ਟਰੱਕ ਡਰਾਇਵਰ ਨੇ ਗਲਤ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਮਾਰੀ ਟੱਕਰ, ਦੋਵਾਂ ਦੀ ਹੋਈ ਦਰਦਨਾਕ ਮੌਤ
ਨਸ਼ੇ ’ਚ ਧੁੱਤ ਡਰਾਇਵਰ ਨੂੰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਸ ਹਵਾਲੇ
ਲਾਸਾਂ ਸੜਕ ਵਿਚਾਲੇ ਰੱਖ ਲੋਕਾਂ ਨੇ ਡਰਾਇਵਰ ਤੇ ਗੱਡੀ ਮਾਲਕ ਖਿਲਾਫ ਕੀਤੀ ਕਾਰਵਾਈ ਦੀ ਮੰਗ
ਮੁੱਲਾਂਪੁਰ ਦਾਖਾ 10 ਮਾਰਚ (ਸਤਵਿੰਦਰ ਸਿੰਘ ਗਿੱਲ) ਥਾਣਾ ਦਾਖਾ ਅਧੀਂਨ ਪੈਂਦੇ ਪਿੰਡ ਭੱਠਾਧੂਹਾ ਲਾਗੇ ਲੁਧਿਆਣਾ-ਸਿੱਧਵਾ ਬੇਟ ਰੋਡ ’ਤੇ ਜੰਮੂ ਕੱਟੜਾ ਹਾਈਵੇ ਦੇ ਨਿਰਮਾਣ ਅਧੀਨ ਪੁਲ ਥੱਲੇ ਇੱਕ ਟਰੱਕ ਡਰਾਇਵਰ ਨੇ ਧਾਰਮਿਕ ਸਥਾਨ ਤੇ ਜਾ ਰਹੇ ਬੁਲਟ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਗਲਤ ਸਾਈਡ ਜਾ ਕੇ ਜਬਰਦਸਤ ਟੱਕਰ ਮਾਰ ਦਿੱਤੀ, ਸਿੱਟੇ ਵਜੋਂ ਦੋਵਾਂ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ। ਘਟਨਾਂ ਸਥਾਨ ਤੋਂ ਡਰਾਇਵਰ ਫਰਾਰ ਹੋ ਗਿਆ, ਜਿਸਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਮਿ੍ਰਤਕ ਪਤੀ-ਪਤਨੀ ਦੀ ਪਛਾਣ ਲਾਗਲੇ ਪਿੰਡ ਚੰਗਣ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਉਰਫ ਪੱਪੂ (34) ਅਤੇ ਮਨਦੀਪ ਕੌਰ (32) ਵਜੋਂ ਹੋਈ। ਇਲਾਕੇ ਦੇ ਲੋਕਾਂ ਨੇ ਸੜਕ ਵਿਚਾਲੇ ਲਾਸਾਂ ਰੱਖਕੇ ਡਰਾਇਵਰ ਤੇ ਗੱਡੀ ਦੇ ਮਾਲਕ ਖਿਲਾਫ ਬਣਦੀ ਕਾਰਵਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਆਪਣੇ ਪਿੱਛੇ ਬਜੁਰਗ ਮਾਤਾ ਤੇ ਨਿੱਕੇ-ਨਿੱਕੇ ਪੁੱਤ-ਧੀ ਛੱਡ ਗਏ ਹਨ।
ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਰਾਜਿੰਦਰ ਸਿੰਘ ਪੁੱਤਰ ਲੇਟ ਸੋਹਣ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਕ ਧਾਰਮਿਕ ਸਥਾਨ ’ਤੇ ਜਾ ਰਹੇ ਸਨ, ਉਸਦਾ ਛੋਟਾ ਭਾਈ ਪ੍ਰਦੀਪ ਸਿੰਘ ਤੇ ਉਸਦੀ ਪਤਨੀ ਆਪਣੇ ਬੁਲਟ ਮੋਟਸਾਈਕਲ ਪੀਬੀ 10 ਐੱਚ.