You are here

ਲੁਧਿਆਣਾ

ਵਿਦਿਆਰਥੀਆਂ ਨੂੰ ਇੰਟਰਵਿਊ ਦੀ ਤਿਆਰੀ ਦੇ ਗੁਰ ਦੱਸੇ

ਲੁਧਿਆਣਾ, 6 ਮਾਰਚ(ਟੀ. ਕੇ.) 

ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਇੰਟਰਵਿਊ ਦੀ ਤਿਆਰੀ ਅਤੇ ਵਿਵਰਣ ਪੱਤਰ ਤਿਆਰ ਕਰਨ ਸੰਬੰਧੀ ਯੂ ਜੀ ਅਤੇ ਪੀ ਜੀ ਵਿਦਿਆਰਥੀਆਂ ਲਈ ਇਕ ਕਾਰਜਸ਼ਾਲਾ ਕਰਵਾਈ| ਇਹ ਵਰਕਸ਼ਾਪ ਭਾਰਤ ਵਿਚ ਉੱਚ ਖੇਤੀ ਸਿੱਖਿਆ ਦੇ ਵਿਕਾਸ ਅਤੇ ਮਜ਼ਬੂਤੀ ਯੋਜਨਾ ਅਧੀਨ ਕਰਵਾਈ ਗਈ| ਇਸਦਾ ਉਦੇਸ਼ ਖੇਤੀ ਖੇਤਰ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਲਈ ਤਿਆਰ ਕਰਨਾ ਸੀ|

ਮੁੱਖ ਵਕਤਾ ਦੇ ਤੌਰ ਤੇ ਖੇਤੀ ਪੱਤਰਕਾਰੀ, ਭਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਅਧਿਆਪਕ ਡਾ. ਰਣਜੀਤ ਕੌਰ ਨੇ ਇੰਟਰਵਿਊ ਦੀ ਤਿਆਰੀ ਦੇ ਵੱਖ-ਵੱਖ ਪੱਖਾਂ ਤੇ ਚਾਨਣਾ ਪਾਇਆ| ਉਹਨਾਂ ਨੇ ਇੰਟਰਵਿਊ ਤੋਂ ਪਹਿਲਾਂ ਅਤੇ ਇੰਟਰਵਿਊ ਦੇ ਦੌਰਾਨ ਧਿਆਨ ਰੱਖਣ ਯੋਗ ਨੁਕਤੇ ਵਿਚਾਰੇ| ਇਸ ਤੋਂ ਇਲਾਵਾ ਉਹਨਾਂ ਨੇ ਉਮੀਦਵਾਰ ਦੀ ਸਰੀਰਕ ਭਾਸ਼ਾ, ਮੁਹਾਵਰਾ, ਆਤਮ ਵਿਸ਼ਵਾਸ਼, ਬੈਠਣ ਦੇ ਢੰਗ ਆਦਿ ਬਾਰੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ| ਉਹਨਾਂ ਇਹ ਦੱਸਿਆ ਕਿ ਇੰਟਰਵਿਊ ਤੋਂ ਬਾਅਦ ਸਵੈ ਪੜਚੋਲ ਲਈ ਕੀ ਕੀ ਤਰੀਕੇ ਅਪਨਾਉਣੇ ਚਾਹੀਦੇ ਹਨ| ਇਸੇ ਵਿਭਾਗ ਦੇ ਅਧਿਆਪਕ ਕੁਮਾਰੀ ਹਿਨਾ ਗੋਇਲ ਨੇ ਬਾਇਓਡਾਟਾ ਤਿਆਰ ਕਰਨ ਬਾਰੇ ਦੱਸਿਆ| ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਛੋਟੀ ਤੋਂ ਛੋਟੀ ਜਾਣਕਾਰੀ ਨੂੰ ਵੀ ਸਾਰਥਕ ਤੌਰ ਤੇ ਪੇਸ਼ ਕਰਨ ਦੇ ਨਾਲ-ਨਾਲ ਅਕਾਦਮਿਕ, ਖੋਜ ਅਤੇ ਕਮਿਊਨਟੀ ਵਿਕਾਸ ਸੰਬੰਧੀ ਸਮਰੱਥਾ ਨੂੰ ਅੰਕਿਤ ਕੀਤਾ ਜਾਣਾ ਚਾਹੀਦਾ ਹੈ|

ਅੰਤ ਵਿਚ ਵਰਕਸ਼ਾਪ ਦੇ ਕੁਆਰਡੀਨੇਟਰ ਡਾ. ਪ੍ਰੀਤੀ ਸ਼ਰਮਾ ਨੇ ਬੁਲਾਰਿਆ ਦਾ ਧੰਨਵਾਦ ਕੀਤਾ|

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 250 ਔਰਤਾਂ ਲਈ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਲਗਾਇਆ

ਲੁਧਿਆਣਾ, 6 ਮਾਰਚ (ਟੀ. ਕੇ. ) - ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦੇ ਹੋਏ, ਐਚ.ਡੀ.ਐਫ.ਸੀ. ਬੈਂਕ ਪਰਿਵਰਤਨ ਅਤੇ ਜੀ.ਟੀ. ਭਾਰਤ ਵੱਲੋਂ ਆਈ.ਸੀ.ਏ.ਆਰ-ਸਿਫੇਟ (ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜਨੀਅਰਿੰਗ ਐਂਡ ਟੈਕਨਾਲੋਜੀ) ਲੁਧਿਆਣਾ ਦੇ ਸਹਿਯੋਗ ਨਾਲ, ਲੁਧਿਆਣਾ ਅਤੇ ਨੇੜਲੇ ਪਿੰਡਾਂ ਦੀਆਂ 250 ਤੋਂ ਵੱਧ ਔਰਤਾਂ ਲਈ ਇੱਕ ਮਹੱਤਵਪੂਰਨ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। 

