀ ਦੇ ਬਿਆਨ ਤੋਂ ਤੁਰੰਤ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਆਉਂਦਾ ਹੈ  । ਜੋ ਬਿਆਨ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦੇ ਪ੍ਰਬੰਧ ਚਲਾਉਂਦੀ ਹੈ ਤੇ ਸਿੱਖੀ ਦੀ ਤਰਜਮਾਨੀ ਕਰਦੀ ਹੈ  ਉਸ ਨੂੰ ਉਸ ਦੇ ਰੁਤਬੇ ਨੂੰ ਬਹੁਤ ਛੋਟਾ ਕਰਦਾ । ਮੈਂ ਕੀ ਸੋਚਦਾ ਹਾਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੰਗਾਂ ਹਨ ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਕ ਬਣਦਾ ਹੈ ਕਿ ਉਹ ਸਰਕਾਰ ਦਾ ਉਨ੍ਹਾਂ ਮੰਗਾਂ ਵੱਲ ਧਿਆਨ ਦਿਵਾਏ ਅਤੇ ਉਨ੍ਹਾਂ ਮੰਗਾਂ ਦਾ ਹੱਲ ਕਰਵਾਵੇ । ਪਰ ਇਸ ਬਿਆਨ ਨੂੰ ਇਕ ਪੱਖ ਤੋਂ ਮੈ ਬਿਲਕੁਲ ਸਹੀ ਨਹੀਂ  ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਉਂ ਆਪਣੇ ਆਪ ਨੂੰ ਐਂਟੀ ਸਰਕਾਰ ਜਾਂ ਐਂਟੀ ਮੁੱਖ ਮੰਤਰੀ ਦੇ ਤੌਰ ਤੇ ਪੇਸ਼ਕਰ ਦਾ ਹੈ  । ਇਸ ਤੋਂ ਬਹੁਤ ਸਾਰੇ ਸੁਆਲ ਆਪ ਮੁਹਾਰੇ ਦੁਨੀਆਂ ਵਿੱਚ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਲੋਕਾਂ ਦੇ ਮਨਾਂ ਤੇ ਉੱਠਣੇ ਸੁਭਾਵਿਕ ਹਨ । ਇਸ ਬਿਆਨ ਦਾ ਨਤੀਜਾ ਕੀ ਹੋਵੇਗਾ  ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਲੋਕਾਂ ਨੂੰ ਇਸ ਬਿਆਨ ਪ੍ਰਤੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ  ਸੋਸ਼ਲ ਮੀਡੀਆ ਉੱਪਰ ਇਕ ਦੂਜੇ ਨੂੰ ਭੰਡਣ ਦਾ ਵਧੀਆ ਮੌਕਾ ਮਿਲ ਗਿਆ  ।

ਅਮਨਜੀਤ ਸਿੰਘ ਖਹਿਰਾ  (ਅਡੀਟਰ ਜਨ ਸ਼ਕਤੀ )      

ਫੋਨ ਕਰਕੇ ਠੱਗੀਆਂ ਮਾਰਨ ਵਾਲੇ ਠੱਗਾਂ ਤੋਂ ਸਾਵਧਾਨ ਰਹੋ - ਡਿਪਟੀ ਕਮਿਸ਼ਨਰ

 ਕਿਹਾ! ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
 ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਧਿਆਨ ਵਿੱਚ ਲਿਆਂਦਾ ਮਾਮਲਾ

