You are here

ਲੁਧਿਆਣਾ

ਸੋਧੀ ਗਈ ਡਰੱਗ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲੇਗੀ ਕੈਮਿਸਟਾਂ ਦੀ ਜਥੇਬੰਦੀ

ਲੁਧਿਆਣਾ, 10 ਮਾਰਚ (ਟੀ. ਕੇ.) ਪੰਜਾਬ ਸਰਕਾਰ ਵੱਲੋਂ ਸੋਧੀ ਗਈ ਡਰੱਗ ਨੀਤੀ ਵਿੱਚ ਹੋਏ ਬਦਲਾਅ ਕਾਰਣ ਹੋ ਰਹੀ ਪਰੇਸ਼ਾਨੀ ਦੇ ਹੱਲ ਲਈ ਪੰਜਾਬ ਕੈਮਿਸਟ ਅਸੋਸੀਏਸ਼ਨ (ਪੀ. ਸੀ. ਏ. ) ਦਾ ਵਫਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲੇਗਾ। ਲੁਧਿਆਣਾ ਵਿੱਚ  ਹੋਈ ਅਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਮੌਜੂਦ 20 ਜਿਲਿਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਵਲੋਂ ਇਸ ਸੰਬੰਧੀ ਸਰਵ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ। ਇਸ ਮੌਕੇ 
ਚੇਅਰਮੈਨ ਭਗਵਾਨ ਸਿੰਘ  ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਵਾਰਤਾ ਵਿੱਚ ਜਥੇਬੰਦੀ ਦੇ ਸੂਬਾ ਦੇ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀ.ਐਸ. ਚਾਵਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੋਧੀ ਗਈ ਡਰੱਗ ਨੀਤੀ ਕਾਰਣ ਰਾਜ ਦੇ 27 ਹਜਾਰ ਦਵਾ ਵਿਕਰੇਤਾ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਰਿਟੇਲ, ਹੋਲਸੇਲਰ ਅਤੇ ਦਵਾ ਕਾਰੋਬਾਰ ਵਿੱਚ ਸ਼ਾਮਿਲ ਕਾਰਪੋਰੇਟ ਕੰਪਨੀਆਂ ਲਈ ਵੱਖ-ਵੱਖ ਨੀਤੀ ਅਪਣਾ ਰਹੀ ਹੈ। ਦਵਾਈ ਦੀ ਰਿਟੇਲ ਜਾਂ ਹੋਲਸੇਲ ਦੀ ਦੁਕਾਨ ਖੋਲਣ ਲਈ ਜਿੱਥੇ ਡਿਪਲੋਮਾ ਇਨ ਫਾਰਮੇਸੀ (ਡੀ-ਫਾਰਮਾ), ਬੈਚਲਰ ਆਫ ਫਾਰਮੇਸੀ (ਬੀ-ਫਾਰਮਾ) ਅਤੇ ਮਾਸਟਰ ਆਫ ਫਾਰਮੇਸੀ (ਐਮ-ਫਾਰਮਾ) ਦੀਆਂ ਡਿਗਰੀਆਂ ਜਰੂਰੀ ਕਰਾਰ ਦਿੱਤੀਆਂ ਗਈਆਂ ਹਨ, ਓਥੇ ਕਾਰਪੋਰੇਟ ਘਰਾਣਿਆਂ 'ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਇਸਦੇ ਨਾਲ ਹੀ ਦਵਾਈ ਦੀ ਰਿਟੇਲ ਵਿਕਰੀ ਵਾਲੀ ਦੁਕਾਨ ਖੋਲਣ ਲਈ ਦੋ ਦੁਕਾਨਾਂ ਵਿਚਾਲੇ ਘੱਟੋ-ਘੱਟ 100 ਮੀਟਰ ਦਾ ਫਾਸਲਾ ਜਰੂਰੀ ਕੀਤਾ ਗਿਆ ਹੈ, ਪਰੰਤੁ ਕਾਰਪੋਰੇਟ ਦੁਕਾਨਾਂ ਲਈ ਇਹ ਸ਼ਰਤ ਲਾਗੂ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਜੇਕਰ ਕੋਈ ਰਿਟੇਲ ਵਿਕਰੇਤਾ ਦੀ ਦੁਕਾਨ  'ਤੇ ਪਿਛਲੇ 20 ਸਾਲ ਤੋਂ ਇਹੀ ਕੰਮ ਕਰ ਰਿਹਾ ਹੈ ਤਾਂ ਉਸਨੂੰ ਵੱਖਰੀ ਦੁਕਾਨ ਖੋਲਣ ਦੀ ਇਜਾਜਤ ਦਿੱਤੀ ਜਾਵੇ, ਓਥੇ ਹੀ ਹੋਲ ਸੇਲਰ ਲਈ ਇਹ ਸਮਾਂ 5 ਸਾਲ ਤੱਕ ਦਾ ਰੱਖਿਆ ਜਾਣਾ ਚਾਹੀਦਾ ਹੈ। 
ਸੂਬਾ ਪ੍ਰਧਾਨ  ਅਤੇ ਜਨਰਲ ਸਕੱਤਰ ਨੇ ਦੱਸਿਆ ਕਿ ਫਾਰਮੇਸੀ ਕਰਨ ਤੋਂ ਬਾਅਦ ਵੀ ਫਾਰਮਾਸਿਸਟ ਨੂੰ ਦੁਕਾਨ ਖੋਲਣ ਲਈ ਆਸਾਨੀ ਨਾਲ ਲਾਇਸੈਂਸ ਨਹੀਂ ਮਿਲਦਾ, ਪ੍ਰੰਤੂ ਜੇਕਰ ਉਹ ਪ੍ਰਧਾਨ-ਮੰਤਰੀ ਜਨ ਔਸਧੀ ਵਿੱਚ ਅਪਲਾਈ ਕਰਦਾ ਹੈ ਤਾਂ ਉਸਨੂੰ ਤੁਰੰਤ ਲਾਇਸੈਂਸ ਮਿਲ ਜਾਂਦਾ ਹੈ। ਏੇਨਾ ਹੀ ਨਹੀਂ ਜਨ ਔਸਧੀ ਦਾ ਲਾਇਸੈਂਸ ਲੈ ਕੇ ਜਿਆਦਾਤਰ ਦੁਕਾਨਦਾਰ ਉਹ ਦਵਾਈਆਂ ਵੀ ਵੇਚਦੇ ਹਨ, ਜਿਹੜੀ ਜਨ ਔਸਧੀ ਅਧੀਨ ਨਹੀਂ ਆਉਂਦੀਆਂ। ਇਸ ਨਾਲ ਰਿਟੇਲ ਕੈਮਿਸਟ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। ਉਹਨਾਂ ਕਿਹਾ ਕਿ ਚੇਨਈ ਅਤੇ ਦਿੱਲੀ ਹਾਈ ਕੋਰਟ ਨੇ ਆਨਲਾਈਨ ਦੁਕਾਨਾਂ ਵੇਚਣ ਵਾਲੀਆਂ ਕੰਪਨੀਆਂ ਤੇ ਚੈਕ ਰੱਖਣ ਲਈ ਸਰਕਾਰ ਨੂੰ ਕਿਹਾ ਹੈ, ਕਿਓੰਕਿ ਡਰੱਗ ਐਂਡ ਕੌਸਮੈਟਿਕ ਐਕਟ ਦੇ ਤਹਿਤ ਬੈਨ ਕੀਤੀਆਂ ਗਈਆਂ ਦਵਾਈਆਂ ਦੀ ਆਨਲਾਈਨ ਵਿਕਰੀ ਨਹੀਂ ਹੋ ਸਕਦੀ। ਇਸ ਸੰਬੰਧੀ ਵੀ ਮੁੱਖ ਮੰਤਰੀ ਤੋਂ ਮੰਗ ਕੀਤੀ ਜਾਵੇਗੀ।