ਭਾਰਤ ਸਰਕਾਰ ਦੀ ਅਨੁਸੂਚਿਤ ਜਾਤੀ ਉਪ-ਯੋਜਨਾ (ਐਸ.ਸੀ.ਐਸ.ਪੀ.) ਤਹਿਤ ਇਸ ਪਹਿਲਕਦਮੀ ਦਾ ਉਦੇਸ਼ 'ਮੁੰਗਫਲੀ-ਅਧਾਰਤ ਡੇਅਰੀ ਐਨਾਲਾਗਸ' ਵਿੱਚ ਸਿਖਲਾਈ ਦੇ ਕੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਆਰਥਿਕ ਤੌਰ 'ਤੇ ਉੱਚਾ ਚੁੱਕਣਾ ਹੈ। ਇਸ ਮੌਕੇ ਆਈ.ਸੀ.ਏ.ਆਰ-ਸਿਫੇਟ ਦੁਆਰਾ ਹਰੇਕ ਲਾਭਪਾਤਰੀ ਨੂੰ ਸਪਰੇਅ ਪੰਪ ਵੀ ਵੰਡੇ ਗਏ।

ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ, ਮੁਖੀ, ਟੀ.ਓ.ਟੀ. ਡਵੀਜ਼ਨ, ਆਈ.ਸੀ.ਏ.ਆਰ-ਸਿਫੇਟ,ਲੁਧਿਆਣਾ ਰਣਜੀਤ ਸਿੰਘ ਅਤੇ ਡਾਇਰੈਕਟਰ, ਆਈ.ਸੀ.ਏ.ਆਰ-ਸਿਫੇਟ ਡਾੀ ਨਚੀਖੇਤ ਕੋਤਵਾਲੀਵਾਲੇ ਅਤੇ ਜੀ.ਟੀ.ਭਾਰਤ ਤੋਂ ਮੈਨੇਜਰ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ ਜਥੇਬੰਦੀ ਦੇ ਆਗੂਆਂ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ

ਲੁਧਿਆਣਾ, 6 ਮਾਰਚ (ਟੀ. ਕੇ.) ਆਲ ਇੰਡੀਆ ਆਸ਼ਾ ਵਰਕਰਜ ਅਤੇ ਫੈਸਿਲੀਟੇਟਰਜ ਯੂਨੀਅਨ ਪੰਜਾਬ ਏਟਕ ਮੁੱਖ ਦਫਤਰ 1680-22Bਚੰਡੀਗੜ੍ਹ ਦੀ ਸਟੇਟ ਕਮੇਟੀ ਦੀ ਮੀਟਿੰਗ ਸਿਹਤ ਮੰਤਰੀ ਡਾ :ਬਲਵੀਰ ਸਿੰਘ ਨਾਲ  ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਚਲਦੇ ਵਿਧਾਨ ਸਭਾ ਸ਼ੈਸ਼ਨ ਦੌੋਰਾਨ ਹੋਈ।ਇਸ ਮੌਕੇ ਸਿਹਤ ਮੰਤਰੀ ਵਲੋਂ ਚਲਦੇ ਸ਼ੈਸ਼ਨ ਨੂੰ ਛੱਡ ਕੇ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ ।ਮੀਟਿੰਗ ਦੌਰਾਨ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ ਦੀਆਂ ਮੰਗਾਂ ਉਪਰ ਖੁੱਲ੍ਹ ਕੇ ਵਿਚਾਰ ਚਰਚਾ ਹੋਈ ।ਇਸ ਮੌਕੇ ਕਾਮਰੇਡ  ਧਾਲੀਵਾਲ  ਨੇ ਸਿਹਤ ਮੰਤਰੀ  ਨੂੰ ਮੰਗਾਂ ਵਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਵਾਰੇ ਮੰਤਰੀ  ਨਾਲ ਗਿਲਾ ਵੀ ਜਾਹਿਰ ਕੀਤਾ ਗਿਆ । ਇਸ ਮੌਕੇ ਮੰਤਰੀ  ਨੇ ਆਸ਼ਾ ਵਰਕਰ ਅਤੇ ਫੈਸਿਲੀਟੇਟਰਜ ਦੀਆਂ ਕੁੱਝ ਮੰਗਾਂ  'ਤੇ ਸਹਿਮਤੀ ਪ੍ਰਗਟਾਈ ਅਤੇ ਉਨ੍ਹਾਂ ਮੰਗਾਂ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਵਰਕਰਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ,ਪ੍ਰਸੂਤਾ ਛੁੱਟੀ ਲਾਗੂ ਕਰਨ ,ਫੈਸਿਲੀਟੇਟਰਜ ਦੇ ਟੀ. ਏ./ ਡੀ. ਏ. ਵਿੱਚ ਵਾਧਾ ਕਰਨ ਅਤੇ ਸਰਕਾਰੀ ਸਮਾਰਟ ਫੋਨ ਦੇਣ ਸਬੰਧੀ   ਮੁੱਖ ਮੰਤਰੀ  ਭਗਵੰਤ ਮਾਨ  ਨਾਲ ਸਲਾਹ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਜਲਦੀ ਕਰ ਦਿੱਤਾ ਜਾਵੇਗਾ। ਇਸ ਮੌਕੇ ਸਟੇਟ ਜਥੇਬੰਦੀ ਵਿੱਚ ਸੂਬਾ ਪ੍ਰਧਾਨ ਅਮਰਜੀਤ ਕੌਰ ਰਣਸਿੰਘ ਵਾਲਾ, ਜਨਰਲ ਸਕੱਤਰ ਪੰਜਾਬ ਬਲਵੀਰ ਕੌਰ,ਸੀਨੀਅਰ ਵਾਈਸ ਪ੍ਰਧਾਨ ਦੁਰਗੋ ਬਾਈ ਫਾਜਿਲਕਾ,ਸੂਬਾ ਕੈਸ਼ੀਅਰ ਸੀਮਾ ਸੋਹਲ ਤਰਨਤਾਰਨ ਅਤੇ ਗੁਰਵੰਤ ਕੌਰ ਤਰਨਤਾਰਨ,ਗੁਰਦੇਵ ਕੌਰ ਫਾਜਿਲਕਾ,ਸਵਰਨ ਕੌਰ ਫਾਜਿਲਕਾ,ਜਸਪਾਲ ਕੌਰ ਜੈਤੋ,ਕ੍ਰਿਸ਼ਨਾ ਸ਼ਾਮਿਲ ਹੋਏ।ਇਸ ਮੌਕੇ ਜਨਰਲ ਸਕੱਤਰ ਪੰਜਾਬ ਬਲਵੀਰ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਕਾਮਰੇਡ  ਧਾਲੀਵਾਲ  ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ 2500 ਰੁਪਏ ਦੀ ਮੰਗ ਸਰਕਾਰ ਨੇ ਲਾਗੂ ਕੀਤੀ ਸੀ ।ਹੁਣ ਫਿਰ ਕਾਮਰੇਡ  ਦੀ ਅਗਵਾਈ ਵਿੱਚ ਕੁਝ ਮੰਗਾਂ  'ਤੇ ਸਰਕਾਰ ਨਾਲ ਸਹਿਮਤੀ ਬਣੀ ਹੈ।