ਮੋਗਾ, 7 ਅਪ੍ਰੈਲ (ਰਣਜੀਤ ਸਿੱਧਵਾਂ) - ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਠੱਗ ਲੋਕਾਂ ਤੋਂ ਸਾਵਧਾਨ ਰਹਿਣ ਜੋ ਕਿ ਫੋਨ ਉੱਤੇ ਵੱਖ-ਵੱਖ ਸਬਜ਼ਬਾਗ਼ ਦਿਖਾ ਕੇ ਜਾਂ ਮਾਲੀ ਮਦਦ ਦੇ ਨਾਮ ਉੱਤੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ। ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲਿਆਂਦਾ ਹੈ। ਜਿਸ ਨੂੰ ਡਿਪਟੀ ਕਮਿਸ਼ਨਰ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਫੋਨ ਕਰਕੇ ਇਹ ਸਬਜ਼ਬਾਗ਼ ਦਿਖਾਇਆ ਗਿਆ ਹੈ ਕਿ ਉਹਨਾਂ ਦੇ ਬੈਂਕ ਖਾਤੇ ਵਿੱਚ 9 ਲੱਖ ਰੁਪਏ ਆਉਣਗੇ ਜਿਸ ਵਿੱਚੋਂ 3.86 ਲੱਖ ਰੁਪਏ ਉਹਨਾਂ ਨੂੰ ਵਾਪਿਸ ਕਰਨੇ ਹੋਣਗੇ। ਇਸ ਗੱਲ ਦੀ ਪੁਸ਼ਟੀ ਲਈ ਸਬੰਧਤ ਵਿਅਕਤੀ ਨੂੰ ਬੈਂਕ ਵੱਲੋਂ ਫਰਜ਼ੀ ਫੋਨ ਕਰਕੇ ਖੁਸ਼ਖਬਰੀ ਵੀ ਦਿੱਤੀ ਜਾਂਦੀ ਹੈ। ਜਿਸ ਉੱਤੇ ਵਿਅਕਤੀ ਵੱਲੋਂ ਵਿਸ਼ਵਾਸ਼ ਕਰਕੇ ਮੰਗੀ ਗਈ 3.86 ਲੱਖ ਰੁਪਏ ਰਾਸ਼ੀ (ਜਾਂ ਕੋਈ ਵੀ ਰਾਸ਼ੀ) ਠੱਗਾਂ ਨੂੰ ਆਨਲਾਈਨ ਵੀ ਭੇਜ ਦਿੱਤੀ ਜਾਂਦੀ ਹੈ। ਜਦਕਿ ਉਸਦੇ ਆਪਣੇ ਖਾਤੇ ਵਿੱਚ ਕੁਝ ਵੀ ਨਹੀਂ ਆਇਆ ਹੁੰਦਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਹਨਾਂ ਠੱਗਾਂ ਵੱਲੋਂ ਲੋਕਾਂ ਨੂੰ ਫੋਨ ਕਰਕੇ ਕਿਸੇ ਬਿਮਾਰੀ ਦਾ ਇਲਾਜ਼ ਜਾਂ ਕਿਸੇ ਦੀ ਮਾਲੀ ਮਦਦ ਦੇ ਨਾਮ ਉੱਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਠੱਗੀ ਵੱਜ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕਾਲਾਂ ਤੋਂ ਸੁਚੇਤ ਰਹਿਣ। ਜੇਕਰ ਕਿਸੇ ਦੀ ਮਾਲੀ ਮਦਦ ਕਰਨੀ ਵੀ ਹੀ ਤਾਂ ਮਦਦ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ।
ਅਜਿਹੇ ਕਿਸੇ ਝਾਂਸੇ ਵਿੱਚ ਫਸਣ ਦੀ ਬਿਜਾਏ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਪੁਲਿਸ ਦੇ ਧਿਆਨ ਵਿੱਚ ਮਾਮਲਾ ਲਿਆਉਣਾ ਚਾਹੀਦਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਨਜਿੱਠਿਆ ਜਾਵੇਗਾ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਮੁੱਚੀ ਟੀਮ ਵੱਲੋਂ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਜ਼ਿਲ੍ਹੇ ’ਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਈਆਂ ਗਈਆਂ : ਮਾਧਵੀ ਕਟਾਰੀਆ

ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣ ਪ੍ਰਕਿਰਿਆ ’ਚ ਅਹਿਮ ਯੋਗਦਾਨ ਲਈ 125 ਅਧਿਕਾਰੀ/ਕਰਮਚਾਰੀ ਸਨਮਾਨਿਤ

ਡਿਪਟੀ ਕਮਿਸ਼ਨਰ ਨੇ ਵਿਧਾਨ ਸਭਾ ਚੋਣਾਂ ’ਚ ਪੂਰੀ ਟੀਮ ਵੱਲੋਂ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ

ਮਾਲੇਰਕੋਟਲਾ 07 ਅਪ੍ਰੈਲ  (ਰਣਜੀਤ ਸਿੱਧਵਾਂ)   :   ਵਿਧਾਨ ਸਭਾ ਚੋਣਾਂ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਪਿਛਲੇ ਦਿਨੀਂ ਪੰਜਾਬ ਉਰਦੂ ਅਕਾਦਮੀ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ 125  ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਉਨ੍ਹਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਪੂਰੀ ਜ਼ਿੰਮੇਵਾਰੀ, ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਈ ਡਿਊਟੀ ਸਦਕਾ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਾਰੀ ਟੀਮ ਵਧਾਈ ਦੀ ਪਾਤਰ ਹੈ, ਜਿਸ ਨੇ ਇਸ ਵਿਸ਼ਾਲ ਪ੍ਰਕਿਰਿਆ ਨੂੰ ਜ਼ਿਲ੍ਹੇ ਵਿੱਚ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ। ਉਨ੍ਹਾਂ ਟੀਮ ਮੈਂਬਰਾਂ ਨੂੰ ਭਵਿੱਖ ਵਿੱਚ ਵੀ ਆਪਣੀਆਂ ਪੇਸ਼ੇਵਾਰ ਜ਼ਿੰਮੇਵਾਰੀਆਂ ਇਸੇ ਜੋਸ਼ ਅਤੇ ਲਗਨ ਨਾਲ ਨਿਭਾਉਣ ਲਈ ਉਤਸ਼ਾਹਿਤ ਕੀਤਾ। ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ, ਡੀ.ਪੀ.ਆਰ.ਓ ਸ੍ਰੀ ਪ੍ਰਭਦੀਪ ਸਿੰਘ ਨੱਥੋਵਾਲ, ਸਵੀਪ ਨੋਡਲ ਅਫ਼ਸਰ ਸ੍ਰੀ ਮੁਹੰਮਦ ਬਸ਼ੀਰ, ਸਿਵਲ ਸਰਜਨ ਡਾਕਟਰ ਮੁਕੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਸ਼ਰਮਾ, ਡੀ.ਡੀ.ਐਫ ਗਾਇਤਰੀ, ਸੀ.ਡੀ.ਪੀ.ਓ ਸ੍ਰੀ ਪਵਨ ਕੁਮਾਰ, ਤਹਿਸੀਲ ਭਲਾਈ ਅਫ਼ਸਰ ਸ੍ਰੀ ਜਗਦੀਪ ਸ਼ਰਮਾ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ, ਸਹਾਇਕ ਨੋਡਲ ਅਫ਼ਸਰਾਂ, ਮਾਸਟਰ ਟਰੇਨਰ , ਐਮ.ਸੀ. ਐਮ.ਸੀ ਕਮੇਟੀ, ਸ਼ਿਕਾਇਤਾਂ ਸੈੱਲ, ਸੀ ਵੀਜ਼ਲ ਟੀਮਾਂ ਨੂੰ ਸਨਮਾਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਵਿਸ਼ਾਲ ਕਾਰਜ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਹੈ। ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ।

Health Minister Dr. Vijay Singla said that health team seized 14 quintal spurious cheese & paneer in SAS Nagar and Samana

Chandigarh, 07 April ( Jan Shakti News Bureau )

 

In another action against adulteration in food items under ongoing drive, Health Teams seized 14 quintals more adulterated food items. Health Minister Dr. Vijay Singla said that health team seized 7 quintal 80 kg spurious cheese in SAS Nagar & 6 quintals 20 kg paneer in Samana.

ਸਰਕਾਰ ਵਲੋਂ ਮਿਲਾਵਟਖੋਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ 14 ਕੁਇੰਟਲ ਨਕਲੀ ਪਨੀਰ ਜ਼ਬਤ- ਸਿਹਤ ਮੰਤਰੀ ਡਾ ਵਿਜੇ ਸਿੰਗਲਾ  

ਚੰਡੀਗੜ੍ਹ , 07 ਅਪ੍ਰੈਲ (ਜਨ ਸ਼ਕਤੀ ਨਿਊਜ਼ ਬਿਊਰੋ)   ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 14 ਕੁਇੰਟਲ ਹੋਰ ਮਿਲਾਵਟੀ ਭੋਜਨ ਪਦਾਰਥ ਜ਼ਬਤ ਕੀਤੇ ਗਏ। ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ 7 ਕੁਇੰਟਲ 80 ਕਿਲੋ ਨਕਲੀ ਪਨੀਰ ਜ਼ਬਤ ਕਰਨ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਵਿੱਚ 6 ਕੁਇੰਟਲ 20 ਕਿਲੋ ਪਨੀਰ ਜ਼ਬਤ ਕੀਤਾ ਹੈ। 

 

NRI Affairs Minister Kuldeep Singh Dhaliwal asked NRI to come forward to help Punjab

 

Chandigarh, 07 April (Jan Shakti News Bureau )

Chairing a meeting with officials, NRI Affairs Minister Kuldeep Singh Dhaliwal gave an open invite to Punjabi diaspora settled across globe to come forward for making Punjab ‘Vibrant’ (Rangla Punjab). He directed officials to share draft of one stop new NRI Policy within 15 days.

ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੂੰ ਪੰਜਾਬ ਨੂੰ ਹਰਾ ਭਰਾ ਕਰਨ ਲਈ ਮਦਦ ਦੀ ਅਪੀਲ  

ਚੰਡੀਗੜ੍ਹ , 07 ਐਪ੍ਰਲ (ਜਨ ਸ਼ਕਤੀ ਨਿਊਜ਼ ਬਿਊਰੋ)  ਪ੍ਰਵਾਸੀ ਭਾਰਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੁਨੀਆਂ ਭਰ `ਚ ਵਸਦੇ ਪੰਜਾਬੀਆਂ ਨੂੰ ਆਪਣੀ ਪਿੱਠ ਭੂਮੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ 15 ਦਿਨਾਂ ਵਿੱਚ ਨਵੀਂ ਵਨ ਸਟਾਪ ਐਨ.ਆਰ.ਆਈ ਨੀਤੀ ਦਾ ਖਰੜਾ ਤਿਆਰ ਕਰਨ ਲਈ ਨਿਰਦੇਸ਼ ਦਿੱਤੇ।