You are here

ਪੰਜਾਬ

ਗਾਇਕ ਹੈਰੀ ਬਾਰਦੇਕੇ ਦਾ ਸਿੰਗਲ ਟਰੈਕ ਰਿਲੀਜ

ਜਗਰਾਓ,ਹਠੂਰ,3,ਅਪ੍ਰੈਲ-(ਕੌਸ਼ਲ ਮੱਲ੍ਹਾ)-ਪ੍ਰਸਿੱਧ ਸੰਗੀਤਕਾਰ ਐਸ ਕੇ ਸ਼ਾਨੂੰ ਦੇ ਲਾਡਲੇ ਸਾਗਿਰਦ ਲੋਕ ਗਾਇਕ ਹੈਰੀ ਬਾਰਦੇਕੇ ਦਾ ਸਿੰਗਲ ਟਰੈਕ ‘ਦੇਸੀ-ਦੇਸੀ’ਅੱਜ ਸਥਾਨਿਕ ਕਸਬਾ ਵਿਖੇ ਲੋਕ ਗਾਇਕ ਮਿੰਟੂ ਧਾਲੀਵਾਲ ਅਤੇ ਉੱਘੇ ਕਲਾਂ ਪ੍ਰੇਮੀ ਜਗਮੋਹਣ ਸਿੰਘ ਛੱਜਾਵਾਲ ਨੇ ਰਿਲੀਜ ਕੀਤਾ।ਇਸ ਮੌਕੇ ਲੋਕ ਗਾਇਕ ਹੈਰੀ ਬਾਰਦੇਕੇ ਨੇ ਦੱਸਿਆ ਕਿ ਇਸ ਗੀਤ ਦੇ ਸੰਗੀਤਕਾਰ ਡੀ ਜੇ ਸੁਲਤਾਨ ਹਨ,ਇਸ ਗੀਤ ਨੂੰ ਆਪਣਾ ਵਿਰਸਾ ਰਿਕਾਰਡਸ ਕੰਪਨੀ ਨੇ ਰਿਲੀਜ ਕੀਤਾ ਹੈ ਅਤੇ ਇਹ ਗੀਤ ਉਨ੍ਹਾ ਖੁਦ ਲਿਿਖਆ ਹੈ।ਇਸ ਗੀਤ ਦੀ ਵੀਡੀਓ ਵੱਖ-ਵੱਖ ਸਥਾਨਾ ਤੇ ਫਿਲਮਾਈ ਗਈ ਹੈ।ਉਨ੍ਹਾ ਦੱਸਿਆ ਕਿ ਇਹ ਨਿਰੋਲ ਸੱਭਿਆਚਾਰਕ ਗੀਤ ਹੈ।ਇਹ ਗੀਤ ਅੱਜ ਸੋਸਲ ਮੀਡੀਆ ਤੇ ਰਿਲੀਜ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾ ਵਿਚ ਵੱਖ-ਵੱਖ ਟੀ ਵੀ ਚੈਨਲਾ ਤੇ ਪ੍ਰਕਾਸਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਬਲਦੇਵ ਸਿੰਘ,ਜਗਰਾਜ ਸਿੰਘ ਅਲੀਗੜ੍ਹ,ਰਿੱਕੀ ਮਲਕ,ਏ ਐਸ ਵਾਲੀਆ,ਮਨਜੀਤ ਸਿੰਘ,ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਗੀਤ ਲੋਕ ਗਾਇਕ ਹੈਰੀ ਬਾਰਦੇਕੇ ਦਾ‘ਦੇਸੀ-ਦੇਸੀ’ਗੀਤ ਰਿਲੀਜ ਕਰਦੇ ਲੋਕ ਗਾਇਕ ਮਿੰਟੂ ਧਾਲੀਵਾਲ,ਜਗਮੋਹਣ ਸਿੰਘ ਛੱਜਾਵਾਲ ਅਤੇ ਹੋਰ

ਚੱਟਾ ਵੇਚਣ ਵਾਲੇ ਬਾਜ ਆ ਜਾਣ-ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ-Video Link

ਜਗਰਾਓ,ਹਠੂਰ,3,ਅਪ੍ਰੈਲ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਦੂਜੀ ਵਾਰ ਜਿੱਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਅੱਜ ਕੋਠੇ ਪ੍ਰੇਮਸਰ,ਅਖਾੜਾ,ਨਵਾਂ ਡੱਲਾ,ਡੱਲਾ,ਭੰਮੀਪੁਰਾ ਕਲਾਂ,ਰਣਧੀਰ ਗੜ੍ਹ,ਕਾਉਕੇ ਕਲਾਂ,ਕਾਉਕੇ ਖੋਸਾ,ਕਾਉਕੇ ਗੁਰੂਸਰ,ਡਾਗੀਆ,ਦੇਹੜਕਾ,ਮੱਲ੍ਹਾ,ਰਸੂਲਪੁਰ ਆਦਿ ਪਿੰਡਾ ਵਿਚ ਧੰਨਵਾਦੀ ਦੌਰਾ ਕੀਤਾ।ਇਸ ਮੌਕੇ ਸਮੂਹ ਵੋਟਰਾ ਦਾ ਧੰਨਵਾਦ ਕਰਦਿਆ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮੈ ਹਰ ਵੋਟਰ ਦੀ ਰਿਣੀ ਹਾਂ ਜਿਨ੍ਹਾ ਨੇ ਮੈਨੂੰ ਪਿਛਲੀ ਵਾਰ ਨਾਲੋ ਵੀ ਵੱਧ ਵੋਟਾ ਪਾ ਕੇ ਹਲਕੇ ਦੀ ਦੂਜੀ ਵਾਰ ਸੇਵਾ ਕਰਨ ਦਾ ਮੌਕਾ ਦਿੱਤਾ।ਉਨ੍ਹਾ ਕਿਹਾ ਕਿ ਆਮ-ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਵਿਚੋ ਰਿਸਵਤਖੋਰੀ ਅਤੇ ਨਸ਼ਾ ਖਤਮ ਕਰਨਾ ਹੈ।ਨਸੇ ਦੇ ਖਾਤਮੇ ਲਈ ਪਿੰਡਾ ਦੇ ਆਮ ਲੋਕਾ ਦਾ ਸਾਥ ਹੋਣਾ ਬਹੁਤ ਜਰੂਰੀ ਹੈ ਕਿਉਕਿ ਜੇਕਰ ਕੋਈ ਵਿਅਕਤੀ ਤੁਹਾਡੇ ਪਿੰਡ ਵਿਚ ਚਿੱਟਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਸੀ ਮੈਨੂੰ ਦਿਓ,ਸੂਚਨਾ ਦੇਣ ਵਾਲੇ ਦਾ ਨਾਮ ਗੁੱਪਤ ਰੱਖਿਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,ਚਿੱਟਾ ਵੇਚਣ ਵਾਲੇ ਹੁਣ ਬਾਜ ਆ ਜਾਣ,ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਰਕਾਰੀ ਕੰਮਾ ਵਿਚ ਪ੍ਰੇਸਾਨੀ ਆਉਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।ਇਸ ਮੌਕੇ ਹਲਕੇ ਦੇ ਪਿੰਡਾ ਨੂੰ ਆ ਰਹੀਆ ਵੱਖ-ਵੱਖ ਸਮੱਸਿਆਵਾ ਨੂੰ ਹੱਲ ਕਰਵਾਉਣ ਲਈ ਲੋਕਾ ਵੱਲੋ ਮੰਗ ਪੱਤਰ ਦਿੱਤੇ ਗਏ ਅਤੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਇਨ੍ਹਾ ਸਮੱਸਿਆਵਾ ਦਾ ਜਲਦੀ ਹੱਲ ਕਰਵਾਉਣ ਦਾ ਲੋਕਾ ਨਾਲ ਵਾਅਦਾ ਕੀਤਾ।ਇਸ ਮੌਕੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਕਰਮਜੀਤ ਸਿੰਘ ਮੰਗੂ ਅਤੇ ਇਕਾਈ ਭੰਮੀਪੁਰਾ ਕਲਾਂ ਵੱਲੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਕੁਲਦੀਪ ਸਿੰਘ ਗੋਗਾ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਰਜਿੰਦਰ ਸਿੰਘ ਗਾਗਾ,ਕਰਮਜੀਤ ਸਿੰਘ ਕੰਮੀ ਡੱਲਾ,ਪ੍ਰਧਾਨ ਜਰਨੈਲ ਸਿੰਘ ਯੂ ਐਸ ਏ,ਪ੍ਰਧਾਨ ਕੁਲਤਾਰਨ ਸਿੰਘ ਰਸੂਲਪੁਰ,ਹਰਦਿਆਲ ਸਿੰਘ ਕੈਨੇਡਾ,ਗੁਰਸੇਵਕ ਸਿੰਘ ਧਾਲੀਵਾਲ,ਗੋਬਿੰਦ ਸਿੰਘ ਧਾਲੀਵਾਲ,ਦਵਿੰਦਰ ਸਿੰਘ ਧਾਲੀਵਾਲ,ਮੰਗਲ ਸਿੰਘ,ਰਘਵੀਰ ਸਿੰਘ,ਸੁਖਮੰਦਰ ਸਿੰਘ,ਸਤਨਾਮ ਸਿੰਘ,ਮਾ:ਵਿਜੇ ਕੁਮਾਰ,ਚਮਕੌਰ ਸਿੰਘ,ਹਰਪ੍ਰੀਤ ਸਿੰਘ,ਪ੍ਰੀਤਮ ਸਿੰਘ,ਮਲਕੀਤ ਸਿੰਘ,ਸਤਪਾਲ ਸਿੰਘ,ਸੁਰਜੀਤ ਸਿੰਘ ਜਨੇਤਪੁਰਾ,ਬਲਦੇਵ ਸਿੰਘ,ਸੋਹਣ ਸਿੰਘ,ਜਗਤਾਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਕਰਮਜੀਤ ਸਿੰਘ ਮੰਗੂ ਅਤੇ ਹੋਰ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ https://fb.watch/c9rRMahCtL/

KKK ਅਤੇ CTU ਵੱਲੋਂ ਅੰਤਰਰਾਸ਼ਟਰੀ ਮਹਿਲਾ ਸਾਹਿਤਕ ਮੇਲਾ ਕਰਵਾਇਆ ਗਿਆ, ਦੂਜੇ ਰਾਜਾਂ ਤੋਂ ਸਾਹਿਤਕਾਰਾਂ ਦਾ ਸਨਮਾਨ 

ਜਗਰਾਉਂ ,2 ਐਪ੍ਰਲ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)  ਸਾਹਿਤਕ ਸੰਸਥਾ ਕਵਿਤਾ ਕਥਾ ਕਾਰਵਾਂ (ਰਜਿ.) (ਕੇ.ਕੇ.ਕੇ.) ਵੱਲੋਂ ਸੀਟੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਵੂਮੈਨ ਯੂਨੀਵਰਸਿਟੀ (ਸੀ.ਟੀ.ਟੀ.ਯੂ.-2) ਵਿਖੇ ਅੰਤਰਰਾਸ਼ਟਰੀ ਮਹਿਲਾ ਸਾਹਿਤਕ ਮੇਲਾ ਕਰਵਾਇਆ ਗਿਆ।  ਇਸ ਮੌਕੇ ਮੁੱਖ ਮਹਿਮਾਨ ਸੀਟੀਯੂ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਸਨ।  ਜਗਰਾਉਂ ਦੀ ਐਸਪੀ ਰੁਪਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।  ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਵੱਲੋਂ ਪਵਿੱਤਰ ਦੀਪ ਜਗਾ ਕੇ ਕੀਤੀ ਗਈ, ਉਪਰੰਤ ਸਰੋਜ ਵਰਮਾ ਵੱਲੋਂ ਸਰਸਵਤੀ ਵੰਦਨਾ ਦੀ ਪੇਸ਼ਕਾਰੀ ਕੀਤੀ ਗਈ।  ਕੇ.ਕੇ.ਕੇ ਦੀ ਪ੍ਰਧਾਨ ਡਾ: ਜਸਪ੍ਰੀਤ ਕੌਰ ਫਾਲਕ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਕੇਕੇਕੇ ਬਾਰੇ ਜਾਣ-ਪਛਾਣ ਪ੍ਰਦਾਨ ਕੀਤੀ।  ਉਸਨੇ ਸਾਂਝਾ ਕੀਤਾ ਕਿ KKK ਦੇ ਹੁਣ ਕੈਨੇਡਾ ਅਤੇ ਭਾਰਤ ਦੇ ਹੋਰ ਰਾਜਾਂ ਵਿੱਚ ਇਸਦੇ ਐਕਸਟੈਂਸ਼ਨ ਕਾਊਂਟਰ ਹਨ।  ਸੀਟੀਯੂ ਦੇ ਵਾਈਸ ਚਾਂਸਲਰ ਡਾ: ਹਰਸ਼ ਸਦਾਵਰਤੀ ਨੇ ਕਿਹਾ ਕਿ ਅੱਜ ਔਰਤਾਂ ਨੇ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਸਬੂਤ ਦਿੱਤਾ ਹੈ ਅਤੇ ਉਹ ਸਾਰੇ ਸਨਮਾਨ ਅਤੇ ਮਾਨਤਾ ਦੀਆਂ ਹੱਕਦਾਰ ਹਨ।  ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਨੇ ਪੁਸਤਕ ''ਦਿਸ਼ਾਏਂ ਗਾ ਉਠੀ ਹੈ'' ਨੂੰ ਲਾਂਚ ਕੀਤਾ।  ਵਿਸ਼ੇਸ਼ ਮਹਿਮਾਨ ਰੁਪਿੰਦਰ ਕੌਰ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿਸ਼ਾਲ ਸਮਰੱਥਾ ਦਾ ਪ੍ਰਦਰਸ਼ਨ ਕਰਨ ਲਈ ਔਰਤਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਹਿੰਮਤ ਨਾਲ ਨਿਡਰਤਾ ਨਾਲ ਕੰਮ ਕਰਨ ਅਤੇ ਆਪਣੀ ਸਮਰੱਥਾ ਅਨੁਸਾਰ ਆਪਣੇ ਚੁਣੇ ਹੋਏ ਗਤੀਵਿਧੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।  ਮਨਿੰਦਰ ਗੋਗੀਆ ਨੇ ਅਜੋਕੇ ਸਮਾਜ ਦਾ ਮਹੱਤਵਪੂਰਨ ਹਿੱਸਾ ਔਰਤਾਂ 'ਤੇ ਧਿਆਨ ਕੇਂਦਰਿਤ ਕਰਕੇ ਪ੍ਰੋਗਰਾਮ ਆਯੋਜਿਤ ਕਰਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।  ਮਹਿਲਾ ਸਸ਼ਕਤੀਕਰਨ ਵਿਸ਼ੇ 'ਤੇ ਹੋਏ ਸੈਸ਼ਨ ਵਿੱਚ ਭਾਸ਼ਣ ਅਤੇ ਕਵਿਤਾਵਾਂ ਰਾਹੀਂ ਵਿਸ਼ੇ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ।  ਡਾ: ਵੰਦਨਾ ਗੁਪਤਾ (ਪੱਛਮੀ ਬੰਗਾਲ), ਪ੍ਰੋ: ਮੰਗਲਾ ਰਾਣੀ (ਬਿਹਾਰ), ਡਾ: ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼), ਸੰਯੋਗਿਤਾ ਕੁਮਾਰੀ (ਨਵੀਂ ਦਿੱਲੀ), ਡਾ: ਰਵਿੰਦਰ ਸਿੰਘ ਚੰਦੀ (ਲੁਧਿਆਣਾ), ਅਤੇ ਡਾ: ਜਸਪ੍ਰੀਤ ਕੌਰ ਫਲਕ (ਲੁਧਿਆਣਾ) ਨੇ ਆਪਣੀ ਨਵੀਂ ਰਚਨਾ ਪੇਸ਼ ਕੀਤੀ।  ਔਰਤਾਂ ਬਾਰੇ ਕਵਿਤਾਵਾਂ  ਡਾ: ਪ੍ਰਵੀਨ ਕੁਮਾਰ (ਸੀਟੀ ਯੂਨੀਵਰਸਿਟੀ) ਨੇ ਖੇਡਾਂ ਅਤੇ ਖੇਡਾਂ ਦੇ ਖੇਤਰ ਵਿੱਚ ਔਰਤਾਂ ਦੁਆਰਾ ਨਿਭਾਈ ਗਈ ਭੂਮਿਕਾ ਬਾਰੇ ਚਾਨਣਾ ਪਾਇਆ ਅਤੇ ਸੀਟੀਯੂ ਨੂੰ ਸਮਾਗਮ ਲਈ ਸਥਾਨ ਵਜੋਂ ਚੁਣਨ ਲਈ ਕੇਕੇਕੇ ਦਾ ਧੰਨਵਾਦ ਕੀਤਾ।  ਡਾ: ਵੰਦਨਾ ਗੁਪਤਾ (ਪੱਛਮੀ ਬੰਗਾਲ) ਨੂੰ ਸੈਸ਼ਨ 2022-23 ਲਈ ਕਵਿਤਾ ਕਥਾ ਕਾਰਵਾਂ ਦੇ ਪੱਛਮੀ ਬੰਗਾਲ ਚੈਪਟਰ ਦੀ ਉਪ ਪ੍ਰਧਾਨ ਵਜੋਂ ਨਿਯੁਕਤੀ ਲਈ ਦਸਤਾਵੇਜ਼ ਪੇਸ਼ ਕੀਤੇ ਗਏ।  ਸਨਮਾਨ ਸੈਸ਼ਨ ਵਿੱਚ ਡਾ: ਵੰਦਨਾ ਗੁਪਤਾ (ਪੱਛਮੀ ਬੰਗਾਲ) ਨੂੰ ਸੁਭੱਦਰੀ ਕੁਮਾਰੀ ਚੌਹਾਨ ਯਾਦਗਾਰੀ ਪੁਰਸਕਾਰ-2022, ਪ੍ਰੋ: ਮੰਗਲਾ ਰਾਣੀ (ਬਿਹਾਰ) ਨੂੰ ਮੰਨੂੰ ਭੰਡਾਰੀ ਯਾਦਗਾਰੀ ਪੁਰਸਕਾਰ-2022, ਡਾ: ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼) ਨੂੰ ਕ੍ਰਿਸ਼ਨਾ ਸੋਬਤੀ ਯਾਦਗਾਰੀ ਪੁਰਸਕਾਰ-2022 ਨਾਲ ਸਨਮਾਨਿਤ ਕੀਤਾ ਗਿਆ।  ਅਤੇ ਸੰਯੋਗਿਤਾ ਕੁਮਾਰੀ (ਨਵੀਂ ਦਿੱਲੀ) ਨੂੰ ਸਾਹਿਤ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੇ ਸਨਮਾਨ ਵਿੱਚ ਮਹਾਦੇਵੀ ਵਰਮਾ ਮੈਮੋਰੀਅਲ ਅਵਾਰਡ-2022 ਨਾਲ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਜਸਕੀਰਤ ਸਿੰਘ (ਕੈਨੇਡਾ), ਅੰਗਦ (ਲੁਧਿਆਣਾ) ਅਤੇ ਹੋਰਨਾਂ ਨੇ ਆਪਣੀਆਂ ਰਚਨਾਤਮਕ ਪੇਂਟਿੰਗਾਂ, ਫੋਟੋਗ੍ਰਾਫੀ ਅਤੇ ਕਿਤਾਬਾਂ ਦੀ ਪ੍ਰਦਰਸ਼ਨੀ ਦੇ ਸਟਾਲਾਂ ਲਗਾ ਕੇ ਪ੍ਰੋਗਰਾਮ ਵਿੱਚ ਹੋਰ ਵਾਧਾ ਕੀਤਾ।  ਸਟੇਜ ਦੀ ਕਾਰਵਾਈ ਡਾ: ਰਜਿੰਦਰ ਸਿੰਘ ਸਾਹਿਲ ਨੇ ਬਾਖੂਬੀ ਨਿਭਾਈ।  
ਪ੍ਰੋਗਰਾਮ ਦੀ ਸਮਾਪਤੀ ਕੇ.ਕੇ.ਕੇ ਦੇ ਸਕੱਤਰ ਡਾ: ਰਵਿੰਦਰ ਸਿੰਘ ਚੰਦੀ ਵੱਲੋਂ ਧੰਨਵਾਦ ਦੇ ਮਤੇ ਦੀ ਪੇਸ਼ਕਾਰੀ ਨਾਲ ਹੋਈ।

