You are here

ਭਾਰਤ

ਸਾਂਸਦ ਮੈਬਰਾਂ ਦੀ ਤਨਖ਼ਾਹ 'ਚ ਹੋਵੇਗੀ 30 ਫ਼ੀਸਦੀ ਦੀ ਕਟੌਤੀ

ਲੋਕ ਸਭਾ 'ਚ ਪਾਸ ਹੋਇਆ ਇਹ ਅਹਿਮ ਬਿੱਲ

ਨਵੀਂ ਦਿੱਲੀ,ਸਤੰਬਰ 2020 (ਏਜੰਸੀ)- ਕੋਰੋਨਾ ਮਹਾਮਾਰੀ ਦੀ ਚੁਣੌਤੀ ਨਾਲ ਨਜਿੱਠਣ ਲਈ ਸੰਸਦ ਮੈਂਬਰਾਂ ਦੇ ਤਨਖ਼ਾਹ-ਭੱਤੇ 'ਚ 30 ਫ਼ੀਸਦੀ ਕਟੌਤੀ ਸਬੰਧੀ ਬਿੱਲ ਲੋਕ ਸਭਾ ਨੇ ਮੰਗਲਵਾਰ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ। ਕੋਵਿਡ ਨਾਲ ਨਜਿੱਠਣ ਲਈ ਆਪਣੀ ਤਨਖ਼ਾਹ 'ਚ ਕਟੌਤੀ ਦਾ ਸੰਸਦ ਮੈਂਬਰਾਂ ਨੇ ਇਕ ਸੁਰ 'ਚ ਸਮਰਥਨ ਕੀਤਾ। ਹਾਲਾਂਕਿ ਐੱਮਪੀਲੈਡ ਦੋ ਸਾਲ ਲਈ ਮੁਲਤਵੀ ਰੱਖਣ ਦੇ ਫ਼ੈਸਲੇ ਨੂੰ ਗ਼ਲਤ ਦੱਸਦਿਆਂ ਸਰਕਾਰ ਦੀ ਨਿਖੇਧੀ ਕੀਤੀ। ਕਰੀਬ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਐੱਮਪੀਲੈਡ ਖ਼ਤਮ ਕਰਨ ਲਈ ਆਮ ਲੋਕਾਂ ਨਾਲ ਗੰਭੀਰ ਬੇਇਨਸਾਫ਼ੀ ਕਰਾਰ ਦਿੱਤਾ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਚੁੱਪ ਬੈਠੇ ਰਹੇ। ਸੰਸਦ ਮੈਂਬਰਾਂ ਨੇ ਇਹ ਅਪੀਲ ਵੀ ਲਾਈ ਕਿ ਬੇਸ਼ੱਕ ਸਰਕਾਰ ਉਨ੍ਹਾਂ ਦੇ ਤਨਖ਼ਾਹ ਭੱਤਿਆਂ 'ਚ ਸੌ ਫ਼ੀਸਦੀ ਕਟੌਤੀ ਕਰ ਲਵੇ ਪਰ ਐੱਮਪੀਲੈਡ ਫ਼ੌਰੀ ਤੌਰ 'ਤੇ ਬਹਾਲ ਕੀਤਾ ਜਾਵੇ।

ਸੰਸਦ ਮੈਂਬਰਾਂ ਦੇ ਤਨਖ਼ਾਹ-ਭੱਤੇ 'ਚ ਕਟੌਤੀ ਸਬੰਧੀ ਆਰਡੀਨੈਂਸ ਦੀ ਥਾਂ ਲਿਆਂਦਾ ਗਿਆ ਬਿੱਲਾ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਮਵਾਰ ਨੂੰ ਹੀ ਪੇਸ਼ ਕੀਤਾ ਸੀ। ਲੋਕ ਸਭਾ 'ਚ ਇਸ 'ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਡੀਨ ਕੁਰਿਆਕੋਸ ਨੇ ਐੱਮਪੀਲੈਡ ਬਹਾਲ ਕੀਤੇ ਜਾਣ ਦਾ ਸੰਕਲਪ ਮਤਾ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਨਾਲ ਲੜਾਈ ਲਈ ਸੰਸਦ ਮੈਂਬਰਾਂ ਦੀ ਤਨਖ਼ਾਹ ਬੱਥੇ 'ਚ 30 ਫ਼ੀਸਦੀ ਕੌਟਤੀ ਜ਼ਰੀਏ ਸਰਕਾਰ ਹਰ ਮਹੀਨੇ 57 ਹਜ਼ਾਰ ਰੁਪਏ ਪ੍ਰਥੀ ਸੰਸਦ ਮੈਂਬਰ ਦੇ ਹਿਸਾਬ ਨਾਲ ਇਕੱਠੇ ਕਰੇਗੀ। ਸੰਸਦ ਮੈਂਬਰਾਂ ਨੂੰ ਇਹ ਰਕਮ ਦੇਣ 'ਚ ਕੋਈ ਹਿਚਕ ਨਹੀਂ। ਪਰ 2022 ਤਕ ਐਮਪੀਲੈਡ ਮੁਲਤਵੀ ਕਰਨ ਦਾ ਫ਼ੈਸਲਾ ਗ਼ਲਤ ਹੈ, ਕਿਉਂਕਿ ਇਸ ਕਾਰਨ ਸੰਸਦ ਮੈਂਬਰ ਆਪਣੇ ਖੇਤਰ 'ਚ ਕੋਰੋਨਾ ਦੀ ਚੁਣੌਤੀ ਨਾਲ ਨਜਿੱਠਣ ਲਈ ਵੈਂਟੀਲੇਟਰ ਤੋਂ ਲੈਕੇ ਐਂਬੁਲੈਂਸ ਤਕ ਦੀ ਵਿਵਸਥਾ ਨਹੀਂ ਕਰ ਪਾ ਰਹੇ।

