You are here

ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਵਿਖੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਨਿਰੀਖਣ

ਅਬੋਹਰ, ਫਾਜ਼ਿਲਕਾ 19 ਅਪ੍ਰੈਲ (ਰਣਜੀਤ ਸਿੱਧਵਾਂ)  : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐੱਸ ਨੇ ਮੰਗਲਵਾਰ ਨੂੰ ਅਬੋਹਰ ਸ਼ਹਿਰ ਵਿਖੇ ਨਗਰ ਨਿਗਮ ਅਤੇ ਹੋਰ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਆਈਏਐੱਸ ਤੇ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸ਼ਹਿਰ ਵਿਚ ਚੱਲ ਰਹੇ ਕੰਮਾਂ ਨੂੰ ਤੈਅ ਸਮਾਂ ਹੱਦ ਅੰਦਰ ਮੁੰਕਮਲ ਕੀਤਾ ਜਾਵੇਗਾ।ਇਸ ਦੋਰਾਨ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂ ਅਗਰਵਾਲ ਵੱਲੋਂ ਆਭਾ ਸੁਕੇਅਰ, ਵਾਟਰ ਵਰਕਸ, ਸਬ ਡਵੀਜਨ ਦਫ਼ਤਰ, ਅਜੀਮਗੜ੍ਹ ਸਟੇਡੀਅਮ, ਲਾਇਬ੍ਰ੍ਰੇਰੀ, ਪ੍ਰੋਜ਼ੈਕਟ ਕਦਮ ਅਤੇ ਕੈਨਾਲ ਫਰੰਟ ਦੇ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰੋਜ਼ੈਕਟਾਂ ਤੇ ਵਿਸੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਤਾਂ ਜੋ ਸੂਬੇ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਸਕੇ ਅਤੇ ਇਸੇ ਲੜੀ ਵਿੱਚ ਸਾਰੇ ਵਿਭਾਗਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਸਾਰੇ ਪ੍ਰੋਜ਼ੈਕਟ ਤੈਅ ਸਮਾਂ ਹੱਦ ਅੰਦਰ ਉਚ ਗੁਣਵਤਾ ਮਾਪਦੰਡਾਂ ਅਨੁਸਾਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਪ੍ਰੋਜ਼ੈਕਟ ਕਦਮ ਤਹਿਤ ਫੁੱਟਪਾਥ ਨਿਰਮਾਣ ਅਤੇ ਸ਼ਹਿਰ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਵੱਡੀ ਸੌਖ ਹੋਵੇਗੀ। ਇਸੇ ਤਰਾਂ ਆਭਾ ਸੁਕੇਅਰ ਸ਼ਹਿਰ ਵਿੱਚ ਨਵਾਂ ਵਪਾਰਕ ਕੇਂਦਰ ਬਣ ਕੇ ਉਭਰੇਗਾ ਜਦ ਕਿ ਕੈਨਾਲ ਫਰੰਟ ਸ਼ਹਿਰ ਵਾਸੀਆਂ ਦੀ ਕੁਦਰਤ ਨਾਲ ਸਾਂਝ ਨੂੰ ਮਜਬੂਤ ਕਰੇਗਾ।ਲਾਇਬ੍ਰੇਰੀ ਸ਼ਹਿਰ ਵਾਸੀਆਂ ਦੀ ਕਿਤਾਬਾਂ ਨਾਲ ਸਾਂਝ ਪਾਵੇਗੀ ਅਤੇ ਵਿਦਿਆਰਥੀਆਂ ਨੂੰ ਇਸਦਾ ਵੱਡਾ ਲਾਭ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪ੍ਰੋਜ਼ੈਕਟ ਸਹੀ ਦਿਸ਼ਾ ਵਿੱਚ ਚੱਲ ਰਹੇ ਹਨ ਅਤੇ ਜਲਦ ਇੰਨ੍ਹਾਂ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।