ਮੁਫ਼ਤ ਦਿਵਿਆਂਗਜਨ ਉਪਕਰਣ ਵੰਡ ਸਮਾਗਮ ਹੋਇਆ

ਲੁਧਿਆਣਾ, 6 ਮਾਰਚ (ਟੀ. ਕੇ. ) -  ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ, ਦਿਵਿਆਂਗਜਨਾਂ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਵੱਖ-ਵੱਖ ਸਮਾਰੋਹ ਦੌਰਾਨ ਕਰੀਬ 461 ਬਣਾਉਟੀ ਅੰਗਾਂ ਦੀ ਵੰਡ ਕੀਤੀ ਗਈ।

 ਬਾਬਾ ਵਿਸ਼ਕਰਮਾ ਰਾਮਗੜੀਆ ਭਵਨ, ਜੀ.ਟੀ. ਰੋਡ ਖੰਨਾ ਅਤੇ ਜ਼ਿਲ੍ਹਾ ਸਮਾਜ ਭਲਾਈ ਦਫ਼ਤਰ, ਸ਼ਿਮਲਾਪੁਰੀ ਵਿੱਚ ਮੁਫ਼ਤ ਦਿਵਿਆਗਜਨ ਸਹਾਇਕ ਉਪਕਰਣ ਵੰਡ ਸਮਾਗਮ ਕਰਵਾਇਆ ਗਿਆ 
। 
ਪੰਜਾਬ ਸਰਕਾਰ ਦਾ ਦਿਵਿਆਗਜਨਾਂ ਨੂੰ ਹਰ ਉੱਚਿਤ ਸਹੂਲਤ ਦੇਣ ਸਬੰਧੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਨਵੀ ਦਿੱਲੀ ਦੇ ਅਧੀਨ ਕੰਮ ਕਰ ਰਹੇ ਬਣਾਉਟੀ ਅੰਗਾਂ ਅਤੇ ਉਪਕਰਨਾਂ ਦਾ ਨਿਰਮਾਣ ਕਰਨ ਵਾਲਾ ਨਿਗਮ (ਅਲਿਮਕੋ) ਅਤੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ) ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਇਨ੍ਹਾਂ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ 
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ 20, 21 ਅਤੇ 22 ਫਰਵਰੀ ਨੂੰ ਲਗਾਏ ਕੈਂਪਾਂ ਦੌਰਾਨ ਲਾਭਪਾਤਰੀ ਦਿਵਿਆਂਗਜਨਾਂ ਦੀ ਅਸੈਸਮੈਂਟ ਕੀਤੀ ਗਈ ਸੀ ਜਿਸਦੇ ਤਹਿਤ ਹੁਣ ਲਾਭਪਾਤਰੀਆਂ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਨਿਗਮ (ਹੁਡਕੋ) ਵੱਲੋਂ ਸੀ.ਐਸ.ਆਰ. ਸਕੀਮ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਦੇ ਸਹਿਯੋਗ ਨਾਲ 40 ਟਰਾਈਸਾਈਕਲ, 72 ਮੋਟਰਾਈਜਡ ਟਰਾਈਸਾਈਕਲ, 27 ਵਹੀਲਚੇਅਰ ਅਡੱਲਟ, 02 ਵੀਲਚੇਅਰ ਚਾਇਲਡ, 02 ਸੀ.ਪੀ.ਚੇਅਰ, 42 ਆਕਸਲਰੀ ਕਰੱਚ (ਮੀਟਿੰਡੀਅਮ), 24 ਆਸਕਲਰੀ ਕਰੱਚ (ਲਾਰਜ), 04 ਵਾਕਿੰਗ ਸਟਿਕ, 10 ਵਾਕਿੰਗ ਸਟਿਕ (ਐਡਜਸਟੇਬਲ), 03 ਵਾਕਰ, 04 ਸਮਾਰਟ ਕੇਨ, 01 ਸਮਾਰਟ ਫੋਨ ਅਤੇ 20 ਕੰਨਾਂ ਦੀਆਂ ਮਸ਼ੀਨਾਂ ਦੀ ਵੰਡ ਕੀਤੀ ਗਈ। 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਮੰਤਰੀ ਡਾ. ਬਲਜੀਤ ਕੌਰ ਅਤੇ ਡਿਪਟੀ ਕਮਿਸ਼ਨਰ, ਲੁਧਿਆਣਾ ਸਾਕਸ਼ੀ ਸਾਹਨੀ ਦੀ ਰਹਿਨੁਮਾਈ ਹੇਠ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਉਹਨਾ ਨੂੰ ਬਣਾਉਟੀ ਅੰਗਾਂ ਦੀ ਵੰਡ ਸਬੰਧੀ ਕੈਂਪ ਲਗਾਉਣ ਹਿੱਤ ਕੰਮ ਕੀਤੇ ਜਾ ਰਹੇ ਹਨ. ਪੰਜਾਬ ਸਰਕਾਰ ਵੱਲੋਂ ਦਿਵਿਆਗਜਨਾ ਨੂੰ ਸਮਾਜ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਮੰਨਦਿਆਂ ਵੱਧ ਤੋਂ ਵੱਧ ਸਹੂਲਤਾ ਮੁਹੱਈਆ ਕਰਵਾਉਣ ਲਈ ਉੱਚ ਕਦਮ ਚੁੱਕੇ ਜਾ ਰਹੇ ਹਨ।

ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ ਵੱਲੋ ਹੁਡਕੇ ਤੇ ਅਲਿਮਕੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇਕ ਕਾਰਜ਼ ਲਈ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਜਨਰਲ ਮੈਨੇਜਰ ਹੁਡਕੋ ਸੰਜੀਵ ਭਾਰਗਵ, ਡੀ.ਐਮ.ਜੀ. ਹੁਡਕੋ ਆਸ਼ੀਸ਼ ਗੋਇਲ, ਯੁਨਿਟ ਹੈਡ ਅਲਿਮਕੋ ਮੋਹਾਲੀ ਇਸ਼ਵਿੰਦਰ ਸਿੰਘ, ਮਾਰਕਿਟਿੰਗ ਮੈਨੇਜਰ ਅਲਿਮਕੋ ਕਨਿਕ ਅਤੇ ਅਲਿਮਕੋ ਤੋਂ ਸਾਹੂ ਵੀ ਮੌਜੂਦ ਸਨ।

ਵੈਟਨਰੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੌਰਾਨ ਵੈਟਨਰੀ ਡਾਕਟਰ-ਸਿਖਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ

ਲੁਧਿਆਣਾ, 6 ਮਾਰਚ(ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਚੌਥੀ ਕਨਵੋਕੇਸ਼ਨ  ਪਾਲ ਆਡੀਟੋਰੀਅਮ, ਪੀ. ਏ. ਯੂ. ਕੈਂਪਸ, ਲੁਧਿਆਣਾ ਵਿਚ ਕਰਵਾਈ ਗਈ। ਇਸ ਮੌਕੇ 
ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਯੂਨੀਵਰਸਿਟੀ ਵਿੱਚ ਉਚੇਰੇ ਅਕਾਦਮਿਕ ਅਤੇ ਖੋਜ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਹ ਆਪਣੇ ਪੇਸ਼ੇਵਰ ਜੀਵਨ ਵਿੱਚ ਹਰ ਕਿਸਮ ਦੀਆਂ ਚੁਣੌਤੀਆਂ ਦਾ ਸ਼ਾਨਦਾਰ ਢੰਗ ਨਾਲ ਸਾਹਮਣਾ ਕਰਦੇ ਹੋਏ ਪਸ਼ੂ ਪਾਲਣ ਖੇਤਰ ਅਤੇ ਸਮਾਜ ਨੂੰ ਉੱਚਾ ਚੁੱਕਣ ਲਈ ਮਹੱਤਵਪੂਰਨ ਯੋਗਦਾਨ ਪਾਉਣਗੇ। ਉਨ੍ਹਾਂ ਨੇ ਦੇਸ਼ ਲਈ ਗਿਆਨਵਾਨ, ਵਿਦਵਾਨ ਅਤੇ ਸੁਲਝੇ ਨਾਗਰਿਕ ਪੈਦਾ ਕਰਨ ਵਿੱਚ ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਵਿਸ਼ਵ ਬੈਂਕ ਦੁਆਰਾ ਵਿਤੀ ਸਹਾਇਤਾ ਪ੍ਰਾਪਤ ਸੰਸਥਾਗਤ ਵਿਕਾਸ ਯੋਜਨਾ ਪ੍ਰਾਜੈਕਟ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜਿਸ ਤਹਿਤ ਯੂਨੀਵਰਸਿਟੀ ਦੇ ਕੁੱਲ 42 ਅਧਿਆਪਕਾਂ ਅਤੇ 188 ਸਿਖਿਐ ਨੂੰ ਪ੍ਰਸਿੱਧ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਸਿਖਲਾਈ ਪ੍ਰੋਗਰਾਮ ਕਰਵਾਏ ਗਏ।
ਉਨ੍ਹਾਂ ਨੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਪਸ਼ੂਧਨ ਖੇਤਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ `ਤੇ ਦੱਸਿਆ ਕਿ ਇਸ ਖੇਤਰ ਵਿੱਚ 80 ਮਿਲੀਅਨ ਡੇਅਰੀ ਕਿਸਾਨ ਕੰਮ ਕਰ ਰਹੇ ਹਨ। ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਵਿੱਤੀ ਸਹਾਇਤਾ ਨਾਲ ਯੂਨੀਵਰਸਿਟੀ ਵਿੱਚ ਡੇਅਰੀ ਅਧਾਰਿਤ ਤਕਨਾਲੋਜੀ ਬਿਜ਼ਨਸ ਇਨਕਿਊਬੇਸ਼ਨ ਸੈਂਟਰ ਦੀ ਸਥਾਪਨਾ ਨਾਲ ਪੰਜਾਬ ਦੇ ਡੇਅਰੀ ਉਦਯੋਗ ਨੂੰ ਇਕ ਅਗਾਂਹਵਧੂ ਹੁਲਾਰਾ ਮਿਲੇਗਾ।
ਉਨ੍ਹਾਂ ਆਸ ਪ੍ਰਗਟਾਈ ਕਿ ਵਿਗਿਆਨੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਖਾਕਾ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਪਸ਼ੂਆਂ ਪ੍ਰਤੀ ਪਿਆਰ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮਰੱਥ ਹੈ ਤਾਂ ਉਸ ਨੂੰ ਵੱਖ-ਵੱਖ ਜਾਨਵਰਾਂ ਦੀਆਂ ਕਿਸਮਾਂ ਦਾ ਫਾਰਮ ਜ਼ਰੂਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਘੋੜੇ ਪਾਲਣ ਦੀ ਆਪਣੀ ਚਿਰੋਕਣੀ ਸੱਧਰ ਦਾ ਵੀ ਜ਼ਿਕਰ ਕੀਤਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਪਣੇ ਕਨਵੋਕੇਸ਼ਨ ਭਾਸ਼ਣ ਵਿੱਚ 2023 ਨੂੰ ਹੋਈ ਪਿਛਲੀ ਕਨਵੋਕੇਸ਼ਨ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ।ਖੋਜ, ਅਧਿਆਪਨ ਅਤੇ ਪਸਾਰ ਦੀਆਂ ਲੋੜਾਂ ਲਈ ਯੂਨੀਵਰਸਿਟੀ ਕੋਲ ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਨਿਪੁੰਨ ਅਧਿਆਪਕਾਂ ਦੇ ਨਾਲ ਅਤਿ-ਆਧੁਨਿਕ ਬੁਨਿਆਦੀ ਢਾਂਚਾ ਹੈ। ਯੂਨੀਵਰਸਿਟੀ ਨੂੰ ਭਾਰਤੀ ਖੇਤੀ ਖੋਜ ਪਰਿਸ਼਼ਦ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੈ। ਵਿਦਿਆਰਥੀ ਵੈਟਨਰੀ ਵਿਗਿਆਨ, ਫਿਸ਼ਰੀਜ਼ ਵਿਗਿਆਨ, ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਐਨੀਮਲ ਬਾਇਓਟੈਕਨਾਲੋਜੀ ਵਿੱਚ ਪੇਸ਼ੇਵਰ ਭਵਿੱਖ ਬਣਾ ਸਕਦੇ ਹਨ।
ਇਸ ਮੌਕੇ ਨੈਸ਼ਨਲ ਅਕੈਡਮੀ ਆਫ ਵੈਟਨਰੀ ਸਾਇੰਸਜ਼, ਨਵੀਂ ਦਿੱਲੀ ਦੇ ਪ੍ਰਧਾਨ ਡਾ ਡੀ.ਵੀ.ਆਰ. ਪ੍ਰਕਾਸ਼ ਰਾਓ ਨੂੰ ਵੈਟਨਰੀ ਵਿਗਿਆਨ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਡਾਕਟਰ ਆਫ਼ ਫ਼ਿਲਾਸਫ਼ੀ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਦੱਸਿਆ ਕਿ 250 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਜਿਨ੍ਹਾਂ ਵਿਚ ਵੱਖੋ-ਵੱਖਰੇ ਕਾਲਜਾਂ ਦੇ ਵਿਸ਼ਿਆਂ ਦੀਆਂ ਪੀਐਚ.ਡੀ, ਮਾਸਟਰਜ਼ ਅਤੇ ਅੰਡਰ-ਗ੍ਰੈਜੂਏਟ ਡਿਗਰੀਆਂ ਸ਼ਾਮਿਲ ਸਨ। ਯੂਨੀਵਰਸਿਟੀ ਵਿੱਚ ਵੱਖ-ਵੱਖ ਪੱਧਰਾਂ `ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਕੁੱਲ 6 ਗੋਲਡ ਮੈਡਲ ਅਤੇ 63 ਮੈਰਿਟ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।
ਡਾ. ਓ ਪੀ ਚੌਧਰੀ, ਚੇਅਰਮੈਨ ਐਨੀਮਲ ਵੈਲਫੇਅਰ ਬੋਰਡ, ਭਾਰਤ ਸਰਕਾਰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਅਧਿਕਾਰੀ, ਅਧਿਆਪਕ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਮੌਜੂਦ ਸਨ।