ਡੀਐੱਮਕੇ ਦੇ ਕਲਾਨਿਧੀ ਤੇ ਐੱਨਸੀਪੀ ਦੀ ਸੁਪਿ੍ਰਆ ਸੁਲੇ ਨੇ ਵੀ ਤਨਖ਼ਾਹ 'ਚ ਕਟੌਤੀ ਦਾ ਸਮਰਥਨ ਕੀਤਾ, ਪਰ ਐੱਮਪੀਲੈਡ ਖ਼ਤਮ ਕਰਨ ਦਾ ਵਿਰੋਧ ਕੀਤਾ। ਇਨ੍ਹਾਂ ਦੋਵਾਂ ਨੇ ਕਿਹਾ ਕਿ ਸਰਾਕਰ ਦਾ ਇਹ ਕਦਮ ਸਿਰਫ਼ ਸੰਕੇਤਕ ਹੈ, ਕਿਉਂਕਿ ਕੋਰੋਨਾ ਦੇ ਇਸ ਕਾਲ 'ਚ ਜਦੋਂ ਸਰਕਾਰੀ ਖ਼ਰਚ 'ਚ ਕਟੌਤੀ ਕਰਨੀ ਹੈ, ਉਦੋਂ ਉਹ 20 ਹਜ਼ਾਰ ਕੋਰੜ ਰੁਪਏ ਤੋਂ ਵੱਧ ਦੀ ਸੈਂਟਰਲ ਵਿਸਟਾ ਬਣਾ ਰਹੀ ਹੈ। ਸੁਲੇ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੇ ਰਹਿੰਦਿਆਂ ਪੀਐੱਮ-ਕੇਅਰਸ ਫੰਡ ਬਣਾਉਣ 'ਤੇ ਵੀ ਸਵਾਲ ਉਠਾਇਆ ਤੇ ਕਿਹਾ ਕਿ ਇਸ 'ਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ।

ਸਰਕਾਰ ਦੀਆਂ ਮਿੱਤਰ ਪਾਰਟੀਆਂ ਬੀਜੇਡੀ ਦੇ ਪਿਨਾਕੀ ਮਿਸ਼ਰਾ, ਵਾਈਐੱਸਆਰ ਕਾਂਗਰਸ ਤੇ ਮਿਥੁਨ ਰੈੱਡੀ ਹੀ ਨਹੀਂ ਤਿ੍ਣਮੂਲ ਦੇ ਸੌਗਤ ਰਾਏ, ਮਹੁਆ ਮੋਇਤਰਾ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਸ਼ਿਵਸੈਨਾ ਦੇ ਐੱਸਏ ਰਾਣੇ ਨੇ ਵੀ ਸੰਸਦ ਮੈਂਬਰਾਂ ਦੀ ਤਨਖ਼ਾਹ 'ਚ ਕਟੌਤੀ ਦੇ ਮਤੇ ਦਾ ਸਮਰਥਨ ਕੀਤਾ। ਉੱਥੇ ਹੀ ਐੱਮਪੀਲੈਡ ਖ਼ਤਮ ਕਰਨ ਨੂੰ ਸੰਸਦ ਮੈਂਬਰਾਂ ਨੂੰ ਕਮਜ਼ੋਰ ਕੀਤੇ ਜਾਣ ਵਾਲਾ ਕਦਮ ਦੱਸਿਆ। ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਐੱਮਪੀਲੈਡ ਦਾ 83 ਫ਼ੀਸਦੀ ਪੈਸਾ ਪਿੰਡਾਂ 'ਚ ਖ਼ਰਚ ਹੁੰਦਾ ਹੈ। ਇਸ 'ਚ ਅਨੁਸੂਚਿਤ ਜਾਤਾਂ ਲਈ 15 ਫ਼ੀਸਦੀ ਤੇ ਅਨੁਸੂਚਿਤ ਜਨਜਾਤੀਆਂ ਲਈ ਸਾਢੇ ਸੱਤ ਫ਼ੀਸਦੀ ਖ਼ਰਚ ਕਰਨਾ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ। ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਬੇਸ਼ੱਕ ਸੰਸਦ ਮੈਂਬਰਾਂ ਦੇ ਸਾਰੇ ਤਨਖ਼ਾਹ-ਭੱਤੇ ਲੈ ਲਏ ਜਾਣ ਪਰ ਐੱਮਪੀਲੈਡ ਫ਼ੌਰੀ ਬਹਾਲ ਕਰ ਦਿੱਤਾ ਜਾਵੇ।

ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ

 

ਨਵੀਂ ਦਿੱਲੀ , ਸਤੰਬਰ 2020 - ਰਾਜ ਸਭਾ 'ਚ ਪੰਜਾਬ ਰਾਜ ਦੀ ਨੁਮਾਇੰਦਗੀ ਕਰ ਰਹੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਅੱਜ ਦੁਪਹਿਰ 2 ਵਜੇ ਪਾਰਲੀਮੈਂਟ ਕੰਪਲੈਕਸ ਦੇ ਸਾਹਮਣੇ ਖੇਤੀ ਆਰਡੀਨੈਂਸਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ 'ਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਤੇ, ''ਭਾਰਤ ਦੇ ਕਿਸਾਨਾਂ ਨੂੰ ਬਚਾਓ, ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰੋ'' ਲਿਖਿਆ ਹੋਇਆ ਸੀ। ਦੋਵੇਂ ਸੰਸਦ ਮੈਂਬਰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ 'ਚ ਖੜੇ ਹੋਏ, ਜੋ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਹਨ, ਜਿਨ੍ਹਾਂ ਰਾਹੀਂ ਖੇਤੀਬਾੜੀ ਉਤਪਾਦਾਂ ਲਈ ਖੁੱਲ੍ਹੀਆਂ ਮੰਡੀਆਂ ਕਾਇਮ ਕੀਤੀਆਂ ਜਾ ਰਹੀਆਂ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਦਾ ਇਰਾਦਾ ਕਿਸਾਨਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਨਹੀਂ, ਬਲਕਿ ਅਸਿੱਧੇ ਢੰਗ ਨਾਲ ਘੱਟੋ-ਘੱਟ ਸਮਰਥਨ ਮੁੱਲ ਸਿਸਟਮ ਨੂੰ ਖ਼ਤਮ ਕਰਨਾ ਹੈ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਇਹ ਆਰਡੀਨੈਂਸ ਸ਼ਾਂਤਾ ਕੁਮਾਰ ਕਮੇਟੀ ਵਲੋਂ ਸੁਝਾਏ ਗਏ ਸੁਧਾਰਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਹਨ, ਜਿਨ੍ਹਾਂ ਨੂੰ ਸਾਲ 2015 'ਚ ਭਾਰਤ ਭਰ ਦੇ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ। ਸ਼ਾਂਤਾ ਕੁਮਾਰ ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਕੇਂਦਰ ਸਰਕਾਰ ਝੋਨੇ ਅਤੇ ਕਣਕ ਦੀਆਂ ਫਸਲਾਂ ਦੀ ਖ਼ਰੀਦ ਨੂੰ ਖ਼ਤਮ ਕਰੇ ਅਤੇ ਖ਼ਰੀਦ ਪ੍ਰਕਿਰਿਆ ਨੂੰ ਰਾਜਾਂ ਦੇ ਹਵਾਲੇ ਕਰੇ। ਇਸ ਤੋਂ ਇਲਾਵਾ ਕਮੇਟੀ ਨੇ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ, 2013 ਅਧੀਨ ਲਾਭਪਾਤਰਾਂ ਦੀ ਗਿਣਤੀ ਘਟਾਉਣ ਦਾ ਸੁਝਾਅ ਵੀ ਦਿੱਤਾ ਸੀ। ਦੋਹਾਂ ਸੰਸਦ ਮੈਂਬਰਾਂ ਨੇ ਸਪਸ਼ਟ ਕੀਤਾ ਕਿ ਅਜਿਹੀਆਂ ਹਰਕਤਾਂ ਵਿਸ਼ੇਸ਼ ਤੌਰ 'ਤੇ ਪੰਜਾਬ ਰਾਜ 'ਚ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਬਾਜਵਾ ਨੇ ਅੱਗੇ ਕਿਹਾ ਕਿ ਖੇਤੀਬਾੜੀ ਸੈਕਟਰ ਹੀ ਅਜਿਹਾ ਸੈਕਟਰ ਸੀ, ਜੋ ਤਾਲਾਬੰਦੀ ਦੌਰਾਨ ਵਧਿਆ, ਜਦਕਿ ਦੇਸ਼ ਦਾ ਹਰ ਦੂਜਾ ਸੈਕਟਰ ਬੁਰੀ ਤਰਾਂ ਪ੍ਰਭਾਵਿਤ ਹੋਇਆ।ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਦਾ ਧੰਨਵਾਦ ਕਰਨ ਦੀ ਬਜਾਏ ਸਰਕਾਰ ਉਨ੍ਹਾਂ ਤੋਂ ਪੱਲਾ ਝਾੜ ਰਹੀ ਹੈ।  

