You are here

ਲੁਧਿਆਣਾ

ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਵੱਲੋਂ ਕਾਲ਼ੇ ਪਾਣੀ ਜੇਲ੍ਹ ਵਿੱਚ ਦਿੱਤੀ ਸ਼ਹਾਦਤ ਦੀ ਦਾਸਤਾਨ ਦਰਸਾਉਂਦੀ ਪੁਸਤਕ , ਅੱਜ ਵਿਸ਼ੇਸ਼ ਨਾਟਕ ਸਮਾਗਮ ਦੌਰਾਨ ਹੋਵੇਗੀ ਲੋਕ ਅਰਪਣ

 ਲੁਧਿਆਣਾ, 9 ਮਾਰਚ (  ਟੀ. ਕੇ.  ) ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉੱਠੀ ਗ਼ਦਰ ਲਹਿਰ ਵਿੱਚ ਕਾਲ਼ੇ ਪਾਣੀ (ਅੰਡੇਮਾਨ) ਦੀ ਸੈਲੂਲਰ ਜੇਲ੍ਹ ਵਿੱਚ ਅੰਗਰੇਜ ਹਕੂਮਤ ਵੱਲੋਂ ਦਿੱਤੀ ਉਮਰ ਕੈਦ ਕੱਟਦੇ ਹੋਏ ਬਾਬਾ ਭਾਨ ਸਿੰਘ ਸੁਨੇਤ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਏ ਸਨ। ਪਿੰਡ ਸੁਨੇਤ (ਲੁਧਿਆਣਾ) ਦੇ ਜੰਮਪਲ ਇਸ ਮਹਾਨ ਸ਼ਹੀਦ ਦੀ ਇੱਥੇ ਬਣੀ ਯਾਦਗਾਰ ਵਿੱਖੇ 10 ਮਾਰਚ ਨੂੰ ਰਾਤ 7 ਵਜੇ ਤੋਂ ਸ਼ਹੀਦੀ ਸਮਾਗਮ ਹੋ ਰਿਹਾ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ ਅਤੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਦੱਸਿਆ ਕਿ ਹੋਰ ਜੰਤਕ ਜਮਹੂਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਹੋ ਰਹੇ ਇਸ ਸਮਾਗਮ ਵਿੱਚ ਨਾਟਕ, ਕਵੀਸ਼ਰੀਆਂ, ਅਤੇ ਗ਼ਦਰੀ ਸ਼ਹੀਦਾਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਵੱਖ ਵੱਖ ਬੁਲਾਰਿਆਂ ਵੱਲੋਂ ਅਹਿਮ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹਨਾਂ ਵਿੱਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਮੇਟੀ ਦੇ ਸਭਿਆਚਾਰਕ ਕਨਵੀਨਰ ਅਮੋਲਕ ਸਿੰਘ ਅਤੇ ਤਰਕਸ਼ੀਲ ਰਸਾਲੇ ਦੇ ਸੰਪਾਦਕ ਬਲਵੀਰ ਲੌਂਗੋਵਾਲ ਜਿਹਨਾਂ ਵੱਲੋਂ ਬਾਬਾ ਭਾਨ ਸਿੰਘ ਦੀ ਸ਼ਹਾਦਤ ਬਾਰੇ ਲਿੱਖੀ ਕਿਤਾਬ ‘ਦਾਸਤਾਨ-ਏ- ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ (ਪਿੰਡ ਸੁਨੇਤ ਤੋਂ ਕਾਲ਼ੇ ਪਾਣੀ ਤੱਕ ) ਇਸ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ।ਅੱਜ ਦੇਸ਼ ਨੂੰ ਦੁਬਾਰਾ ਉਹਨਾਂ ਹੀ ਲੁਟੇਰੀਆਂ ਕੰਪਨੀਆਂ ਕੋਲ ਦੇਸ਼ ਨੂੰ ਵੇਚਣ ਦੇ ਰਾਹ ਟੁਰੇ ਸਿਆਸਤਦਾਨਾ ਦੇ ਚ੍ਰਿਤਰ ਨੂੰ ਉਘਾੜਨ ਲਈ ਇਹ ਸਮਾਗਮ ਚੇਤਨਾ ਮਹੱਈਆ ਕਰੇਗਾ। ਦੇਸ਼ ਦੇ ਕਿਰਤੀ ਲੋਕਾਂ ਦੀ ਬਾਤ ਪਾਉਂਦਾ ਨਾਟਕ ‘ਲੇਬਰ ਚੌਕ’ ਕਿਰਤ ਦੀ ਲੁੱਟ ਅਤੇ ਦੋਮ ਦਰਜੇ ਦੀ ਸਿਆਸਤ ਦੇ ਪਾਜ ਉਧੇੜੇਗਾ। ਰਸੂਲਪੁਰ ਵਾਲਾ ਕਵੀਸਰੀ ਜੱਥਾ ਆਪਣੇ ਵੱਖਰੇ ਅੰਦਾਜ ਵਿੱਚ ਸ਼ਹੀਦਾਂ ਨੂੰ ਯਾਦ ਕਰੇਗਾ।