ਤਾਪ ਕਾਲਜ ਵਿਚ ਡਾਕਟਰੀ ਜਾਂਚ ਕੈਂਪ ਲਗਾਇਆ

ਲੁਧਿਆਣਾ, 6 ਮਾਰਚ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ 2000 ਤੋਂ ਸਿੱਖਿਆ ਦੇ ਖੇਤਰ ਵਿੱਚ ਇੱਕ ਕਿੱਤਾਮੁਖੀ ਅਧਿਆਪਕ ਸਿਖਲਾਈ ਸੰਸਥਾ ਵਜੋਂ ਕੰਮ ਕਰ ਰਿਹਾ ਹੈ, ਜਿਸ ਵਿੱਚ ਐਮ.ਐੱਡ., ਬੀ.ਐੱਡ. ਅਤੇ ਡੀ.ਐਲ.ਐੱਡ.  ਜਮਾਤਾਂ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ ।ਇਸਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਕਾਲਜ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।
ਕਾਲਜ ਦੇ ਡਾਇਰੈਕਟਰ ਬਲਵੰਤ ਸਿੰਘ ਅਤੇ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਦੀ ਸਫ਼ਲ ਅਗਵਾਈ ਹੇਠ ਕਾਲਜ ਨੇ ਰੂਸ ਦੀਆਂ ਕਈ ਵਿੱਦਿਅਕ ਸੰਸਥਾਵਾਂ ਨਾਲ ਐਮ. ਓ. ਯੂ. ਦਸਤਖਤ ਕੀਤੇ ਹਨ।
ਇਸ ਸਾਲ ਕਾਲਜ ਆਪਣੇ ਸਿਲਵਰ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ।ਇਸ ਸਬੰਧੀ ਕਾਲਜ ਵਿੱਚ ਸਮਾਗਮ ਸ਼ੁਰੂ ਹੋ ਚੁੱਕੇ ਹਨ।ਕਾਲਜ ਵਿੱਚ ਪਿਛਲੇ ਫਰਵਰੀ ਮਹੀਨੇ ਕਰਵਾਈ ਗਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਆਈ.ਕੇ.ਬੀ.ਐਫ.ਯੂ ਸੈਂਟਰ ਫਾਰ ਰਸ਼ੀਅਨ ਪੈਡਾਗੋਜੀ ਦੀ ਸਥਾਪਨਾ ਕੀਤੀ ਗਈ ਸੀ। ਕਾਲਜ ਕੈਂਪਸ ਵਿੱਚ ਸਥਾਪਿਤ ਇਸ ਕੇਂਦਰ ਵਿੱਚ ਆ ਕੇ ਕੋਈ ਵੀ ਵਿਦਿਆਰਥੀ ਰਸ਼ੀਅਨ ਭਾਸ਼ਾ ਦਾ ਮੁਫਤ ਗਿਆਨ ਪ੍ਰਾਪਤ ਕਰ ਸਕਦਾ ਹੈ। ਸਿਲਵਰ ਜੁਬਲੀ ਸਮਾਗਮਾਂ ਦੀ ਲੜੀ ਵਿੱਚ ਅੱਜ ਕਾਲਜ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ 
ਡਾ: ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਸਮੇਂ—ਸਮੇਂ  'ਤੇ ਡਾਕਟਰੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੁਆਰਾ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਕਰ ਸਕਦੇ ਹਾਂ।ਇਸ ਮੌਕੇ 
ਕਾਲਜ ਲਾਇਨਜ਼ ਕਲੱਬ ਕੈਂਪਸ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਅਤੇ ਅਲੂਮਨੀ ਐਸੋਸੀਏਸ਼ਨ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਕਲਾਊਡਨਾਈਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਿੱਚ ਸ਼ਾਮਲ ਡਾ: ਕਨੂਪ੍ਰਿਆ ਜੈਨ ਡਾ: ਪਵਨੀਤ ਕੌਰ, ਡਾ. ਸਾਕਸ਼ੀ ਸ਼ਰਮਾ ਅਤੇ ਡਾਇਟੀਸ਼ੀਅਨ ਧ੍ਰਿਤੀ ਜੈਨ ਨੇ ਕਾਲਜ ਦੇ ਸਮੂਹ ਮੈਂਬਰਾਂ ਦਾ ਜਨਰਲ ਹੈਲਥ ਚੈਕਅੱਪ ਕੀਤਾ। ਕਾਲਜ ਵਿੱਚ ਸਥਾਪਿਤ ਲਾਇਨਜ਼ ਕਲੱਬ ਕੈਂਪਸ ਪ੍ਰਤਾਪ ਕਾਲਜ ਹਮੇਸ਼ਾ ਸਮਾਜ ਸੇਵਾ ਵਿੱਚ ਯੋਗਦਾਨ ਪਾਉਂਦਾ ਹੈ।ਡਾ: ਕਨੂਪ੍ਰਿਆ ਜੈਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੇਂ—ਸਮੇਂ ਤੇ ਜਨਰਲ ਹੈਲਥ ਚੈਕਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਬੀਮਾਰੀ ਨੂੰ ਇਸ ਦੇ ਪਹਿਲੇ ਪੜਾਅ ਵਿੱਚ ਹੀ ਖੋਜਿਆ ਜਾ ਸਕਦਾ ਹੈ, ਉਸ ਦੇ ਇਲਾਜ ਲਈ ਜਰੂਰੀ ਕਦਮ ਚੁੱਕੇ ਜਾ ਸਕਦੇ ਹਨ। ਜਿਸ ਨਾਲ ਅਸੀਂ ਭਵਿੱਖ ਵਿੱਚ ਸਰੀਰਕ ਅਤੇ ਮਨਾਸਿਕ ਪ੍ਰੇਸ਼ਾਨੀ ਤੋਂ  ਬਚ ਸਕਦੇ ਹਾਂ।
ਕਾਲਜ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਮੈਡੀਕਲ ਕੈਂਪ ਚ ਸਿਹਤ ਜਾਂਚ ਕਰਵਾਉਣ ਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਪੰਜਾਬੀ ਲੇਖਿਕਾ  ਕਾਨਾ ਸਿੰਘ ਨੂੰ ਸਨਮਾਨਿਤ ਕੀਤਾ