ਲੇਖਕਾਂ ਨੇ ਮਨਾਇਆ ਕੌਮਾਂਤਰੀ ਨਾਰੀ ਦਿਵਸ

ਧੂਰੀ, 10 ਮਾਰਚ (ਰਮੇਸ਼ਵਰ ਸਿੰਘ) ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ 08 ਮਾਰਚ ਵਾਲ਼ੇ ਦਿਨ ਨਾਰੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਨਾਵਲਕਾਰ ਮਿੱਤਰ ਸੈਨ ਮੀਤ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਧਰਮ ਚੰਦ ਵਾਤਿਸ਼ , ਦਵਿੰਦਰ ਸਿੰਘ ਸੇਖਾ ਤੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਸ਼ਾਮਲ ਹੋਏ ।
       ਸੁਆਗਤੀ ਸ਼ਬਦਾਂ ਅਤੇ ਸਦੀਵੀ ਵਿੱਛੜੇ ਸਾਥੀਆਂ ਨੂੰ ਸ਼ਰਧਾ ਸੁਮਨ ਭੇਂਟ ਕਰਨ ਉਪਰੰਤ ਡਾ. ਵਾਤਿਸ਼ ਨੇ ਨਾਰੀ ਆਲੋਚਨਾ ਬਾਰੇ ਅਤੇ ਮੈਨੇਜਰ ਜਗਦੇਵ ਸ਼ਰਮਾ ਵੱਲੋਂ ਔਰਤਾਂ ਦੀ ਦਸ਼ਾ ਤੇ ਦਿਸ਼ਾ ਬਾਰੇ ਆਪੋ ਆਪਣੇ ਪਰਚੇ ਪੇਸ਼ ਕੀਤੇ । ਵਿਚਾਰ ਚਰਚਾ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਕਮਲਜੀਤ ਟਿੱਬਾ, ਅਮਰ ਗਰਗ ਕਲਮਦਾਨ , ਸੁਖਦੇਵ ਸ਼ਰਮਾ ਅਤੇ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਮਾਗਮ ਨੂੰ ਹੋਰ ਵੀ ਬੁਲੰਦੀ ਬਖ਼ਸ਼ੀ। ਇਸ ਮੌਕੇ ਸਭਾ ਵੱਲੋਂ ਸੁਖਜੀਤ ਸੋਹੀ ਨੂੰ ਸਨਮਾਨਿਤ ਵੀ ਕੀਤਾ ਗਿਆ ।
        ਦੂਸਰੇ ਦੌਰ ਵਿੱਚ ਚਰਨਜੀਤ ਮੀਮਸਾ ਦੇ ਮੰਚ ਸੰਚਾਲਨ ਹੋਏ ਵਿਸ਼ਾਲ ਕਵੀ ਦਰਬਾਰ ਸਰਬ ਸ਼੍ਰੀ ਸੁਖਵਿੰਦਰ ਲੋਟੇ , ਜਗਤਾਰ ਸਿੰਘ ਸਿੱਧੂ , ਗੁਰਦਿਆਲ ਨਿਰਮਾਣ ਧੂਰੀ , ਕਾ.ਸੁਖਦੇਵ ਸ਼ਰਮਾ , ਰਣਜੀਤ ਆਜ਼ਾਦ ਕਾਂਝਲਾ , ਗੁਰਮੀਤ ਸੋਹੀ , ਅਸ਼ੋਕ ਭੰਡਾਰੀ , ਪੇਂਟਰ ਸੁਖਦੇਵ ਸਿੰਘ , ਕੁਲਵੰਤ ਖਨੌਰੀ , ਕਰਨਜੀਤ ਸਿੰਘ , ਬਲਜੀਤ ਸਿੰਘ ਬਾਂਸਲ , ਅਮਰਜੀਤ ਸਿੰਘ ਅਮਨ , ਗੀਤਕਾਰ ਮੀਤ ਸਕਰੌਦੀ , ਮਲਕੀਤ ਬਿਲਿੰਗ , ਲੋਕ ਗਾਇਕ ਹਾਕਮ ਬਖਤੜੀਵਾਲਾ , ਸਰਪੰਚ ਜੱਗੀ ਧੂਰੀ ਅਤੇ ਸਰਵਰਿੰਦਰ ਸਿੰਘ ਬਖਤੜੀਵਾਲਾ ਨੇ ਆਪੋ ਆਪਣੀਆਂ ਨਾਰੀ ਦਿਵਸ ਨਾਲ਼ ਸੰਬੰਧਿਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿ੍ਆਂ । ਅੰਤ ਵਿੱਚ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਸਮਾਗਮ ਦੀ ਸਫਲਤਾ 'ਤੇ ਭਰਪੂਰ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ।

ਅੰਧਵਿਸ਼ਵਾਸੀ ਦਾ ਜਵਾਬ ਤਰਕਸ਼ੀਲਤਾ ਦੇ ਪ੍ਰਚਾਰ-ਪ੍ਰਸਾਰ ਦੁਆਰਾ ਦੇਣ ਦੇ ਯਤਨ ਹੋਰ ਤੇਜ ਕੀਤੇ ਜਾਣਗੇ- ਜਸਵੰਤ ਜ਼ੀਰਖ

ਤਰਕਸ਼ੀਲ ਸੁਸਾਇਟੀ (ਲੁਧਿਆਣਾ) ਜ਼ੋਨ ਦੀ ਮੀਟਿੰਗ ਵਿੱਚ ਮੈਗਜ਼ੀਨ ਜਾਰੀ ਕੀਤਾ ਤੇ ਵਿੱਤ ਮੁਖੀ ਦੀ ਚੋਣ ਕੀਤੀ ਗਈ

