You are here

ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਮਾਲ, ਮੁੜ ਵਸੇਬਾ ਅਤੇ ਸਿੰਚਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਕੀਤੀ ਮੁਲਾਕਾਤ

 ਫਸਲਾਂ ਦੇ ਨੁਕਸਾਨ ਦੇ ਮੁਆਵਜੇ ਅਤੇ ਨਹਿਰੀ ਪਾਣੀ ਦੇ ਮੁੱਦੇ ਉਠਾਏ
ਅਬੋਹਰ, ਫਾਜ਼ਿਲਕਾ, 18 ਅਪ੍ਰੈਲ  (ਰਣਜੀਤ ਸਿੱਧਵਾਂ)   : ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸਿੰਚਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨਾਲ ਮੁਲਾਕਾਤ ਕਰਕੇ ਆਪਣੇ ਹਲਕੇ ਦੇ ਮੁੱਦੇ ਉਨ੍ਹਾਂ ਦੇ ਸਨਮੁੱਖ ਰੱਖੇ ਹਨ।
 ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 2020 ਵਿੱਚ ਭਾਰੀ ਬਰਸਾਤਾਂ ਕਾਰਨ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ ਪਰ ਹਾਲੇ ਤੱਕ ਵੀ ਕਿਸਾਨਾਂ ਨੂੰ ਇਸ ਨੁਕਸਾਨ ਬਦਲੇ ਮੁਆਵਜਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਹ ਮੁਆਵਜਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਉਕਤ ਬਾਰਿਸਾਂ ਵਿੱਚ ਮਕਾਨਾਂ ਨੂੰ ਵੀ ਨੁਕਸਾਨ ਹੋਇਆ ਸੀ ਜਿਸਦਾ ਮੁਆਵਜਾ ਵੀ ਬਕਾਇਆ ਹੈ। ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਬੱਲੂਆਣਾ ਹਲਕੇ ਵਿੱਚ ਨਹਿਰੀ ਪਾਣੀ ਦੀ ਕਮੀ ਦਾ ਮੁੱਦਾ ਵੀ ਕੈਬਨਿਟ ਮੰਤਰੀ ਕੋਲ ਉਠਾਇਆ। ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ ਦੀ ਖੇਤੀ ਪੂਰੀ ਤਰਾਂ ਨਾਲ ਨਹਿਰੀ ਪਾਣੀ ਤੇ ਨਿਰਭਰ ਹੈ ਅਤੇ ਧਰਤੀ ਹੇਠਲਾ ਪਾਣੀ ਖਾਰਾ ਹੈ ਜਦ ਕਿ ਨਹਿਰਾਂ ਵਿੱਚ ਕਿਸਾਨਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਆਉਣ ਵਾਲੀ ਸਾਉਣੀ ਦੀ ਫਸਲ ਦੇ ਨਾਲ ਨਾਲ ਇਲਾਕੇ ਵਿਚ ਲੱਗੇ ਕਿਨੂੰ ਦੇ ਬਾਗਾਂ ਤੇ ਮਾੜਾ ਅਸਰ ਪੈ ਸਕਦਾ ਹੈ। ਵਿਧਾਇਕ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਮੁਆਵਜੇ ਸਬੰਧੀ ਕੇਸ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ ਜਦ ਕਿ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੱਲੂਆਣਾ ਹਲਕੇ ਦੀਆਂ ਨਹਿਰਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਪੂਰਾ ਪਾਣੀ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ ਅਤੇ ਨਰਮੇ ਦੀ ਬਿਜਾਈ ਸਮੇਂ ਸਿਰ ਹੋ ਸਕੇ।