ਇੱਕ ਕਹਾਵਤ ਹੈ ਕਿ, "ਬਾਜ਼ ਦੇ ਬੱਚੇ ਬਨੇਰਿਆਂ ਤੇ ਉੱਡਣਾ ਨਹੀਂ ਸਿੱਖਦੇ" ✍️ ਹਰਨਰਾਇਣ ਸਿੰਘ ਮੱਲੇਆਣਾ

ਜਿਸ ਉਮਰ ਵਿਚ ਬਾਕੀ ਪੰਛੀਆਂ ਦੇ ਬੱਚੇ ਚਹਿਕਣਾ ਸਿੱਖਦੇ ਹਨ ਉਸ ਉਮਰ ਵਿਚ ਇੱਕ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ। ਪੰਛੀਆਂ ਦੇ ਵਿਚ ਅਜਿਹੀ ਸਖ਼ਤ ਸਿਖਲਾਈ ਕਿਸੇ ਵਿੱਚ ਨਹੀਂ ਹੁੰਦੀ।
ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਅਪਣੇ ਪੰਜਿਆਂ ਵਿਚ ਜਕੜ ਕੇ ਲਗਭੱਗ 12 ਕਿਲੋਮੀਟਰ ਉਚਾਈ ਤੇ ਲੈ ਜਾਂਦੀ ਹੈ। ਇੰਨੀ ਉਚਾਈ ਤੇ ਅਕਸਰ ਜਹਾਜ਼ ਉਡਿਆ ਕਰਦੇ ਹਨ ਅਤੇ ਇਹ ਦੂਰੀ ਤਹਿ ਕਰਨ ਵਿਚ ਮਾਦਾ ਬਾਜ਼ 7 --9 ਮਿੰਟ ਦਾ ਸਮਾਂ ਲੈਂਦੀ ਹੈ।
ਇਥੋਂ ਸ਼ੁਰੂ ਹੁੰਦੀ ਹੈ ਉਸ ਨੰਨ੍ਹੇ ਬੱਚੇ ਦੀ ਕਠਿਨ ਪ੍ਰੀਖਿਆ । ਉਸ ਨੂੰ ਇਹ ਦੱਸਿਆ ਜਾਵੇ ਗਾ ਕੇ ਤੂੰ ਕਿਸ ਲਈ ਪੈਦਾ ਹੋਇਆ ਹੈ ? ਤੇਰੀ ਦੁਨੀਆਂ ਕੀ ਹੈ ? ਤੇਰੀ ਉਚਾਈ ਕੀ ਹੈ ? ਤੇਰਾ ਧਰਮ ਬਹੁਤ ਉੱਚਾ ਹੈ ਅਤੇ ਫਿਰ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ।  7 ਕਿਲੋਮੀਟਰ ਦੇ ਅੰਦਰ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।ਲਗਭੱਗ 9 ਕਿਲੋਮੀਟਰ ਹੇਠਾਂ ਆਉਣ ਤੇ ਉਸਦੇ ਖੰਭ ਪੂਰੇ ਖੁੱਲ੍ਹ ਜਾਂਦੇ ਹਨ । ਇਹ ਜ਼ਿੰਦਗੀ ਦਾ ਪਹਿਲਾ ਸਮਾਂ ਹੁੰਦਾ ਹੈ ਜਦੋਂ ਬਾਜ਼ ਦਾ ਬੱਚਾ ਖੰਭ ਫੜ ਫੜਾਉਂਦਾ ਹੈ।
       ਇਸ ਸਮੇਂ ਇਹ ਧਰਤੀ ਤੋਂ ਤਕਰੀਬਨ  3000 ਮੀਟਰ ਦੂਰ ਹੈ ਪਰੰਤੂ ਇਹ ਉੱਡਣਾ ਨਹੀਂ ਸਿੱਖਿਆ । ਹੁਣ ਇਹ ਧਰਤੀ ਦੇ ਬਿਲਕੁਲ ਨੇੜੇ ਆ ਜਾਂਦਾ ਹੈ। ਹੁਣ ਉਸਦੀ ਧਰਤੀ ਤੋਂ ਦੂਰੀ ਸਿਰਫ  700--800 ਮੀਟਰ ਹੁੰਦੀ ਹੈ ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ।ਧਰਤੀ ਤੋਂ ਤਕਰੀਬਨ  400_500 ਮੀਟਰ ਦੂਰੀ ਤੇ ਆ ਕੇ ਉਸ ਨੂੰ ਲਗਦਾ ਹੈ ਕਿ ਹੁਣ ਮੇਰਾ ਅੰਤਿਮ ਸਮਾਂ ਆ ਗਿਆ ਹੈ । ਫਿਰ ਅਚਾਨਕ ਇੱਕ ਪੰਜਾ ਆ ਕੇ ਅਪਣੀ ਪਕੜ ਵਿਚ ਲੈ ਲੈਂਦਾ ਹੈ ਅਤੇ ਆਪਣੇ ਖੰਭਾਂ ਦੇ ਵਿਚਕਾਰ ਸਮੋਂ ਲੈਂਦਾ ਹੈ। ਇਹ ਪੰਜਾ ਉਸਦੀ ਮਾਂ ਦਾ ਹੁੰਦਾ ਹੈ ਅਤੇ ਇਹ ਸਿਖਲਾਈ ਉਸਦੀ ਲਗਾਤਾਰ ਚਲਦੀ ਰਹਿੰਦੀ ਹੈ ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ। ਇਹ ਸਿਖਲਾਈ ਇੱਕ ਕਮਾਂਡੋ ਦੀ ਤਰ੍ਹਾਂ ਹੁੰਦੀ ਹੈ ਫਿਰ ਜਾ ਕੇ ਦੁਨੀਆਂ ਨੂੰ ਇੱਕ ਬਾਜ਼ ਮਿਲਦਾ ਹੈ। ਇਹ ਅਪਣੇ ਤੋਂ  10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ ।
ਬੇਸ਼ੱਕ ਅਪਣੇ ਬੱਚਿਆਂ ਨੂੰ ਅਪਣੇ ਨਾਲ ਚਿਪਕਾ ਕੇ ਰੱਖੋ,ਪਰ ਉਸ ਨੂੰ ਦੁਨੀਆਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨ ਦਿਓ। ਉਹਨਾਂ ਨਾਲ ਜੂਝਣਾ ਸਿਖਾਓ
...ਗਮਲੇ ਦੇ ਪੌਦੇ ਅਤੇ ਜੰਗਲ ਦੇ ਪੌਦੇ ਵਿੱਚ ਬਹੁਤ ਫਰਕ ਹੁੰਦਾ ਹੈ।