ਲੁਧਿਆਣਾ, 10 ਮਾਰਚ (ਗੁਰਕਿਰਤ ਜਗਰਾਓਂ /ਮਨਜਿੰਦਰ ਗਿੱਲ) ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ ਜ਼ੋਨ ਦੇ ਜਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪ੍ਰਧਾਨਗੀ ਹੇਠ ਸਥਾਨਕ ਜ਼ੋਨ ਦਫਤਰ ਵਿੱਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਦੱਸਿਆ ਕਿ  ਇਸ ਵਿੱਚ ਸਮੁੱਚੇ ਲੁਧਿਆਣਾ ਜ਼ੋਨ ਦੀਆਂ ਕੁਹਾੜਾ, ਮਲੇਰ ਕੋਟਲਾ, ਜਗਰਾਂਓ, ਸੁਧਾਰ ਅਤੇ ਲੁਧਿਆਣਾ ਇਕਾਈਆਂ ਦੇ ਅਹੁਦੇਦਾਰ ਅਤੇ ਡੈਲੀਗੇਟਾਂ ਨੇ ਭਾਗ ਲਿਆ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿੱਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜ਼ੋਨ ਦੇ ਵਿੱਤ ਮੁੱਖੀ ਤੇ ਸੀਨੀਅਰ ਆਗੂ ਆਤਮਾ ਸਿੰਘ ਬਾਰੇ ਅਫਸੋਸ ਜਾਹਰ ਕਰਦਿਆਂ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿੱਤੀ ਗਈ। ਇਸ ਉਪਰੰਤ ਕਾਰਵਾਈ ਸ਼ੁਰੂ ਕਰਦਿਆਂ ਜਥੇਬੰਦਕ ਮੁੱਖੀ ਜਸਵੰਤ ਜ਼ੀਰਖ ਨੇ ਕਿਹਾ ਕਿ ਸਮੇਂ ਦੇ ਮੌਜੂਦਾ ਦੌਰ ਵਿੱਚ ਜਦੋਂ ਰਾਜ ਕਰਤਾ ਸ੍ਰੇਣੀ ਦਾ , ਲੋਕਾਂ ਨੂੰ ਅੰਧਵਿਸ਼ਵਾਸੀ ਬਣਾਈ ਰੱਖਣ ਅਤੇ ਤਰਕਸ਼ੀਲ ਵਿਚਾਰਾਂ ਨੂੰ ਦਬਾਉਣ ਲਈ ਬਿਨਾ ਸੋਚੇ ਸਮਝੇ ਧਾਰਮਿਕ ਆਸਥਾ ਨੂੰ ਠੇਸ ਪਹੁੰਚਣ ਦੇ ਬਹਾਨੇ ਤਰਕਸ਼ੀਲ ਕਾਰਕੁੰਨਾਂ ਉੱਪਰ ਕੇਸ ਦਰਜ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ। ਇਸ ਕਰਕੇ ਤਰਕਸ਼ੀਲਤਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਯਤਨਾ ਵਿੱਚ ਹੋਰ ਤੇਜੀ ਨਾਲ ਵਿਚਰਨ ਲਈ ਸਾਡੀ ਜੁੰਮੇਵਾਰੀ ਹੋਰ ਵਧ ਜਾਂਦੀ ਹੈ।ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਹਿ ਕੀਤਾ ਗਿਆ ਕਿ ਸੁਸਾਇਟੀ ਦੇ ਜ਼ੋਨ ਲੁਧਿਆਣਾ ਵੱਲੋਂ , ਹਰ ਸਾਲ ਦੀ ਤਰ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ 14-15 ਮਾਰਚ ਨੂੰ ਹੋ ਰਹੇ ਕਿਸਾਨ ਮੇਲੇ ਵਿੱਚ ਸੂਬਾ ਪੱਧਰੀ ਸਟਾਲ ਲਾ ਕੇ ਤਰਕਸ਼ੀਲ ਸਾਹਿਤ ਨੂੰ ਆਮ ਲੋਕਾਂ ਤੱਕ ਪੁੱਜਦਾ ਕੀਤਾ ਜਾਵੇਗਾ। ਇਸ ਮੌਕੇ ਬੁਲਾਰਿਆਂ ਵੱਲੋਂ ਕਿਸਾਨ ਮੇਲੇ ਵਿੱਚ ਪਹੁੰਚੇ ਲੋਕਾਂ ਨੂੰ ਅੰਧ-ਵਿਸ਼ਵਾਸ ,ਜੋਤਿਸ਼ ਅਤੇ ਗੈਰ ਵਿਗਿਆਨਿਕ ਰੂੜੀਵਾਦੀ ਵਿਚਾਰਾਂ ਤੋਂ ਦੂਰ ਰਹਿਣ ਲਈ ਜਾਗਰੁਕ ਕਰਕੇ ਤਰਕਸ਼ੀਲਤਾ ਅਪਣਾਉਂਣ ਲਈ ਪ੍ਰੇਰਿਆ ਜਾਵੇਗਾ। ਇਸ ਸਮੇਂ ਜੋਨ ਦੀਆਂ ਸਾਰੀਆਂ ਇਕਾਈਆਂ ਦੇ ਆਗੂਆਂ ਲਈ ਦੋਵੇਂ ਦਿਨ ਹਾਜ਼ਰ ਰਹਿਣ ਲਈ ਜੁੰਮੇਵਾਰੀਆਂ ਤਹਿ ਕੀਤੀਆਂ ਗਈਆਂ। ਮੀਟਿੰਗ ਵਿੱਚ ਪੁਲਿਸ ਵੱਲੋਂ ਬਿਨਾ ਕਿਸੇ ਪੁੱਛ ਪੜਤਾਲ ਕੀਤਿਆਂ ਕੁੱਝ ਫਿਰਕਾਪ੍ਰਸਤ ਮੂਲਵਾਦੀਆਂ ਦੇ ਦਬਾਅ ਹੇਠ ਤਰਕਸ਼ੀਲ ਕਾਰਕੁੰਨਾਂ ਖਿਲਾਫ ਧਾਰਾ 295 ਏ ਅਧੀਨ ਦਰਜ ਕੀਤੇ ਕੇਸਾਂ ਦੀ ਸਖਤ ਅਲੋਚਨਾ ਕਰਦਿਆਂ ਇਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। 
ਇਸ ਸਮੇਂ ਵਿੱਛੜ ਚੁੱਕੇ ਸਾਥੀ ਆਤਮਾ ਸਿੰਘ ਦੀ ਥਾਂ ਜੋਨ ਦੇ ਵਿੱਤ ਮੁਖੀ ਦੀ ਚੋਣ ਹੋਈ,ਜਿਸ ਵਿੱਚ ਸਰਬਸਮਤੀ ਨਾਲ ਇਕਾਈ ਲੁਧਿਆਣਾ ਦੇ ਧਰਮਪਾਲ ਸਿੰਘ ਨੂੰ ਜ਼ੋਨ ਦਾ ਵਿੱਤ ਮੁੱਖੀ ਚੁਣ ਲਿਆ ਗਿਆ। ਧਰਮਪਾਲ ਸਿੰਘ ਨੇ ਇਹ ਜੁੰਮੇਵਾਰੀ ਕਬੂਲਦਿਆਂ ਕਿਹਾ ਕੇ ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਸ ਉਪਰੰਤ ਤਰਕਸੀਲ ਮੈਗਜ਼ੀਨ ਦੇ ਮਾਰਚ-ਅਪ੍ਰੈਲ ਅੰਕ ਨੂੰ ਜਾਰੀ ਕਰਦਿਆਂ ਸਮਸ਼ੇਰ ਨੂਰਪੁਰੀ ਨੇ ਕਿਹਾ ਸ਼ਹੀਦ ਭਗਤ ਸਿੰਘ , ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਵਸ ਵੀ ਇਸ ਮਹੀਨੇ ਹੋਣ ਕਾਰਣ , ਇਸ ਅੰਕ ਵਿੱਚ ਉਹਨਾਂ ਨਾਲ ਸਬੰਧਤ ਲੇਖ ਅਤੇ ਅੰਧਵਿਸ਼ਵਾਸੀ ਵਿਚਾਰਾਂ ਨੂੰ ਭਾਂਜ ਦੇਣ ਬਾਰੇ ਹੋਰ ਬਹੁਤ ਸਾਰੀ ਸਮਗਰੀ ਪੜ੍ਹਨਯੋਗ ਹੈ। ਇਸ ਦੇ ਨਾਲ ਹੀ ਇਹ ਅੰਕ ਸਾਰੀਆਂ ਇਕਾਈਆਂ ਨੂੰ ਵੰਡਿਆ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਰਤਾਰ ਵਿਰਾਨ, ਸੁਰਜੀਤ ਦੌਧਰ, ਬਲਵਿੰਦਰ ਸਿੰਘ, ਹਰਚੰਦ ਭਿੰਡਰ, ਕਮਲਜੀਤ ਸਿੰਘ, ਗੁਰਮੀਤ ਮੱਲਾ, ਮੋਹਨ ਬਡਲਾ, ਰਜਿੰਦਰ ਜੰਡਿਆਲੀ ਤੇ ਗੁਰਮੇਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸ਼੍ਰੀ ਕੀਰਤਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਲਗਾਇਆ ਗਿਆ 45ਵਾਂ ਅੱਖਾਂ ਦਾ ਫਰੀ ਅਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ

ਮਨੁੱਖੀ ਭਲਾਈ ਕਾਰਜਾਂ ਲਈ ਸੁਸਾਇਟੀ ਵੱਲੋਂ  ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਕਾਰਜ- ਸੰਤ ਬਾਬਾ ਅਮੀਰ ਸਿੰਘ ਜੀ
ਪ੍ਰਮੁੱਖ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਆਏ ਮਰੀਜ਼ਾਂ ਦਾ ਕੀਤਾ ਚੈਕਅੱਪ
ਕੈਂਪ ਦੌਰਾਨ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤੀਆਂ ਗਈਆਂ ਦਵਾਈਆਂ
ਲੁਧਿਆਣਾ, 10 ਮਾਰਚ ( ਕਰਨੈਲ ਸਿੰਘ ਐੱਮ.ਏ. ) ਸੰਤ ਬਾਬਾ ਅਮੀਰ ਸਿੰਘ ਜੀ ਮੁੱਖੀ ਜਵੱਦੀ ਟਕਸਾਲ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਸੱਚੀ ਸੇਵਾ ਹੈ। ਅੱਜ ਗੁਰਦੁਆਰਾ ਸ਼੍ਰੀ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋਂ ਜਵੱਦੀ ਟਕਸਾਲ ਦੇ ਪੂਰਨ ਸਹਿਯੋਗ ਨਾਲ ਲਗਾਏ ਗਏ 45ਵੇਂ ਅੱਖਾਂ ਦੇ ਫਰੀ ਅਪ੍ਰੇਸ਼ਨ ਅਤੇ ਜਨਰਲ ਕੈਂਪ ਦੀ ਰਸਮੀ ਤੌਰ ਤੇ ਆਰੰਭਤਾ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਮਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਵੱਲੋਂ ਪਿਛਲੇ ਲੰਮੇ ਅਰਸੇ ਤੋਂ ਕੀਤੇ ਜਾ ਰਹੇ ਮਨੁੱਖੀ ਭਲਾਈ ਦੇ ਸੇਵਾ ਕਾਰਜ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਵੱਲੋਂ ਜਵੱਦੀ ਟਕਸਾਲ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ 45ਵਾਂ ਅੱਖਾਂ ਦਾ ਫਰੀ ਅਪ੍ਰੇਸ਼ਨ ਅਤੇ ਜਨਰਲ ਕੈਂਪ ਇੱਕ ਵੱਡਾ ਪਰਉਪਕਾਰੀ ਕਾਰਜ ਹੈ। ਜਿਸ ਦਾ ਲਾਹਾ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਵਿਅਕਤੀ ਤੇ ਮਰੀਜ਼ ਲੈ ਸਕਣਗੇ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਸ੍ਰ.ਤਰਲੋਚਨ ਸਿੰਘ, ਮੁੱਖ ਸੇਵਾਦਾਰ  ਸ੍ਰ.ਪ੍ਰੇਮ ਸਿੰਘ ਅਤੇ ਬੀਬੀ ਬਲਦੇਵ ਕੌਰ  ਨੇ ਜੈਕਾਰਿਆਂ ਦੀ ਗੂੰਜ ਵਿੱਚ ਜਵੱਦੀ ਟਕਸਾਲ ਦੇ ਮੁੱਖੀ ਸੰਤ ਬਾਬਾ ਅਮੀਰ ਸਿੰਘ ਜੀ ਨੂੰ ਸਮੁੱਚੀ ਸੁਸਾਇਟੀ ਦੇ ਵੱਲੋਂ  ਸ਼੍ਰੀ ਸਾਹਿਬ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਸ੍ਰ.ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਹਿਬਾਨ ਵੱਲੋਂ ਬਖਸ਼ੇ ਸੇਵਾ ਸੰਕਲਪ ਤੇ ਪਹਿਰਾ  ਦਿੰਦਿਆਂ ਹੋਇਆਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸੁਚੱਜੀ ਅਗਵਾਈ ਹੇਠ  ਸੁਸਾਇਟੀ ਦੇ ਵੱਲੋਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਵਿਖੇ ਲਗਾਏ ਗਏ 45ਵੇਂ ਅੱਖਾਂ ਦੇ ਫਰੀ ਅਪ੍ਰੇਸ਼ਨ ਤੇ ਜਨਰਲ ਮੈਡੀਕਲ ਕੈਂਪ ਅੰਦਰ ਪ੍ਰਮੁੱਖ ਡਾਕਟਰ ਜਿਨ੍ਹਾਂ ਵਿੱਚ ਡਾ. ਐਚ.ਪੀ ਸਿੰਘ ਆਈ ਸਰਜਨ, ਡਾ.ਬੀ.ਐਸ ਸ਼ਾਹ ਪੈਥਾਲੋਜਿਸਟ,ਡਾ.ਅਵਰੀਨ ਸ਼ਾਹ( ਐਮ.ਐਸ ਸਰਜਰੀ) ਡਾ ਐਮ.ਐਸ ਨੰਦਾ ਚਮੜੀ ਰੋਗਾਂ ਦੇ ਮਾਹਿਰ,ਡਾ.ਹਰਵਿੰਦਰ ਸਿੰਘ ਈ.ਐਨ.ਟੀ, ਡਾ.ਭਜਨਦੀਪ ਸਿੰਘ ਡੈਟਲ ਸਰਜਨ,ਡਾ.ਰਵੀਕਾਂਤ ਐਮ.ਡੀ  ਮੈਡੀਕਲ  ਪ੍ਰੈਕਟੀਸ਼ਨਰ, ਡਾ ਬਰਿੰਦਰਪਾਲ ਸਿੰਘ ਐਮ.ਡੀ ਮੈਡੀਸਨ, ਡਾ.ਮਹਿੰਦਰ ਕੌਰ  ਔਰਤ ਰੋਗਾਂ ਦੇ ਮਾਹਿਰ ਤੇ ਡਾ.ਪਿਆਰਾ ਸਿੰਘ ਲੇਜ਼ਰ ਅਤੇ ਲੈਪ੍ਰੋਸਕੋਪਿਕ ਦੇ ਮਾਹਿਰ ਆਦਿ ਨੇ ਆਪਣੀਆਂ ਟੀਮਾਂ ਦੇ ਨਾਲ ਨਿਸ਼ਕਾਮ ਰੂਪ ਵਿੱਚ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਦੇ ਨਾਲ ਹੀ ਚਿੱਟੇ ਮੋਤੀਆਂ ਨਾਲ ਪੀੜਤ ਮਰੀਜ਼ਾਂ ਨੂੰ ਫਰੀ ਲੈਨਜ਼ ਵੀ ਪਾਏ ਗਏ । ਇਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਵੱਲੋਂ ਮੈਡੀਕਲ  ਕੈਂਪ ਵਿੱਚ ਆਪਣੀਆਂ ਨਿਸ਼ਕਾਮ ਸੇਵਾਵਾਂ  ਦੇਣ ਲਈ ਪੁੱਜੇ ਸਮੂਹ ਡਾਕਟਰ ਸਾਹਿਬਾਨ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸੁਰਿੰਦਰ ਸਿੰਘ, ਅਮਰਜੀਤ ਸਿੰਘ, ਗੁਰਚਰਨਪਾਲ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ ਛਾਬੜਾ ਬੀਬੀ ਬਲਦੇਵ ਕੌਰ, ਰਮਨਜੋਤ ਸਿੰਘ, ਮਨਪ੍ਰੀਤ ਸਿੰਘ, ਗੁਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ, 10 ਮਾਰਚ  ( ਕਰਨੈਲ ਸਿੰਘ ਐੱਮ.ਏ.    )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਮਨਜੀਤ ਸਿੰਘ ਪਠਾਨਕੋਟ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਨਜ਼ਰ ਮਾਰੀਏ ਤਾਂ ਸਿੱਖ ਕੌਮ ਦੇ ਸ਼ਹੀਦਾਂ ਦੀ ਗਿਣਤੀ ਸਭ ਤੋਂ ਵੱਧ ਨਜ਼ਰ ਆਉਂਦੀ ਹੈ, ਕਿਉਂਕਿ  ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੇ ਜਬਰ ਤੇ ਜ਼ੁਲਮ ਦੇ ਖਿਲਾਫ ਤੇ ਮਜ਼ਲੂਮਾਂ ਦੇ ਹੱਕਾਂ ਦੀ ਰਾਖੀ ਕਰਨ  ਲਈ ਵੱਡੀ ਗਿਣਤੀ ਵਿੱਚ ਆਪਣੀਆਂ ਕੀਮਤੀ ਸ਼ਹਾਦਤਾਂ ਦਿੱਤੀਆਂ । ਜਿਸ ਦੇ ਸਦਕਾ ਸਿੱਖ ਕੌਮ ਨੂੰ ਸ਼ਹੀਦਾਂ ਦੀ ਕੌਮ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਸ਼ਹੀਦ ਸਿੰਘਾਂ ਦੇ ਵਿੱਚੋਂ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਜਿਸ ਦੇ ਸਦਕਾ ਸਮੁੱਚੀ ਲੋਕਾਈ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕਰਦੀ ਹੈ। ਉਨ੍ਹਾਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉੱਪਰ ਚੱਲਣ ,ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ ਭੁਪਿੰਦਰ ਸਿੰਘ ਨੇ ਕਿਹਾ ਕਿ" ਸ਼ਹੀਦ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ " ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ।। ਦੇ ਪ੍ਰਣ ਨੂੰ ਨਿਭਾਉਦਿਆਂ ਹੋਇਆ ਜ਼ਕਰੀਆ ਖਾਨ ਦੀ ਵੱਡੀ ਫੌਜ ਨਾਲ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਣ ਵਾਲਾ ਗੁਰੂ ਦਾ ਸੱਚ ਸਿੱਖ ਭਾਈ ਤਾਰਾ ਸਿੰਘ ਵਾਂ ਕਹਿਣੀ ਤੇ ਕਰਨੀ ਵਿੱਚ ਪ੍ਰਪੱਕ ਗੁਰੂ ਦਾ ਸਿੱਖ ਸੀ। ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਸਮੁੱਚੀ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਸ੍ਰ.ਭੁਪਿੰਦਰ ਸਿੰਘ ਨੇ ਕਿਹਾ ਕਿ ਕੀਰਤਨ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪਣੇ ਆਪ ਨੂੰ ਸੰਪੂਰਨ ਸਿੱਖ ਬਣਾ ਕੇ  ਸਿਮਰਨ ਦੇ ਸਿਧਾਂਤ ਨਾਲ ਜੁੜੀਏ 
ਇਸ ਦੌਰਾਨ ਗਿਆਨੀ ਜਗਤਾਰ ਸਿੰਘ ਸਾਬਕਾ ਹੈੱਡਗ੍ਰੰਥੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਬਚਿੱਤਰ ਸਿੰਘ, ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਮਨਜੀਤ ਸਿੰਘ ਪਠਾਨਕੋਟ ਅਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਜਗਪ੍ਰੀਤ ਸਿੰਘ ਯੂ.ਐਸ.ਏ  ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ।
ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ)ਸੁਰਿੰਦਰਪਾਲ ਸਿੰਘ ਭੁਟੀਆਨੀ, ਗੁਰਦੀਪ ਸਿੰਘ ਡੀਮਾਰਟੇ, ਐਨ.ਐਸ ਕਥੂਰੀਆ , ਰਣਜੀਤ ਸਿੰਘ ਖਾਲਸਾ, ਜਤਿੰਦਰ ਸਿੰਘ ਪ੍ਰਧਾਨ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ,  ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਮਿੱਡਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਫੱਗਣ ਮਹੀਨੇ ਦੀ ਮੱਸਿਆ ਦਾ ਦਿਹਾੜਾ