ਸਰਕਾਰ ਨੇ ਪਿਆਜ਼ ਦੀ ਬਰਾਮਦ ’ਤੇ ਰੋਕ ਲਾਈ

ਨਵੀਂ ਦਿੱਲੀ, ਸਤੰਬਰ  2020- (ਏਜੰਸੀ ) ਸਰਕਾਰ ਨੇ ਪਿਆਜ਼ ਦੀਆਂ ਸਾਰੀਆਂ ਕਿਸਮਾਂ ਦੀ ਬਰਾਮਦ ’ਤੇ ਫੌਰੀ ਰੋਕ ਲਾ ਦਿੱਤੀ ਹੈ। ਸਰਕਾਰ ਦੀ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਪਿਆਜ਼ ਦੀ ਉਪਲਬਧਤਾ ਨੂੰ ਵਧਾਉਣਾ ਤੇ ਘਰੇਲੂ ਮਾਰਕੀਟ ’ਚ ਵਧਦੀਆਂ ਕੀਮਤਾਂ ਨੂੰ ਨੱਥ ਪਾਉਣਾ ਹੈ। ਵਿਦੇਸ਼ ਵਣਜ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕੌਮੀ ਰਾਜਧਾਨੀ ਵਿੱਚ ਪਿਆਜ਼ ਦਾ ਭਾਅ 40 ਰੁਪਏ ਪ੍ਰਤੀ ਕਿਲੋ ਹੈ।

ਜੇਈਈ (ਮੇਨ) ਦੇ ਨਤੀਜੇ ਦਾ ਐਲਾਨ 24 ਉਮੀਦਵਾਰਾਂ ਨੇ ਲਏ 100 ਫੀਸਦ ਨੰਬਰ

ਨਵੀਂ ਦਿੱਲੀ, ਸਤੰਬਰ 2020 -(ਏਜੰਸੀ)- ਕੌਮੀ ਟੈਸਟਿੰਗ ਏਜੰਸੀ ਨੇ ਜੇਈਈ(ਮੁੱਖ) ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇੰਜਨੀਅਰਿੰਗ ਕੋਰਸਾਂ ’ਚ ਦਾਖ਼ਲਿਆਂ ਲਈ ਇਸ ਪ੍ਰੀਖਿਆ ਵਿੱਚ 24 ਵਿਦਿਆਰਥੀਆਂ ਨੇ 100 ਫੀਸਦ ਅੰਕ ਹਾਸਲ ਕੀਤੇ ਹਨ। ਚੇਤੇ ਰਹੇ ਕਿ ਕੋਵਿਡ-19 ਮਹਾਮਾਰੀ ਕਰਕੇ ਇਸ ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਨੂੰ ਦੋ ਵਾਰ ਮੁਲਤਵੀ ਕਰਨਾ ਪਿਆ ਸੀ। ਸੌ ਫੀਸਦ ਅੰਕ ਹਾਸਲ ਕਰਨ ਵਾਲਿਆਂ ਦੀ ਸੂਚੀ ਵਿੱਚ ਤਿਲੰਗਾਨਾ 8 ਵਿਦਿਆਰਥੀਆਂ ਨਾਲ ਪਹਿਲੇ ਸਥਾਨ ’ਤੇ ਹੈ। ਦਿੱਲੀ 5 ਨਾਲ ਦੂਜੇ ਜਦੋਂਕਿ ਮਗਰੋਂ ਰਾਜਸਥਾਨ (4), ਆਂਧਰਾ ਪ੍ਰਦੇਸ਼ (3), ਹਰਿਆਣਾ (2) ਤੇ ਗੁਜਰਾਤ ਤੇ ਮਹਾਰਾਸ਼ਟਰ (ਇਕ-ਇਕ) ਦਾ ਨੰਬਰ ਆਉਂਦਾ ਹੈ। ਜੇਈਈ (ਮੁੱਖ) ਪ੍ਰੀਖਿਆ ਐਤਕੀਂ 1 ਤੋਂ 6 ਸਤੰਬਰ ਦੌਰਾਨ ਲਈ ਗਈ ਸੀ। ਪ੍ਰੀਖਿਆ ਲਈ ਕੁੱਲ 8.58 ਲੱਖ ਉਮੀਦਵਾਰਾਂ ਨੇ ਨਾਂ ਰਜਿਸਟਰਡ ਕਰਵਾਏ ਸੀ, ਪਰ ਸਿਰਫ਼ 74 ਫੀਸਦ ਵਿਦਿਆਰਥੀ ਹੀ ਪ੍ਰੀਖਿਆ ’ਚ ਬੈਠੇ। ਦੱਸ ਦਈਏ ਕਿ ਜੇਈਈ (ਮੁੱਖ) ਦੇ ਪੇਪਰ 1 ਤੇ ਪੇਪਰ 2 ਦੇ ਨਤੀਜਿਆਂ ਦੇ ਆਧਾਰ ’ਤੇ ਸਿਖਰਲੇ 2.45 ਲੱਖ ਵਿਦਿਆਰਥੀ ਜੇਈਈ-ਐੈਡਵਾਂਸ ਪ੍ਰੀਖਿਆ ਦੇਣ ਦੇ ਯੋਗ ਹੋਣਗੇ। ਜੇਈਈ ਐਡਵਾਂਸ ਪ੍ਰੀਖਿਆ 27 ਸਤੰਬਰ ਨੂੰ ਹੋਣੀ ਹੈ। ਪਹਿਲੇ ਅਸਥਾਨ ਤੇ ਆਏ ਵਿਦਿਆਰਥੀਆਂ ਦੀ ਸੂਚੀ-

