You are here

ਸਮਰਾਲਾ ਬਾਈਪਾਸ ’ਤੇ ਪੁੱਲ ਬਣਵਾਉਣ ਲਈ 12 ਕਰੋੜ ਮਨਜ਼ੂਰ-ਡਾ. ਅਮਰ ਸਿੰਘ

ਧਰਨੇ ਦੇ 111ਵੇਂ ਦਿਨ ’ਤੇ ਪੁੱਜ ਕੇ ਕੀਤਾ ਐਲਾਨ, ਕਿਹਾ! ਜਲਦ ਹੋਵੇਗੀ ਪੁਲ ਦੀ ਉਸਾਰੀ
ਸਮਰਾਲਾ/ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਮਰਾਲਾ ਬਾਈਪਾਸ ਉੱਤੇ ਝਾੜ ਸਾਹਿਬ ਰੋਡ ਉੱਪਰ ਓਵਰਬਿ੍ਰੱਜ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ 4 ਮਹੀਨਿਆਂ ਤੋਂ ਸੰਘਰਸ਼ ਕਰ ਰਹੇ 40 ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਸੰਸਦ ਡਾ. ਅਮਰ ਸਿੰਘ ਨੇ ਧਰਨੇ ਵਾਲੀ ਜਗ੍ਹਾ ’ਤੇ ਪੁੱਜ ਕੇ ਇਸ ਪੁਲ ਲਈ 12 ਕਰੋੜ ਰੁਪਏ ਮਨਜ਼ੂਰ ਹੋਣ ਦਾ ਐਲਾਨ ਕਰ ਦਿੱਤਾ। ਇਸ ਪੁਲ ਦੀ ਮੰਗ ਨੂੰ ਲੈ ਕੇ ਵੱਖ-ਵੱਖ 40 ਪਿੰਡਾਂ ਦੇ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਦੀ ਬਣੀ ਸੰਘਰਸ਼ ਕਮੇਟੀ ਪਿਛਲੇ 111 ਦਿਨਾਂ ਤੋਂ ਲਗਾਤਾਰ ਧਰਨੇ ’ਤੇ ਬੈਠੀ ਸੀ। ਧਰਨਾਕਾਰੀਆਂ ਅਤੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਇਸ ਮੁਸ਼ਕਿਲ ਤੋਂ ਭਲੀਂ-ਭਾਂਤ ਜਾਣੂ ਸਨ ਅਤੇ ਪਿਛਲੇ ਚਾਰ ਮਹੀਨਿਆਂ ਤੋਂ ਇਸ ਮੰਗ ਦੀ ਪੂਰਤੀ ਨੂੰ ਲੈ ਕੇ ਉਹ ਕੇਂਦਰ ਦੇ ਇਸ ਪ੍ਰੋਜੈਕਟ ਨਾਲ ਸਬੰਧਿਤ ਮਹਿਕਮਿਆਂ ਨਾਲ ਮੀਟਿੰਗਾਂ ਕਰਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੀ ਧਾਰਮਿਕ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਰਹੇ। ਇਸ ਸੜਕ ’ਤੇ ਸ਼੍ਰੀ ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਅਤੇ ਸ਼੍ਰੀ ਨੈਣਾ ਦੇਵੀ ਆਦਿ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਹੋਣ ਵਾਲੀ ਦਿੱਕਤ ਦਾ ਵਿਸਥਾਰਪੂਰਵਕ ਵਰਨਣ ਕੀਤਾ। ਡਾ. ਅਮਰ ਸਿੰਘ ਨੇ ਇਸ ਪ੍ਰਾਪਤੀ ’ਤੇ ਸ਼੍ਰੀ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਚਾਰੇ ਸਾਹਿਬਜ਼ਾਦਿਆਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਰ ਸਦਕਾ ਉਹ ਇਸ ਪ੍ਰੋਜੈਕਟ ਨੂੰ ਪ੍ਰਵਾਨ ਕਰਵਾਉਣ ਵਿੱਚ ਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਮਨਜ਼ੂਰੀ ਵਿੱਚ ਪੰਜਾਬ ਦੇ ਜੰਮਪਲ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਵੀਰ ਸਿੰਘ ਸੰਧੂ ਵੀ ਸਹਾਈ ਹੋਏ ਹਨ। ਇਸ ਮੌਕੇ ’ਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਵੀ ਇਸ ਪ੍ਰੋਜੈਕਟ ਦੀ ਮਨਜ਼ੂਰੀ ਸਬੰਧੀ ਮਿਲੇ ਸੁਨੇਹੇ ਦੀ ਪੁਸ਼ਟੀ ਕੀਤੀ। ਇਸ ਮੌਕੇ ’ਤੇ ਵਿਚਾਰ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਅਤੇ ਸੰਘਰਸ਼ ਕਮੇਟੀ ਦੀਆਂ ਸਾਰੀਆਂ ਮੰਗਾਂ ਨੂੰ ਉਹ ਹੂ-ਬ-ਹੂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੂੰ ਪਹੰੁਚਾਉਂਦੇ ਰਹੇ ਹਨ, ਜਿਸ ਦੇ ਸਿੱਟੇ ਵਜੋਂ ਅੱਜ ਅਸੀਂ ਬਹੁ-ਕਰੋੜੀ ਇਹ ਪੁਲ ਮਨਜ਼ੂਰ ਕਰਵਾਉਣ ਵਿੱਚ ਸਫ਼ਲ ਹੋਏ ਹਾਂ। ਰਾਜੇਵਾਲ ਨੇ ਆਪਣੇ ਸੰਬੋਧਨ ’ਚ ਡਾ. ਅਮਰ ਸਿੰਘ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੀ ਗਲਤ ਰਿਪੋਰਟ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਉਹ ਪਹਿਲਾਂ ਹੀ ਮੰਗ ਕਰ ਚੁੱਕੇ ਹਨ। ਇਸ ਮੌਕੇ ਕਾਮਿਲ ਬੋਪਾਰਾਏ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਅਜਮੇਰ ਸਿੰਘ ਪੂਰਬਾ, ਜਤਿੰਦਰ ਸਿੰਘ ਜੋਗਾ ਬਲਾਲਾ ਪ੍ਰਧਾਨ ਟਰੱਕ ਯੂਨੀਅਨ ਸਮਰਾਲਾ, ਆੜ੍ਹਤੀ ਐਸੋ. ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਯੂਥ ਆਗੂ ਕਰਨਵੀਰ ਸਿੰਘ ਢਿੱਲੋਂ, ਕੌਂਸਲਰ ਜਸਵੀਰ ਸਿੰਘ ਢਿੱਲੋਂ, ਕੌਂਸਲਰ ਸੰਨੀ ਦੂਆ, ਜਸਵਿੰਦਰ ਸਿੰਘ ਗੋਗੀ, ਅਮਰਜੀਤ ਸਿੰਘ ਬਾਲਿਉਂ, ਅਵਤਾਰ ਸਿੰਘ ਗਹਿਲੇਵਾਲ, ਸ਼ਕਤੀ ਆਨੰਦ, ਸੁਰਿੰਦਰ ਕੁੰਦਰਾ, ਕਸਤੂਰੀ ਲਾਲ ਮਿੰਟੂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਅਤੇ ਪੰਚਾਇਤਾਂ ਦੇ ਨੁਮਾਇੰਦੇ ਹਾਜ਼ਰ ਸਨ।