ਕੇਂਦਰੀ ਸਿੱਖਿਆ ਨੀਤੀ 2020 ਤੇਜ਼ੀ ਨਾਲ ਲਾਗੂ ਕਰਕੇ ਗਰੀਬਾਂ ਤੋਂ ਸਿੱਖਿਆ ਦਾ ਹੱਕ ਖੋਹ ਰਹੀ ਹੈ ਸਰਕਾਰ - ਕੁਸ਼ਲ ਸਿੰਘੀ
ਮਹਿਲ ਕਲਾਂ /ਬਰਨਾਲਾ- ਮਈ- 2021(ਗੁਰਸੇਵਕ ਸਿੰਘ ਸੋਹੀ) -
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਦੀ ਹੰਗਾਮੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਡੀ ਸੀ ਕੰਪਲੈਕਸ ਬਰਨਾਲਾ ਹੋਈ। ਮੀਟਿੰਗ ਵਿੱਚ ਸਿੱਖਿਆ ਸਕੱਤਰ ਵੱਲੋਂ ਸੇਵਾਮੁਕਤ ਅਧਿਆਪਕਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਵੈ-ਇੱਛੁਕ ਸੇਵਾਵਾਂ ਲੈਣ ਵਾਲੇ ਪੱਤਰ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਘਿਨਾਉਣਾ ਪੱਤਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਦੇ ਰਾਹ ਤੁਰੇ ਹੱਕ ਮੰਗਦੇ ਬੇਰੁਜਗਾਰ ਅਧਿਆਪਕਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ।
ਇਸ ਮੌਕੇ ਸੀਨੀਅਰ ਆਗੂ ਤੇਜਿੰਦਰ ਤੇਜੀ, ਅਮਰੀਕ ਸਿੰਘ ਭੱਦਲਵੱਡ, ਜਗਤਾਰ ਸਿੰਘ ਪੱਤੀ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸੇਵਾ ਮੁਕਤ ਅਧਿਆਪਕਾਂ ਦੇ ਸਹਾਰੇ ਵਿਭਾਗ ਚਲਾਉਣ ਦੀ ਕਵਾਇਦ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ ਹੈ ਤੇ ਸਰਕਾਰ ਡੰਗ ਟਪਾਈ ਦੀ ਨੀਤੀ ਤਹਿਤ ਅਧਿਆਪਕਾਂ ਦੀ ਭਰਤੀ ਨਾ ਕਰਕੇ ਵਿਭਾਗ ਨੂੰ ਖਤਮ ਕਰਨ ਵੱਲ ਜਾ ਰਹੀ ਹੈ ਜਿਸਦਾ ਅਧਿਆਪਕ ਜਥੇਬੰਦੀਆਂ ਇਕੱਠ ਹੋ ਕੇ ਟਾਕਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਕੇਂਦਰੀ ਕਾਲੀ ਸਿੱਖਿਆ ਨੀਤੀ 2020 ਨੂੰ ਬੜੀ ਤੇਜ਼ੀ ਨਾਲ ਲਾਗੂ ਕਰ ਰਹੇ ਹਨ ਜਿਸ ਤਹਿਤ ਵਿਭਾਗ ਦੀ ਅਕਾਰ ਘਟਾਈ ਕਰਕੇ ਇਸ ਨੂੰ ਖਤਮ ਕਰਨ ਵੱਲ ਇਕ ਕਦਮ ਹੈ, ਜਿਸ ਤਹਿਤ ਸਿੱਖਿਆ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਭੋਤਨਾ, ਕਰਮਜੀਤ ਸਿੰਘ ਭੋਤਨਾ, ਸਤੀਸ਼ ਕੁਮਾਰ ਸਹਿਜੜਾ, ਰਮਨਦੀਪ ਸਿੰਘ, ਮਨਜੀਤ ਸਿੰਘ ਬਖਤਗੜ, ਜਗਦੀਪ ਸਿੰਘ ਭੱਦਲਵੱਡ, ਚਮਕੌਰ ਸਿੰਘ, ਰਿਸ਼ੀ ਸ਼ਰਮਾ, ਹਰਜਿੰਦਰ ਸਿੰਘ ਠੀਕਰੀਵਾਲ, ਗੁਰਗੀਤ ਸਿੰਘ ਠੀਕਰੀਵਾਲ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।