Image preview

ਜਾਗੋ ਪਾਰਟੀ ਦਿੱਲੀ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਸਰਬੱਤ ਖ਼ਾਲਸਾ ਬੁਲਾਉਣ ਦੀ ਮੰਗ

ਨਵੀਂ ਦਿੱਲੀ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਜਗ ਆਸਰਾ ਗੁਰੂ ਓਟ (ਜਾਗੋ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪੰਥ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ। ਇਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਖ਼ਾਲਸਾ (ਸਿੱਖ ਸੰਗਠਨਾਂ ਦੀ ਸਭਾ) ਬੁਲਾਉਣ ਦੀ ਮੰਗ ਕੀਤੀ ਹੈ। ਪਾਰਟੀ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ਵਿਚ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ੍ਰੀ ਗੁਰੂ ਗ੍ੰਥ ਸਾਹਿਬ ਦੇ ਸੈਂਕੜੇ ਪਾਵਨ ਸਰੂਪ ਗ਼ਾਇਬ ਹੋ ਗਏ ਹਨ ਜਦਕਿ ਉਹ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਇਹ ਸਿੱਖ ਕੌਮ ਨਾਲ ਅਨਿਆਂ ਹੈ। ਬੈਠਕ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਰਬੱਤ ਖ਼ਾਲਸਾ ਬੁਲਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਸਰਬੱਤ ਖ਼ਾਲਸਾ ਵਿਚ ਸਿੱਖਾਂ ਦੀਆਂ ਸਾਰੀਆਂ ਪ੍ਰਤੀਨਿਧ ਸੰਸਥਾਵਾਂ ਅਤੇ ਸੰਗਤ ਵੱਲੋਂ ਇਸ ਬਾਰੇ ਵਿਚ ਫ਼ੈਸਲਾ ਕੀਤਾ ਜਾ ਸਕੇ। ਦੋਸ਼ ਲਗਾਇਆ ਗਿਆ ਕਿ ਪੰਜਾਬ ਸਰਕਾਰ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਾਬਕਾ ਜੇਈ ਬਲਵੰਤ ਸਿੰਘ ਮੁਲਤਾਨੀ ਦੀ ਹੱਤਿਆ ਦੇ ਦੋਸ਼ੀ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬਚਾ ਰਹੀ ਹੈ। ਇਸ ਦੇ ਵਿਰੋਧ ਵਿਚ ਜਾਗੋ 14 ਸਤੰਬਰ ਨੂੰ ਦਿੱਲੀ ਸਥਿਤ ਪੰਜਾਬ ਭਵਨ ਦੇ ਬਾਹਰ ਪ੍ਰਦਰਸ਼ਨ ਕਰੇਗੀ।

ਮੋਦੀ ਨੇ ਮਾਰਕਸ਼ੀਟ ਨੂੰ ਦੱਸਿਆ 'ਪ੍ਰੈਸ਼ਰ ਸ਼ੀਟ'

ਇਸ ਨਾਲ ਨਾ ਹੋਵੇ ਵਿਦਿਆਰਥੀਆਂ ਦਾ ਮੁਲਾਂਕਣ-ਮੋਦੀ

 

ਨਵੀਂ ਦਿੱਲੀ,ਸਤੰਬਰ 2020 -(ਏਜੰਸੀ)- ਰਾਸ਼ਟਰੀ ਸਿੱਖਿਆ ਨੀਤੀ ਦੇ ਰਾਹੀਂ ਸਕੂਲ ਸਿੱਖਿਆ 'ਚ ਹੋਣ ਵਾਲੇ ਬਦਲਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੇਸ਼ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਹਨ। ਸਿੱਖਿਆ ਮੰਤਰਾਲੇ ਨੇ ਸਕੂਲਾਂ ਤਕ ਸਿੱਖਿਆ ਨੀਤੀ ਨੂੰ ਪਹੁੰਚਾਉਣ ਲਈ ਦੋ ਦਿਨ ਦਾ ਇਕ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜੋ ਵੀਰਵਾਰ ਤੋਂ ਸ਼ੁਰੂ ਹੋਇਆ। ਜਿਸ 'ਚ ਦੇਸ਼ ਭਰ ਦੇ ਵਿਦਿਆਰਥੀਆਂ ਤੇ principal virtual ਜੁੜ ਕੇ ਆਪਣੀ ਗੱਲ ਰੱਖ ਸਕਣਗੇ। ਸਿੱਖਿਆ ਮੰਤਰਾਲੇ ਮੁਤਾਬਕ ਰਾਸ਼ਟਰੀ ਸਿੱਖਿਆ ਨੀਤੀ ਦੇ ਅਮਲ ਤੇ ਸਾਰੇ ਜ਼ਿੰਮੇਵਾਰ ਲੋਕਾਂ ਤਕ ਇਸ ਨੂੰ ਪਹੁੰਚਾਉਣ ਲਈ 'ਸਿੱਖਿਆ ਪਰਵ' ਆਯੋਜਨ ਕਰਵਾਇਆ ਗਿਆ ਹੈ। ਇਹ 8 ਤੋਂ 25 ਸਤੰਬਰ ਤਕ ਚਲੇਗਾ। ਇਸ ਦੌਰਾਨ ਨੀਤੀ ਨੂੰ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਵਰਚੂਅਲ ਸੰਮੇਲਨ ਤੇ ਵੇਬੀਨਾਰ ਆਯੋਜਿਤ ਕੀਤੇ ਜਾਣੇ ਹਨ। ਇਸ ਲਈ ਸਿੱਖਿਆ ਸੰਸਥਾਨਾਂ ਤੇ ਯੂਨੀਵਰਸਿਟੀਆਂ ਨੂੰ ਜਿੰਮਾ ਵੀ ਸੌਂਪਿਆ ਗਿਆ ਹੈ। - 2022 'ਚ ਜਦੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ ਤਾਂ ਉਦੋਂ ਭਾਰਤ ਦਾ ਹਰ ਇਕ ਵਿਦਿਆਰਥੀ ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਤੈਅ ਕੀਤੇ ਗਏ ਦਿਸ਼ਾ-ਨਿਰਦੇਸ਼ਾਂ 'ਚ ਪੜ੍ਹੇ ਇਹ ਸਾਡੀ ਸਾਰਿਆਂ ਦੀ ਸਮੂਹਕ ਜ਼ਿੰਮੇਵਾਰੀ ਹੈ। ਮੈਂ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਪ੍ਰਸ਼ਾਸਕਾਂ, ਸਵੈ ਸੇਵੀ ਸੰਗਠਨਾਂ ਤੇ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਮਿਸ਼ਨ 'ਚ ਆਪਣਾ ਸਹਿਯੋਗ ਦੇਣ -ਪੀ ਐੱਮ 