ਲੁਧਿਆਣਾ 10 ਮਾਰਚ (ਕਰਨੈਲ ਸਿੰਘ ਐੱਮ.ਏ. )                                                           ਸਿੱਖ ਸਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਵਿਖੇ ਫੱਗਣ ਮਹੀਨੇ ਦੀ ਮੱਸਿਆ ਦਾ ਦਿਹਾੜਾ ਦੂਰ ਦੂਰਾਡੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੋਂ ਪੁੱਜੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਗਿਆ। ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਭਾਈ ਹਰਪ੍ਰੀਤ ਸਿੰਘ ਖਾਲਸਾ, ਭਾਈ ਪਰਮਵੀਰ ਸਿੰਘ, ਭਾਈ ਸੁਖਜਿੰਦਰ ਸਿੰਘ,  ਭਾਈ  ਗੁਰਦੀਪ ਸਿੰਘ ਜੈਪੁਰ ਵਾਲਿਆਂ ਤੋਂ ਇਲਾਵਾ ਭਾਈ ਗੁਰਮਿੰਦਰ ਸਿੰਘ ਲਾਲ, ਭਾਈ ਬਲਵੀਰ ਸਿੰਘ ਫੁੱਲਾਂਵਾਲ, ਭਾਈ ਅਮਨਦੀਪ ਸਿੰਘ ਗੁਰਦੁਆਰਾ ਬੇਬੇ ਨਾਨਕੀ ਜੀ, ਭਾਈ ਹਰਪ੍ਰੀਤ ਸਿੰਘ ਜਮਾਲਪੁਰ ਵਾਲੇ ਅਤੇ ਉਨ੍ਹਾਂ ਦੇ ਜੱਥੇ ਵੱਲੋਂ ਜਿੱਥੇ ਕੀਰਤਨ ਦੀ ਸੇਵਾ ਨਿਭਾਈ ਗਈ। ਉਪਰੰਤ ਗੁਰਦੁਆਰਾ ਸਾਹਿਬ ਦੇ ਕਥਾ ਵਾਚਕ ਭਾਈ ਮਨਪ੍ਰੀਤ ਸਿੰਘ ਲੁਧਿਆਣਾ ਵਾਲਿਆਂ ਨੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਗਤੀ ਰੂਪ 'ਚ ਰਾਗੀ ਜਥਿਆਂ ਨੂੰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ  ਅਤੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ 14 ਮਾਰਚ ਦਿਨ ਵੀਰਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ  ਤੇਜਿੰਦਰ ਸਿੰਘ ਡੰਗ ਜਨ: ਸਕੱਤਰ, ਮੀਤ ਪ੍ਰਧਾਨ ਸਤਪਾਲ ਸਿੰਘ ਪਾਲ,  ਗੁਰਤੇਜ ਸਿੰਘ ਲਾਇਲਪੁਰੀ, ਤਰਲੋਚਨ ਸਿੰਘ ਬੱਬਰ, ਅਰਜਨ ਸਿੰਘ ਚੀਮਾ,  ਇੰਦਰਜੀਤ ਸਿੰਘ ਮੱਕੜ, ਮੋਹਨ ਸਿੰਘ ਚੋਹਾਨ, , ਬਲਜੀਤ ਸਿੰਘ ਦੁਖੀਆ, ਸੁਰਿੰਦਰਜੀਤ ਸਿੰਘ ਮੱਕੜ, ਇੰਦਰਜੀਤ ਸਿੰਘ ਕਾਲੜਾ, ਪ੍ਰੀਤਮ ਸਿੰਘ ਮਣਕੂ,  ਇੰਦਰਜੀਤ ਸਿੰਘ ਗੋਲਾ, ਅਵਤਾਰ ਸਿੰਘ, ਸੁਰਜੀਤ ਸਿੰਘ ਮਠਾੜੂ, ਸਵਰਨ ਸਿੰਘ ਮਹੌਲੀ, ਸੁਨੀਲ ਕੁਮਾਰ,  ਪਰਮਿੰਦਰ ਸਿੰਘ, ਦਵਿੰਦਰ ਸਿੰਘ ਸਿੱਬਲ, ਬਾਊ ਬਨਾਰਸੀ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ।
 