ਵਿਸ਼ਵਕਰਮਾ ਮੰਦਿਰ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ

*ਭਵਨ ਦੇ ਨਵੀਨੀਕਰਣ ਦਾ ਨੀਂਹ ਪੱਥਰ ਸਾਬਕਾ ਚੇਅਰਮੈਨ ਟਿੱਕਾ ਨੇ ਰੱਖਿਆ
ਲੁਧਿਆਣਾ,9 ਮਾਰਚ (  ਟੀ. ਕੇ. ) ਲੁਧਿਆਣੇ ਦੇ ਪ੍ਰਾਚੀਨ ਤੇ ਇਤਿਹਾਸਿਕ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਵਿਸ਼ਵਕਰਮਾ ਜੀ, ਸ਼ਿਵ ਪਰਿਵਾਰ, ਲਕਸ਼ਮੀ ਨਰਾਇਣ ਅਤੇ ਰਾਮ ਦਰਬਾਰ ਦੀ ਪ੍ਰਾਣ ਪ੍ਰਤਿਸ਼ਠਾ ਪੂਜਾ ਅਰੰਭ ਕੀਤੀ ਗਈ। ਇਸ ਮੌਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ  ਆਗੂ  ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ, , ਮੁੱਖ ਬੁਲਾਰਾ ਭਾਜਪਾ ਸਰਵਣ ਸਿੰਘ ਚੰਨੀ, ਆਪ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ,ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਕੁਲਦੀਪ ਵੈਦ ਹੋਰ ਧਾਰਮਿਕ ਤੇ ਵਪਾਰਿਕ ਜੱਥੇਬੰਦੀਆਂ ਅਤੇ ਵਿਸ਼ਵਕਰਮਾ ਵੰਸ਼ੀ ਵੱਡੀ ਗਿਣਤੀ ਵਿੱਚ ਹਾਜਰੀ ਹੋਏ। ਪੰਜਾਬ ਮਧਿਅਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵੱਲੋਂ ਇੱਕ ਕਰੋੜ ਚਾਲੀ ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਸ਼ਵਕਰਮਾ ਭਵਨ ਦੇ ਨਵੀਨੀਕਰਣ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਟਿੱਕਾ ਨੇ ਦੱਸਿਆ ਕਿ ਇਹ ਰਾਸ਼ੀ ਕਾਂਗਰਸ ਸਰਕਾਰ ਵੇਲੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਦਰ ਲਈ ਜਾਰੀ ਕਰਵਾਈ ਗਈ ਸੀ। ਉਸ ਵੇਲੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਇਸ ਮੰਦਿਰ ਦੇ ਨਵੀਨੀਕਰਣ ਵਿੱਚ ਅਪਣਾ ਯੋਗਦਾਨ ਪਾਇਆ ਸੀ। ਇਸ ਮੌਕੇ ਸ੍ਰ ਟਿੱਕਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ 5 ਸਾਲ ਭਗਵਾਨ ਵਿਸ਼ਵਕਰਮਾ ਦਾ ਰਾਜ ਪੱਧਰੀ ਸਮਾਗਮ ਇਸੇ ਮੰਦਿਰ ਵਿੱਚ ਮਨਾਇਆ ਜਾਂਦਾ ਸੀ।  ਸਾਰਾ ਸਮਾਗਮ ਮੰਦਿਰ ਦੇ ਪ੍ਰਧਾਨ ਰਣਜੀਤ ਕੁਮਾਰ ਸੱਲ ਦੀ ਦੇਖ ਰੇਖ ਹੇਠ ਹੋਇਆ। ਮੰਦਿਰ ਕਮੇਟੀ ਵੱਲੋਂ ਆਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।  

ਆਰੀਆ ਕਾਲਜ ਗਰਲਜ਼ ਵਿਚ ਸਾਲਾਨਾ ਐਥਲੈਟਿਕ ਮੀਟ ਹੋਈ

ਲੁਧਿਆਣਾ, 9 ਮਾਰਚ (ਟੀ. ਕੇ.)ਆਰੀਆ ਕਾਲਜ ਗਰਲਜ਼ ਸੈਕਸ਼ਨ ਵਿਚ ਕਰਵਾਈ ਗਈ ਸਾਲਾਨਾ ਐਥਲੈਟਿਕ ਮੀਟ ਦੌਰਾਨ ਖਿਡਾਰਨਾਂ ਵਲੋਂ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ.ਐਸ.ਐਮ. ਸ਼ਰਮਾ ਸਕੱਤਰ ਏ.ਸੀ.ਐਮ.ਸੀ. ਅਤੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਾਲਜ ਦਾ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਮਾਰਚ ਪਾਸਟ ਦੀ ਸਲਾਮੀ ਲਈ | ਖੇਡ ਮੇਲੇ ਦੀ ਸ਼ੁਰੂਆਤ ਸੂਰਜ ਨਮਸਕਾਰ ਨਾਲ ਹੋਈ ਅਤੇ ਸੁਹਜ ਨਾਲ ਯੋਗਾ, ਐਰੋਬਿਕਸ ਅਤੇ ਫੈਂਸੀ ਡਰੈੱਸ ਸ਼ੋਅ ਪੇਸ਼ ਕੀਤਾ ਗਿਆ। ਵੱਖ-ਵੱਖ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ 150 ਤੋਂ ਵੱਧ ਖਿਡਾਰਨਾਂ ਨੇ ਭਾਗ ਲਿਆ।ਇਸ ਮੌਕੇ ਡਾ.ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਖਿਡਾਰਨਾਂ ਦੀ ਖੇਡ ਭਾਵਨਾ ਦੀ ਸ਼ਲਾਘਾ ਕੀਤੀ।
ਪਿ੍ੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿਚ ਚਲਾਉਣ ਅਤੇ ਸਿਹਤਮੰਦ ਜੀਵਨ ਜੀਣ ਦੇ ਯੋਗ ਬਣਾਉਂਦੀਆਂ ਹਨ। ਇਸ ਮੌਕੇ ਇੰਚਾਰਜ ਡਾ.ਮਮਤਾ ਕੋਹਲੀ ਨੇ ਖਿਡਾਰਨਾਂ ਨੂੰ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਬੈਸਟ ਐਥਲੀਟ ਦੀ ਟਰਾਫੀ ਬੀ.ਏ.1 ਸਾਲ ਦੀ ਨੰਦਿਨੀ ਨੇ ਜਿੱਤੀ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ

 ਜਿਲ੍ਹਾ ਬਰਨਾਲਾ ਚੋਂ ਸੈਂਕੜੇ ਕਿਸਾਨ 13 ਨੂੰ ਦਿੱਲੀ ਲਈ ਹੋਣਗੇ ਰਵਾਨਾ -ਨਿਰਭੈ ਸਿੰਘ ਛੀਨੀਵਾਲ
ਬਰਨਾਲਾ 10 ਮਾਰਚ(ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦੁਆਰਾ ਕਾਲਾ ਮਾਹਿਰ ਸਾਹਿਬ ਬਰਨਾਲਾ ਵਿਖੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਅਤੇ ਜਨਰਲ ਸਕੱਤਰ ਨਗਿੰਦਰ ਸਿੰਘ ਬਬਲਾ ਰਾਏਸਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜ਼ਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਤੇ ਵਰਕਰਾਂ ਨੇ ਸਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ  ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਦਿੱਲੀ ਵਿਖੇ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਉਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਬਰਨਾਲਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਰੇਲ ਗੱਡੀ ਰਾਹੀਂ 13 ਤਰੀਕ ਨੂੰ ਬਰਨਾਲਾ ਦੇ ਸਟੇਸ਼ਨ ਤੋਂ ਰਵਾਨਾ ਹੋਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਅੰਨੇਵਾਹ ਫਾਇਰਿੰਗ ਕਰਕੇ ਜਖਮੀ ਕਰ ਦਿੱਤੇ ਸਨ ਅਤੇ ਸ਼ੁਭਕਰਨ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਕਿਸਾਨਾਂ ਦੇ ਸਿਰ ਚੜਿਆ ਕਰਜਾ ਮਾਫ ਕੀਤਾ ਜਾਵੇ।
ਮੀਟਿੰਗ ਵਿੱਚ ਕਿਸਾਨ ਆਗੂ ਸਾਧੂ ਸਿੰਘ ਛੀਨੀਵਾਲ, ਗੁਰਬਚਨ ਸਿੰਘ,ਜਗਰੂਪ ਸਿੰਘ ਠੀਕਰੀਵਾਲ ,ਬਲਦੇਵ ਸਿੰਘ ,ਕਰਤਾਰ ਸਿੰਘ ਛੀਨੀਵਾਲ ਕਲਾਂ, ਗੋਰਾ ਸਿੰਘ, ਕਰਨੈਲ ਸਿੰਘ ਕੁਰੜ, ਜਰਨੈਲ ਸਿੰਘ ਕਰੜ, ਸਿਮਰਨ ਸਿੰਘ ਮਾਨ ਬੀਹਲਾ, ਰੁਪਿੰਦਰ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਇਕਬਾਲ ਸਿੰਘ, ਕੁਲਵਿੰਦਰ ਸਿੰਘ ਬੀਹਲਾ ਖੁਰਦ, ਪ੍ਰਧਾਨ ਗੋਰਾ ਸਿੰਘ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਸੁਖਚੈਨ ਸਿੰਘ ਗਹਿਲ ਆਦਿ ਹਾਜਰ ਸਨ।

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ’ਚ ਗ੍ਰੈਂਡ ਬੇਬੀ ਸੌਅ ਅਤੇ ਗੇਮਸ ਗਾਲਾ ਯਾਦਗਾਰੀ ਹੋ ਨਿੱਬੜਿਆ