- ਰਾਸ਼ਟਰੀ ਸਿੱਖਿਆ ਨੀਤੀ 'ਚ ਅਧਿਆਪਕ ਦਾ ਬਹੁਤ ਹੀ ਅਹਿਮ ਰੋਲ ਹੈ। ਚਾਹੇ ਨਵੇਂ ਤਰੀਕਿਅ ਨਾਲ ਲਰਨਿੰਗ ਹੋਵੇ, ਵਿਦਿਆਰਥੀਆਂ ਨੂੰ ਇਸ ਨਵੀਂ ਯਾਤਰਾਂ 'ਤੇ ਲੈ ਕੇ ਵਿਦਿਆਰਥੀਆਂ ਨੂੰ ਹੀ ਜਾਣਾ ਹੈ। ਹਵਾਈ ਜਹਾਜ਼ ਕਿੰਨਾ ਹੀ ਕਿਉਂ ਨਾ ਐਡਵਾਂਸ ਹੋਵੇ, ਉਡਾਉਂਦਾ ਪਾਇਲਟ ਹੀ ਹੈ। ਇਸ ਲਈ ਸਾਰੇ ਅਧਿਆਪਕਾਂ ਨੂੰ ਵੀ ਕੁਝ ਨਵਾਂ ਸਿਖਣਾ ਹੈ ਤੇ ਕੁਝ ਪੁਰਾਣਾ ਭੁਲਣਾ ਵੀ ਹੈ :-ਪੀ ਐੱਮ 

- ਪੜ੍ਹਾਈ ਤੋਂ ਮਿਲ ਰਹੇ ਇਸ ਤਣਾਅ ਤੋਂ ਆਪਣੇ ਬੱਚਿਆਂ ਨੂੰ ਬਾਹਰ ਕੱਢਣਾ ਰਾਸ਼ਟੀਰ ਸਿੱਖਿਆ ਨੀਤੀ ਦਾ ਮੁੱਖ ਉਦੇਸ਼ ਹੈ। ਪ੍ਰੀਖਿਆ ਇਸ ਤਰ੍ਹਾਂ ਹੋਣੀ ਚਾਹੀਦੀ ਹਾ ਕਿ ਵਿਦਿਆਰਥੀਆਂ 'ਤੇ ਇਸ ਦਾ ਬੇਵਜ੍ਹਾ ਦਬਾਅ ਨਾ ਪਵੇ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਿਰਫ਼ ਇਕ ਪ੍ਰੀਖਿਆ ਨਾਲ ਵਿਦਿਆਰਥੀਆਂ ਨੂੰ ਮੁਲਾਂਕਣ ਨਾ ਕੀਤਾ ਜਾਵੇ -ਪੀ ਐੱਮ 

- ਸਿੱਖ ਤਾਂ ਬੱਚੇ ਉਦੋਂ ਵੀ ਰਹੇ ਹਨ ਜਦੋਂ ਉਹ ਖੇਡਦੇ ਹਨ, ਜਦੋਂ ਉਹ ਪਰਿਵਾਰ 'ਚ ਗੱਲ ਕਰ ਰਹੇ ਹੁੰਦੇ ਹਨ, ਜਦੋਂ ਉਹ ਬਾਹਰ ਤੁਹਾਡੇ ਨਾਲ ਘੁੰਮਣ ਜਾਂਦੇ ਹਨ ਪਰ ਅਕਸਰ ਮਾਤਾ-ਪਿਤਾ ਵੀ ਬੱਚਿਆਂ ਤੋਂ ਇਹ ਨਹੀਂ ਪੁੱਛਦੇ ਕਿ ਕੀ ਸਿੱਖਿਆ? ਉਹ ਵੀ ਇਹ ਪੁੱਛਦੇ ਹਨ ਕਿ ਨੰਬਰ ਕਿੰਨੇ ਆਏ। ਹਰ ਚੀਜ਼ ਇੱਥੇ ਹੀ ਆ ਕੇ ਅਟਕ ਜਾਂਦੀ ਹੈ - ਪੀ ਐੱਮ 

- ਰਾਸ਼ਟਰੀ ਸਿੱਖਿਆ ਨੀਤੀ 'ਚ ਵਿਦਿਆਰਥੀਆਂ ਨੂੰ ਕੋਈ ਵੀ ਵਿਸ਼ਾਂ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ। ਇਹ ਸਭ ਤੋਂ ਵੱਡੇ ਸੁਧਾਰ 'ਚੋਂ ਇਕ ਹੈ। ਹੁਣ ਸਾਡੇ ਨੌਜ਼ਵਾਨਾਂ ਨੂੰ ਸਾਇੰਸ, ਆਟਰਸ ਜਾਂ ਕਾਮਰਸ ਦੇ ਕਿਸੇ ਇਕ ਬ੍ਰੇਕੈਟ 'ਚ ਹੀ ਫਿੱਟ ਹੋਣ ਦੀ ਜ਼ਰੂਰਤ ਨਹੀਂ ਹੈ। ਦੇਸ਼ 'ਚ ਵਿਦਿਆਰਥੀਆਂ ਦੀ ਪ੍ਰਤੀਭਾ ਨੂੰ ਹੁਣ ਪੂਰਾ ਮੌਕਾ ਮਿਲੇਗਾ -ਪੀ ਐੱਮ 

- ਸਾਡੀ ਪਹਿਲੀ ਸਿੱਖਿਆ ਨੀਤੀ ਰਹੀ ਹੈ, ਉਸ ਨੇ ਵਿਦਿਆਰਥੀਆਂ ਨੂੰ ਬਹੁਤ ਬਿੰਨ ਕੇ ਰੱਖਿਆ ਸੀ। ਜੋ ਵਿਦਿਆਰਥੀ ਸਾਇੰਸ ਲੈਂਦਾ ਹੈ ਉਹ Arts ਜਾਂ comers ਨਹੀਂ ਪੜ੍ਹ ਸਕਦਾ ਸੀ। Arts ਤੇ comers ਵਾਲਿਆਂ ਲਈ ਮੰਨ ਲਿਆ ਗਿਆ ਕਿ ਇਹ History Geography ਤੇ Accounts ਇਸ ਲਈ ਪੜ੍ਹ ਰਹੇ ਹਨ ਕਿਉਂਕਿ ਇਹ ਸਾਇੰਸ ਨਹੀਂ ਪੜ੍ਹ ਸਕਦੇ - ਪੀ ਐੱਮ 