-ਹਰਨਰਾਇਣ ਸਿੰਘ ਮੱਲੇਆਣਾ

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 41 ਵਾਂ ਦਿਨ 

ਸ਼ਹੀਦਾਂ ਦੀ ਚਰਨ ਛੂਹ ਭੋਏਂ ‘ਤੇ ਜਦ ਮਾਨਵੀ ਹੱਕਾਂ ਲਈ ਜੂਝਣ ਦਾ ਤਹੱਈਆ ਕਰਕੇ ਭੁੱਖ ਹੜਤਾਲ ‘ਤੇ ਬੈਠਦੇ ਹਾਂ ਤਾਂ ਜਜ਼ਬਾ ਤੇ ਚਾਓ ਚੜ੍ਹ ਜਾਂਦਾ ਹੈ-ਦੇਵ ਸਰਾਭਾ
ਮੁੱਲਾਂਪੁਰ ਦਾਖਾ 2 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ)-ਅਸੀਂ ਬਾਬਾ ਜੀ (ਸ਼ਹੀਦ ਕਰਤਾਰ ਸਿੰਘ ਸਰਾਭਾ) ਵਰਗੇ ਸ਼ਹੀਦਾਂ ਦੀ ਚਰਨ ਧੂੜ ਬਰਾਬਰ ਵੀ ਨਹੀਂ ਹਾਂ। ਪਰ, ਉਨ੍ਹਾਂ ਦੇ ਚਰਨ ਛੂਹ ਭੋਏਂ ‘ਤੇ ਸਿਜ਼ਦਾ ਕਰਕੇ, ਜਦ ਮਾਨਵੀ ਹੱਕਾਂ ਲਈ ਜੂਝਣ ਦਾ ਤਹੱਈਆ ਕਰਕੇ ਭੁੱਖ ਹੜਤਾਲ ‘ਤੇ ਬੈਠਦੇ ਹਾਂ ਤਾਂ ਅਜ਼ੀਬ ਜੇਹੀ ਕਸ਼ਸ਼, ਅਜ਼ੀਬ ਜਿਹਾ ਸਕੂਨ, ਅਜੀਬ ਜਿਹਾ ਜਜ਼ਬਾ ਤੇ ਚਾਓ ਚੜ੍ਹ ਜਾਂਦਾ ਹੈ, ਕਿ ਮੇਰੇ ਵਰਗਿਆਂ ਦੇ ਜੀਵਨ ਦਾ ਕੁਝ ਹਿੱਸਾ ਕਿਸੇ ਲਈ ਕੰਮ ਤਾਂ ਆ ਰਿਹਾ ਹੈ। ਅਸੀਂ ਮਾਨਵੀ ਹੱਕਾਂ ਲਈ ਅਵਾਜ਼ ਤਾਂ ਬਣ ਰਹੇ ਹਾਂ।
41 ਦਿਨਾਂ ਤੋਂ ਨਿਰੰਤਰ ਰੋਜਾਨਾ ਭੁੱਖ ਹੜਤਾਲ ‘ਤੇ ਬੈਠਦੇ ਆ ਰਹੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਮੀਡੀਆ ਸਨਮੁੱਖ ਗੱਲਬਾਤ ਕਰਦਿਆਂ ਕਿਹਾ ਕਿ ਇਕ ਗੱਲ ਸਪੱਸ਼ਟ ਕਰ ਦੇਵਾਂ ਕਿ ਸ਼ਾਂਤਮਈ ਤੇ ਬਿਨਾ ਕਿਸੇ ਲੋਭ-ਲਾਲਚ ਦੇ ਮਾਨਵੀ ਹੱਕਾਂ ਲਈ ਜੂਝਣ ਦਾ ਜਜ਼ਬਾ ਸਾਡੇ ਪੁਰਖਿਆਂ ਨੇ ਪੱਲੇ ਬੰਨਿਆ, ਬੇ-ਸ਼ੱਕ ਕੋਈ ਜੂਝਾਰੂ ਬਿਰਤੀ ਮੰਨੇ, ਇਹ ਤਾਂ ਸਾਡੇ ਬਾਬਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਬਖਸ਼ਿਸ਼ ਹੋ ਸਕਦੀ ਹੈ। ਸ਼ਾਇਦ ਇਸੇ ਕਰਕੇ ਇੱਥੇ ਲਗਾਤਾਰ ਬੈਠਣ ਦਾ ਸੁਭਾਗ ਅਵਸਰ ਨਸੀਬ ਹੁੰਦਿਆਂ ਮਾਣ ਵੀ ਮਹਿਸੂਸ ਹੁੰਦਾ ਹੈ। ਉਨ੍ਹਾਂ ਅਸਿੱਧੇ ਰੂਪ ‘ਚ ਸੱਤ੍ਹਾ ਦਾ ਅਨੰਦ ਮਾਨਣ ਵਾਲਿਆਂ ‘ਤੇ ਤੰਜ਼ ਕਸਦਿਆਂ ਕਿਹਾ ਚੰਡੀਗੜ੍ਹ ਦੀ ਹਿੱਕ ‘ਤੇ ਖੜ੍ਹ ਕੇ ਜਦ ਕੇਂਦਰੀ ਗ੍ਰਹਿ ਮੰਤਰੀ ਚੰਡੀਗੜ੍ਹ ਸਬੰਧੀ ਕੁਝ ਬੋਲ ਗਿਆ ਤਾਂ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰ ਦੀ ਹੁਣ ਤੱਕ ਚੁੰਝ ਕਿਉਂ ਬੰਦ ਰਹੀ? ਕਿਉਂ ਨਾ ਦੱਸਿਆ ਗਿਆ ਕਿ ਪੰਜਾਬ ਦੇ 28 ਪਿੰਡ ਉਜਾੜ ਕੇ ਵਸਾਏ ਚੰਡੀਗੜ੍ਹ ਤੋਂ ਕਿਸਾਨ-ਮਜ਼ਦੂਰ ਨੂੰ ਉਜਾੜਿਆ ਤੇ ਹੁਣ ਸਾਡੀ ਮਾਂ ਬੋਲੀ ‘ਪੰਜਾਬੀ’ ਤੇ ਪੰਜਾਬੀਆਂ ਨੂੰ ਬਾਹਰ ਭਜਾਉਣ ਦਾ ਸਿੱਧਾ ਹਮਲਾ ਹੈ। ਸਾਹਮਣੇ ਦਿਸਦੇ ਮੁਨਾਫੇ ਨਾਲੋਂ ਲੁਕਵੇਂ ਵੱਡੇ ਨੁਕਸਾਨ ਨੂੰ ਵੀ ਸਮਝੋ। ‘ਦੇਵ ਸਰਾਭਾ’ ਨੇ  ਦੱਸਿਆ ਕਿ ਪੰਜਾਬੀਆਂ ਨੇ 117 ਵਿਧਾਇਕ, 13 ਮੈਂਬਰ ਪਾਰਲੀਮੈਂਟ ਤੇ ਰਾਜ ਸਭਾ ਮੈਂਬਰ ਹੱਕਾਂ ਦੀ ਹਿਫਾਜ਼ਤ ਲਈ ਚੁਣੇ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਬਿਆਨਬਾਜੀ ਨਾਲੋਂ ਸਪੱਸ਼ਟ ਕਾਰਵਾਈ ਕਰਨੀ ਚਾਹੀਦੀ ਹੈ।ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਸ਼ਾਸ਼ਨ/ਪ੍ਰਸ਼ਾਸ਼ਨ ‘ਤੇ ਦਬਾਅ ਬਣਾਇਆ ਜਾਵੇ।ਬੰਦੀ ਸਿੰਘਾਂ ਦੀ ਰਿਹਾਈ ਲਈ ਬਾਬਾ ਬੁੱਢਾ ਜੀ ਗੁਰਮਤਿ ਗ੍ਰੰਥੀ ਸਭਾ ਗ੍ਰੰਥੀ ਸਭਾ ਦੇ ਕੌਮੀ ਵਾਈਸ ਪ੍ਰਧਾਨ ਦਵਿੰਦਰ ਸਿੰਘ ਭਨੋਹਡ਼,ਮੋਹਣ ਸਿੰਘ ਮੋਮਨਾਬਾਦੀ,ਹਰਬੰਸ ਸਿੰਘ, ਪਰਮਿੰਦਰ ਸਿੰਘ ਬਿੱਟੂ ਸਰਾਭਾ ਆਦਿ ਸਹਿਯੋਗੀਆਂ ਸਮੇਤ ਬਲਦੇਵ ਸਿੰਘ ਦੇਵ ਸਰਾਭਾ ਭੁੱਖ ਹਡ਼ਤਾਲ ਤੇ ਬੈਠੇ ਇਨ੍ਹਾਂ ਤੋਂ ਇਲਾਵਾ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਲਖਵਿੰਦਰ ਸਿੰਘ ਖਾਲਸਾ ਨਾਰੰਗਵਾਲ ਕਲਾ,ਜਗਵਿੰਦਰ ਸਿੰਘ ਖਾਲਸਾ ਨਾਰੰਗਵਾਲ,ਬਲੌਰ ਸਿੰਘ ਸਰਾਭਾ ,ਕੁਲਦੀਪ ਸਿੰਘ ਬਿੱਲੂ ਕਿਲ੍ਹਾ ਰਾਏਪੁਰ,ਕੈਪਟਨ ਰਾਮਲੋਕ ਸਿੰਘ ਸਰਾਭਾ,ਦਵਿੰਦਰ ਸਿੰਘ ਟੂਸੇ,ਹਰਬੰਸ ਸਿੰਘ ਹਿਸੋਵਾਲ,ਗੁਰਪ੍ਰੀਤ ਸਿੰਘ ਨਾਰੰਗਵਾਲ,ਦਲਜੀਤ ਸਿੰਘ ਟੂਸੇ,ਕੁਲਜੀਤ ਸਿੰਘ ਭੰਵਰਾ ਸਰਾਭਾ , ਹਰਦੀਪ ਸਿੰਘ,ਤੇਜ ਕੌਰ ਟੂਸੇ,ਸੁਖਵਿੰਦਰ ਸਿੰਘ ਸਹੌਲੀ ,ਬਲਦੇਵ ਸਿੰਘ ਈਸ਼ਨਪੁਰ,ਮਨਜਿੰਦਰ ਸਿੰਘ ਸਰਾਭਾ, ਬਲਵਿੰਦਰ ਸਿੰਘ, ਸਰਾਭਾ ਰਾਮਪਾਲ ਸਿੰਘ ਸਰਾਭਾ,ਸਨੀ ਕੁਮਾਰ ਆਦਿ ਨੇ ਹਾਜ਼ਰੀ ਭਰੀ।

ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਵੱਲੋਂ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ  

ਜਗਰਾਉ 2 ਅਪ੍ਰੈਲ (ਅਮਿਤ ਖੰਨਾ) ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਜਿਊਣ ਸਿੰਘ ਦੀ ਯਾਦ 'ਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਥਾਪਿਤ ਕੀਤੇ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਵੱਲੋਂ ਸ਼ੁੱਕਰਵਾਰ ਕਰਵਾਏ 37ਵੇਂ ਮਹੀਨਾਵਾਰੀ ਸਮਾਗਮ 'ਚ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤਾ।ਟਰੱਸਟ ਦੀ ਸਥਾਪਨਾ ਦੇ 3 ਸਾਲ ਪੂਰੇ ਹੋਣ 'ਤੇ ਭਾਗ ਸਿੰਘ ਮੱਲ੍ਹਾ ਤੇ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਟਰੱਸਟ ਵੱਲੋਂ ਜਿੱਥੇ ਹਰੇਕ ਮਹੀਨੇ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉੱਥੇ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਤੇ ਬਿਮਾਰੀ ਦੇ ਇਲਾਜ ਲਈ ਆਰਥਿਕ ਪੱਖੋਂ ਕਮਜ਼ੋਰ ਵਿਅਕਤੀਆਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਇਸ ਮੌਕੇ ਭਾਗ ਸਿੰਘ ਮੱਲ੍ਹਾ ਸਾਬਕਾ ਵਿਧਾਇਕ, ਪਿ੍ਰਤਪਾਲ ਸਿੰਘ, ਕੁਲਜੀਤ ਸਿੰਘ, ਜਯੋਤੀ ਸਿੰਘ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸਵਿੰਦਰ ਸਿੰਘ, ਗਿੰਦਰ ਸਿੰਘ ਆਦਿ ਹਾਜ਼ਰ ਸਨ।

"ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿੱਤ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਾਨ ਸਾਹਿਬ ਆਮ ਤੋਂ ਖ਼ਾਸ ਲੋਕਾਂ ਨੇ ਤੁਹਾਨੂੰ ਬਣਾ ਦਿੱਤਾ ਹੈ,ਮਸਲੇ ਹੱਲ ਕਰਨ ਦੇ ਨਾਲ ਨਾਲ ਦਾਮਨ ਵੀ ਬਚਾਇਓ

ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਸ੍ਰ ਭਗਵੰਤ ਮਾਨ ਜੀ ਕਿ ਤੁਹਾਡੀ ਹਲੀਮੀ ਤੁਹਾਡੇ ਜਜ਼ਬੇ, ਤੁਹਾਡੇ ਸਬਰ ਅਤੇ ਅੱਠ ਸਾਲ ਦੀ ਮਿਹਨਤ ਰੰਗ ਲਿਆਈ ਹੈ। ਤੁਸੀਂ ਜਿਵੇਂ ਆਪਣੀ ਗਾਇਕੀ ਅਤੇ ਕਮੇਡੀ ਦੇ ਦੌਰ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ ਨਿਰਸੰਦੇਹ ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਸਿਆਸਤ ਵਿੱਚ ਵੀ ਹਾਲੇ ਤੱਕ ਆਪਣੇ ਦਾਮਨ ਨੂੰ ਬਿਲਕੁਲ ਚਿੱਟੀ ਚਾਦਰ ਵਾਂਗ ਹੀ ਸੰਭਾਲ ਰੱਖਿਆ ਹੈ,ਜਿਸ ਨੂੰ ਲੁਕਾਈ ਅੱਛੀ ਤਰ੍ਹਾਂ ਜਾਣਦੀ ਹੈ, ਇਸੇ ਕਰਕੇ ਹੀ ਪੰਜਾਬੀ ਭਾਈਚਾਰੇ ਨੇ ਤੁਹਾਨੂੰ ਆਪਣੀਆਂ ਪਲਕਾਂ ਤੇ ਬਿਠਾਇਆ ਹੈ,ਉਸ ਦਾ ਨਤੀਜਾ ਸੱਭ ਦੇ ਸਾਹਮਣੇ ਹੈ। ਜੇਕਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ ਓਦੋਂ ਤੋਂ ਲੈਕੇ ਅੱਜ ਤੱਕ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇਹ ਦਸ ਮਾਰਚ ਵੀਹ ਸੌ ਬਾਈ ਵਾਲਾ ਦਿਨ ਇਤਹਾਸਕ ਹੋ ਨਿਬੜਿਆ ਹੈ,ਜੇ ਮੈਂ ਗਲਤ ਨਾ ਹੋਵਾਂ ਤਾਂ ਸੰਨ ਸੰਤਾਲੀ ਤੋਂ ਲੈਕੇ ਬਾਈ ਤੱਕ ਐਨਾ ਵੱਡਾ ਬਹੁਮਤ ਕਿਸੇ ਵੀ ਰਵਾਇਤੀ ਜਾਂ ਖੇਤਰੀ ਪਾਰਟੀ ਦੇ ਹਿੱਸੇ ਅੱਜ ਤੱਕ ਨਹੀਂ ਆਇਆ ਜੋ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਹੈ।ਇਸ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਵੀ ਇਤਹਾਸਕ ਜਿੱਤ ਦਿੱਲੀ ਵਿੱਚ ਦਰਜ ਕੀਤੀ, ਜਦੋਂ ਇੱਕ ਵਾਰ ਅਸਤੀਫੇ ਤੋਂ ਬਾਅਦ ਵੀ ਸੱਤਰ ਚੋਂ ਸਤਾਹਠ ਸੀਟਾਂ ਲੈਕੇ ਦਿੱਲੀ ਫਤਿਹ ਕੀਤੀ।ਮਾਨ ਸਾਹਿਬ ਦੇਸ਼ ਦੀ ਸਿਆਸਤ ਬਹੁਤ ਗੰਧਲੀ ਹੋ ਚੁੱਕੀ ਹੈ ਜਿਸ ਦਾ ਤੁਹਾਨੂੰ ਭਲੀਭਾਂਤ ਪਤਾ ਹੈ।ਇਸ ਨੂੰ ਸਹੀ ਲਾਈਨ ਤੇ ਲਿਆਉਣ ਅਤੇ ਲੱਗੇ ਦਾਗਾਂ ਨੂੰ ਧੋਣ ਲਈ ਬਹੁਤ ਸਮਾਂ, ਬਹੁਤ ਦਲੇਰੀ ਹੌਸਲੇ ਅਤੇ ਹਿੰਮਤ ਦੇ ਨਾਲ ਨਾਲ ਸਹਿਣਸ਼ੀਲਤਾ ਦੀ ਬਹੁਤ ਲੋੜ ਹੈ, ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਮੁੱਚੀ ਪਾਰਟੀ ਨੂੰ ਇਹ ਬਲ ਬਖ਼ਸ਼ੇ।

          ਪੰਜਾਬ ਦੇ ਉਲਝੇ ਹੋਏ ਮਸਲੇ ਜਿਨ੍ਹਾਂ ਤੋਂ ਆਪ ਬਹੁਤ ਚੰਗੀ ਤਰ੍ਹਾਂ ਵਾਕਫ ਹੋਂ ਅਤੇ ਸੱਭ ਤੋਂ ਜ਼ਿਆਦਾ ਪ੍ਰਭਾਵਿਤ ਢੰਗ ਨਾਲ ਲੋਕ ਸਭਾ ਵਿੱਚ ਉਠਾਉਂਦੇ ਰਹੇ ਹੋਂ ਓਹ ਵੀ ਸਾਨੂੰ ਸਭਨਾਂ ਨੂੰ ਪਤਾ ਹੈ। ਹੁਣ ਇਹ ਜੋ ਸੇਜ ਆਪ ਜੀ ਨੂੰ ਕੁੱਲ ਆਵਾਮ ਨੇ ਸੌਂਪੀ ਹੈ ਇਹ ਮਖਮਲੀ ਨਹੀਂ ਇਹ ਕੰਡਿਆਂ ਵਾਲੀ ਸੇਜ ਹੈ। ਵਿਰੋਧੀਆਂ ਅਤੇ ਸ਼ਰੀਕਾਂ ਦੀਆਂ ਗੱਲਾਂ ਦਾ ਕਿਵੇਂ ਸਾਹਮਣਾ ਕਰਨਾ ਹੈ ਇਸ ਦੀ ਵੀ ਤੁਹਾਨੂੰ ਕੋਈ ਭੁੱਲ ਨਹੀਂ ਹੈ।ਕੋਹ ਨਾਂ ਚੱਲੀ ਬਾਬਾ ਤਿਹਾਈ ਵਾਲੀ ਗੱਲ ਬਾਤ ਤਾਂ ਸ਼ੁਰੂ ਵੀ ਹੋ ਚੁੱਕੀ ਹੈ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ,ਜਿਸ ਦੀ ਮੀਡੀਆ ਵਿੱਚ ਆਮ ਚਰਚਾ ਹੈ, ਕਿ ਕੇਜਰੀਵਾਲ ਸਾਹਿਬ ਦੇ ਪੈਰੀਂ ਹੱਥ ਕਿਉਂ ਲਾਏ ਦਿੱਲੀ ਪਹੁੰਚ ਕੇ ਭਗਵੰਤ ਮਾਨ ਨੇ,ਇਹ ਗੱਲ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਵਿੱਚ ਕੀਤੀ ਹੈ ਜਦੋਂ ਕਿ ਈ ਡੀ ਦੇ ਛਾਪਿਆਂ ਤੋਂ ਬਚਣ ਲਈ ਓਹ ਖੁਦ ਮੋਦੀ ਸਾਹਿਬ ਦੀ ਛਤਰੀ ਹੇਠ ਲੁਕਿਆ ਹੋਇਆ ਹੈ,ਇਹ ਵੀ ਪਤਾ ਲੱਗਾ ਹੈ ਕਿ ਕੇਜਰੀਵਾਲ ਦੀਵਾਨ ਟੋਡਰ ਮੱਲ ਦੀ ਅੰਸ਼ ਚੋਂ ਨੇ ਜਿਨ੍ਹਾਂ ਨੇ ਗੁਰਸਿੱਖੀ ਲਈ ਕੀ ਕੁੱਝ ਕੀਤਾ ਹੈ ਜਿਸ ਨੂੰ ਕੁੱਲ ਲੁਕਾਈ ਕਦੇ ਵੀ ਨਹੀਂ ਭੁਲਾ ਸਕਦੀ, ਇੱਕ ਵੱਡੇ ਭਾਈ ਦੇ ਜੇ ਛੋਟਾ ਭਰਾ ਪੈਰੀਂ ਹੱਥ ਲਾਉਂਦਾ ਵੀ ਹੈ ਤਾਂ ਉਸ ਨੂੰ ਐਨੀ ਨਫ਼ਰਤ ਕਿਉਂ? ਜਦੋਂ ਕਿ ਇਹ ਸੱਭ ਸਾਡੇ ਪੁਰਖਿਆਂ ਦੀ ਸਾਨੂੰ ਦੇਣ ਹੈ,ਇਸ ਲਈ ਹੀ ਕਹਿਣਾ ਪਿਆ ਕਿ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ। ਖੈਰ ਕੁੱਝ ਵੀ ਹੋਵੇ ਕਹਿਣ ਦਾ ਭਾਵ ਕਿ ਇੱਕ ਉਦਾਹਰਣ ਹੈ" ਸ਼ਰੀਕ ਘਰ ਵਿੱਚ ਬੇਦੀ ਨਹੀਂ ਗੱਡਦੇ ਉਂਝ ਕਸਰ ਕੋਈ ਨੀ ਛੱਡਦੇ"ਬਿਲਕੁਲ ਵਿਰੋਧੀਆਂ ਦੇ ਝਾਂਸੇ ਵਿੱਚ ਅਤੇ ਗੱਲਾਂ ਵਿੱਚ ਨਹੀਂ ਆਉਣਾ ਬਲਕਿ ਹਾਥੀ ਵਾਲੀ ਚਾਲ ਚਲਦੇ ਰਹੋ, ਪੰਜਾਬੀਆਂ ਨਾਲ ਕੀਤੇ ਵਾਅਦੇ ਹੌਲੀ ਹੌਲੀ ਪੂਰੇ ਕਰਦੇ ਰਹੋ।ਤੁਹਾਡਾ ਹਰਾ ਪਿੰਨ ਬੇਰੁਜ਼ਗਾਰੀ, ਨਸ਼ਿਆਂ, ਪੁਲਿਸ ਪ੍ਰਸ਼ਾਸਨ ਦੇ ਖੁੱਲ੍ਹੇ ਲਗਾਮ,ਸਿਹਤ ਸਹੂਲਤਾਂ, ਮੁਲਾਜ਼ਮਾਂ, ਬੁਢਾਪੇ, ਵਿਦੇਸ਼ਾਂ ਵਿੱਚ ਜਾਂਦੀ ਜਵਾਨੀ ਨੂੰ ਬਚਾਉਣ ਅਤੇ ਬੇਘਰਿਆਂ ਦੇ ਸਿਰ ਢਕਣ ਲਈ ਸਦਾ ਚਲਦਾ ਰਹੇ। ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਆਪਣੇ ਹੱਥ ਆਈ ਤਾਕਤ ਨੂੰ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕਰਦੇ ਰਹੋਂ ਇਹੇ ਕਾਮਨਾ ਕਰਦੇ ਹਾਂ।

 ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਹੁੰਦੀ ਕਿ ਜਦੋਂ ਕੋਈ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਉਸ ਵਿੱਚ ਖੱਬਿਓਂ ਸੱਜਿਓਂ ਕੁੱਝ ਕੁ ਸ਼ਰਾਰਤੀ ਅਨਸਰ ਜਾਂ ਕਹਿ ਲਈਏ ਕਿ ਕਾਲੀਆਂ ਭੇਡਾਂ ਵੀ ਲੁੱਕ ਛੁੱਪ ਕੇ ਆ ਵੜਦੀਆਂ ਹਨ,ਸੋ ਓਨਾਂ ਤੋਂ ਵੀ ਬਹੁਤ ਸੁਚੇਤ ਰਹਿਣ ਦੀ ਅਤਿਅੰਤ ਲੋੜ ਹੈ। ਪਾਰਟੀ ਦੇ ਵਿੱਚ ਹੀ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਹਨ,ਇਸ ਲਈ ਫੂਕ ਫੂਕ ਕੇ ਪੈਰ ਰੱਖਣੇ। ਤੁਸੀਂ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਰਹੇ ਹੋਂ,ਉਸ ਤੇ ਖਰੇ ਉਤਰਨਾ। ਤੁਸੀਂ ਪੁਰਾਤਨ ਪੰਜਾਬ ਦੀ ਗੱਲ ਕਰਦੇ ਰਹੇ ਹੋਂ, ਚੇਤੇ ਰੱਖਣਾ, ਤੁਸੀਂ ਪਿੰਡਾਂ ਚੋਂ, ਵਾਰਡਾਂ ਚੋਂ ਸ਼ਹਿਰਾਂ ਚੋਂ ਪੰਜਾਬ ਦੀ ਸਿਆਸਤ ਚਲਾਉਣ ਦੀ ਗੱਲ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ, ਚੇਤਿਆਂ ਚ ਵਸਾ ਕੇ ਰੱਖਣਾ, ਤੁਸੀਂ ਹਰ ਵੱਡੀ ਉਮਰ ਵਾਲੀ ਬੀਬੀ ਨੂੰ ਮਾ ਕਿਹਾ ਹੈ,ਹਰ ਬਰਾਬਰ ਦੀ ਨੂੰ ਭੈਣ ਅਤੇ ਹਮ ਉਮਰ ਨੂੰ ਭਰਾ ਕਿਹਾ ਹੈ, ਬਜ਼ੁਰਗਾਂ ਨੂੰ ਬਾਪੂ ਕਿਹਾ ਹੈ, ਬੱਚਿਆਂ ਨੂੰ ਹਿੱਕ ਨਾਲ ਲਾਉਂਦੇ ਰਹੇ ਹੋਂ।ਇਹ ਸਾਰੀਆਂ ਗੱਲਾਂ ਲੋਕਾਂ ਦੇ ਚੇਤਿਆਂ ਚ ਵਸੀਆਂ ਹੋਈਆਂ ਹਨ ਕਿਤੇ ਭੁੱਲ ਨਾ ਜਾਣਾ।ਹਰ ਇਨਸਾਨ ਦੀ ਗੱਲ ਸੁਨਣਾ ਅਤੇ ਓਹਨਾਂ ਨੂੰ  ਹੱਲ ਕਰਨ ਦੀਆਂ ਗੱਲਾਂ ਤੁਹਾਡੇ ਮੈਨੀਫੈਸਟੋ ਦਾ ਹਿੱਸਾ ਹੈ, ਚੇਤਿਆਂ ਵਿੱਚ ਰੱਖਣ ਦੀ ਅਤਿਅੰਤ ਲੋੜ ਹੈ। ਆਪਦੇ ਵਾਂਗੂੰ ਆਪਣੇ ਮੰਤਰੀ ਮੰਡਲ ਵਿੱਚ ਕੋਸ਼ਿਸ਼ ਕਰਿਓ ਵਧੀਆ ਇਨਸਾਨ ਤੁਹਾਡੇ ਵਰਗੀ ਸੋਚ ਰੱਖਣ ਵਾਲੇ ਹੀ ਜੇ ਹੋਣਗੇ ਤਾਂ ਤੁਸੀਂ (ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ)ਵਾਲੀ ਤੁੱਕ ਜੋ ਤੁਸੀਂ ਅਕਸਰ ਸਟੇਜਾਂ ਤੋਂ ਸਾਂਝੀ ਕਰਦੇ ਰਹੇ ਹੋਂ ਓਸ ਤੇ ਖਰੇ ਉੱਤਰ ਸਕਦੇ ਹੋ।

             ਭਗਵੰਤ ਮਾਨ ਸਾਹਿਬ ਮੈਂ ਆਪ ਨੂੰ ਤੇ ਆਪਦੀ ਸਮੁੱਚੀ ਪਾਰਟੀ ਨੂੰ ਬਹੁਤ ਹੀ ਭਾਗਾਂ ਵਾਲੀ ਸਮਝਦਾ ਹਾਂ ਕਿਉਂਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਛੇ ਡਾਕਟਰ, ਗਿਆਰਾਂ ਵਕੀਲ,ਦੋ ਗਾਇਕ,ਦੋ ਗੀਤਕਾਰ, ਤਿੰਨ ਪ੍ਰਫੈਸਰ,ਦੋ ਪ੍ਰਿੰਸੀਪਲ,ਦੋ ਅਧਿਆਪਕ,ਸੱਤ ਮਜ਼ਦੂਰ,ਛੇ ਇੰਜਨੀਅਰ,ਇੱਕੀ ਕਿਸਾਨੀ ਕਿੱਤੇ ਨਾਲ ਸਬੰਧਤ, ਨੌਂ ਵਪਾਰੀ,ਪੰਜ ਖਿਡਾਰੀ,ਦੋ ਪੁਲਿਸ ਮਹਿਕਮੇ ਦੇ ਵੀਰ ਐਮ ਐਲ ਏ ਬਨਾਏ ਹਨ ਸਮੁੱਚੇ ਪੰਜਾਬੀ ਭਾਈਚਾਰੇ ਨੇ।ਇਸ ਤੋਂ ਵੱਧ ਖੁਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ, ਅਤੇ ਆਮ ਆਦਮੀ ਪਾਰਟੀ ਆਪਾਂ ਹੋਰ ਕਿਸ ਨੂੰ ਕਹਿ ਸਕਦੇ ਹਾਂ?

               ਸਾਰੇ ਪੰਜਾਬ ਦੀ ਤੰਦ ਨਹੀਂ ਤਾਣੀ ਉਲਝੀ ਹੋਈ ਹੈ ਇਸ ਨੂੰ ਸੁਲਝਾਉਣ ਲਈ ਬਹੁਤ ਮਿਹਨਤ ਦੀ ਲੋੜ ਹੈ,ਜੋ ਤੁਸੀਂ ਪਿਛਲੇ ਅੱਠ ਸਾਲਾਂ ਤੋਂ ਕਰ ਰਹੇ ਹੋਂ ਸ਼ੇਰ ਬਣਿਓਂ ਹੁਣ ਉਸ ਤੋਂ ਦੁੱਗਣੀ ਨਹੀਂ ਬਲਕਿ ਕਈ ਗੁਣਾਂ ਵੱਧ ਮਿਹਨਤ ਦੀ ਲੋੜ ਪੈਣੀ ਹੈ,ਡਰਿਓ ਨਾ ਘਬਰਾਇਓ ਨਾ ਚਲਦੇ ਰਹਿਣਾ ਏਂ, ਖੜਿਆ ਹੋਇਆ ਤਾਂ ਪਾਣੀ ਵੀ ਮੁਸ਼ਕ ਮਾਰਨ ਲੱਗ ਪੈਂਦਾ ਹੈ, ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ, ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਵੋਂ, ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੋਂ, ਸੂਬੇ ਨੂੰ ਆਤਮਨਿਰਭਰਤਾ ਵੱਲ ਲੈ ਜਾਓਂ ਇਹੀ ਸੱਚੇ ਦਿਲੋਂ ਕਾਮਨਾ ਹੈ,ਪਰ ਸਹਿਣਸ਼ੀਲਤਾ ਅਤਿਅੰਤ ਜ਼ਰੂਰੀ ਹੈ।

ਜਸਵੀਰ ਸ਼ਰਮਾਂ ਦੱਦਾਹੂਰ,ਸ੍ਰੀ ਮੁਕਤਸਰ ਸਾਹਿਬ ,95691-49556

ਜਗਰਾਉਂ ਥਾਣੇ ਮੂਹਰੇ ਧਰਨਾ  11ਵੇਂ ਦਿਨ ਵਿੱਚ ਪੁੱਜੇ  75 ਸਾਲ ਦੀ ਮਾਤਾ 4 ਦਿਨਾਂ ਤੋਂ ਬੈਠੇ ਭੁੱਖ ਹਡ਼ਤਾਲ ਤੇ  

ਮਾਮਲਾ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦਾ

 ਜਗਰਾਉਂ, 02 ਅਪ੍ਰੈਲ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ )ਨੇੜਲੇ ਪਿੰਡ ਰਸੂਲਪੁਰ ਗਰੀਬ ਧੀ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਵਾਲੇ ਮੁਕੱਦਮਾ ਨੂੰ 0274/2021 ਦੇ ਮੁੱਖ ਡੀਅੈਸਪੀ ਗੁਰਿੰਦਰ ਬੱਲ ਅੈਸਆਈ ਰਾਜਵੀਰ ਤੇ ਝੂਠੇ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ ਥਾਣੇ ਅੱਗੇ ਚੱਲ ਰਹੇ ਅਣਮਿਥੇ ਸਮੇਂ ਦਾ ਧਰਨਾ ਅੱਜ 11 ਦਿਨ ਵੀ ਜਾਰੀ ਰਿਹਾ। ਇਸ ਧਰਨੇ ਵਿੱਚ ਮ੍ਰਿਤਕ ਕੁਲਵੰਤ ਕੌਰ ਦੀ 75 ਸਾਲਾ ਬਜ਼ੁਰਗ ਮਾਤਾ ਵੀ ਚੌਥੇ ਦਿਨ ਲੜੀਵਾਰ ਭੁੱਖ ਹੜਤਾਲ 'ਤੇ ਬੈਠੀ ਰਹੀ। ਪ੍ਰੈਸ ਨਾਲ ਗੱਲ ਕਰਦਿਆਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਦੇ ਘਟੀਆ ਰਵਈਆ ਕਾਰਨ ਭੁੱਖ ਹੜ੍ਹਤਾਲ ਤੇ ਬੈਠਣ ਪਿਆ ਹੈ ਪਰ ਮੇਰਾ ਇਰਾਦਾ ਲਈ ਗੱਲ ਲਈ ਦ੍ਰਿੜ ਹੈ ਕਿ ਜਦ ਤੱਕ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਹੀਂ ਕੀਤਾ ਜਾਂਦਾ, ਉਹ ਸੰਘਰਸ਼ ਲਈ ਡਟੇ ਰਹਿਣਗੇ।ਅੱਜ ਦੇ ਧਰਨੇ ਵਿੱਚ ਹਾਜ਼ਰ ਕਿਸਾਨਾਂ - ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌੰਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਅੱਚਰਵਾਲ, ਯੂਥ ਵਿੰਗ ਆਗੂ ਮਨੋਹਰ ਸਿੰਘ ਝੋਰੜਾਂ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ,  ਹਰੀ ਸਿੰਘ ਸਿਵੀਆ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿਰਤੀ ਲੋਕ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਗਰਮੀ-ਸਰਦੀ ਪ੍ਰਵਾਹ ਕੀਤੇ ਬਿਨਾਂ ਸੰਘਰਸ਼ ਕਰਨਗੇ। ਇਸ ਸਮੇਂ ਮੋਹਣ ਸਿੰਘ ਬੰਗਸੀਪੁਰਾ, ਜਗਰੂਪ ਸਿੰਘ, ਮੱਖਣ ਸਿੰਘ, ਨਛੱਤਰ ਸਿੰਘ ਦਰਸ਼ਨ ਸਿੰਘ ਧਾਲੀਵਾਲ ਕਰਮਜੀਤ ਕੌਰ ਅਾਦਿ ਵੀ ਹਾਜ਼ਰ ਸਨ।
ਅੱਜ ਦੇ ਧਰਨੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਅਤੇ ਹਾਜ਼ਰ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਤੱਕ ਤਨ ਮਨ ਧਨ ਨਾਲ ਲੜਨ ਦਾ ਸੱਦਾ ਦਿੱਤਾ।