ਮੁੱਲਾਂਪੁਰ ਦਾਖਾ 10 ਮਾਰਚ (ਸਤਵਿੰਦਰ ਸਿੰਘ ਗਿੱਲ)  ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਗ੍ਰੈਂਡ ਬੇਬੀ ਸੌਅ ਅਤੇ ਗੇਮਸ ਗਾਲਾ ਦਾ ਆਯੋਜਨ ਕਰਵਾਇਆ।  ਜਿਸ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਲਈ ਬਹੁਤ ਗੇਮਾਂ ਤਿਆਰ ਕੀਤੀਆਂ ਗਈਆਂ ਸਨ। ਜਿਨਾਂ ਦਾ ਮਾਪੇ ਅਤੇ ਬੱਚਿਆਂ ਨੇ ਪੂਰਾ ਪੂਰਾ ਆਨੰਦ ਲਿਆ। 
           ਇਸ ਮੌਕੇ ਔਰਤਾ ਵੱਲੋਂ ਇਸ ਰੈਪ ਵਾਕ ਵਿੱਚ ਭਾਗ ਲਿਆ। ਕੁਇੰਜ, ਲੇਖ ਰਚਨਾ, ਰੈਂਪ ਵਾਕ,ਆਰਟ ਮਾਨੀਆਂ,ਇਨਡੋਰ ਗੇਮਜ, ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਰਹਿਣ ਵਾਲੇ ਬੱਚਿਆਂ  ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਕੁਇੰਜ ਗਰੁੱਪ (ਸੀ) ਅਮਰਜੋਤ ਸਿੰਘ, ਅਨੁਰੀਤ ਕੌਰ, ਜਸਕੀਰਤ ਸਿੰਘ, ਗਰੁੱਪ (ਡੀ) ਮਹਿਰੀਨ ਕੌਰ ਗੁਰਵੀਰ, ਪਰਨੀਤ ਗਰੁੱਪ (ਈ) ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਆਰਟ ਮਾਨੀਆਂ, ਵਿੱਚ ਤਹਿਜੀਬ, ਨੂਰਪ੍ਰੀਤ, ਗੁਰਕੀਰਤ ਸਿੰਘ, ਗੁਰਨੂਰ ਸਿੰਘ, ਰਜਨੀ ਬਾਲਾ,ਫ਼ਨ ਗੇਮਜ ਵਿੱਚ ਪਰਵਾਜ਼, ਜੁਆਨ ਅਰੋੜਾ, ਏਕਮ ਸਿੰਘ, ਤੇਜ ਪ੍ਰਤਾਪ ਸਿੰਘ, ਜਸਪ੍ਰੀਤ ਕੌਰ, ਹਰਸਿਮਰ ਸਿੰਘ, ਇੰਨਡੋਰ ਗੇਮਸ ਵਿੱਚ ਸਿਮਰਪ੍ਰੀਤ, ਅੰਮ੍ਰਿਤ ਕੁਮਾਰ, ਹਰਦੀਪ, ਗੁਰਪ੍ਰੀਤ, ਗੁਰਿੰਦਰ, ਗਗਨਦੀਪ, ਰੁਪਿੰਦਰ ਕੌਰ, ਜਸਪ੍ਰੀਤ ਸਿੰਘ, ਰਵਿੰਦਰ ਕੌਰ, ਗੁਰਦੀਪ ਸਿੰਘ, ਦਮਨਦੀਪ ਸਿੰਘ ਅੰਤਰਜੋਤ ਸਿੰਘ , ਸਾਹਿਬ ਜੋਤ ਸਿੰਘ, ਚਾਹਲ ਅਭੀ ਰਾਜ ਸਿੰਘ, ਦਿਸ਼ਾਂਤ ਚਾਡਲਾ, ਨਵਜੋਤ ਸਿੰਘ ,ਮਹਿਤਾਬ ਸਿੰਘ, ਫਲਏਮਲਇਸ ਕੁਕਿੰਗ ਵਿੱਚ: ਵੀਰ ਪ੍ਰਤਾਪ ਸਿੰਘ, ਰੋਜੀ (ਗੋਲਡਨ ਕਿੰਡਜ),ਜਸਨੀਤ ਕੌਰ ,ਜਸਕਰਨ,ਲੇਖ ਰਚਨਾ ਵਿੱਚੋਂ  ਗਰੁੱਪ (ਪਹਿਲੀ ਤੋਂ ਤੀਸਰੀ)  ਪ੍ਰਭ ਸਿਮਰਨ, ਸਹਿਜਪ੍ਰੀਤ ਕੌਰ, ਗਰੁੱਪ (ਚੌਥੀ ਪੰਜਵੀਂ) ਮਹਿਰੀਨ ਕੌਰ, ਏਕਮਪ੍ਰੀਤ ਕੌਰ,ਗਰੁੱਪ (ਮਾਤਾ -ਪਿਤਾ) ਧਰਮਿੰਦਰ ਸਿੰਘ ,ਰੋਜੀ (ਗੋਲਡਨ ਕਿੰਡਜ ),ਮਨਜਿੰਦਰ ਸਿੰਘ, ਨੂੰ ਲੇਖ ਰਚਨਾ ਵਿੱਚੋਂ ਐਵਾਰਡ ਦਿੱਤਾ ਤੇ  ਔਰਤਾਂ ਨੂੰੰ ਸਪੈਸ਼ਲ ਐਵਾਰਡ ਾਂ ਨਾਲ ਵੀ ਸਨਮਾਨਿਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਕੁਨਾਲ ਕੁਮਾਰ ਰਲਹਨ, (ਕਿ੍ਰਸ਼ਨਾ ਨਿੱਟ ਵੀਅਰ) ਵਿਸ਼ੇਸ ਮਹਿਮਾਨ ਗੁਰਦਿਆਲ ਸਿੰਘ ਕੈਨੇਡਾ, ਰਾਹੁਲ ਦੁਆ ਲੁਧਿਆਣਾ ਉਚੇਚੇ ਤੌਰ  ਤੇ ਸ਼ਾਮਲ ਹੋਏ ਸਨ।  ਚੇਅਰਮੈਨ ਬਲਦੇਵ ਕਿ੍ਰਸ਼ਨ ਅਰੋੜਾ ਤੇ ਪਿ੍ਰੰਸੀਪਲ ਮਨਪ੍ਰੀਤ ਕੌਰ ਨੇ ਦੱਸਿਆਂ ਕਿ ਇਹ ਗੈ੍ਰਡ ਬੇਬੀ ਸੌਅ ਹਰੇਕ ਸਾਲ ਮਨਾਇਆ ਜਾਵੇਗਾ। ਜਿਸ ਵਿੱਚ ਸਕੂਲ ਦੇ 3 ਸਾਲ ਤੋਂ 12 ਸਾਲ ਦੇ ਬੱਚੇ ਭਾਗ ਲਿਆ ਕਰਨਗੇ। ਇਸ ਮੌਕੇ ਪ੍ਰਧਾਨ ਡ: ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਡਾਇਰੈਕਟਰ ਨੀਤੂ ਅਰੋੜਾ, ਸੁਰੇਸ਼ ਰਾਣੀ ਹਰਪ੍ਰੀਤ ਕੌਰ ਵਿਰਕ ਕੈਨੇਡਾ ਨਿਵਾਸੀ ਵੀ ਉਚੇਚੇ ਤੌਰ ਤੇ ਮੌਜੂਦ ਸਨ।