ਕਿੰਨੇ ਹੀ ਪ੍ਰੋਫੈਕਸ਼ਨ ਹਨ ਜਿਨ੍ਹਾਂ ਲਈ ਗਹਨ ਕੌਸ਼ਲ (deep skill) ਦੀ ਜ਼ਰੂਰਤ ਹੁੰਦੀ ਹੈ ਪਰ ਅਸੀਂ ਉਨ੍ਹਾਂ ਨੂੰ ਮਹੱਤਵ ਹੀ ਨਹੀਂ ਦਿੰਦੇ। ਜੇਕਰ ਵਿਦਿਆਰਥੀ ਦੇਖਣਗੇ ਤਾਂ ਇਕ ਤਰ੍ਹਾਂ ਦਾ ਭਾਵਨਾਤਮਕ ਜੁੜਾਅ ਹੋਵੇਗਾ, ਉਨ੍ਹਾਂ ਦਾ ਸਨਮਾਨ ਕਰਨਗੇ। ਹੋ ਸਕਦਾ ਹੈ ਵੱਡੇ ਹੋ ਕੇ ਇਨ੍ਹਾਂ 'ਚੋਂ ਕੋਈ ਬੱਚਾ ਅਜਿਹੇ ਹੀ ਉਦਯੋਗਾਂ ਨਾਲ ਜੁੜੇ - ਪੀ ਐੱਮ 

ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਕਮੀਆਂ ਕਾਰਨ ‘ਡਿਫੈਕਟਿਡ ਲਿਸਟ’ ਵਿੱਚ ਪਾਈ

ਨਵੀ ਦਿੱਲੀ, ਸਤੰਬਰ 2020 -(ਏਜੰਸੀ)- ਮੁਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਅੱਜ ਉਸ ਸਮੇਂ ਹੋਰ ਜ਼ਿਆਦਾ ਵਧ ਗਈਆਂ ਜਦ ਸੁਪਰੀਮ ਕੋਰਟ ਨੇ ਉਨ੍ਹਾਂ (ਸੈਣੀ) ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ‘ਡਿਫੈਕਟਿਡ ਲਿਸਟ’ ਵਿੱਚ ਪਾ ਦਿੱਤਾ। ਇਸ ਸਬੰਧੀ ਸੈਣੀ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਕੇ ਨਵੇਂ ਸਿਰਿਓਂ ਜ਼ਮਾਨਤ ਅਰਜ਼ੀ ਦਾਇਰ ਕਰਨ ਲਈ ਕਿਹਾ ਗਿਆ ਹੈ। ਦੱਸਿਆ ਗਿਆ ਹੈ ਕਿ ਸਾਬਕਾ ਪੁਲੀਸ ਅਧਿਕਾਰੀ ਦੀ ਅਗਾਊਂ ਜ਼ਮਾਨਤ ਅਰਜ਼ੀ ਨਾਲ ਸੈਣੀ ਵੱਲੋਂ ਨੱਥੀ ਕੀਤਾ ਹਲਫ਼ਨਾਮਾ ਕਿਸੇ ਸਮਰੱਥ ਅਧਿਕਾਰੀ ਕੋਲੋਂ ਤਸਦੀਕਸ਼ੁਦਾ ਨਹੀਂ ਹੈ। ਇਸ ਤੋਂ ਇਲਾਵਾ ਪਟੀਸ਼ਨ ਵਿੱਚ ਹੋਰ ਵੀ ਕਈ ਊਣਤਾਈਆਂ/ਤਰੁੱਟੀਆਂ ਹਨ। ਭਲਕੇ ਅਦਾਲਤਾਂ ਵਿੱਚ ਛੁੱਟੀ ਹੈ ਅਤੇ ਅਗਲੇ ਦਿਨ ਐਤਵਾਰ ਨੂੰ ਵੀ ਅਦਾਲਤਾਂ ਬੰਦ ਰਹਿੰਦੀਆਂ ਹਨ। ਇਸ ਤਰ੍ਹਾਂ ਸੈਣੀ ਵੱਲੋਂ ਦਾਇਰ ਹਲਫ਼ਨਾਮਾ ਤਸਦੀਕ ਕਰਨ ਅਤੇ ਪਟੀਸ਼ਨ ਵਿਚਲੀਆਂ ਤਰੁੱਟੀਆਂ ਦੂਰ ਕਰਨ ਨੂੰ ਕੁੱਝ ਹੋਰ ਸਮਾਂ ਲੱਗ ਸਕਦਾ ਹੈ। ਜਿਸ ਕਾਰਨ ਸੈਣੀ ਦੀ ਪਟੀਸ਼ਨ ’ਤੇ ਸੁਣਵਾਈ ਟਲ ਸਕਦੀ ਹੈ। 

ਕੇਂਦਰ ਵਲੋਂ ਵਿੱਤੀ ਘਾਟਾ ਮਾਲੀਆ ਗਰਾਂਟ ਤਹਿਤ ਪੰਜਾਬ ਨੂੰ 6ਵੀਂ ਕਿਸ਼ਤ ਦੇ ਰੂਪ 'ਚ 638 ਕਰੋੜ ਰੁਪਏ ਜਾਰੀ

ਦਿੱਲੀ, ਸਤੰਬਰ 2020 -(ਏਜੰਸੀ)- 15ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਤਹਿਤ ਕੇਂਦਰ ਸਰਕਾਰ ਵਲੋਂ 14 ਸੂਬਿਆਂ ਨੂੰ ਜਾਰੀ ਕੀਤੀ ਵਿੱਤੀ ਘਾਟਾ ਮਾਲੀਆ ਗਰਾਂਟ ਤਹਿਤ ਪੰਜਾਬ ਨੂੰ 6ਵੀਂ ਕਿਸ਼ਤ ਦੇ ਰੂਪ 'ਚ 638 ਕਰੋੜ ਰੁਪਏ ਹੋਰ ਮਿਲੇ ਹਨ। ਇਸ ਸੰਬੰਧੀ ਜਾਣਕਾਰੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੁਣ ਇਸ ਰਕਮ ਰਾਹੀਂ ਸੂਬੇ 'ਚ ਸਿਹਤ ਢਾਂਚੇ ਨੂੰ ਸੁਧਾਰੇ ਅਤੇ ਕੋਰੋਨਾ ਮਹਾਂਮਾਰੀ ਤੋਂ ਰਾਹਤ ਦੇਣ ਵੱਲ ਧਿਆਨ ਦੇਵੇ।  