ਪੀ 1617 ’ਤੇ ਸਵਾਰ ਸਨ ਜਦੋਂ ਕਿ ਉਹ ਤੇ ਬੱਚੇ ਆਪਣੀ ਕਾਰ ਵਿੱਚ ਜਾ ਰਹੇ ਸਨ। ਉਸਦਾ ਭਰਾ-ਭਰਜਾਈ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਓਵਰ ਸਪੀਡ ਇੱਕ ਟਰੱਕ ਨੰਬਰ ਪੀ.ਬੀ 12 ਬੀ 1021 ਵੱਲੋਂ ਗਲਤ ਸਾਈਡ ਤੋਂ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਭਰਾ-ਭਰਜਾਈ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ। ਘਟਨਾਂ ਸਥਾਨ ਤੇ ਇਕੱਤਰ ਲੋਕਾਂ ਵੱਲੋ ਟਰੱਕ ਚਾਲਕ ਨੂੰ ਮੌਕੇ ਤੇ ਹੀ ਕਾਬੂ ਕੀਤਾ। ਜਿਹੜਾ ਕਿ ਸ਼ਰਾਬ ਦੇ ਨਸੇ ਵਿੱਚ ਪੂਰਾ ਧੁੱਤ ਸੀ ਜਿਸਦੀ ਪਛਾਣ ਸੂਰਤ ਸਿੰਘ ਵਾਸੀ ਪੁੜੈਣ ਵਜੋਂ ਦੱਸੀ ਜਾ ਰਹੀ ਹੈ। ਟਰੱਕ ਵੀ ਕਿਸੇ ਮੁੱਲਾਂਪਰ ਦੇ ਉੱਘੇ ਸ਼ੈੱੰਲਰ ਵਪਾਰੀ ਦਾ ਦੱਸਿਆ ਜਾ ਰਿਹਾ ਹੈ।
ਘਟਨਾ ਸਥਾਨ ਤੇ ਪੁੱਜੇ ਪੁਲਸ ਥਾਣਾ ਦਾਖਾ ਦੇ ਐੱਸ.ਐੱਚ.ਓ ਜਸਵੀਰ ਸਿੰਘ ਤੂਰ ਦੀ ਪੁਲਸ ਪਾਰਟੀ ਵੱਲੋਂ ਲਾਸ਼ਾਂ ਨੂੰ ਕਬਜੇ ਵਿੱਚ ਲੈਂਦਿਆਂ ਅਗਲੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਤੇ ਦੱਸਿਆ ਕਿ ਉਨ੍ਹਾ ਵੱਲੋਂ ਟਰੱਕ ਡਰਾਇਵਰ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਵਿਰੁੱਧ ਸਖਤ ਧਰਾਵਾਂ ਹੇਠ ਕਾਰਵਾਈ ਕੀਤੀ ਜਾ ਰਹੀ ਹੈ । ਪਰ ਇਕੱਤਰ ਇਲਾਕੇ ਦੇ ਲੋਕਾਂ ਵੱਲੋਂ ਮੁੱਖ ਸੜਕ ’ਤੇ ਲਾਸਾਂ ਰੱਖ ਕੇ ਧਰਨਾ ਲਗਾ ਦਿੱਤਾ ਤੇ ਹਾਦਸੇ ਲਈ ਦੋਸ਼ੀ ਟਰੱਕ ਡਰਾਇਵਰ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਮੌਕੇ ਤੇ ਇਕੱਤਰ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਟੋਨੀ, ਸਾਬਕਾ ਸਰਪੰਚ ਮਨਜੀਤ ਸਿੰਘ ਚੰਗਣ, ਪੰਚ ਜਗਮਿੰਦਰ ਸਿੰਘ ਜੱਗਾ, ਦਰਬਾਰਾ ਸਿੰਘ, ਮਾ.ਮੱਘਰ ਸਿੰਘ, ਗੁਲਜਾਰ ਸਿੰਘ ਗੁਲਸ਼ਨ, ਕਿਸਾਨ ਆਗੂ ਸੁਖਵਿੰਦਰ ਸਿੰਘ ਮਾਗਟ, ਪ੍ਰਧਾਨ ਹਾਕਮ ਸਿੰਘ ਭੱਟੀਆਂ, ਹਾਕਮ ਸਿੰਘ ਚੰਗਣਾ, ਸੱਤਾਧਾਰੀ ਪਾਰਟੀ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਸੇਖੋਂ ਦਾਖਾ ਸਮੇਤ ਹੋਰ ਇਕੱਤਰ ਇਲਾਕਾ ਵਾਸੀ ਵੱਡੀ ਤਾਦਾਦ ਵਿੱਚ ਹਾਜਰ ਸਨ।