ਸ਼ਰਾਬੀ ਟਰੱਕ ਡਰਾਇਵਰ ਦੀ ਲਾਪਰਵਾਹੀ ਨੇ ਮਾਸੂਮ ਬੱਚਿਆਂ ਨੂੰ ਕੀਤਾ ਮਾਂ-ਪਿਉ ਤੋਂ ਵਾਂਝੇ

ਟਰੱਕ ਡਰਾਇਵਰ ਨੇ ਗਲਤ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਦੋਵਾਂ ਦੀ ਹੋਈ ਦਰਦਨਾਕ ਮੌਤ
ਨਸ਼ੇ ’ਚ ਧੁੱਤ ਡਰਾਇਵਰ ਨੂੰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ
ਲਾਸਾਂ ਸੜਕ ਵਿਚਾਲੇ ਰੱਖ ਲੋਕਾਂ ਨੇ ਡਰਾਇਵਰ ਤੇ ਗੱਡੀ ਮਾਲਕ ਖਿਲਾਫ ਕੀਤੀ ਕਾਰਵਾਈ ਦੀ ਮੰਗ
ਮੁੱਲਾਂਪੁਰ ਦਾਖਾ 10 ਮਾਰਚ (ਸਤਵਿੰਦਰ ਸਿੰਘ ਗਿੱਲ)  ਥਾਣਾ ਦਾਖਾ ਅਧੀਂਨ ਪੈਂਦੇ ਪਿੰਡ ਭੱਠਾਧੂਹਾ ਲਾਗੇ ਲੁਧਿਆਣਾ-ਸਿੱਧਵਾ ਬੇਟ ਰੋਡ ’ਤੇ ਜੰਮੂ ਕੱਟੜਾ ਹਾਈਵੇ ਦੇ ਨਿਰਮਾਣ ਅਧੀਨ ਪੁਲ ਥੱਲੇ ਇੱਕ ਟਰੱਕ ਡਰਾਇਵਰ ਨੇ ਧਾਰਮਿਕ ਸਥਾਨ ਤੇ ਜਾ ਰਹੇ ਬੁਲਟ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਗਲਤ ਸਾਈਡ ਜਾ ਕੇ ਜਬਰਦਸਤ ਟੱਕਰ ਮਾਰ ਦਿੱਤੀ, ਸਿੱਟੇ ਵਜੋਂ ਦੋਵਾਂ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ। ਘਟਨਾਂ ਸਥਾਨ ਤੋਂ ਡਰਾਇਵਰ ਫਰਾਰ ਹੋ ਗਿਆ, ਜਿਸਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਮਿ੍ਰਤਕ ਪਤੀ-ਪਤਨੀ ਦੀ ਪਛਾਣ ਲਾਗਲੇ ਪਿੰਡ ਚੰਗਣ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ ਪੱਪੂ (34) ਅਤੇ ਮਨਦੀਪ ਕੌਰ (32) ਵਜੋਂ ਹੋਈ। ਇਲਾਕੇ ਦੇ ਲੋਕਾਂ ਨੇ ਸੜਕ ਵਿਚਾਲੇ ਲਾਸਾਂ ਰੱਖਕੇ ਡਰਾਇਵਰ ਤੇ ਗੱਡੀ ਦੇ ਮਾਲਕ ਖਿਲਾਫ ਬਣਦੀ ਕਾਰਵਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਆਪਣੇ ਪਿੱਛੇ ਬਜੁਰਗ ਮਾਤਾ ਤੇ ਨਿੱਕੇ-ਨਿੱਕੇ ਪੁੱਤ-ਧੀ ਛੱਡ ਗਏ ਹਨ।
             ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਰਾਜਿੰਦਰ ਸਿੰਘ ਪੁੱਤਰ ਲੇਟ ਸੋਹਣ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਕ ਧਾਰਮਿਕ ਸਥਾਨ ’ਤੇ ਜਾ ਰਹੇ ਸਨ, ਉਸਦਾ ਛੋਟਾ ਭਾਈ ਪ੍ਰਦੀਪ ਸਿੰਘ ਤੇ ਉਸਦੀ ਪਤਨੀ ਆਪਣੇ ਬੁਲਟ ਮੋਟਸਾਈਕਲ ਪੀਬੀ 10 ਐੱਚ.ਪੀ 1617 ’ਤੇ ਸਵਾਰ ਸਨ ਜਦੋਂ ਕਿ ਉਹ ਤੇ ਬੱਚੇ ਆਪਣੀ ਕਾਰ ਵਿੱਚ ਜਾ ਰਹੇ ਸਨ। ਉਸਦਾ ਭਰਾ-ਭਰਜਾਈ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਓਵਰ ਸਪੀਡ ਇੱਕ ਟਰੱਕ ਨੰਬਰ ਪੀ.ਬੀ 12 ਬੀ 1021 ਵੱਲੋਂ ਗਲਤ ਸਾਈਡ ਤੋਂ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਭਰਾ-ਭਰਜਾਈ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ। ਘਟਨਾਂ ਸਥਾਨ ਤੇ ਇਕੱਤਰ ਲੋਕਾਂ ਵੱਲੋ ਟਰੱਕ ਚਾਲਕ ਨੂੰ ਮੌਕੇ ਤੇ ਹੀ ਕਾਬੂ ਕੀਤਾ। ਜਿਹੜਾ ਕਿ ਸ਼ਰਾਬ ਦੇ ਨਸੇ ਵਿੱਚ ਪੂਰਾ ਧੁੱਤ ਸੀ ਜਿਸਦੀ ਪਛਾਣ ਸੂਰਤ ਸਿੰਘ ਵਾਸੀ ਪੁੜੈਣ ਵਜੋਂ ਦੱਸੀ ਜਾ ਰਹੀ ਹੈ। ਟਰੱਕ ਵੀ ਕਿਸੇ ਮੁੱਲਾਂਪਰ ਦੇ ਉੱਘੇ ਸ਼ੈੱੰਲਰ ਵਪਾਰੀ ਦਾ ਦੱਸਿਆ ਜਾ ਰਿਹਾ ਹੈ। 
        ਘਟਨਾ ਸਥਾਨ ਤੇ ਪੁੱਜੇ ਪੁਲਸ ਥਾਣਾ ਦਾਖਾ ਦੇ ਐੱਸ.ਐੱਚ.ਓ ਜਸਵੀਰ ਸਿੰਘ ਤੂਰ ਦੀ ਪੁਲਸ ਪਾਰਟੀ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈਂਦਿਆਂ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਤੇ ਦੱਸਿਆ ਕਿ ਉਨ੍ਹਾ ਵੱਲੋਂ ਟਰੱਕ ਡਰਾਇਵਰ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਵਿਰੁੱਧ ਸਖਤ ਧਰਾਵਾਂ ਹੇਠ ਕਾਰਵਾਈ ਕੀਤੀ ਜਾ ਰਹੀ ਹੈ । ਪਰ ਇਕੱਤਰ ਇਲਾਕੇ ਦੇ ਲੋਕਾਂ ਵੱਲੋਂ ਮੁੱਖ ਸੜਕ ’ਤੇ ਲਾਸਾਂ ਰੱਖ ਕੇ ਧਰਨਾ ਲਗਾ ਦਿੱਤਾ ਤੇ ਹਾਦਸੇ ਲਈ ਦੋਸ਼ੀ ਟਰੱਕ ਡਰਾਇਵਰ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। 
        ਮੌਕੇ ਤੇ ਇਕੱਤਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ, ਸਾਬਕਾ ਸਰਪੰਚ ਮਨਜੀਤ ਸਿੰਘ ਚੰਗਣ, ਪੰਚ ਜਗਮਿੰਦਰ ਸਿੰਘ ਜੱਗਾ, ਦਰਬਾਰਾ ਸਿੰਘ, ਮਾ.ਮੱਘਰ ਸਿੰਘ, ਗੁਲਜਾਰ ਸਿੰਘ ਗੁਲਸ਼ਨ, ਕਿਸਾਨ ਆਗੂ ਸੁਖਵਿੰਦਰ ਸਿੰਘ ਮਾਗਟ, ਪ੍ਰਧਾਨ ਹਾਕਮ ਸਿੰਘ ਭੱਟੀਆਂ, ਹਾਕਮ ਸਿੰਘ ਚੰਗਣਾ, ਸੱਤਾਧਾਰੀ ਪਾਰਟੀ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਦਾਖਾ ਸਮੇਤ ਹੋਰ ਇਕੱਤਰ ਇਲਾਕਾ  ਵਾਸੀ ਵੱਡੀ ਤਾਦਾਦ ਵਿੱਚ ਹਾਜਰ ਸਨ।