ਨਹੀਂ ਰਹੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ, ਬੇਟੇ ਨੇ ਟਵੀਟ ਰਾਹੀਂ ਦਿੱਤੀ ਜਾਣਕਾਰੀ

ਨਵੀਂ ਦਿੱਲੀ, ਅਗਸਤ 2020 -(ਏਜੰਸੀ )-  ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਹੀਂ ਰਹੇ। ਅੱਜ ਉਨ੍ਹਾਂ ਦਾ ਦੇਹਾਂਤ ਹੋ ਗਿਆ। ਕਈ ਦਿਨਾਂ ਤੋਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਕੋਮਾ 'ਚ ਸਨ। 84 ਸਾਲਾਂ ਮੁਖਰਜੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਫੇਫੜਿਆਂ 'ਚ ਲਾਗ ਦਾ ਇਲਾਜ ਕੀਤਾ ਜਾ ਰਿਹਾ ਸੀ।  ਦੱਸ ਦਈਏ ਕਿ ਦਿਮਾਗ ਵਿੱਚ ਖੂਨ ਦਾ ਥੱਕਾ ਬਣ ਜਾਣ ਕਾਰਨ ਉਨ੍ਹਾਂ ਨੂੰ 10 ਅਗਸਤ ਦੁਪਹਿਰ 12:07 ਵਜੇ ਗੰਭੀਰ ਸਥਿਤੀ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਕੋਰੋਨਾ ਜਾਂਚ ਵੀ ਕਰਵਾਈ ਗਈ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਦਿਮਾਗ ਵਿੱਚੋਂ ਖੂਨ ਦਾ ਥੱਕਾ ਹਟਾਉਣ ਲਈ ਸਰਜਰੀ ਕੀਤੀ ਸੀ। ਫਿਰ ਵੀ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ ਸੀ। 

Image preview

ਇਕ ਵੋਟਰ ਸੂਚੀ ਨਾਲ ਸਮੁੱਚੇ ਦੇਸ਼ 'ਚ ਚੋਣਾਂ ਕਰਵਾਉਣ ਦੀ ਤਿਆਰੀ

 

ਨਵੀਂ ਦਿੱਲੀ, ਅਗਸਤ 2020-(ਏਜੰਸੀ ) ਸਰਕਾਰ ਲੋਕਸਭਾ, ਵਿਧਾਨਸਭਾ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਇਕ ਵੀ ਵੋਟਰ ਸੂਚੀ ਬਣਾਉਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਹੀ ਹੈ। ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਵਿਧਾਨ 'ਚ ਸੂਬਿਆਂ ਨੂੰ ਪੰਚਾਇਤ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਪਣੇ ਨਿਯਮ ਬਣਾਉਣ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਨੂੰ ਇਹ ਵੀ ਅਧਿਕਾਰ ਹੈ ਕਿ ਉਹ ਆਪਣੇ ਪੱਧਰ 'ਤੇ ਵੋਟਰ ਸੂਚੀ ਤਿਆਰ ਕਰਵਾਉਣ ਜਾਂ ਵਿਧਾਨਸਭਾ ਚੋਣਾਂ ਲਈ ਤਿਆਰ ਚੋਣ ਕਮਿਸ਼ਨ ਦੀ ਵੋਟਰ ਸੂਚੀ ਦੀ ਵਰਤੋਂ ਕਰੇ। ਹੁਣ ਕੇਂਦਰ ਸਰਕਾਰ ਲੋਕਸਭਾ, ਵਿਧਾਨਸਭਾ ਤੇ ਸਥਾਨਕ ਸਰਕਾਰਾਂ ਲਈ ਇਕ ਹੀ ਵੋਟਰ ਸੂਚੀ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਹੀ ਹੈ ਜਿਸ ਨਾਲ ਵੋਟਿੰਗ ਖਰਚੇ 'ਤੇ ਲਗਾਮ ਲੱਗੇਗੀ। ਇਸੇ ਮਹੀਨੇ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਦਫ਼ਤਰ ਨੇ ਇਸ ਸਬੰਧੀ ਬੈਠਕ ਬੁਲਾਈ ਸੀ ਜਿਸ 'ਚ ਕਾਨੂੰਨ ਮੰਤਰਾਲਾ ਤੇ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀਆਂ ਤੋਂ ਮੌਜੂਦਾ ਵਿਵਸਥਾ ਤੇ ਸੰਭਾਵਨਾਵਾਂ ਦੀ ਰਾਏ ਮੰਗ ਗਈ ਹੈ।  

ਪੀਐੱਮ ਮੋਦੀ ਨੇ ਭਾਰਤ ਨੂੰ ਖਿਡੌਣਾ ਹੱਬ ਬਣਾਉਣ ਦਾ ਦਿੱਤਾ ਨਵਾਂ ਮੰਤਰ, ਦੇਸੀ ਕੁੱਤਿਆਂ ਨੂੰ ਅਪਣਾਉਣ ਲਈ ਕੀਤਾ ਪ੍ਰੇਰਿਤ