ਲੁਧਿਆਣਾ, 6 ਮਾਰਚ(ਟੀ. ਕੇ.) 
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ  ਕਾਲਜ ਕੈਂਪਸ ਵਿੱਚ ਪ੍ਰਸਿੱਧ ਪੰਜਾਬੀ ਲੇਖਿਕਾ  ਅਤੇ ਕਵਿਤਰੀ ਕਾਨਾ ਸਿੰਘ ਨਾਲ “ਤੇਰੇ ਸਨਮੁਖ” ਦਾ ਆਯੋਜਨ ਕੀਤਾ। ਇਸ ਮੌਕੇ ਪਦਮਸ੍ਰੀ ਡਾ: ਸੁਰਜੀਤ ਪਾਤਰ, ਚੇਅਰਮੈਨ, ਪੰਜਾਬ ਆਰਟਸ ਕੌਂਸਲ, ਚੰਡੀਗੜ੍ਹ ਨੇ ਵੀ  ਆਪਣੀ ਹਾਜ਼ਰੀ ਭਰੀ। ਇਸ ਮੌਕੇ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਆਏ ਮਹਿਮਾਨਾਂ ਅਤੇ ਪੰਜਾਬੀ ਸਾਹਿਤ ਦੇ ਖੇਤਰ ਨਾਲ ਸਬੰਧਤ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।ਇਸ ਮੌਕੇ 
 
ਪ੍ਰਸਿੱਧ ਪੰਜਾਬੀ ਸਾਹਿਤਕਾਰ ਕਾਨਾ ਸਿੰਘ, ਜੋ ਕਿ ਗੁੱਜਰਖਾਨ (ਪਾਕਿਸਤਾਨ) ਦੇ ਰਹਿਣ ਵਾਲੇ ਹਨ, ਨੇ ਗੁੱਜਰਖਾਨ ਵਿੱਚ ਬਿਤਾਏ ਆਪਣੇ ਬਚਪਨ ਦੇ ਦਿਨਾਂ ਦੇ ਕਿੱਸੇ ਸਾਂਝੇ ਕੀਤੇ। ਉਨ੍ਹਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨਾਲ ਜੋੜਨ ਦੀ ਲੋੜ 'ਤੇ ਜ਼ੋਰ ਦਿੱਤਾ।
 
ਔਰਤ  ਦਿਵਸ ਦੇ ਜਸ਼ਨਾਂ ਦੇ ਹਿੱਸੇ ਵਜੋਂ, ਕਵਿਤਰੀ ਕਾਨਾ ਸਿੰਘ ਨੂੰ ਪੰਜਾਬੀ ਸਾਹਿਤਕ ਖੇਤਰ ਅਤੇ ਸਮਾਜ ਵਿੱਚ ਪਾਏ ਯੋਗਦਾਨ ਲਈ "ਕਾਨਾ ਗੁਜਰਖਾਨੀ ਪੁਰਸਕਾਰ" ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਪਾਤਰ ਨੇ ਪੰਜਾਬੀ ਦੇ ਉੱਘੇ ਲੇਖਕਾਂ ਨਾਲ ਇਨ੍ਹਾਂ ਸੰਵਾਦਾਂ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ |
 
ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਨੇ ਸਾਡੇ ਅਤੀਤ ਅਤੇ ਵਰਤਮਾਨ ਨੂੰ ਇੱਕੋ ਮੰਚ 'ਤੇ ਲਿਆਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਇਤਿਹਾਸਕ ਪਲ ਬਣਾਉਣ ਲਈ ਪਹਿਲਕਦਮੀ ਕਰਨ ਲਈ ਕਾਨਾ ਸਿੰਘ ਅਤੇ ਡਾ: ਪਾਤਰ ਦਾ ਧੰਨਵਾਦ ਕੀਤਾ।