ਐੱਮ.ਪੀ ਬਿੱਟੂ ਨੇ ਪਿੰਡ ਸਵੱਦੀ ਕਲਾਂ ’ਚ ਸੀਸੀਟੀਵੀ ਕੈਮਰਿਆਂ ਦੀ ਸ਼ੁਰੂਆਤ ਕੀਤੀ

ਮੁੱਲਾਂਪੁਰ ਦਾਖਾ 10 ਮਾਰਚ (ਸਤਵਿੰਦਰ ਸਿੰਘ ਗਿੱਲ)  ਹਲਕਾ ਦਾਖਾ ਦੇ ਨਾਮਵਰ ਨਗਰ ਸਵੱਦੀ ਕਲਾਂ ਵਿਖੇ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਅੱਜ  ਪਿੰਡ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਵਾਉਣ ਦੀ ਸ਼ੁਰੂਆਤ ਕੀਤੀ। ਐਮ ਪੀ ਬਿੱਟੂ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਅਤੇ ਗੈਂਗਸਟਰਾਂ ਸਮੇਤ ਨਸ਼ੇੜੀ ਕਿਸਮ ਦੇ ਲੋਕਾਂ ਨੂੰ ਨੱਥ ਪਾਉਣ ਵਾਸਤੇ ਤੇ ਰਾਤ ਨੂੰ ਵਾਰਦਾਤ ਕਰਕੇ ਸੜਕ ਰਾਹੀਂ ਭੱਜਣ ਵਾਲੇ ਲੋਕਾਂ ਨੂੰ ਫੜਨ ਵਾਸਤੇ ਉਹਨਾਂ ਵਲੋਂ ਅੱਜ ਵੱਡੀ ਗਿਣਤੀ ਪਿੰਡਾਂ ਚ ਕੈਮਰੇ ਲਗਾਏ ਜਾ ਰਹੇ ਹਨ।  ਜਿਸ ਕੜੀ ਤਹਿਤ ਉਨ੍ਹਾਂ ਵੱਲੋਂ 8 ਸੀਸੀਟੀਵੀ ਕੈਮਰੇ ਲਗਾਏ ਗਏ ਹਨ।                          
          ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਵੀ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆ ਕਿਹਾ ਕਿ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਸਹੁਰਾ ਪਿੰਡ ਹੈ।  ਇੱਥੋਂ ਦੇ ਲੋਕ ਹਰ ਇਕ ਚੋਣ ਵਿੱਚ ਖੁਲ੍ਹਕੇ ਹਮਾਇਤ ਕਰਦੇ ਹਨ। ਮੇਜਰ ਸਿੰਘ ਮੁੱਲਾਂਪੁਰ ਪ੍ਰਧਾਨ ਲੁਧਿਆਣਾ ਦਿਹਾਤੀ ਨੇ ਵੀ ਇਹਨਾ ਕੈਮਰਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਹੁਣ ਵਾਰਦਾਤ ਕਰਕੇ ਭੱਜਣ ਵਾਲੇ ਇਹਨਾ ਗਲਤ ਅਨਸਰਾਂ ਨੂੰ ਜਲਦ ਪੁਲਸ ਫਰਗ ਲਿਆ ਕਰੇਗੀ। 
         ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ ਨੇ ਰਵਨੀਤ ਬਿੱਟੂ ਨੂੰ ਜੀ ਆਇਆਂ ਆਖਿਆ ਤੇ ਦਸਿਆ ਕਿ ਲੁਧਿਆਣਾ ਲੋਕ ਸਭਾ ਹਲਕੇ ਦੇ ਸਭ ਤੋਂ ਵੱਧ ਕੈਮਰੇ ਹਲਕਾ ਦਾਖਾ ਨੂੰ ਮਿਲੇ ਹਨ ਜਿਸ ਕਰਕੇ ਉਹ ਐਮ,ਪੀ ਬਿੱਟੂ ਦਾ ਧੰਨਵਾਦ ਕਰਦੇ ਹਨ। ਸਮਾਗਮ ਦੌਰਾਨ ਸਰਪੰਚ ਲਾਲ ਸਿੰਘ, ਸਰਪੰਚ ਦਲਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਜਗਦੀਪ ਸਿੰਘ ਜੱਗਾ ਗਿੱਲ ਸਵੱਦੀ ਕਲਾਂ, ਹਰਮਿੰਦਰਪਾਲ ਸਿੰਘ ਬਿੱਟੂ ਸਵੱਦੀ ਕਲਾਂ, ਸੁਖਮੰਦਰ ਸਿੰਘ ਜੱਗਾ, ਗੁਰਸੇਵਕ ਸਿੰਘ ਸੋਨੀ ਸਿੱਧੂ, ਗੁਰਵਿੰਦਰ ਸਿੰਘ ਤੂਰ ਤੇ ਪ੍ਰਧਾਨ ਬੂਟਾ ਸਿੰਘ ਅਦਿ ਨੇ ਸਵੱਦੀ ਕਲਾਂ ਨਗਰ ਵਲੋਂ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਦਾ ਵਿਸ਼ੇਸ਼ ਸਨਮਾਨ ਕੀਤਾ।