ਇੰਪੀਰੀਅਲ ਬੁੱਲਜ਼ ਨੇ ਲੁਧਿਆਣਾ ਵਿੱਚ ਲਾਂਚ ਕੀਤਾ: ਭਾਰਤੀ ਸਟਾਕ ਅਤੇ ਵਿਦੇਸ਼ੀ ਮੁਦਰਾ ਬਾਜ਼ਾਰਾਂ ਵਿੱਚ ਮੁਹਾਰਤ ਲਈ ਰਾਹ ਪੱਧਰਾ ਕਰੇਗਾ

ਲੁਧਿਆਣਾ, 10 ਮਾਰਚ ( ਕਰਨੈਲ ਸਿੰਘ ਐੱਮ.ਏ.) ਇੰਪੀਰੀਅਲ ਬੁੱਲਜ਼ ਨੇ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਇੱਕ ਬੇਮਿਸਾਲ ਸ਼ੁਰੂਆਤ ਕੀਤੀ ਹੈ। ਇਹ ਇੱਕ ਨਵੀਂ ਸੰਸਥਾ ਹੈ ਜੋ ਵਿੱਤੀ ਵਪਾਰ ਦੇ ਦਿਲਚਸਪ ਸੰਸਾਰ ਵਿੱਚ ਗਿਆਨ ਅਤੇ ਹੁਨਰ ਦੇ ਨਾਲ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਸਮਰਪਿਤ ਹੈ। ਇਹ ਅਤਿ-ਆਧੁਨਿਕ ਸੰਸਥਾਨ, ਲੁਧਿਆਣਾ, ਮਾਡਲ ਟਾਊਨ, ਬਾਬਾ ਦੀਪ ਸਿੰਘ ਗੁਰਦੁਆਰੇ ਦੇ ਨਾਲ ਲਗਦੇ ਕੇਂਦਰ ਵਿੱਚ ਸਥਿਤ ਹੈ, ਭਾਰਤੀ ਸਟਾਕ ਮਾਰਕੀਟ ਅਤੇ ਗਲੋਬਲ ਫੋਰੈਕਸ ਬਜ਼ਾਰਾਂ ਦੋਵਾਂ 'ਤੇ ਇੱਕ ਗੰਭੀਰ ਫੋਕਸ ਦੀ ਪੇਸ਼ਕਸ਼ ਕਰਦਾ ਹੈ। ਲੁਧਿਆਣਾ ਦਾ ਉੱਭਰ ਰਿਹਾ ਨਿਵੇਸ਼ਕ ਭਾਈਚਾਰਾ। ਪਾੜੇ ਨੂੰ ਪੂਰਾ ਕਰਨ ਦਾ ਵਾਅਦਾ। 
ਆਪਣੀ ਉੱਦਮੀ ਭਾਵਨਾ ਲਈ ਜਾਣੇ ਜਾਂਦੇ ਸ਼ਹਿਰ ਵਿੱਚ, ਇਹ ਆਪਣੇ ਵਿਆਪਕ ਪਾਠਕ੍ਰਮ ਦੇ ਨਾਲ ਵੱਖਰਾ ਹੈ, ਵਪਾਰ ਵਿੱਚ ਬੁਨਿਆਦੀ ਤੋਂ ਲੈ ਕੇ ਉੱਨਤ ਪੱਧਰ ਤੱਕ ਦੇ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ, ਬਿਲਕੁਲ ਸ਼ੁਰੂਆਤ ਕਰਨ ਵਾਲਿਆਂ ਤੋਂ ਲੈ ਕੇ ਜੋ ਮਾਰਕੀਟ ਗਤੀਸ਼ੀਲਤਾ ਦੀਆਂ ਬੁਨਿਆਦੀ ਗੱਲਾਂ ਨੂੰ ਸਮਝਣਾ ਚਾਹੁੰਦੇ ਹਨ। ਅਨੁਭਵ ਦੇ ਸਾਰੇ ਪੱਧਰਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਉੱਨਤ ਤੋਂ ਤਜਰਬੇਕਾਰ ਤੱਕ. ਉੱਨਤ ਰਣਨੀਤੀਆਂ ਦੀ ਤਲਾਸ਼ ਕਰ ਰਹੇ ਨਿਵੇਸ਼ਕਾਂ ਲਈ, ਸੰਸਥਾ ਵਿਅਕਤੀਗਤ ਲੋੜਾਂ ਦੇ ਅਨੁਸਾਰ ਵੱਖ-ਵੱਖ ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ। ਸਰਵਪੱਖੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ, ਸੰਸਥਾ ਉਨ੍ਹਾਂ ਵਿਦਿਆਰਥੀਆਂ ਲਈ ਵਿਆਪਕ ਅਤੇ ਕਿਫਾਇਤੀ ਔਨਲਾਈਨ ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ ਜੋ ਰੋਜ਼ਾਨਾ ਸੰਸਥਾ ਵਿੱਚ ਆਉਣ ਤੋਂ ਅਸਮਰੱਥ ਹਨ।

ਸੰਸਥਾਪਕ ਓਮ ਸਿੰਘ ਨੇ ਟਿੱਪਣੀ ਕੀਤੀ, "ਸਾਡਾ ਮੰਨਣਾ ਹੈ ਕਿ ਵਿੱਤੀ ਸਾਖਰਤਾ ਅਤੇ ਜੋਖਮ ਪ੍ਰਬੰਧਨ ਇੱਕ ਸਫਲ ਵਪਾਰਕ ਯਾਤਰਾ ਦੀ ਨੀਂਹ ਹਨ।" ਇੰਸਟੀਚਿਊਟ ਦੇ ਪਾਠਕ੍ਰਮ ਵਿੱਚ ਅਤਿ-ਆਧੁਨਿਕ ਤਕਨਾਲੋਜੀ ਸ਼ਾਮਲ ਹੈ, ਜਿਸ ਵਿੱਚ ਸਿਮੂਲੇਸ਼ਨ ਪਲੇਟਫਾਰਮ ਸ਼ਾਮਲ ਹਨ ਜੋ ਵਿਦਿਆਰਥੀਆਂ ਨੂੰ ਆਪਣੀਆਂ ਰਣਨੀਤੀਆਂ ਦਾ ਅਭਿਆਸ ਕਰਨ ਦੀ ਇਜਾਜ਼ਤ ਦਿੰਦੇ ਹਨ। ਸੰਸਥਾ ਜੋਖਿਮ ਪ੍ਰਬੰਧਨ, ਭਾਵਨਾਤਮਕ ਬੁੱਧੀ ਅਤੇ ਮਾਰਕੀਟ ਮਨੋਵਿਗਿਆਨ ਵਰਗੇ ਨਰਮ ਹੁਨਰਾਂ ਨੂੰ ਵਿਕਸਤ ਕਰਨ ਦੇ ਮਹੱਤਵ 'ਤੇ ਵੀ ਜ਼ੋਰ ਦਿੰਦੀ ਹੈ, ਜੋ ਵਪਾਰ ਦੀ ਅਕਸਰ ਅਸਥਿਰ ਸੰਸਾਰ ਨਾਲ ਨਜਿੱਠਣ ਲਈ ਮਹੱਤਵਪੂਰਨ ਹਨ।