ਸਕੂਲ ਵਿਚ ਫਾਇਰ ਵਰਕਸਾਪ ਲਗਾਈ

ਹਠੂਰ,1,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਮੈਡਮ ਸੁਖਦੀਪ ਕੌਰ ਯੂ ਐਸ ਏ ਦੀ ਅਗਵਾਈ ਹੇਠ ਸਕੂਲ ਵਿਖੇ ਫਾਇਰ ਵਰਕਸਾਪ ਲਗਾਈ ਗਈ।ਇਸ ਮੌਕੇ ਮੁੱਖ ਅਫਸਰ ਰੋਹਿਤਾਸ ਉੱਪਲ ਦੀ ਟੀਮ ਵੱਲੋ ਸਕੂਲੀ ਬੱਚਿਆ,ਅਧਿਆਪਕਾ ਅਤੇ ਬੱਸ ਡਰਾਰਿਵਰਾ ਨੂੰ ਅੱਗ ਬੁਝਾਉਣ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।ਟੀਮ ਵੱਲੋ ਅੱਗ ਬਝਾਊ ਯੰਤਰਾ ਦੀ ਵਰਤੋ ਬਾਰੇ ਮੌਕੇ ਤੇ ਹੀ ਡੈਮੋ ਕਰਕੇ ਦਿਖਾਇਆ ਗਿਆ ਅਤੇ ਸਕੂਲ ਦੀ ਇਮਾਰਤ ਵਿਚ ਅੱਗ ਤੋ ਬਚਾਅ ਲਈ ਲਗਾਏ ਗਏ ਅੱਗ ਬੁਝਾਊ ਸਿਲੰਡਰਾ ਦੀ ਰੀਫਿਿਲ਼ੰਗ ਵੀ ਕਰਵਾਈ ਗਈ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਫਾਇਰ ਵਰਕਸਾਪ ਲਾਉਣ ਦਾ ਮੁੱਖ ਮਕਸਦ ਅੱਗ ਬੁਝਾਉਣ ਦੇ ਵੱਖ-ਵੱਖ ਤਰੀਕਿਆ ਤੋ  ਜਾਣੂ ਕਰਵਾਉਣਾ ਹੈ ਕਿਉਕਿ ਗਰਮੀ ਦੇ ਮੌਸਮ ਵਿਚ ਅੱਗ ਤੋ ਸੁਚੇਤ ਰਹਿਣਾ ਸਭ ਤੋ ਵੱਡੀ ਸਾਵਧਾਨੀ ਹੈ।ਇਸ ਮੌਕੇ ਅੱਗ ਬੁਝਾਊ ਯਾਤਰਾ ਦੀ ਦੇਖ-ਰੇਖ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਮੈਨੇਜਰ ਡਾਕਟਰ ਚਮਕੌਰ ਸਿੰਘ ਕੁੱਸਾ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਹਰਦੀਪ ਕੌਰ ਭਾਗੀਕੇ,ਗੁਰਪ੍ਰੀਤ ਸਿੰਘ,ਰਮਨਦੀਪ ਕੌਰ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:-ਅੱਗ ਬੁਝਾਉਣ ਦਾ ਡੈਮੋ ਕਰਦੀ ਹੋਈ ਫਾਇਰ ਟੀਮ

ਪੰਜਾਬ ਵਿਚ ‘ਆਪ’ਦੀ ਸਰਕਾਰ ਬਣਨ ਤੇ ਧਾਰਮਿਕ ਸਮਾਗਮ ਕਰਵਾਇਆ

ਹਠੂਰ,1,ਅਪ੍ਰੈਲ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਦੂਜੀ ਵਾਰ ਵਿਧਾਇਕ ਬਣਨ ਅਤੇ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਦੀ ਖੁਸੀ ਨੂੰ ਮੁੱਖ ਰੱਖਦਿਆ ਇਤਿਹਾਸਕ ਗੁਰਦੁਆਰਾ ਸ੍ਰੀ ਪਾਤਸਾਹੀ ਛੇਵੀ ਹਠੂਰ ਵਿਖੇ ਹਠੂਰ ਇਕਾਈ ਵੱਲੋ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਆਮ-ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਆਗੂ ਸਿਮਰਜੋਤ ਸਿੰਘ ਗਾਹਲੇ ਨੇ ਕਿਹਾ ਕਿ ਸਾਨੂੰ ਹਰ ਕੰਮ ਕਰਨ ਸਮੇਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਅਸੀ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਹਰ ਕੰਮ ਵਿਚ ਵੱਡੀਆ ਮੱਲਾ ਮਾਰੇ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵੇ।ਇਸ ਮੌਕੇ ਹਠੂਰ ਇਕਾਈ ਵੱਲੋ ਸਰਕਲ ਪ੍ਰਧਾਨ ਤਰਸੇਮ ਸਿੰਘ ਹਠੂਰ,ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਸਰਕਲ ਪ੍ਰਧਾਨ ਗੁਰਦੇਵ ਸਿੰਘ ਜੈਦ ਅਤੇ ਆਮ-ਆਦਮੀ ਪਾਰਟੀ ਦੇ ਆਗੂਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਮਲਕੀਤ ਸਿੰਘ ਧਾਲੀਵਾਲ,ਇੰਦਰਜੀਤ ਸਿੰਘ ਕਾਲਾ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ, ਕੁਲਤਾਰਨ ਸਿੰਘ ਰਸੂਲਪੁਰ,ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ,ਜਰਨੈਲ ਸਿੰਘ ਬਰਾੜ,ਨੰਬਰਦਾਰ ਸੁਖਵਿੰਦਰ ਸਿੰਘ ਬਬਲਾ,ਗੁਰਚਰਨ ਸਿੰਘ ਰਾਮਗੜ੍ਹੀਆ,ਪ੍ਰਧਾਨ ਹਰਜੀਤ ਸਿੰਘ,ਭਾਗ ਸਿੰਘ ਗੋਲਡੀ,ਸਤਪਾਲ ਸਿੰਘ,ਪ੍ਰਮਿੰਦਰ ਸਿੰਘ,ਸਿਮਰਜੋਤ ਸਿੰਘ ਹਠੂਰ,ਅਮਰ ਸਿੰਘ ਅਮਰਾ,ਵਿਸਾਖਾ ਸਿੰਘ,ਹਰਪ੍ਰੀਤ ਸਿੰਘ,ਬਲਵਿੰਦਰ ਸਿੰਘ,ਡਾਇਰੈਕਟਰ ਬੂੜਾ ਸਿੰਘ ਗਿੱਲ,ਪੱਪੀ ਹਠੂਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਵੱਖ-ਵੱਖ ਆਗੂਆ ਨੂੰ ਸਨਮਾਨਿਤ ਕਰਦੇ ਹੋਏ ‘ਆਪ’ਇਕਾਈ ਹਠੂਰ ਦੇ ਆਗੂ

ਗੁਰਦੁਆਰਾ  ਟਾਹਲੀਆਣਾ ਸਾਹਿਬ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ 

ਮੁੱਲਾਂਪੁਰ ਦਾਖਾ,1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਮਾਰਚ ਮਹੀਨੇ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਅ ਤੇ ਅਪਰੈਲ ਮਹੀਨੇ ਦੀਆਂ ਸਰਗਰਮੀਆਂ ਵਾਰੇ ਵਿਚਾਰਾਂ ਕੀਤੀਆਂ ਗਈਆਂ ।ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਅਤੇ ਕਿਸਾਨ ਅੰਦੋਲਨ ਵਿੱਚ ਲਿਖਤੀ ਫੈਸਲੇ ਦਾ ਵਿਸ਼ਵਾਸਘਾਤ ਪ੍ਰਤੀ ਸਤ ਅਪ੍ਰੈਲ ਨੂੰ ਰਾਸ਼ਟਰਪਤੀ ਦੇ ਨਾਮ ਤੇ ਜਿਲ੍ਹਾ ਹੈਡਕੁਆਰਟਰ ਤੇ ਮੰਗ ਪੱਤਰ ਦੇਣਾ ਆਦਿ ਸ਼ਾਮਲ ਹਨ। ਇਸ ਸਮੇਂ ਰੁਲਦੂ ਸਿੰਘ ਮਾਨਸਾ ਗੁਰਨਾਮ ਸਿੰਘ ਭੀਖੀ ਗੋਰਾ ਸਿੰਘ ਭੈਣੀ ਬਾਘਾ ਰਾਮਫਲ ਸਿੰਘ ਚਕ ਅਲੀਸ਼ੇਰ ਸਵਰਨ ਸਿੰਘ ਕਰਨੈਲ ਸਿੰਘ ਡਾ ਗੁਰਚਰਨ ਸਿੰਘ ਬੜਿੰਗ ਗੁਰਜੀਤ ਸਿੰਘ ਜੈਤੋ ਬਲਰਾਜ ਸਿੰਘ ਜੱਗਾ ਸਿੰਘ ਬਦਰਾ ਸੁਖਦੇਵ ਸਿੰਘ ਲਹਿਲ ਜਰਨੈਲ ਸਿੰਘ ਰੋੜਾਂ ਵਾਲਾ ਗੁਰਮੀਤ ਸਿੰਘ ਬਖਤਪੁਰਾ ਅਸ਼ਵਨੀ ਲਖਣਕਲਾਂ ਬਲਵੀਰ ਸਿੰਘ ਮੂਝਾਲ ਸੁਖਦੇਵ ਸਿੰਘ ਤੋਸ਼ਾਖਾਨਾ ਆਦਿ ਹਾਜਰ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 39ਵਾ ਦਿਨ 

‘ਦੇਵ ਸਰਾਭਾ’ ਵਿਚਲਾ ਜਜ਼ਬਾ-ਤਹੱਲਮ ਬਾ-ਕਮਾਲ, ਸਮਾਜ ਸੇਵਾ ਲਈ ਸਭਾਵਨਾਵਾਂ ਭਰਿਆ ਨੌਜਵਾਨ ਮਹਿਸੂਸ ਹੁੰਦਾ ਹੈ-ਭਾਈ ਰਣਜੀਤ ਸਿੰਘ  

ਮੁੱਲਾਂਪੁਰ ਦਾਖਾ 1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) - ਅਜੋਕੇ ਮਾਹੌਲ ਦੀ ਨਿੱਜ ਪ੍ਰਸਤੀ ਦੀ ਹਨੇਰੀ ‘ਚੋਂ ਸੀਮਤ ਜਿਹੇ ਸਾਧਨ ਨਾਲ ਬੇਅੰਤ ਦੂਰ-ਅੰਦੇਸ਼ੀ ਸੋਚ ਸਦਕਾ ਕੌਮੀ ਫਰਜ਼ਾਂ ਲਈ ਲੋੜੀਦੇ ਮਿਸ਼ਨ ਨੂੰ ਨਿਸ਼ਾਨਾ ਸੇਧ ਕੇ ਸ਼ਹੀਦਾਂ ਦੀ ਧਰਤੀ ਤੋਂ ਗਦਰ ਪਾਰਟੀ ਦੇ ਬਾਲਾ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਦੇ ਮੁੱਖ ਚੌਰਾਸਤੇ ‘ਤੇ ਸਥਿੱਤ ਬੁੱਤ ਦੇ ਸਾਹਮਣੇ ਚੁੱਪ ਤੇ ਭੁੱਖ ਹੜਤਾਲ ‘ਤੇ ਬੈਠਾ ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’, ਹਰ ਰਾਹੀ-ਪਾਂਧੀ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। 
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਲਦੇਵ ਸਿੰਘ ਦੇਵ ਸਰਾਭਾ ਦੇ ਸ਼ਲਾਘਾ ਕਰਦਿਆਂ ਦੱਸਿਆ ਕਿ ਗਰਮ ਹਵਾਵਾਂ ‘ਚ ਸਹਿਯੋਗੀ ਸਾਥੀਆਂ ਮਨਜੀਤ ਸਿੰਘ ਸਰਾਭਾ, ਬਲਵਿੰਦਰ ਸਿੰਘ ਸਰਾਭਾ, ਮਨਜਿੰਦਰ ਸਿੰਘ ਸਰਾਭਾ,ਰਾਮਲੋਕ ਸਿੰਘ ਸਰਾਭਾ ਨਾਲ ਅੱਜ 40ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠਾ । ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਕਾਰਨਾਮਿਆਂ ਤੋਂ ਪ੍ਰਵਾਵਿਤ ਪੱਤਰਕਾਰੀ ਖੇਤਰ ਦੀ ਨਾਮਵਰ ਸ਼ਖਸ਼ੀਅਤ ਸ: ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ, ਪ੍ਰੇਰਣਾ ਅਤੇ ਪੰਥਕ ਜਜ਼ਬੇ ਬਦੌਲਤ ਕੌਮੀ ਕਾਰਜ਼ਾਂ ਨੂੰ ਸਮਰਪਿਤ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠਦੇ ਹਨ। ਪੁੱਛਣ ‘ਤੇ ਦੱਸਦਾ ਹੈ ਕਿ ਇਹ ਕੋਈ ਕਾਨੂੰਨ ਨਹੀਂ ਕਿ ਆਪਣੇ ਹੀ ਦੇਸ਼ ‘ਚ ਆਪਣੇ ਹੀ ਵਸਨੀਕਾਂ ਨੂੰ ਸਜ਼ਾਵਾਂ ਪੂਰੀਆਂ ਹੋਈਆਂ ਹੋਣ ਪਰ ਫੇਰ ਵੀ ਕਾਲ ਕੋਠੜੀਆਂ ਦੀਆਂ ਸ਼ਲਾਖਾਂ ਪਿੱਛੇ ਡੱਕੀਂ ਰੱਖਿਆ ਹੋਵੇ। ਰਾਹੀ-ਪਾਧੀਂ ਇਹ ਵੇਖ ਹੈਰਾਨ ਹੁੰਦਾ ਹੈ ਕਿ ਇਹ ਕਿਸੇ ਸ਼ਾਸ਼ਨ/ਪ੍ਰਸ਼ਾਸ਼ਨ ਦੇ ਸਾਹਮਣੇ ਕਿਉਂ ਨਹੀਂ ਬੈਠਦਾ? ਤਾਂ ‘ਦੇਵ’ ਦਾ ਹੱਸਵਾਂ ਜਬਾਬ ਹੁੰਦਾ ਹੈ ਮੇਰਾ ਮਕਸਦ ਕਿਸੇ ਨੂੰ ਨੀਵਾਂ ਵਿਖਾਉਣਾ ਜਾਂ ਕਿਸੇ ਦੇ ਕੰਮ ਕਾਰਜ਼ ਵਿਚ ਰੁਕਾਵਟ ਪਾਉਣਾ ਨਹੀਂ ਸਗੋਂ ਮੇਰਾ ਮਕਸਦ ਲੋਕ ਜਾਗ੍ਰਤੀ ਬਣਾਉਣਾ ਹੈ, ਕੀ ਲੁਧਿਆਣਾ-ਰਾਏਕੋਟ ਵਾਲੇ ਇਹ ਰਾਸਤੇ “ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ” ਦੇ ਪਾਧੀਆਂ ਦਾ ਧਿਆਨ ਨਹੀਂ ਖਿੱਚਦਾ? ਕੀ ਇਥੋਂ ਰਾਜਸ਼ੀ ਧਿਰਾਂ ਦੇ ਆਗੂ ਜਾਂ ਅਧਿਕਾਰੀ ਨਹੀਂ ਗੁਜ਼ਰਦੇ? ‘ਦੇਵ’ ਵਿਚਲਾ ਬਾ-ਕਲਾਮ ਜਜ਼ਬਾ-ਤਹੱਮਲ ਅਤੇ ਬੋਲ-ਚਾਲ-ਭਾਸ਼ਾ ‘ਚ ਉਮਦਾ ਸੰਜਮ ਸੁਣ ਸਿਧਾਤਾਂ ਪ੍ਰਤੀ ਜਿੱਦ ਉਸਦੀ ਸ਼ਾਸ਼ਨ/ਪ੍ਰਸ਼ਾਸ਼ਨ ਦੀ ਅੱਖ ‘ਚ ਅੱਖ ਪਾ ਕੇ ਬਾ-ਦਲੀਲ ਪੱਖ ਰੱਖਣ ਦੀ ਜੁਰਅਤ, ਜਿਰਹਾ ਕਰਨ ਦੀ ਹਿੰਮਤ ਹੀ ਅਸਲ ਅੜੀਅਲ ਪੱਖ ਦਰਸਾਉਦਾ ਉਸਦੀ ਸ਼ਖਸ਼ੀਅਤ ਨੂੰ ਉਭਾਰਦਾ, ਪਰ ਬਾਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠਾ ਰਾਹੀਆਂ-ਪਾਂਧੀਆਂ ਤੇ ਖਲੋਣ ਵਾਲਿਆਂ ਵੱਲ ਵੇਖ ਲਗਾਤਾਰ ਸਿੱਖਦਾ ਰਹਿਦਾ ਸੁਭਾਅ ‘ਚ ਵੱਡੀ ਤਬਦੀਲੀ ਲਿਆਉਣ ‘ਚ ਕਾਮਯਾਬ ਹੋਇਆ ਮਹਿਸੂਸ ਹੁੰਦਾ ਹੈ। ਇਸ ਮੌਕੇ ਭਾਈ ਕਰਨਪ੍ਰੀਤ ਸਿੰਘ ਵੇਰਕਾ,  ਭਾਈ ਭੁਪਿੰਦਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,  ਜਰਨੈਲ ਸਿੰਘ ਖੱਟੜਾ, ਦਲਜੀਤ ਸਿੰਘ ਥਰੀਕੇ, ਡਾ ਰੁਪਿੰਦਰ ਸਿੰਘ ਸੁਧਾਰ, ਗੁਰਚਰਨ ਸਿੰਘ, ਹਰਦੇਵ ਸਿੰਘ ਬੋਪਾਰਾਏ,ਸੂਬੇਦਾਰ ਬਲਜੀਤ ਸਿੰਘ, ਦਵਿੰਦਰ ਸਿੰਘ ਭਨੋਹੜ,ਰਾਮਪਾਲ ਸਿੰਘ, ਕੁਲਜੀਤ ਸਿੰਘ ਭੰਮਰਾ ਸਰਾਭਾ, ਹਰਬੰਸ ਸਿੰਘ ਹਿੱਸੋਵਾਲ, ਬਲੌਰ ਸਿੰਘ ਸਰਾਭਾ, ਨਿਰਭੈ ਸਿੰਘ ਅੱਬੂਵਾਲ, ਜਸਵਿੰਦਰ ਸਿੰਘ ਕਾਲਖ ,ਹਰਦੀਪ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰੀ ਭਰੀ  ।