ਕੋਹੜ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ - ਡਾ: ਔਲਖ

ਲੁਧਿਆਣਾ 6 ਮਾਰਚ (ਟੀ. ਕੇ.) ਸਟੇਟ ਲੈਪਰੋਸੀ ਅਫ਼ਸਰ ਚੰਡੀਗੜ੍ਹ ਅਤੇ ਸਿਵਲ ਸਰਜਨ  ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਲੈਪਰੋਸੀ ਕੇਸ ਡਿਟੈਕਸਨ ਕੰਪੈਨ -2024 , ਆਈ.ਈ.ਸੀ. ਐਕਟੀਵਿਟੀ ਅਧੀਨ ਈ. ਰਿਕਸ਼ਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ: ਔਲਖ ਵਲੋਂ ਦੱਸਿਆ ਗਿਆ ਕਿ ਇਹ ਰਿਕਸ਼ਾ ਗਿਆਸਪੁਰਾ, ਸ਼ਿਮਲਾ ਪੁਰੀ ਅਤੇ ਕੋਟ ਮੰਗਲ ਸਿੰਘ,  ਭਗਵਾਨ ਨਗਰ, ਜਨਤਾ ਨਗਰ ਅਤੇ ਚੇਤ ਸਿੰਘ ਨਗਰ , ਵਿੱਚ ਜਾ ਕੇ ਕੋਹੜ ਰੋਗ ਸਬੰਧੀ ਪ੍ਰਚਾਰ ਕਰਨਗੇ।
 ਉਨਾਂ ਕਿਹਾ ਕਿ ਕੋਹੜ ਰੋਗ ਦੂਸਰੀਆਂ ਬਿਮਾਰੀਆਂ ਦੀ ਤਰ੍ਹਾਂ ਹੀ ਇੱਕ ਸਰੀਰਕ ਬਿਮਾਰੀ ਹੈ, ਚਮੜੀ ਉੱਤੇ ਹਲਕੇ , ਫਿੱਕੇ, ਬਦਰੰਗ, ਤਾਂਬੇ ਰੰਗ ਦਾਗ਼, ਗਰਮ ਠੰਡੇ ਦਾ ਪਤਾ ਨਾ ਲੱਗਣਾ, ਨਸਾਂ ਵਿੱਚ ਦਰਦ ਹੋਣਾ, ਕੰਨਾਂ ਦੇ ਪਿੱਛੇ ਅਤੇ ਮੂੰਹ ਤੇ ਗੱਠਾਂ ਬਣ ਜਾਣੀਆਂ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਟੇਢੀਆਂ ਹੋ ਜਾਣੀਆਂ, ਅੱਖਾਂ ਦਾ ਬੰਦ ਨਾ ਹੋਣਾ ਆਦਿ ਕੋਹੜ ਰੋਗ ਦੇ ਲੱਛਣ ਹਨ। ਕੋਹੜ ਰੋਗ ਕੋਈ ਪੁਰਾਣੇ ਪਾਪਾਂ ਦਾ ਫਲ ਜਾਂ ਸਰਾਪ ਨਹੀਂ ਹੈ, ਇਹ ਆਮ ਰੋਗਾਂ ਦੀ ਤਰ੍ਹਾਂ ਇੱਕ ਰੋਗ ਹੈ। ਇਸ ਰੋਗ ਦਾ ਸਮੇਂ ਸਿਰ ਇਲਾਜ ਕਰਵਾਉਣ ਨਾਲ ਰੋਗ ਤੋਂ ਹੋਣ ਵਾਲੀ ਅੰਗਹੀਣਤਾ ਤੋਂ ਬਚਿਆ ਜਾ ਸਕਦਾ ਹੈ। ਇਸ ਬਿਮਾਰੀ ਦੀ ਦਵਾਈ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਿੱਤੀ ਜਾਂਦੀ ਹੈ। ਸਮੇਂ ਸਮੇਂ ਅਨੁਸਾਰ ਮਰੀਜਾਂ ਨੂੰ ਸਪੋਟਿਵ ਮੈਡੀਸਿਨ, ਐਮ. ਸੀ. ਆਰ. ਫੁਟਵੇਅਰ ਅਤੇ ਸੈਲਫ ਕੇਅਰ ਕਿੱਟ ਆਦਿ ਦਿੱਤੀਆਂ ਜਾਂਦੀਆਂ ਹਨ। ਲੋੜੀਂਦੇ ਮਰੀਜਾਂ ਦੀ ਸਰਜਰੀ/ਆਪਰੇਸ਼ਨ ਵੀ ਐਨ.ਐਲ.ਈ.ਪੀ. ਅਧੀਨ ਮੁਫਤ ਵਿੱਚ ਕਰਵਾਇਆ ਜਾਂਦਾ  ਹੈ। ਇਸ ਮੌਕੇ  ਡਿਪਟੀ ਮੈਡੀਕਲ ਕਮਿਸ਼ਨਰ ਡਾ: ਅਮਰਜੀਤ ਕੌਰ,ਜਿਲਾ ਲੈਪਰੋਸੀ ਅਫ਼ਸਰ ਡਾ ਰੋਹਿਤ ਰਾਮਪਾਲ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਹਾਜਰ ਸਨ।

ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਈ 'ਆਈ-ਐਸਪਾਇਰ' ਪ੍ਰੋਜੈਕਟ ਦੀ ਸ਼ੁਰੂਆਤ

ਲੁਧਿਆਣਾ, 6 ਮਾਰਚ (ਟੀ. ਕੇ.) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ 'ਆਈ-ਐਸਪਾਇਰ' ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਪ੍ਰੋਜੈਕਟ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨਾ ਹੈ ਜਿਸਦੇ ਤਹਿਤ 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਦੇ ਖੇਤਰਾਂ ਵਿੱਚ ਪੇਸ਼ੇਵਰਾਂ ਨਾਲ ਜੋੜਿਆ ਜਾਵੇਗਾ।