ਇੰਸਟੀਚਿਊਟ ਕੋਲ ਤਜਰਬੇਕਾਰ ਟ੍ਰੇਨਰਾਂ ਦੀ ਇੱਕ ਟੀਮ ਹੈ, ਜਿਸ ਵਿੱਚ ਉਦਯੋਗ ਦੇ ਪੇਸ਼ੇਵਰ ਅਤੇ ਇੱਕ ਸਾਬਤ ਹੋਏ ਟਰੈਕ ਰਿਕਾਰਡ ਵਾਲੇ ਵਿੱਤੀ ਮਾਹਿਰ ਸ਼ਾਮਲ ਹਨ। ਫੈਕਲਟੀ ਮੈਂਬਰ ਇਹ ਸੁਨਿਸ਼ਚਿਤ ਕਰਨ ਲਈ ਕਿ ਵਿਦਿਆਰਥੀ ਅਸਲ-ਸੰਸਾਰ ਵਪਾਰ ਦੀਆਂ ਚੁਣੌਤੀਆਂ ਲਈ ਚੰਗੀ ਤਰ੍ਹਾਂ ਤਿਆਰ ਹਨ, ਸੂਝ-ਬੂਝ ਅਤੇ ਪ੍ਰੈਕਟੀਕਲ ਲਾਈਵ ਟਰੇਡਿੰਗ ਸੈਸ਼ਨ ਪ੍ਰਦਾਨ ਕਰਨ ਲਈ ਸਮਰਪਿਤ ਹਨ। ਭਾਰਤੀ ਸਟਾਕ ਮਾਰਕੀਟ 'ਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ, ਸੰਸਥਾ ਵਿੱਤੀ ਬਾਜ਼ਾਰਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸਦੀ ਗਲੋਬਲ ਪ੍ਰਕਿਰਤੀ ਨੂੰ ਮਾਨਤਾ ਦਿੰਦੇ ਹੋਏ ਵਿਦੇਸ਼ੀ ਮੁਦਰਾ ਵਪਾਰ 'ਤੇ ਜ਼ੋਰ ਦੇਣਾ। ਵਿਦਿਆਰਥੀਆਂ ਨੂੰ ਮੁਦਰਾ ਵਪਾਰ ਦੀਆਂ ਗੁੰਝਲਾਂ ਨੂੰ ਸਮਝਣ ਦਾ ਮੌਕਾ ਮਿਲੇਗਾ ।

ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਗਿਆ 14ਵਾਂ ਫਰੀ ਮੈਡੀਕਲ ਚੈਕਅੱਪ ਕੈਂਪ

ਲੋੜਵੰਦ ਮਰੀਜ਼ਾਂ ਦੀ ਮੱਦਦ ਕਰਨਾ ਸੱਚੀ ਮਨੁੱਖਤਾ ਦੀ ਸੇਵਾ-ਇੰਦਰਜੀਤ ਸਿੰਘ ਮੱਕੜ

ਲੁਧਿਆਣਾ,10 ਮਾਰਚ (ਕਰਨੈਲ ਸਿੰਘ ਐੱਮ.ਏ. ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ, ਗਿਆਨੀ ਜਗਤਾਰ ਸਿੰਘ ਸਾਬਕਾ ਹੈੱਡਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾ ਕੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ। ਅੱਜ ਗੁਰੂ ਗੋਬਿੰਦ ਸਿੰਘ ਜੀ ਚੈਰੀਟੇਬਲ ਹਸਪਤਾਲ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ(ਰਜ਼ਿ) ਲੁਧਿਆਣਾ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਨਾਲ ਲਗਾਏ ਗਏ 14ਵੇਂ ਫਰੀ ਮੈਡੀਕਲ ਚੈਕਅੱਪ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਪੁੱਜੇ ਸ੍ਰ.ਇੰਦਰਜੀਤ ਸਿੰਘ ਮੱਕੜ ਅਤੇ ਗਿਆਨੀ ਜਗਤਾਰ ਸਿੰਘ, ਗਿਆਨੀ ਪਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਵੱਖ- ਵੱਖ ਬਿਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਦਾ ਫਰੀ ਚੈਕਅੱਪ ਕਰਕੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਉਪਲੱਬਧ ਕਰਵਾਉਣ ਵਾਲੀ ਸੰਸਥਾ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ ਸਮੁੱਚੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੇ ਟਰੱਸਟ ਦੇ ਚੇਅਰਮੈਨ ਸ .ਐਮ.ਐਸ ਅਨੇਜਾ, ਆਈ.ਐਸ ਅਨੇਜਾ, ਏ.ਐਸ ਅਨੇਜਾ, ਹਰਜਿੰਦਰ ਕੌਰ, ਸੈਮੀ ਅਨੇਜਾ ਅਤੇ ਸਮੂਹ ਅਹੁਦੇਦਾਰਾਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਮੈਡੀਕਲ ਚੈਕਅੱਪ ਕੈਂਪ ਵਿੱਚ ਪੁੱਜੇ ਉੱਘੇ ਡਾਕਟਰ ਸਾਹਿਬਾਨ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਲਗਾਏ ਗਏ 14ਵੇਂ ਫਰੀ ਮੈਡੀਕਲ ਚੈਕਅੱਪ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕੈਂਪ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਅਨੇਜਾ ਤੇ ਬਲਜੀਤ ਸਿੰਘ ਬਾਵਾ ਨੇ ਦੱਸਿਆ ਕਿ ਕੈਂਪ ਅੰਦਰ ਯੂਰੋਲੋਜੀ ਦੇ ਮਾਹਿਰ ਡਾਕਟਰ ਅਨੰਦ ਸਹਿਗਲ,ਆਰਥੋ ਦੇ ਡਾ: ਸਹਿਨਸ਼ੀਲ ਸਿੰਘ(ਜਗਰੂਪ ਹਸਪਤਾਲ) ,ਡਾ: ਏਕਜੋਤ ਸਿੰਘ ਅਰੋੜਾ, ਮੈਡੀਸਨ ਦੇ ਮਾਹਿਰ ਡਾ: ਦਿਨੇਸ਼ ਜੈਨ (ਡੀ.ਐਮ.ਸੀ ਹਸਪਤਾਲ)ਡਾ: ਸਰਬਜੀਤ ਸਿੰਘ ਐਮ.ਡੀ, ਡਾ: ਸਵੀਟ ਕੌਰ ਐਮ.ਡੀ ਨਾਈਟਿੰਗੇਲ ਕਾਲਜ ਆਫ਼ ਨਰਸਿੰਗ, ਚਮੜੀ ਦੇ ਮਾਹਿਰ ਡਾ: ਆਰ.ਐਸ ਨੰਦਾ ਐਮ.ਡੀ, ਡਾ: ਐਮ.ਐਸ ਨੰਦਾ ਐਮ.ਡੀ, ਡਾ: ਸੰਦੀਪ ਕੌਰ ਐਮ.ਡੀ(ਜਗਰੂਪ ਹਸਪਤਾਲ)ਅੱਖਾਂ ਦੇ ਮਾਹਿਰ ਡਾ: ਸਵੀਨ ਗੁਪਤਾ, ਸਰਜ਼ਰੀ ਦੇ ਮਾਹਿਰ ਡਾ: ਡੀ.ਪੀ ਸਿੰਘ ਅਰੋੜਾ,ਗਾਇਨੀ ਦੀ ਡਾ: ਹਰਪ੍ਰੀਤ ਕੌਰ ਐਮ.ਬੀ.ਐਸ, ਐਕਯੂਪ੍ਰੈਸ਼ਰ ਦੇ ਡਾ: ਰਮੇਸ਼ ਕੁਮਾਰ ਐਮ.ਡੀ, ਤੇ ਡਾ: ਨਿਰਮਲ ਵਰਮਾ ਡੀ.ਏ.ਟੀ, ਦੰਦਾਂ ਦੇ ਮਾਹਿਰ ਡਾ: ਹਰਮੀਤ ਕੌਰ ਬੀ.ਡੀ.ਐਸ, ਡਾ: ਗੁਰਲੀਨ ਕੌਰ(ਬੀ.ਡੀ.ਐਸ) , ਡਾਇਟੀਸ਼ੀਅਨ 
 ਡਾ: ਹਰਦੀਪ ਕੌਰ, ਹੋਮਿਓਪੈਥਿਕ ਦੇ ਡਾ: ਅਰਵਿੰਦਰ ਕੌਰ ਦੀ ਅਗਵਾਈ ਹੇਠ ਪੁੱਜੇ ਡਾਕਟਰਾਂ ਦੀਆਂ ਟੀਮਾਂ ਅਤੇ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਦੀਆਂ ਨਰਸਾਂ ਨੇ ਕੈਂਪ ਅੰਦਰ ਵੱਡੀ ਗਿਣਤੀ ਵਿੱਚ ਪੁੱਜੇ ਵੱਖ ਵੱਖ ਬਿਮਾਰੀਆਂ ਨਾਲ ਪੀੜ੍ਹਤ 295 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਵੀ ਦਿੱਤੀਆਂ। ਇਸ ਸਮੇਂ ਉਨ੍ਹਾਂ ਦੇ ਨਾਲ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਗੁਰਚਰਨ ਸਿੰਘ, ਹਰਪਾਲ ਸਿੰਘ ਖਾਲਸਾ,  ਜਗਦੇਵ ਸਿੰਘ ਕਲਸੀ, ਰਜਿੰਦਰ ਸਿੰਘ ਡੰਗ, ਅਵਤਾਰ ਸਿੰਘ ਬੀ.ਕੇ, ਸੁਰਿੰਦਰਪਾਲ ਸਿੰਘ ਭੁਟੀਆਣੀ, ਐਨ.ਐਸ ਕਥੂਰੀਆ, ਗੁਰਦੀਪ ਸਿੰਘ ਡੀਮਾਰਟੇ, ਭੁਪਿੰਦਰ ਸਿੰਘ ਮਨੀ ਜਿਊਲਰਜ਼ , ਹਰਬੰਸ ਸਿੰਘ ਰਾਜਾ ਪਰਮਜੀਤ ਸਿੰਘ ਸੇਠੀ ,ਕਰਨੈਲ ਸਿੰਘ ਬੇਦੀ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਗੁਰੂ ਨਾਨਕ ਨਗਰ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) 
ਅੱਜ ਸ਼ਿਵਰਾਤਰੀ ਦਾ ਤਿਉਹਾਰ ਗੁਰੂ ਨਾਨਕ ਨਗਰ ਨੇੜੇ ਫੁੱਟਬਾਲ  ਗਰਾਊਂਡ  ਜਮਾਲਪੁਰ ਵਿੱਚ ਪੂੜੀਆਂ ਛੋਲੇ ਅਤੇ ਹਲਵੇ ਦਾ ਲੰਗਰ ਸਾਂਝੇ ਤੌਰ ਤੇ ਲਗਾ ਕੇ ਮਨਾਇਆ । ਡਾਕਟਰ ਅੰਮ੍ਰਿਤਪਾਲ ਸਿੰਘ ਚੇਅਰਮੈਨ ਨੇ ਲੰਗਰ ਵਿੱਚ ਪਹੁੰਚ ਕੇ ਸ਼ਿਵਰਾਤਰੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਦਿਨ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ।  ਇਸ ਸਮੇ ਹਰੀਸ਼ ਪਲਟਾ, ਬਿਕਰਮ ਪਠਾਨੀਆ, ਡਾਕਟਰ ਨਵੀਨ ਸਭਰਵਾਲ, ਦਵਿੰਦਰ ਸਿੰਘ, ਬਾਬਾ ਚਰਨਜੀਤ ਸਿੰਘ, ਰਕੇਸ਼ ਸ਼ਰਮਾ, ਬਲਜੀਤ ਸਿੰਘ, ਸੁਨੀਲ ਰਾਜਪੂਤ, ਯਸ਼ ਪਠਾਨੀਆਂ ,ਸ਼ਮਸ਼ੇਰ ਸਿੰਘ, ਸੈਣੀ ਸਾਹਿਬ, ਹਰਪਾਲ ਪੂਨੀਆ, ਸਤਨਾਮ, ਪਰਦੀਪ ਲਿਟਲ ਚੈਪ ਪਲੇਅਵੇ ਸਕੂਲ ਭਾਰਤੀ ਮੈਡਮ ਸਾਰੇ ਮੈਂਬਰਾਂ ਨੇ ਆਪਣੇ ਹੱਥਾਂ ਨਾਲ ਲੰਗਰ ਦੀ ਸੇਵਾ ਕੀਤੀ ਅਤੇ ਸਿਵ ਮਹਿਮਾ ਦਾ ਗੁਨਗਾਨ ਕੀਤਾ ।