ਡਾ.ਅੰਬੇਡਕਰ ਚੌਕ ਜਗਰਾਉਂ ਵਿਖੇ ਭਾਰਤ ਦੀ ਪਹਿਲੀ ਅਧਿਆਪਕਾ

ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
ਜਗਰਾਉ / ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ  ਲੀਲਾਂ ) ਭਾਰਤ ਦੀ ਪਹਿਲੀ ਅਧਿਆਪਕਾ ਨੂੰ ਯਾਦ ਕੀਤਾ ਗਿਆ। ਮਹਾਂਰਾਸ਼ਟਰ ਦੇ ਮਹਾਨ ਕਰਾਂਤੀਕਾਰੀ ਸਮਾਜ ਸੁਧਾਰਕ ਮਹਾਤਮਾ ਜੋਤੀਬਾ ਫੂਲੇ ਦੀ ਪਤਨੀ ਨੇ ਆਪਣੇ ਪਤੀ ਨਾਲ ਰਲ਼ ਕੇ ਔਰਤਾਂ ਅਤੇ ਕਿਸਾਨਾਂ ਮਜਦੂਰਾਂ ਲਈ 1848ਈ:ਵਿੱਚ ਪਹਿਲਾ ਸਕੂਲ ਖੋਲ੍ਹਿਆ। ਫੇਰ ਇੱਕ ਤੋਂ ਬਾਅਦ ਇੱਕ ਅਨੇਕਾਂ ਸਕੂਲ ਖੋਲ੍ਹੇ ਅਤੇ ਗੁਲਾਮ ਅਨਪੜ੍ਹ ਬਹੁਜਨ ਸਮਾਜ ਵਿੱਚ ਸਿੱਖਿਆ ਦੀ ਲਹਿਰ ਪੈਦਾ ਕੀਤੀ।
ਇਹਨਾਂ ਦਾ ਜਨਮ 3 ਜਨਵਰੀ1831ਈ: ਨੂੰ ਮਹਾਂਰਾਸ਼ਟਰ ਵਿੱਚ ਹੋਇਆ ਅਤੇ ਦਿਹਾਂਤ 10 ਮਾਰਚ 1897 ਈ: ਵਿੱਚ ਸਮਾਜ ਸੇਵਾ ਅਤੇ ਸਿੱਖਿਆ ਦੀ ਜੋਤ ਜਗਾਉਂਦਿਆਂ ਹੋਇਆ। ਇਸ ਮਹਾਨ ਅਧਿਆਪਕਾ ਬਾਰੇ ਡਾ.ਸੁਰਜੀਤ ਸਿੰਘ ਦੌਧਰ ਜੀ ਨੇ,ਪ੍ਰਧਾਨ ਅਮਰਜੀਤ ਸਿੰਘ ਚੀਮਾ,ਮਾ.ਰਣਜੀਤ ਸਿੰਘ ਹਠੂਰ ਅਤੇ ਡਾ.ਜਸਵੀਰ ਸਿੰਘ ਨੇ ਜਾਣਕਾਰੀ ਦਿੱਤੀ। ਅਤੇ ਉਹਨਾਂ ਨੂੰ ਸ਼ਰਧਾਪੂਰਵਕ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ,ਸ ਘੁਮੰਡਾ ਸਿੰਘ,ਸ ਸੁਰਿੰਦਰ ਸਿੰਘ ਢੋਲਣ,ਸਰਪੰਚ ਦਰਸ਼ਨ ਸਿੰਘ ਪੋਨਾ,ਤਰਸੇਮ ਸਿੰਘ ਅਲੀਗੜ੍ਹ, ਅਮਨਦੀਪ ਸਿੰਘ ਗੁੜ੍ਹੇ,ਮਾ.ਸ਼ਿੰਗਾਰਾ ਸਿੰਘ, ਮੈਨੇਜਰ ਬਲਵਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ, ਮਾ.ਜਗਸੀਰ ਸਿੰਘ ਹਠੂਰ,ਪ੍ਰਿੰਸੀਪਲ ਗੁਰਦੀਪ ਸਿੰਘ,ਸ ਮਹਿੰਦਰ ਬੀਏ, ਸ ਸੁਰਜੀਤ ਸਿੰਘ ਜਗਰਾਉਂ ਅਤੇ ਹਰਪ੍ਰੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ

ਡਿਪਟੀ ਕਮਿਸ਼ਨਰ ਵੱਲੋਂ ਲੋਧੀ ਕਲੱਬ ਦੇ ਮੈਂਬਰਾਂ ਲਈ ਫੂਡ ਐਪ, ਵਟਸਐਪ ਚੈਟਬੋਟ ਅਤੇ ਹੋਰ ਸਹੂਲਤਾਂ ਦੀ ਸ਼ੁਰੂਆਤ

ਲੁਧਿਆਣਾ, 10 ਮਾਰਚ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੋਧੀ ਕਲੱਬ ਦੇ ਮੈਂਬਰਾਂ ਲਈ ਫੂਡ ਆਰਡਰਿੰਗ ਐਪ, ਵਟਸਐਪ ਚੈਟਬੋਟ ਅਤੇ ਕੁਝ ਹੋਰ ਸੁਵਿਧਾਵਾਂ ਲਾਂਚ ਕੀਤੀਆਂ।