ਵਿਧਾਇਕ ਇਆਲੀ ਵਲੌ ਮੁੱਲਾਂਪੁਰ ਸ਼ਹਿਰ ਦੇ ਦੁਕਾਨਦਾਰ ਵੀਰਾਂ ਦਾ ਚੋਣਾਂ ਵਿੱਚ ਮਿਲੇ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ

ਕਿਹਾ ਵੋਟਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹਾਂਗੇ  

ਮੁੱਲਾਂਪੁਰ ਦਾਖਾ ,1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਵਿਧਾਨ ਸਭਾ ਦੀਆਂ ਚੋਣਾਂ ਵਿਚ ਹਲਕਾ ਦਾਖਾ ਤੋਂ ਵੱਡੀ ਜਿੱਤ ਪ੍ਰਾਪਤ ਕਰ ਕੇ ਵਿਧਾਇਕ ਬਣੇ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਮੁੱਲਾਂਪੁਰ ਦਾਖਾ ਦੇ ਬਾਜ਼ਾਰ ਅੰਦਰ ਇਕ ਇਕ ਦੁਕਾਨ ਤੇ ਜਾ ਕੇ ਚੋਣਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਭਵਿੱਖ ਅੰਦਰ ਵੀ ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਹਰ ਯਤਨ ਕਰਨ ਦੀ ਵਚਨਬੱਧਤਾ ਪ੍ਰਗਟਾਈ। ਧੰਨਵਾਦੀ ਦੌਰੇ ਸਮੇਂ  ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਰੇਹੜੀ ਫੜੀ ਵਾਲਿਆਂ ਵੱਲੋਂ ਵੀ ਵਿਧਾਇਕ ਇਯਾਲੀ ਦਾ ਭਰਪੂਰ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਵਿਧਾਇਕ ਇਯਾਲੀ ਨਾਲ ਤਸਵੀਰਾਂ ਕਰਵਾਈਆਂ।
ਸ਼ਹਿਰ ਅੰਦਰ ਧੰਨਵਾਦੀ ਦੌਰਾ ਕਰਨ ਉਪਰੰਤ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਦਾਖਾ ਦੇ ਨਿਵਾਸੀਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੇ ਹਨ ਅਤੇ ਆਉਣ  ਵਾਲੇ ਸਮੇਂ ਅੰਦਰ ਵੀ  ਵੋਟਰਾਂ ਦੀ ਭਲਾਈ ਲਈ  ਯਤਨਸ਼ੀਲ ਰਹਿਣਗੇ   ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਲੋਕ ਆਪਣੇ ਇਸ ਪੁੱਤਰ ਦੀ  ਲੋਕ ਭਲਾਈ ਵਾਲੀ ਕਾਰਜਸ਼ੈਲੀ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਗੇ। ਵਿਧਾਇਕ ਇਯਾਲੀ ਨੇ ਅੱਗੇ ਕਿਹਾ ਕਿ ਬੇਸ਼ੱਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪ੍ਰੰਤੂ ਉਹ ਮੁੱਲਾਂਪੁਰ ਸ਼ਹਿਰ ਦੇ ਬੁਨਿਆਦੀ ਢਾਂਚੇ ਲਈ ਨਗਰ ਕੌਂਸਲ ਨੂੰ  ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦੇਣਗੇ ਅਤੇ ਸ਼ਹਿਰ ਅੰਦਰ ਵਿਕਾਸ ਕਾਰਜ ਵੱਡੀ ਪੱਧਰ ਤੇ ਸ਼ੁਰੂ ਕੀਤੇ ਜਾਣਗੇ
ਉਨ੍ਹਾਂ ਪਿਛਲੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਮੁੱਲਾਂਪੁਰ ਸ਼ਹਿਰ ਅੰਦਰ ਬਗੈਰ ਕਿਸੇ ਠੋਸ ਯੋਜਨਾਬੰਦੀ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਕਾਰਨ  ਸਰਕਾਰੀ ਪੈਸੇ ਨਾਲ ਹੋਏ ਵਿਕਾਸ ਕੰਮਾਂ ਦਾ ਆਮ ਲੋਕਾਂ ਨੂੰ ਕੋਈ  ਲਾਭ ਨਹੀਂ ਹੋਇਆ ਪ੍ਰੰਤੂ ਭਵਿੱਖ ਅੰਦਰ ਸ਼ਹਿਰ ਵਿੱਚ   ਹੋਣ ਵਾਲੇ ਵਿਕਾਸ ਕੰਮਾਂ ਦਾ ਵੋਟਰਾਂ ਨੂੰ ਲਾਭ ਸਪੱਸ਼ਟ ਦਿਖਾਈ ਦੇਵੇਗਾ। ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਮੁੱਲਾਂਪੁਰ ਸਾਬਕਾ ਚੇਅਰਮੈਨ, ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸਾਬਕਾ ਕੌਂਸਲਰ ਸੱਜਣ ਬਾਂਸਲ, ਡਿੰਪਲ ਚੀਮਾ ਸਾਬਕਾ ਪ੍ਰਧਾਨ ਦੁਕਾਨਦਾਰ ਯੂਨੀਅਨ ਮੁੱਲਾਂਪੁਰ ਦਾਖਾ, ਸੁਸ਼ੀਲ ਕੁਮਾਰ ਵਿੱਕੀ ਚੌਧਰੀ ਸਾਬਕਾ ਕੌਂਸਲਰ, ਬਲਜੀਤ ਸਿੰਘ ਰਤਨ ਸਾਬਕਾ ਕੌਂਸਲਰ, ਸੁਭਾਸ਼ ਗਰਗ ਅਤੇ ਮੰਨੂ ਸ਼ਰਮਾ ਅਤੇ ਸਮੂਹ ਮੁੱਲਾਂਪੁਰ ਸ਼ਹਿਰ ਦੀ ਅਕਾਲੀ ਦਲ ਲੀਡਰਸ਼ਿਪ ਹਾਜਰ ਸਨ।

ਧਰਨੇ ਦੇ 10ਵੇਂ ਦਿਨ, ਥਾਣੇ ਅੱਗੇ ਤੀਜੇ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਬਜ਼ੁਰਗ ਮਾਤਾ

ਮਾਮਲਾ ਡੀ ਐਸ ਪੀ,ਏ ਐਸ ਆਈ ਤੇ ਸਰਪੰਚ ਦੀ ਗ੍ਰਿਫਤਾਰੀ ਦਾ
ਜਗਰਾਉਂ, 01ਅਪ੍ਰੈਲ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਜਿੰਮੇਵਾਰ ਤੱਤਕਾਲੀ ਥਾਣੇਦਾਰ ਹੁਣ ਡੀਅੈਸਪੀ ਗੁਰਿੰਦਰ ਬੱਲ ਅੈਸਆਈ ਰਾਜਵੀਰ ਤੇ ਝੂਠੇ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ ਥਾਣੇ ਅੱਗੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਮ੍ਰਿਤਕ ਕੁਲਵੰਤ ਕੌਰ ਦ 75 ਸਾਲਾ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਧਰਨੇ ਦੇ 10ਵੇਂ ਦਿਨ ਤੀਸਰੀ ਲੜੀਵਾਰ ਭੁੱਖ ਹੜਤਾਲ 'ਤੇ ਬੈਠੀ ਰਹੀ॥ਮੌਕੇ 'ਤੇ ਪ੍ਰੈਸ ਨਾਲ ਗੱਲ ਕਰਦਿਆਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਦੇ ਘਟੀਆ ਰਵਈਆ ਕਾਰਨ ਭੁੱਖ ਹੜ੍ਹਤਾਲ ਤੇ ਬੈਠਣ ਪਿਆ ਹੈ ਪਰ ਮੇਰਾ ਇਰਾਦਾ ਲਈ ਗੱਲ ਲਈ ਦ੍ਰਿੜ ਹੈ ਕਿ ਜਦ ਤੱਕ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਹੀਂ ਕੀਤਾ ਜਾਂਦਾ, ਉਹ ਸੰਘਰਸ਼ ਲਈ ਡਟੇ ਰਹਿਣਗੇ।ਅੱਜ ਦੇ ਧਰਨੇ ਵਿੱਚ ਹਾਜ਼ਰ ਕਿਸਾਨਾਂ - ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌੰਦਾ ਦੇ ਆਗੂ ਜਗਤ ਸਿੰਘ ਲੀਲਾਂ, ਕੁੰਢਾ ਸਿੰਘ ਕ‍ਾਉੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਯੂਥ ਵਿੰਗ ਆਗੂ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਕਾਨੂੰਨ ਨੂੰ ਮਰਜ਼ੀ ਅਨੁਸਾਰ ਵਰਤਦੇ ਹਨ ਕਿਸੇ ਗਰੀਬ ਨੂੰ ਤਾਂ ਬਿਨਾਂ ਪਰਚਾ ਦਰਜ ਕੀਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜਦ ਡੀਅੈਸਪੀ ਗੁਰਿੰਦਰ ਬੱਲ ਅੈਸ ਅਾਈ ਰਾਜਵੀਰ ਨੂੰ ਬਿਨਾਂ ਜਮਾਨਤ ਜਾਂ ਅਰੈਸਟ ਸਟੇਅ ਤੋਂ ਗ੍ਰਿਫਤਾਰੀ ਤੋਂ ਬਾਹਰ ਰੱਖਿਆ ਹੋਇਆ ਹੈ; ਇੰਨ੍ਹਾਂ ਹੀ ਨਹੀਂ ਸਗੋਂ ਸੰਗੀਨ ਧਾਰਾਵਾਂ ਦਾ ਇਹ ਦੋਸ਼ੀ ਪਰਚਾ ਦਰਜ ਹੋਣ ਦੇ ਬਾਵਜੂਦ ਡਿਊਟੀ ਕਰ ਰਿਹਾ ਹੈ। ਇਹ ਕਾਨੂੰਨ ਦੀ ਸਿੱਧੀ ਉਲੰਘਣਾ ਦਾ ਮਾਮਲਾ ਹੈ। ਆਗੂਆਂ ਨੇ ਨਵਨਿਯੁੱਕਤ ਸਰਕਾਰ ਦੇ ਨੁਮਾਇੰਦਿਆਂ ਦੀ ਚੁਪੀ ਨੂੰ ਜਨਤਾ ਵਿੱਚ ਬੇਨਕਾਬ ਕਰਨ ਲਈ 4 ਅਪ੍ਰੈਲ ਨੂੰ ਭਾਰੀ ਗਿਣਤੀ ਵਿੱਚ ਰੋਸ ਮੁਜ਼ਾਹਰੇ ਵਿੱਚ ਸ਼ਾਮਲ਼ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਪ੍ਰੇਮ ਸਿੰਘ ਜੋਧਾਂ, ਸਾਬਕਾ ਸਰਪੰਚ ਬਲੌਰ ਸਿੰਘ, ਜਸਪ੍ਰੀਤ ਸਿੰਘ ਢੋਲ਼ਣ, ਬੀਬੀ ਮਨਜੀਤ ਕੌਰ ਮਨਪ੍ਰੀਤ ਕੌਰ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਆਦਿ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਲੁਧਿਆਣਾ ਕਮੇਟੀ ਮੀਟਿੰਗ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ  

ਮੀਟਿੰਗ ਵਿਚ ਵਿਧਾਇਕ ਸਰਵਜੀਤ ਕੌਰ ਮਾਣੂਕੇ ਹਲਕਾ ਜਗਰਾਉਂ ਉੱਪਰ ਉੱਠੇ ਇਤਰਾਜ਼  

ਸਰਕਾਰ ਬਣਨ ਤੋਂ ਪਹਿਲਾਂ ਲੜਕੀ ਨੂੰ ਇਨਸਾਫ ਦਿਵਾਉਣ ਲਈ ਵਿਧਾਇਕ  ਪੀਡ਼ਤ ਪਰਿਵਾਰ ਦੇ ਨਾਲ ਸਨ ਪਰ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਨੇ ਇਸ ਗੱਲ ਵੱਲ ਨਜ਼ਰ ਤਕ ਵੀ ਨਹੀਂ ਘੁਮਾਈ  