ਸਵ: ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਤੇ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਕੈਂਪ ਲਾਇਆ

ਸਵ:ਸ੍ਰ.ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਰਾਜ ਨਹੀਂ ਸੇਵਾ ਨੂੰ ਪ੍ਰਮੁੱਖ ਰੱਖਿਆ -ਜਥੇ: ਚਰਨ ਸਿੰਘ ਆਲਮਗੀਰ 
ਲੁਧਿਆਣਾ (ਕਰਨੈਲ ਸਿੰਘ ਐੱਮ.ਏ.)
ਪੰਥ ਰਤਨ, ਫਖ਼ਰ-ਏ-ਕੌਮ ਸਵ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਦੀ ਪਹਿਲੀ ਬਰਸੀ ਤੇ ਮਨੁੱਖਤਾ ਦੇ ਭਲੇ ਲਈ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਧਰਤੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ 713ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਮੈਨੇਜਰ ਸਰਬਦਿਆਲ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਜਥੇਦਾਰ ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਕਿਸਾਨਾਂ, ਗਰੀਬਾਂ ਦੇ ਮਸੀਹਾ ਸਵ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਨਿੱਘੀ ਮਿੱਠੀ ਯਾਦ ਵਿੱਚ ਲਗਾਏ ਗਏ ਮਹਾਨ ਖ਼ੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਮਨ ਸ਼ਾਂਤੀ ਅਤੇ ਸਰਬਸਾਂਝੀਵਾਲਤਾ ਦੇ ਪ੍ਰਤੀਕ ਸਵ:ਸ੍ਰ: ਬਾਦਲ ਜੀ ਨੇ ਪੰਜ ਵਾਰ ਮੁੱਖ ਮੰਤਰੀ ਪੰਜਾਬ ਆਪਣੇ ਰਾਜ ਦੇ ਸਮੇਂ ਦੌਰਾਨ ਰਾਜ ਨਹੀਂ ਸੇਵਾ ਨੂੰ ਪ੍ਰਮੁੱਖ ਰੱਖਿਆ। ਆਪਣੇ ਰਾਜ ਦੌਰਾਨ ਸਮਾਜ ਦੇ ਹਰੇਕ ਵਰਗ ਦੀ ਫਰਾਕ ਦਿਲੀ ਨਾਲ ਸੇਵਾ ਕੀਤੀ। ਇਸ ਕਰਕੇ ਹਿੰਦੂ,ਸਿੱਖ, ਇਸਾਈ, ਮੁਸਲਿਮ, ਵਾਲਮੀਕ ਅਤੇ ਹਰੇਕ ਧਰਮ ਦੇ ਹਰਮਨ ਪਿਆਰੇ ਨੇਤਾ ਸਨ। ਇਸ ਮੌਕੇ ਤੇ ਮੈਨੇਜਰ ਸਰਬਦਿਆਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੀਤਾ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 80 ਬਲੱਡ ਯੂਨਿਟ ਦੀਪਕ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤੇ ਹੈੱਡਗ੍ਰੰਥੀ ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਮੀਤ ਮੈਨੇਜਰ, ਗੁਰਜੀਤ ਸਿੰਘ ਮੀਤ ਮੈਨੇਜਰ, ਨਵਰੂਪ ਸਿੰਘ ਪ੍ਰਚਾਰਕ, ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਕਨੇਡਾ,ਜਤਿੰਦਰ ਸਿੰਘ ਬੌਬੀ, ਚਰਨਜੀਤ ਸਿੰਘ ਝਮਟ, ਜਸਪਾਲ ਸਿੰਘ ਗਿੱਲ, ਗਿਰਦੋਰ ਸਿੰਘ ਹਾਜ਼ਰ ਸਨ।