ਮੁਹੰਮਦ ਸਦੀਕ ਐੱਮਪੀ ਫਰੀਦਕੋਟ ਹੋਏ ਉਚੇਚੇ ਤੌਰ ਤੇ ਸ਼ਾਮਿਲ
ਦੋਦਾ,ਸ੍ਰੀ ਮੁਕਤਸਰ ਸਾਹਿਬ 18 ਅਪ੍ਰੈਲ (ਰਣਜੀਤ ਸਿੱਧਵਾਂ) : ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੀ ਹਾਜਰੀ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸਨਰ ਸ੍ਰੀ ਵਿਨੀਤ ਕੁਮਾਰ ਆਈਏਐੱਸ ਨੇ ਅੱਜ ਦੋਦਾ ਵਿਖੇ ਲਗਾਏ ਜਾ ਰਹੇ ਮੁਫ਼ਤ ਸਿਹਤ ਕੈਂਪ ਵਿੱਚ ਕਿਹਾ ਕਿ ਸਿਹਤ ਤੋਂ ਵੱਡੀ ਕੋਈ ਦੋਲਤ ਨਹੀਂ ਹੈ, ਉਹਨਾ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਉਹ ਨਿਯਮ ਅਨੁਸਾਰ ਪੋਸ਼ਟਿਕ ਖੁਰਾਕ ਸਹੀ ਸਮੇਂ ਤੇ ਲੈਣ ਅਤੇ ਵਰਜਿਸ/ਸੈਰ ਕਰਨ ਤਾਂ ਜੋ ਉਹ ਨਿਰੋਈ ਸਿਹਤ ਪ੍ਰਾਪਤ ਕਰ ਸਕਣ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਿਲੇ ਵਿਚ ਜੋ ਚਾਰ ਰੋਜਾ, 18,19,21 ਅਤੇ 22 ਅਪ੍ਰੈਲ ਤੱਕ ਸਿਹਤ ਮੇਲੇ ਲਗਾਏ ਜਾ ਰਹੇ ਹਨ, ਉਹਨਾਂ ਵਿੱਚ ਸਰਕਾਰ ਦੀ ਸਾਰੀ ਮਸ਼ੀਨਰੀ ਦਾ ਜੋਰ ਲੋਕਾਂ ਨੂੰ ਸਿਹਤਯਾਬ ਕਰਨ ਲਈ ਲਗਾਇਆ ਜਾਵੇਗਾ। ਇਹਨਾਂ ਮੇਲਿਆਂ ਵਿੱਚ ਆਯੁਰਵੇਦਿਕ, ਹੋਮਿਓਪੈਥਿਕ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ, ਲੈਬ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿਤੀਆਂ ਜਾਣਗੀਆਂ ਇਸ ਦੇ ਨਾਲ ਯੋਗ ਦੀ ਮਹੱਤਤਾ ਬਾਰੇ ਵੀ ਚਾਨਣਾਂ ਪਾਇਆ ਜਾਵੇਗਾ। ਇਸ ਮੌਕੇ ਬੋਲਦਿਆਂ ਐੱਮਪੀ ਮੁਹੰਮਦ ਸਦੀਕ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁਗ ਵਿੱਚ ਬੱਚੇ ਅਕਸਰ ਹੀ ਬਜ਼ਾਰ ਵਿੱਚੋਂ ਵੰਨ-ਸਵੰਨੀਆਂ ਮੂੰਹ ਦੇ ਸੁਆਦ ਵਾਲੀਆਂ ਪ੍ਰੰਤੂ ਸਿਹਤ ਲਈ ਹਾਨੀਕਾਰਕ ਚੀਜਾਂ ਖਾਣ ਦੇ ਆਦੀ ਹੋ ਰਹੇ ਹਨ, ਉਨ੍ਹਾਂ ਦੱਸਿਆ ਕਿ ਸੂਕਲਾਂ ਵਿੱਚ ਬੱਚਿਆਂ ਨੂੰ ਸਿਹਤ ਅੰਬੈਸਡਰ ਬਣਾਇਆ ਜਾ ਰਿਹਾ ਹੈ ਜੋ ਸਵੇਰ ਦੀ ਸਭਾ ਦੋਰਾਨ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੂੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇੇਵੇਗਾ, ਇਸ ਰੁਝਾਣ ਨਾਲ ਬੱਚਿਆਂ ਵਿੱਚ ਮਾੜੀਆਂ ਚੀਜਾਂ ਖਾਣ ਦੀ ਪ੍ਰਵਿਰਤੀ ਵਿੱਚ ਠੱਲ ਪੈਣ ਦੀ ਪੂਰੀ ਉਮੀਦ ਹੈ । ਉਹਨਾਂ ਅਪੀਲ ਕੀਤੀ ਕਿ ਇਹਨਾਂ ਮੇਲਿਆਂ ਵਿੱਚ ਆ ਕੇ ਲੋਕ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏਡੀਸੀ (ਜ) ਰਾਜਦੀਪ ਕੌਰ, ਸੀਐਮਓ ਡਾ. ਰੰਜੂ ਸਿੰਗਲਾ ਵੀ ਹਾਜਰ ਸਨ ਅਤੇ ਪੋਸ਼ਣ ਅਭਿਆਨ, ਫਿੱਟ ਇੰਡੀਆਂ ਦੀਆਂ ਟੀਮਾਂ ਵੀ ਮੌਕੇ ਤੇ ਹਾਜਰ ਸਨ।