ਡਿਪਟੀ ਕਮਿਸ਼ਨਰ ਸਾਹਨੀ ਜੋ ਕਿ ਕਲੱਬ ਦੇ ਪ੍ਰਧਾਨ ਵੀ ਹਨ, ਵੱਲੋਂ ਸਥਾਨਕ ਲੋਧੀ ਕਲੱਬ ਵਿਖੇ ਆਯੋਜਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਜੀਵਨ ਸ਼ੈਲੀ ਪ੍ਰਦਰਸ਼ਨੀ ਨਾਲ ਹੋਈ ਜਿਸ ਤੋਂ ਬਾਅਦ ਵੱਖ-ਵੱਖ ਮਜ਼ੇਦਾਰ ਖੇਡਾਂ, ਬੰਪਰ ਕੈਸ਼ ਤੰਬੋਲਾ ਗੇਮਾਂ, ਸੰਗੀਤ ਅਤੇ ਹੋਰ ਬਹੁਤ ਕੁਝ ਸ਼ਾਮਲ ਕੀਤਾ ਗਿਆ। ਪਹਿਲੀਆਂ 200 ਔਰਤਾਂ ਲਈ ਵਿਸ਼ੇਸ਼ ਤੋਹਫ਼ੇ ਹਿਆਵ ਸੈਲੂਨ ਅਤੇ ਐਸਥੈਟਿਕ ਸੈਂਟਰ ਦੁਆਰਾ ਸਪਾਂਸਰ ਕੀਤੇ ਗਏ ਸਨ। ਇਸ ਤੋਂ ਇਲਾਵਾ ਲੱਕ ਡਰਾਅ ਲਈ ਵਿਸ਼ੇਸ਼ ਤੋਹਫ਼ੇ ਈਵੋਕ ਅਤੇ ਫੋਰੈਸਟ ਫਾਰਮਜ਼ ਦੁਆਰਾ ਸਪਾਂਸਰ ਕੀਤੇ ਗਏ ਸਨ।

ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਮੈਂਬਰਾਂ ਦੀ ਸਹੂਲਤ ਲਈ ਇੱਕ ਫੂਡ ਐਪ, ਸਮਾਗਮਾਂ ਸਬੰਧੀ ਅਤੇ ਹੋਰ ਜਾਣਕਾਰੀ ਸਾਂਝੀ ਕਰਨ ਲਈ ਵਟਸਐਪ ਚੈਟਬੋਟ ਵੀ ਲਾਂਚ ਕੀਤਾ।
 
ਇਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਕਲੱਬ ਦੇ ਲਗਭਗ 1000 ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਸਮਾਗਮ ਦਾ ਆਨੰਦ ਮਾਣਿਆ। ਕਲੱਬ ਦੀ ਮੈਨੇਜਮੈਂਟ ਨੇ ਜੇਤੂਆਂ ਅਤੇ ਪ੍ਰਤੀਯੋਗੀਆਂ ਨੂੰ ਤੋਹਫੇ ਦਿੱਤੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ, ਐਸ.ਡੀ.ਐਮਜ਼ ਵਿਕਾਸ ਹੀਰਾ, ਦੀਪਕ ਭਾਟੀਆ, ਗੁਰਬੀਰ ਸਿੰਘ ਕੋਹਲੀ, ਸਹਾਇਕ ਕਮਿਸ਼ਨਰ (ਜਨਰਲ) ਉਪਿੰਦਰਜੀਤ ਕੌਰ ਬਰਾੜ ਵੀ ਮੌਜੂਦ ਸਨ।

ਇਸ ਮੌਕੇ ਮੀਤ ਪ੍ਰਧਾਨ ਡਾ. ਸਰਜੂ ਰਲਹਨ, ਜਨਰਲ ਸਕੱਤਰ ਸੀ.ਏ. ਨਿਤਿਨ ਮਹਾਜਨ, ਸੱਭਿਆਚਾਰਕ ਸਕੱਤਰ ਨਿਸ਼ਿਤ ਸਿੰਘਾਨੀਆ, ਖੇਡ ਸਕੱਤਰ ਰਾਮ ਸ਼ਰਮਾ, ਮੈੱਸ ਸਕੱਤਰ ਹਰਿੰਦਰ ਸਿੰਘ, ਜੋਤੀ ਗਰੋਵਰ, ਕਾਰਜਕਾਰਨੀ ਮੈਂਬਰ ਰਾਜੀਵ ਗੁਪਤਾ ਅਤੇ ਮਹਿਲਾ ਕਾਰਜਕਾਰਨੀ ਮੈਂਬਰ ਰਿਤੂ ਚੰਦਨਾ ਤੇ ਹੋਰ ਵੀ ਮੌਜੂਦ ਸਨ।

ਲੁਧਿਆਣਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ - ਬੱਗਾ

ਲੁਧਿਆਣਾ, 10 ਮਾਰਚ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 84 ਅਧੀਨ ਆਰਿਆ ਮੁਹੱਲਾ ਵਿਖੇ ਪਾਣੀ, ਸੀਵਰੇਜ ਅਤੇ ਸੜਕ ਨਿਰਮਾਣ ਕਾਰਜ਼ਾਂ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਮਾਤਾ ਵਿਪਨਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ 'ਆਪ' ਟੀਮ ਵੀ ਮੌਜੂਦ ਸੀ।

ਵਿਧਾਇਕ ਬੱਗਾ ਨੇ ਦੱਸਿਆ ਕਿ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਪਾਣੀ/ਸੀਵਰ ਪਾਈਪ ਲਾਈਨ ਅਤੇ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇੱਥੇ ਕੰਮ ਕਰਨ ਵਾਲੀ ਏਜੰਸੀ ਦੇ ਕੰਮਕਾਜ ਤੇ ਤਿੱਖੀ ਨਜ਼ਰ ਰੱਖਣ ਤਾਂ ਜੋ ਕੰਮ ਦੀ ਗੁਣਵੱਤਾ ਦੇ ਮਿਆਰ ਵਿੱਚ ਕਮੀ ਨਾ ਆਵੇ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਉਲੀਕੇ ਗਏ ਹਨ ਅਤੇ ਸ਼ਹਿਰ ਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।