ਪਹਿਲਕਦਮੀ ਤਹਿਤ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਸੰਦੀਦਾ ਕਰੀਅਰ ਬਾਰੇ ਪੁੱਛਿਆ ਜਾਵੇਗਾ ਅਤੇ ਉਹਨਾਂ ਦੇ ਜਨੂੰਨ ਦੇ ਆਧਾਰ 'ਤੇ ਇਕੱਤਰ ਕਰਕੇ ਸਬੰਧਿਤ ਪੇਸ਼ੇਵਰਾਂ ਦੇ ਦਫਤਰਾਂ ਦਾ ਦੌਰਾ ਕਰਵਾਇਆ ਜਾਵੇਗਾ ਜਿਸ ਵਿੱਚ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ., ਪੀ.ਪੀ.ਐਸ., ਡਾਕਟਰ, ਵਿਗਿਆਨੀ ਅਤੇ ਹੋਰ ਸ਼ਾਮਲ ਹਨ। ਵਿਦਿਆਰਥੀਆਂ ਨੂੰ ਉਹਨਾਂ ਪੇਸ਼ੇਵਰਾਂ ਨਾਲ ਗੱਲਬਾਤ ਕਰਨ ਅਤੇ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ ਜਿਹਨਾਂ ਨਾਲ ਉਹ ਇੱਕ ਦਿਨ ਬਿਤਾਉਣ ਦਾ ਸੁਪਨਾ ਲੈਂਦੇ ਹਨ।

ਆਪਣੇ ਰੋਲ ਮਾਡਲਾਂ ਨੂੰ ਮਿਲਣ ਤੋਂ ਬਾਅਦ, ਵਿਦਿਆਰਥੀ ਆਪਣੇ ਤਜ਼ਰਬਿਆਂ ਨੂੰ ਆਪਣੇ ਸਕੂਲਾਂ ਵਿੱਚ ਦ{ਜੇ ਵਿਦਿਆਰਥੀਆਂ ਨਾਲ ਸਾਂਝਾ ਕਰਨਗੇ ਅਤੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਪ੍ਰੇਰਨਾ ਲੈਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਗੇ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਸਫਲ ਪੇਸ਼ੇਵਰਾਂ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਡਮੁੱਲੀ ਸੂਝ, ਪ੍ਰੇਰਣਾ ਅਤੇ ਮਾਰਗਦਰਸ਼ਨ ਮਿਲੇਗਾ। ਇਸ ਪਹਿਲਕਦਮੀ ਦੀ ਅਗਵਾਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵੱਲੋਂ ਕੀਤੀ ਜਾ ਰਹੀ ਹੈ। ਚਾਹਵਾਨ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਮਦਦ ਲਈ 77400-01682 'ਤੇ ਸੰਪਰਕ ਕਰ ਸਕਦੇ ਹਨ ਜਾਂ ਵੈਬਸਾਈਟ https://tinyurl.com/IAlprogram 'ਤੇ ਵੀ ਰਜਿਸਟਰੇਸ਼ਨ ਕਰਵਾ ਸਕਦੇ ਹਨ।

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਡੈਸ਼ਬੋਰਡ ਸਥਾਪਿਤ

ਲੁਧਿਆਣਾ, 6 ਮਾਰਚ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਰੇ ਵਿਕਾਸ ਪ੍ਰੋਜੈਕਟਾਂ ਅਤੇ ਸਕੀਮਾਂ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਡੈਸ਼ਬੋਰਡ ਬਣਾਇਆ ਗਿਆ ਹੈ ਜਿੱਥੇ ਮਾਊਸ ਦੇ ਇੱਕ ਕਲਿੱਕ 'ਤੇ ਕੰਮਾਂ ਨਾਲ ਸਬੰਧਤ ਅੱਪਡੇਟ ਜਾਣਕਾਰੀ ਉਪਲਬਧ ਹੋਵੇਗੀ।

ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਵਿਭਾਗਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਡੈਸ਼ਬੋਰਡ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਰੀਅਲ-ਟਾਈਮ ਅਤੇ ਨਿਰੰਤਰ ਪ੍ਰੋਜੈਕਟ ਨਿਗਰਾਨੀ ਦੇ ਨਾਲ ਸਾਰੀਆਂ ਸਕੀਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਨੂੰ ਵੀ ਯਕੀਨੀ ਬਣਾਏਗਾ। ਡੈਸ਼ਬੋਰਡ ਸਾਰੇ ਪ੍ਰੋਜੈਕਟਾਂ ਅਤੇ ਕਾਰਜਕਾਰੀ ਏਜੰਸੀਆਂ ਦੇ ਵੇਰਵਿਆਂ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਮੁਕੰਮਲ ਹੋਏ ਕੰਮਾਂ ਬਾਰੇ ਅਪਡੇਟ ਕੀਤੀ ਜਾਣਕਾਰੀ, ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ, ਕੰਮ ਦੀ ਪ੍ਰਗਤੀ, ਅਤੇ ਦੇਰੀ ਦਾ ਕਾਰਨ ਜੇਕਰ ਕੋਈ ਹੋਵੇ, ਟੈਂਡਰ, ਟੈਂਡਰਾਂ ਦੇ ਪੜਾਅ, ਅਦਾਇਗੀਆਂ ਅਤੇ ਮੁਕੰਮਲ ਰਿਪੋਰਟਾਂ ਦੀ ਜਾਣਕਾਰੀ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੈਸ਼ਬੋਰਡ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਚੱਲ ਰਹੇ ਕਾਰਜ਼ਾਂ  ਦੌਰਾਨ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਤੋਂ ਇਲਾਵਾ, ਇਹ ਰੀਅਲ-ਟਾਈਮ ਟਰੈਕਿੰਗ ਅਤੇ ਪ੍ਰਗਤੀ ਰਿਪੋਰਟਿੰਗ ਨੂੰ ਸਮਰੱਥ ਕਰੇਗਾ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਡੇਟਾ ਨੂੰ ਲਗਾਤਾਰ ਭਰਨ ਅਤੇ ਅਪਡੇਟ ਕਰਨ ਲਈ ਸਮਰਪਿਤ ਨੋਡਲ ਅਫਸਰ ਨਿਯੁਕਤ ਕਰਨ ਲਈ ਕਿਹਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਓਜਸਵੀ ਅਲੰਕਾਰ, ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।