ਜਗਰਾਉਂ ,01ਅਪ੍ਰੈਲ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਦੱਸਿਆ ਕਿ 4 ਅਪ੍ਰੈਲ ਨੂੰ ਗੁਰਿੰਦਰ ਬਲ ਐਸ ਐਚ ਓ ਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਐਲਾਨੇ ਮੁਜਾਹਰੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰ ਵੀ ਜੋਰ ਸ਼ੋਰ ਨਾਲ ਸ਼ਿਰਕਤ ਕਰਨਗੇ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਲਾ ਪੁਲਸ ਮੁਖੀ ਦੀ ਅਪੀਲ ਤੇ ਕਿ ਪਹਿਲਾ ਐਲਾਨਿਆਂ ਸਿਟੀ ਥਾਣੇ ਦਾ ਘਿਰਾਓ ਅੱਗੇ ਪਾ ਦਿਓ ਕਿਉਂਕਿ ਚੋਣਾਂ ਕਾਰਨ ਪੁਲਸ ਜਿਆਦਾ ਰੁੱਝੀ ਹੋਈ ਹੈ।ਪੁਲਿਸ ਅਧਿਕਾਰੀਆਂ ਨੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਤੇ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਅਜੇ ਤਕ ਬੱਚੀ ਦੇ ਕਾਤਲ ਡੀ ਐਸ ਪੀ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਹੀਂ ਕੀਤਾ। ਊਨਾ ਕਿਹਾ ਕਿ ਸਥਾਨਕ ਆਪ ਵਿਧਾਇਕਾ ਬੀਬੀ ਸਰਬਜੀਤ ਕੋਰ  ਮਾਣੂਕੇ ਵੀ  ਚੋਣਾਂ ਤੋਂ ਪਹਿਲਾਂ ਮੰਗ ਦੇ ਸਮਰਥਨ ਚ ਰੋਸ ਧਰਨਿਆ ਚ ਸ਼ਾਮਲ ਹੁੰਦੇ ਰਹੇ ਹਨ ਪਰ ਹੁਣ ਸਰਕਾਰ ਬਨਣ ਤੋਂ ਓਨਾਂ ਨੂੰ ਇਸ ਮਾਮਲੇ ਚ ਦਖਲ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ। ਪਿਛਲੇ ਜਿਲਾ ਪੁਲਸ ਮੁਖੀ ਰਾਜ ਬਚਨ ਸੰਧੂ ਅਤੇ ਡੀਐਸ ਪੀ ਦਲਜੀਤ ਸਿੰਘ ਵਲੋਂ ਜਨਤਕ ਦਬਾਅ ਕਾਰਨ ਲੜਕੀ ਦੀ ਮੋਤ ਤੋਂ ਬਾਅਦ ਇਨਸਾਨੀ ਪਖ ਤੋਂ ਨਿਆਂ ਦੇਣ ਲਈ ਐਫ ਆਈ ਆਰ ਦਰਜ ਕਰਵਾਈ ਸੀ। ਉਨਾਂ ਕਿਹਾ ਕਿ ਪੂਰੇ ਪੁਲਸ ਪ੍ਰਬੰਧ ਚ ਬਾਕਾਇਦਾ ਇਕ ਲਾਬੀ ਦੋਸ਼ੀ ਡੀ ਐਸ ਪੀ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ । ਉਨਾਂ ਕਿਹਾ ਕਿ ਬਦਲਾਅ ਦੀ ਸਰਕਾਰ ਆਉਣ ਤੇ ਵੀ ਲੰਬੀ ਵਿਖੇ ਨਰਮੇ ਦੇ ਖਰਾਬੇ ਦੀ ਮੰਗ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰ ਕੇ ਉਲਟਾ ਪਰਚੇ ਵੀ ਪੀੜਤਾਂ ਤੇ ਹੀ ਦਰਜ ਕੀਤੇ ਜਾ ਰਹੇ ਹਨ। ਉਨਾਂ ਦਸਿਆਂ ਕਿ ਆਉਂਦੇ ਦਿਨਾਂ ਚ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਲਈ ਮੁਆਵਜੇ ਅਤੇ ਨੌਕਰੀ ਦੇ ਹੁਕਮ ਹਾਸਲ ਕਰਨ ਲਈ ਡੀ ਸੀ ਦਫਤਰ ਲੁਧਿਆਣਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਤੋਂ ਬਿਨਾਂ ਸਾਰੇ ਇਲਾਕਿਆਂ ਚ ਬਲਾਕ ਮੀਟਿੰਗਾਂ ਕਰਕੇ ਰਹਿੰਦੇ ਪਿੰਡਾਂਚ ਇਕਾਈਆਂ ਬਨਾਉਣ ਅਤੇ ਮੈਂਬਰਸ਼ਿਪ ਵਧਾਉਣ ਬਾਰੇ  ਮੁਹਿੰਮ ਚਲਾਈ ਜਾਵੇਗੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਪਿੰਡਾਂ ਚ ਚਿਪ ਵਾਲੇ ਮੀਟਰਾਂ ਖਿਲਾਫ ਲੋਕਾਂ ਨੂੰ ਜਾਗ੍ਰਤ ਕੀਤਾ ਜਾਵੇਗਾ।  ਮੀਟਿੰਗ ਵਿੱਚ ਜਗਤਾਰ ਸਿੰਘ ਦੇਹੜਕਾ, ਧਰਮ ਸਿੰਘ ਸੂਜਾਪੁਰ,  ਦੇਵਿੰਦਰ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ, ਕਰਨੈਲ ਸਿੰਘ ਹੇਰਾਂ ,ਜਸਵਿੰਦਰ ਸਿੰਘ ਭਮਾਲ ਹਾਜਰ ਸਨ।

  ਇਤਿਹਾਸ ਬਾਰੇ ਜਾਣਕਾਰੀ (ਪੰਜਾਬ ਦੇ ਇਤਿਹਾਸਿਕ ਸੋਮੇ ) ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪ੍ਰਸ਼ਨ-1.ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ ਕਿਹੜੇ ਹਨ?
(ੳ) ਭੱਟ ਵਹੀਆਂ (ਅ) ਖਾਲਸਾ ਦਰਬਾਰ ਰਿਕਾਰਡ (ੲ)ਇਤਿਹਾਸਿਕ ਭਵਨ (ਸ) ਚਿੱਤਰ ,ਸਿੱਕੇ (ਹ) ਉਪਰੋਕਤ ਸਾਰੇ
ਪ੍ਰਸ਼ਨ-2.ਪੰਜਾਬ ਦੇ ਇਤਿਹਾਸ ਲਈ ਸਭ ਤੋਂ ਮਹੱਤਵਪੂਰਨ ਤੇ ਬਹੁਮੁੱਲਾ ਸੋਮਾ ਕਿਹੜਾ ਹੈ ?
(ੳ)ਗੁਰਸੋਭਾ (ਅ)ਗਿਆਨ ਰਤਨਾਵਲੀ (ੲ)ਭਾਈ ਗੁਰਦਾਸ ਦੀਆਂ ਵਾਰਾਂ (ਸ) ਆਦਿ ਗ੍ਰੰਥ ਸਾਹਿਬ ਜੀ
ਪ੍ਰਸ਼ਨ-3.ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਕੀਤਾ ਸੀ?
(ੳ)1600 ਅ) 1603 (ੲ) 1604 (ਸ)1605
ਪ੍ਰਸ਼ਨ -4. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ਸੀ?
(ੳ)ਭਾਈ ਮਨੀ ਸਿੰਘ (ਅ) ਭਾਈ ਗੁਰਦਿੱਤਾ (ੲ) ਭਾਈ ਗੁਰਦਾਸ (ਸ) ਸੈਨਾਪਤ
ਪ੍ਰਸ਼ਨ-5. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ?
ੳ)1665 (ਅ) 1675 (ੲ) 1721 (ਸ) 1725
ਪ੍ਰਸ਼ਨ -6.ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(ੳ) 35 (ਅ) 39 (ੲ) 40 ( ਸ) 45
ਪ੍ਰਸ਼ਨ-7.ਦਸਮ ਗ੍ਰੰਥ ਸਾਹਿਬ ਜੀ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ?
(ੳ) 12 (ਅ)15 (ੲ)16 ( ਸ)18
ਪ੍ਰਸ਼ਨ-8.ਹੁਕਮਨਾਮੇ ਤੋਂ ਕੀ ਭਾਵ ਹੈ ?
(ੳ)ਅਭੁੱਲ ਪੱਤਰ (ਅ) ਆਗਿਆ ਪੱਤਰ (ੲ) ਦੋਨੋਂ ( ਸ) ਕੋਈ ਨਹੀਂ
ਪ੍ਰਸ਼ਨ -9.ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?
(ੳ) 23 (ਅ) 25 (ੲ) 95 (ਸ) 100
ਪ੍ਰਸ਼ਨ -10.ਸ੍ਰੀ ਗੁਰਸੋਭਾ ਦਾ ਰਚਨਾਕਾਰ ਕੌਣ ਹੈ ?
(ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ
ਪ੍ਰਸ਼ਨ-11.ਬੰਸਾਵਲੀ ਨਾਮਾ ਦੀ ਰਚਨਾ ਕਿਸਨੇ ਕੀਤੀ ਸੀ?
(ੳ) ਸੰਤੋਖ ਸਿੰਘ (ਅ) ਕੇਸਰ ਸਿੰਘ ਛਿੱਬੜ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ ਟਰ
ਪ੍ਰਸ਼ਨ-12.ਭੱਟ ਵਹੀਆਂ ਦੀ ਖੋਜ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ) ਰਤਨ ਸਿੰਘ ਭੰਗੂ (ਸ)ਕੋਈ ਨਹੀਂ
ਪ੍ਰਸ਼ਨ -13.ਉਮਦਤ-ਉਤ -ਤਵਾਰੀਖ ਦਾ ਲੇਖਕ ਕੌਣ ਸੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ)ਸੋਹਣ ਲਾਲ ਸੂਰੀ (ਸ)ਕੋਈ ਨਹੀਂ
ਪ੍ਰਸ਼ਨ-14.ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਰਤਨ ਸਿੰਘ ਭੰਗੂ(ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ
ਪ੍ਰਸ਼ਨ-15.ਸਿੱਖਾਂ ਦੀ ਭਗਤ ਮਾਲਾ ਪੁਸਤਕ ਦੀ ਰਚਨਾ ਕਿਸਨੇ ਕੀਤੀ?
ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਭਾਈ ਮਨੀ ਸਿੰਘ
ਪ੍ਰਸ਼ਨ-16. ਅਕਬਰਨਾਮਾ ਅਤੇ ਆਇਨ ਏ ਅਕਬਰ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-17.ਜੰਗਨਾਮਾ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ -18.ਸਕੈਚ ਆਫ ਸਿੱਖਜ ਦਾ ਲੇਖਕ ਕੌਣ ਸੀ ?
ੳ) ਮੈਲਕੋਮ (ਅ) ਡਾ.ਮਰੇ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ-19. ਤੁਜਕ ਏ ਬਾਬਰੀ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ)ਬਾਬਰ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-20.ਮੁੰਤਖਿਬ ਉਲ ਲੁਬਾਬ ਕਿਸ ਦਾ ਰਚਿਤ ਗ੍ਰੰਥ ਹੈ?
ੳ) ਖਾਫੀ ਖਾਂ (ਅ) ਰਤਨ ਸਿੰਘ ਭੰਗੂ (ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ

ਉੱਤਰ ਮਾਲਾ -1. ਹ 2. ਸ 3. ੲ 4. ੳ 5. ੲ 6. ਅ 7. ਸ 8.ਅ 9.ੳ 10.ਅ 11. ਅ 12. ਅ 13. ੲ 14.ਅ 15.ਸ 16.ੲ
17.ਸ 18.ੳ 19.ਅ 20.ੳ

ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।- 9988933161 

ਮਾਸਟਰ ਅਮਰਜੀਤ ਸਿੰਘ ਸੋਹੀ ਦੀਵਾਨਾ ਨੂੰ ਰਿਟਾਇਰਮੈਂਟ ਹੋਣ ਤੇ ਸਨਮਾਨਤ ਕੀਤਾ  

ਮਹਿਲ ਕਲਾਂ/ ਬਰਨਾਲਾ-31 ਮਾਰਚ- (ਗੁਰਸੇਵਕ ਸੋਹੀ)-ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਅੱਜ ਮਾਸਟਰ ਅਮਰਜੀਤ ਸਿੰਘ ਸੋਹੀ ਜੀ ਦੀ ਰਟਾਇਰਮੈਂਟ ਪਾਰਟੀ ਵਿੱਚ ਯੁਵਕ  ਸੇਵਾਵਾਂ ਕਲੱਬ, NRI,ਅਤੇ ਸਕੂਲ ਸੇਵਾ ਗਰੁੱਪ ਵੱਲੋਂ ਸਨਮਾਨਿਤ ਕੀਤਾ ਗਿਆ। ਮਾਸਟਰ ਜੀ ਨੇ ਆਪਣੇ ਸੇਵਾ ਕਾਲ ਵਿੱਚ ਜਿੱਥੇ ਬੱਚਿਆਂ ਨੂੰ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਤਾਲੀਮ ਦਿੱਤੀ ਹੈ ਉੱਥੇ ਹੀ ਸਕੂਲ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਵੀ ਕਰਦੇ ਰਹੇ ਹਨ। ਮਾਸਟਰ ਜੀ ਵੱਲੋਂ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਵੀ ਸਾਮ ਦੇ ਸਮੇਂ ਬਿਨਾਂ ਕਿਸੇ ਨਾਗੇ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਿਸਦੇ ਨਤੀਜੇ ਵਜੋ ਸਕੂਲ ਦੀਆ   ਲੜਕੀਆਂ ਦੀ ਹਾਕੀ ਦੀ ਟੀਮ ਨੂੰ ਨੈਸਨਲ ਪੱਧਰ ਤੇ ਖੇਡਣ ਦਾ ਮਾਣ ਪ੍ਰਾਪਤ ਹੋਏਆ ਹੈ। 
ਇਸ ਮੌਕੇ ਸਕੂਲ ਸੇਵਾ ਗਰੁੱਪ ਦੇ ਮੈਬਰਾਂ (ਰਾਜਾ ਢਿੱਲੋਂ ਤੇ ਜੀਤਾ ਢਿੱਲੋ) ਵੱਲੋਂ ਸਕੂਲ ਵਿਚਲੇ ਪਰਾਈਵੇਟ ਟੀਚਰ ਦੀ ਪੰਜ ਮਹੀਨੇ ਦੀ ਤਨਖਾਹ ਦੇਣ ਦਾ ਵੀ ਐਲਾਨ ਕੀਤਾ ਗਿਆ NRI ਵੀਰਾਂ ਵੱਲੋਂ ਪਹਿਲਾਂ ਵੀ ਸਕੂਲ ਵਿੱਚ ਰੰਗ ਦੀ ਸੇਵਾ LED ਲਗਾਵਾਉਣ ਦੀ ਸੇਵਾ ਅਤੇ ਪੁਜੀਸਨਾ ਤੇ ਆਉਣ ਵਾਲੇਆ ਬੱਚੇਆ ਦਾ ਮਾਨ ਸਨਮਾਨ ਕਰਨ ਦੀਆ ਸੇਵਾਵਾਂ ਕੀਤੀਆਂ ਗਈਆ ਹਨ। ਇਸ ਮੌਕੇ   ਸਮੁੱਚੀ ਕਲੱਬ ਸਮੁੱਚੇ ਸਕੂਲ ਸਟਾਫ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਸਕੂਲ ਸੇਵਾ ਗਰੁੱਪ ਦੇ ਸਾਰੇ NRI ਵੀਰਾਂ ਵੱਲੋਂ ਮਾਸਟਰ ਅਮਰਜੀਤ ਸਿੰਘ ਸੋਹੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਦਾ ਬਹੁਤ ਬਹੁਤ ਧੰਨਵਾਦ ਕੀਤਾ  ਜੋ ਸਕੂਲ ਅਤੇ ਪਿੰਡ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਸਹਿਯੋਗ ਦਿੰਦੇ ਰਹੇ  ।

ਚੌਧਰੀ ਕ੍ਰਿਸ਼ਨ ਲਾਲ ਮਲੋਟ ਸਾਬਕਾ  ਐਸ.ਐਚ.ਓ. ‘ਦੇਵ ਸਰਾਭਾ’ ਦੇ ਸਮਰਥਨ ‘ਚ ਪੁੱਜੇ

ਹੱਕੀ ਮੰਗਾਂ ਦਾ ਦਿੱਤਾ ਭਰਵਾਂ ਸਮਰਥਨ, ਮੰਡ ‘ਤੇ ਵਰੇ, ਕਿਹਾ-ਬੰਦੀ ਸਿੰਘ ਰਿਹਾ ਕਰੋ, ਹਵਾਈ ਅੱਡੇ ਹਲਵਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਰੱਖੋ  

ਮੁੱਲਾਂਪੁਰ ਦਾਖਾ 31 ਮਾਰਚ (ਸਤਵਿੰਦਰ ਸਿੰਘ ਗਿੱਲ)-ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਤੇ ਪੰਥਕ ਮੁੱਦਿਆਂ ਦੇ ਸਦੀਵੀ ਹੱਲ ਲਈ ਸ਼ਾਸ਼ਨ/ਪ੍ਰਸ਼ਾਸ਼ਨ ਦਾ ਧਿਆਨ ਦਿਵਾਉਣ ਲਈ 39 ਦਿਨ ਤੋਂ ਭੁੱਖ ਹੜਤਾਲ ਲਈ ਬੈਠੇ ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’ ਦੇ ਸਮਰਥਨ ‘ਚ ਸਮਾਜਿਕ ਚੇਤਨਾ ਲਈ ਕਾਰਜ਼ਸ਼ੀਲ ਚੌਧਰੀ ਕ੍ਰਿਸ਼ਨ ਲਾਲ ‘ਮਲੋਟ ਸਾਬਕਾ ਐਸ.ਐਚ.ਓ.’ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ‘ਦੇਵ ਸਰਾਭਾ’ ਨੂੰ ਥਾਪੜਾ ਦਿੰਦਿਆਂ ਸਮਾਜ ਲਈ ਕਾਰਜ਼ਸ਼ੀਲ ਰਹਿਣ ਦਾ ਸਮਰਥਨ ਦਿੰਦਿਆਂ ਬੇ-ਪ੍ਰਵਾਹੀ, ਬੇ-ਲਾਗ, ਬੇ-ਖੌਫ ੳੇ ਉਸਾਰੂ ਸੋਚ ਨਾਲ ਸਮਾਜਿਕ ਚੇਤਨਾ ਅਤੇ ਸਮਾਜਿਕ ਹੱਕਾਂ ਲਈ ਜੂਝਦੇ ਰਹਿਣ ਲਈ ਡਟੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਕਰਦਿਆਂ ਦਲੀਲ ਦਿੱਤੀ ਕਿ ਜੇ ਪੁਲਿਸ ਵਿਭਾਗ ‘ਚ ਕਿਸੇ ਕਾਰਣ ਸਜਾਵਾਂ ਭੁਗਤਣ ਵਾਲਿਆਂ ਨੂੰ ਵੱਡੀਆਂ ਸਜਾਵਾਂ ਤੋਂ 6-6, 2-2 ਸਾਲਾਂ ਦੀ ਸਜ਼ਾ ਅਤੇ ਮੁਆਫੀ ਦੇ ਨਾਲ-ਨਾਲ ਗਵਰਨਰ ਸਾਬ੍ਹ ਤੋਂ ਬੰਦ ਖਲਾਸੀ ਕਰਵਾਈ ਜਾ ਸਕਦੀ ਹੈ ਤਾਂ ਬੰਦੀ ਸਿੰਘਾਂ ਲਈ ਕਿਉਂ ਨਹੀਂ ਕੁਝ ਕੀਤਾ ਗਿਆ ਜਾਂ ਕੁਝ ਹੋ ਨਹੀਂ ਸਕਦਾ? ਜਦਕਿ ਇਹ ਤਾਂ ਇਨਸਾਫ ਮੰਗਦੇ ਹਨ। ਉਨ੍ਹਾਂ ਹਲਵਾਰਾ ਸਥਿੱਤ ਉਸਾਰੀ ਅਧੀਨ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਣ ਦੀ ਜੋਰਦਾਰ ਪ੍ਰੋੜਤਾ ਕਰਦਿਆਂ ‘ਮੰਡ’ ਨਾਮਕ ਉਸ  ਸ਼ਖਸ਼ ‘ਤੇ ਜੰਮ ਕੇ ਵਰੇ ਜਿਸ ਨੇ ਰਜੀਵ ਗਾਂਧੀ ਦੇ ਨਾਮ ‘ਤੇ ਹਵਾਈ ਅੱਡੇ ਦਾ ਨਾਮ ਰੱਖਣ ਦਾ ਮੁੱਦਾ ਚੁੱਕਿਆ। ਸ਼੍ਰੀ ਚੌਧਰੀ ਨੇ ਪੁੱਛਿਆ ਰਜੀਵ ਗਾਂਧੀ ਦੀ ਪੰਜਾਬ ਵਾਸਤੇ ਕੀ ਘਾਲਣਾ ਜਾਂ ਕੁਰਬਾਨੀ ਹੈ? ਜਦਕਿ ਜਿਸ ਸ਼ਹੀਦ ਕਰਤਾਰ ਸਿੰਘ ਜੀ ਨੇ ਬਾਲ ਉਮਰੇ ਵੱਡੇ ਕਾਰਨਾਮੇ ਵਿਖਾਉਦਿਆਂ ਜੰਗ-ਏ-ਅਜ਼ਾਦੀ ਲਈ ਆਪਾ ਵਾਰਿਆ, ਉਹ ਹੀ ਅਸਲ ‘ਚ ਹੱਕਦਾਰ ਹੈ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਭਾਰਤ ਰਤਨ’ ਅਵਾਰਡ ਦੇਣ ਦੀ ਮੰਗ ਕਰਦਿਆਂ ਕਿਹਾ ਜੇ ਇਹ ਸਹੀਦ ਨਾ ਹੁੰਦੇ ਤਾਂ ਅਸੀਂ ਅਜਾਦ ਨਾ ਹੁੰਦੇ,  ਅਸੀਂ ਗੋਰਿਆਂ ਦੇ ਅਧੀਨ ਹੁੰਦੇ, ਲਗਾਨ ਵੀ ਦੇਣਾ ਸੀ, ਹੀਣਤਾ ਭਰਿਆ ਜੀਵਨ ਵੀ ਜਿਉਣਾ ਸੀ। ਸ਼ਹੀਦਾਂ ਨੇ ਸਾਨੂੰ ਗੁਲਾਮੀ ਤੋਂ ਛੁਟਕਾਰਾ ਦਵਾਇਆ।
ਸ਼੍ਰੀ ਚੌਧਰੀ ਨੇ ਮਾਨਵਤਾ ਦੇ ਰਾਹ ਦਸੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਮਸਲੇ ਦੀ ਗੱਲ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ।ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਜਿਨ੍ਹਾਂ ਲੀਡਰਾਂ ਦੇ ਗਲ਼ਾਂ ‘ਚ ਹਾਰ ਪਾਉਦੇ ਹੋਂ ਉਨ੍ਹਾਂ  ਦੀ ਪੰਜਾਬ ਨੂੰ ਕੀ ਦੇਣ ਹੈ? ਇਨ੍ਹਾਂ ਲੁਟਿਆ-ਕੁੱਟਿਆ ਹੀ ਹੈ। ਉਨ੍ਹਾਂ ਦੇਵ ਸਰਾਭਾ ਨੂੰ ਹੌਸਲਾ ਦਿੰਦਿਆਂ ਕਿਹਾ ਵੱਡਾ ਸਮਾਗਮ ਕਰੋ ਤਾਂ ਬਾਈ ਲੱਖਾ ਸਧਾਣਾ, ਸੁਖਵਿੰਦਰ ਹਲਵਾਰਾ, ਸੁੱਖ ਜਗਰਾਓ, ਜਗਦੀਪ ਰੰਧਾਵੇ ਵਰਗੇ ਵੀਰਾਂ ਨੂੰ ਵੀ ਲਿਆਵਾਂਗੇ।ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਸ੍ਰੀ ਚੌਧਰੀ  ਨਾਲ ਚੌਧਰੀ ਦਵਿੰਦਰ ਨੇ ਵੀ 39 ਵੇਂ ਦਿਨ ਦੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ। 

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 39 ਵਾਂ ਦਿਨ

ਭਾ: ਪਾਲ ਸਿੰਘ ਫਰਾਂਸ, ਭਾ: ਰਜਿੰਦਰ ਸਿੰਘ ਪੁਰੇਵਾਲ, ਭਾ: ਸ਼ਾਹਕੋਟ, ਚੌਧਰੀ ਕ੍ਰਿਸ਼ਨ ਲਾਲ, ਬੀਬੀ ਹੰਬੜਾ, ਵਰਗੀਆਂ ਨਾਮਵਰ ਸ਼ਖਸ਼ੀਅਤਾਂ ਨੇ ‘ਦੇਵ ਸਰਾਭਾ’ ਨੂੰ ਦਿੱਤਾ ਥਾਪੜਾ

ਮੁੱਲਾਂਪੁਰ ਦਾਖਾ 31 ਮਾਰਚ (ਸਤਵਿੰਦਰ ਸਿੰਘ ਗਿੱਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮੁਕੱਦਸ ਜਨਮ ਭੂਮੀ ਪਿੰਡ ਸਰਾਭਾ ਦੇ ਮੁੱਖ ਚੌਂਕ ਸਥਿੱਤ ਬਾਬਾ ਜੀ ਦੇ ਬੁੱਤ ਸਾਹਮਣੇ ਇਸੇ ਪਿੰਡ ਦੇ ਜਮਪਲ ਸ੍ਰ: ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’ ਵਲੋਂ ਪਿਛਲੇ 39 ਦਿਨਾਂ ਤੋਂ ਪੰਥਕ ਤੇ ਪੰਜਾਬ ਸਬੰਧੀ ਜੁੜੇ ਅਹਿਮ ਮਸਲਿਆਂ ਦੇ ਸਦੀਵੀ ਹੱਲ ਲਈ ਭੁੱਖ ਹੜਤਾਲ ‘ਤੇ ਬੈਠਾ ਹੋਇਆ ਹੈ। ਉਸਦੀ ਭੁੱਖ ਹੜਤਾਲ ਨੂੰ ਸਮਰਥਨ ਦੇਣ ਵਾਲਿਆਂ ‘ਚ ਅੱਜ ਪੰਥਕ ਸਫਾਂ ‘ਚ ਜਾਣੀ-ਪਛਾਣੀਆਂ ਸਿੱਖ ਸ਼ਖਸ਼ੀਅਤਾਂ ਭਾਈ ਪਾਲ ਸਿੰਘ ਫਰਾਂਸ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਕਮਲਜੀਤ ਸਿੰਘ ਸ਼ਾਹਕੋਟ ਅਤੇ ਭਾਈ ਗੁਰਮੁੱਖ ਸਿੰਘ ਪੁੱਜੇ। ਉਨ੍ਹਾਂ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚਣੌਤੀਆਂ ਦੇ ਮੱਦੇ-ਨਜ਼ਰ ਪੰਜਾਬੀਆਂ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਅਵੇਸਲੇਪਣ ਅਤੇ ਕੌਮੀ ਫਰਜ਼ਾਂ ਵਲੋਂ ਅਣਗਹਿਲੀ ਵਰਗੇ ਪੱਖਾਂ ਤੋਂ ਗਹਿਰੀ ਚਿੰਤਾ ਪ੍ਰਗਟਾਉਦਿਆਂ ਅੰਦਰਲੇ ਤੇ ਬਾਹਰਲੇ ਵਾਰਾਂ ਤੋਂ ਵਰਤਮਾਨ ਦੀ ਉਲਝੀ ਤਾਣੀ ਦੇ ਨਾਲ-ਨਾਲ ਸੁਨਹਿਰੀ ਪਿਛੋਕੜ ਨੂੰ ਦਾਗਦਾਰ ਕਰਨ ਵਰਗੇ ਪੱਖਾਂ ਵਿਚਾਰਾਂ ਦੀ ਸਾਂਝ ਪਾਉਦਿਆਂ ਅਦੁੱਤੀਆਂ ਸਿੱਖ ਸ਼ਖਸ਼ੀਅਤਾਂ ਨੂੰ ਪਸੇ-ਪਰਦਾ ਕਰਨ ਅਤੇ ਸ਼ਹੀਦ ਸ਼ਖਸ਼ੀਅਤਾਂ ਦੇ ਉੱਜਲੇ ਰੰਗਾਂ ਨੂੰ ਬਦਰੰਗੇ ਕਰਨ ਵਰਗੇ ਅਹਿਮ ਮੁੱਦਿਆਂ ਵਰਗੇ ਪੱਖ ‘ਚ ਕੋਝੇ ਜਤਨਾਂ ਦਾ ਜਿਕਰ ਕਰਦਿਆਂ, ਅਜੋਕੇ ਤੇ ਲੰਘੇ ਦੌਰ ‘ਚ ਸੁਆਰਥੀ ਸੱਤ੍ਹਾਧਾਰੀਆਂ ਵਲੋਂ ਵਰਤੇ ਹਰ-ਹਰਬਿਆਂ ਦੇ ਪਾਜ ਉਦੇੜਦਿਆਂ ਸੁਚੇਤ ਕੀਤਾ ਕਿ ਪੁਰਾਤਨ ਸਿੱਖ ਵਿਰੋਧੀ ਉਹੋ ਤਾਕਤਾਂ, ਹੁਣ ਨਿੱਤ ਨਵਾਂ ਰੂਪ ਵਟਾ ਕੇ, ਆਪਣਿਆਂ ਕਾਰਿਆਂ ਰਾਹੀਂ ਸਾਨੂੰ ਖੋਖਲਾ ਕਰਦੀਆਂ ਰਹੀਆਂ ਨੇ, ਤੇ ਜੇ ਇਹੋ ਹਾਲ ਰਿਹਾ ਤਾਂ ਹੋਰ ਵੀ ਕਰਨਗੀਆਂ, ਪਰ ਸਾਨੂੰ ਸੁਚੇਤ ਹੋ ਕੇ ਕੌਮੀ ਪਹਿਰੇਦਾਰੀ ਕਰਨੀ ਪਵੇਗੀ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸਮਾਜ ਦੇ ਨਾਲ-ਨਾਲ ਮਾਨਵਤਾ ਦੇ ਦਰਦਮੰਦਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ਼ ਵਿਚ ਅਵਾਜ ਬੁਲੰਦ ਕਰਨ। ਉਨ੍ਹਾਂ ਉਸਾਰੀ ਅਧੀਨ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਣ ਦੀ ਮੰਗ ਕੀਤੀ। ਅੱਜ ਦੇ ਭੁੱਖ ਹੜਤਾਲ ‘ਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਚੌਧਰੀ ਕ੍ਰਿਸ਼ਨ ਲਾਲ ਮਲੋਟ ਸਾਬਕਾ  ਐਸ.ਐਚ.ਓ. ਬੀਬੀ ਪਰਮਜੀਤ ਕੌਰ ਹੰਬੜਾ, ਜਸਵਿੰਦਰ ਸਿੰਘ ਕਾਲਖ, ਠੇਕੇਦਾਰ ਗੁਰਮੀਤ ਸਿੰਘ ਦੋਲੋਂ ਕਲਾਂ, ਕੈਪਟਨ ਰਾਮਲੋਕ ਸਿੰਘ ਸਰਾਭਾ,  ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਵਿੰਦਰ ਸਿੰਘ ਸਰਾਭਾ, ਹਰਦੀਪ ਸਿੰਘ ਆਦਿ ਨੇ ਵੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।

ਪੰਜ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਨੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ , 31 ਮਾਰਚ (ਜਨਸ਼ਕਤੀ ਨਿਊਜ਼ ਬਿਊਰੋ )    ਜਗਰਾਉਂ ਵਿਖੇ ਗੁਰਦੁਆਰਾ ਅਜੀਤਸਰ ਸਾਹਿਬ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ   ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁੱਖ ਪ੍ਰਗਟਾਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਵਾਰੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੇਵਾਦਾਰਾਂ ਦੀ ਗ਼ੈਰ-ਹਾਜ਼ਰੀ ਵਿਚ ਬਿਜਲੀ ਉਪਕਰਣਾਂ ਨੂੰ ਚਾਲੂ ਨਾ ਰੱਖਿਆ ਜਾਵੇ। ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਕਮੇਟੀਆਂ ਇਸ 'ਤੇ ਗ਼ੌਰ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾ ਵੀ ਬਿਜਲੀ ਦੇ ਪੱਖੇ ਦੀਆਂ ਤਾਰਾਂ ਵਿਚ ਸਰਕਟ ਸ਼ਾਰਟ ਹੋਣ ਕਰ ਕੇ ਵਾਪਰੀ ਹੈ। ਗੁਰਦੁਆਰਾ ਕਮੇਟੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੰਜੀਦਾ ਹੋਣ ਤੇ ਗੁਰਦੁਆਰਾ ਸਾਹਿਬਾਨ ਅੰਦਰ ਬਿਜਲੀ ਦੀਆਂ ਤਾਰਾਂ ਅਤੇ ਉਪਕਰਣਾਂ ਦਾ ਸਮੇਂ-ਸਮੇ ਨਰੀਖਣ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਸੇਵਾਦਾਰ ਦਾ ਰਹਿਣਾ ਵੀ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਸਮੇਂ ਸਿਰ ਕਾਬੂ ਕਰ ਵੱਡੇ ਨੁਕਾਸਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਮੇਂ-ਸਮੇਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਸੁਚੇਤ ਕਰਦੇ ਰਹਿਣ।