ਨਵੀਂ ਦਿੱਲੀ,ਅਗਸਤ 2020-(ਏਜੰਸੀ )   ਆਤਮਨਿਰਭਰ ਭਾਰਤ ਮੁਹਿੰਮ ਦੀ ਨੀਂਹ ਲਈ ਸਭ ਤੋਂ ਜ਼ਰੂਰੀ ਹੈ ਕਲਪਨਾਸ਼ੀਲਤਾ, ਨਵੀਨਤਾ, ਆਤਮਵਿਸ਼ਵਾਸ ਤੇ ਟੀਮ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਇਸੇ ਗੱਲ ਦਾ ਸੰਕੇਤ ਦਿੰਦਿਆਂ ਐਤਵਾਰ ਨੂੰ ਦੇਸ਼ ਨੂੰ ਖਿਡੌਣਾ ਉਤਪਾਦਨ ਲਈ ਪ੍ਰੇਰਿਤ ਕੀਤਾ ਜਿਸ ਦਾ ਆਲਮੀ ਬਾਜ਼ਾਰ ਸੱਤ ਲੱਖ ਕਰੋੜ ਰੁਪਏ ਦਾ ਹੈ ਅਤੇ ਭਾਰਤ ਦਾ ਹਿੱਸਾ ਫਿਲਹਾਲ ਇਸ ਵਿਚ ਨਿਗੁਣਾ ਜਿਹਾ ਹੀ ਹੈ। ਉਨ੍ਹਾਂ ਨੇ ਭਾਰਤੀ ਐਪ ਦੀ ਦੁਨੀਆ ਵਿਚ ਹੋ ਰਹੇ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਖਿਡੌਣਿਆਂ ਦੇ ਉਤਪਾਦਨ ਵਿਚ ਭਾਰਤੀ ਸੋਚ, ਕਲਪਨਾ ਤੇ ਥੀਮ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਧਿਆਨ ਰਹੇ ਕਿ ਚੀਨ ਨਾਲ ਛਿੜੀ ਜੰਗ ਤੋਂ ਬਾਅਦ ਕੇਂਦਰ ਸਰਕਾਰ ਨੇ ਕਈ ਦੂਜੇ ਖੇਤਰਾਂ ਦੇ ਨਾਲ-ਨਾਲ ਇਨ੍ਹਾਂ ਦੋ ਖੇਤਰਾਂ ਵਿਚ ਵੀ ਚੀਨ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਖਿਡੌਣਾ ਉਤਪਾਦਨ ਦੀ ਹੱਬ ਬਣਾਉਣ ਲਈ ਮੀਟਿੰਗ ਕੀਤੀ ਸੀ। ਉਸ ਤੋਂ ਪਹਿਲਾਂ ਸਰਕਾਰ ਨੇ ਚੀਨ ਦੇ ਲਗਪਗ ਸੌ ਐਪਸ 'ਤੇ ਪਾਬੰਦੀ ਲਾ ਦਿੱਤੀ ਸੀ।

ਐਤਵਾਰ ਨੂੰ ਆਪਣੇ ਮਹੀਨਾਵਾਰੀ ਪ੍ਰੋਗਰਾਮ 'ਮਨ ਕੀ ਬਾਤ' ਵਿਚ ਉਂਜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਉਤਸਵ, ਪੋਸ਼ਣ, ਦੇਸੀ ਕੁੱਤਿਆਂ ਦੀ ਗੁਣਵਤਾ ਵਰਗੇ ਕਈ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਪਰ ਇਹ ਮੁੱਖ ਤੌਰ 'ਤੇ ਖਿਡੌਣਾ, ਮੋਬਾਈਲ ਗੇਮਜ਼, ਐਪਸ ਆਦਿ 'ਤੇ ਕੇਂਦਿ੍ਤ ਸੀ। ਇਸ ਦਾ ਖ਼ਾਸ ਕਾਰਨ ਵੀ ਸੀ। ਭਾਰਤ ਪਿਛਲੇ ਡੇਢ-ਦੋ ਮਹੀਨਿਆਂ ਤੋਂ ਚੀਨ ਸਮੇਤ ਕਿਸੇ ਵੀ ਦੇਸ਼ 'ਤੇ ਨਿਰਭਰਤਾ ਘੱਟ ਕਰਨ ਤੇ ਹਰ ਖੇਤਰ ਵਿਚ ਖ਼ੁਦ ਦੀ ਤਾਕਤ ਵਧਾਉਣ ਵਿਚ ਜੁਟਿਆ ਹੈ। ਅਜਿਹੇ ਵਿਚ ਖਿਡੌਣਾ ਬਾਜ਼ਾਰ ਅਹਿਮ ਹੈ। ਲਿਹਾਜ਼ਾ ਉਨ੍ਹਾਂ ਨੇ ਉਦਯੋਗ ਜਗਤ, ਸਟਾਰਟ ਅੱਪ ਨੂੰ ਅਪੀਲ ਕੀਤੀ, 'ਸਾਡੇ ਦੇਸ਼ ਵਿਚ ਏਨੇ '

ਆਈਡੀਆਜ਼ ਹਨ, ਕੰਸੈਪਟ ਹਨ, ਭਾਰਤ ਵਿਚ ਗੇਮ ਬਣਾਓ, ਭਾਰਤ ਦੇ ਗੇਮ ਬਣਾਓ, ਚਲੋ ਖੇਡ ਸ਼ੁਰੂ ਕਰਦੇ ਹਾਂ (ਲੈਟ ਦੇ ਗੇਮ ਬਿਗਿਨ)।' ਭਾਰਤੀ ਥੀਮ ਦੀ ਗੱਲ ਕਹਿ ਕੇ ਉਨ੍ਹਾਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਵਿਦੇਸ਼ੀ ਕਿਰਦਾਰਾਂ ਦੀ ਥਾਂ ਭਾਰਤੀ ਬੱਚੇ ਖੇਡ-ਖੇਡ ਵਿਚ ਹੀ ਭਾਰਤੀ ਇਤਿਹਾਸ ਤੇ ਸੱਭਿਅਤਾ ਵੀ ਸਿੱਖ-ਸਮਝ ਸਕਦੇ ਹਨ। ਗੁਰੂਦੇਵ ਰਵਿੰਦਰਨਾਥ ਟੈਗੋਰ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖਿਡੌਣੇ ਹੋਣੇ ਚਾਹੀਦੇ ਹਨ ਜੋ ਅਧੂਰੇ ਹੋਣ ਤੇ ਬੱਚਿਆਂ ਦੀ ਕਲਪਨਾਸ਼ੀਲਤਾ, ਰਚਨਾਤਮਿਕਤਾ ਨੂੰ ਵਧਾਉਣ। ਨਵੀਂ ਸਿੱਖਿਆ ਨੀਤੀ ਵਿਚ ਖਿਡੌਣਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਖੇਡ-ਖੇਡ ਵਿਚ ਸਿੱਖਣਾ, ਜਿੱਥੇ ਖਿਡੌਣੇ ਬਣਦੇ ਹਨ ਉੱਥੇ ਬੱਚਿਆਂ ਨੂੰ ਲੈ ਜਾਣਾ, ਇਹ ਸਭ ਸਿਲੇਬਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਵਿਚ ਸਮਰੱਥਾ ਤੇ ਰਚਨਾਤਮਿਕਤਾ ਵਧੇਗੀ। ਇਸ ਵਿਚ ਸਟਾਰਟ ਅੱਪ ਤੋਂ ਲੈ ਕੇ ਸੂਖਮ, ਲਘੂ, ਮੱਧਮ ਤੇ ਵੱਡੇ ਸਾਰੇ ਤਰ੍ਹਾਂ ਦੇ ਉਦਯੋਗ ਸ਼ਾਮਲ ਹੋ ਸਕਦੇ ਹਨ ਤਾਂ ਜੋ ਸੱਤ ਲੱਖ ਕਰੋੜ ਰੁਪਏ ਦੇ ਆਲਮੀ ਬਾਜ਼ਾਰ ਵਿਚ ਭਾਰਤ ਵੀ ਹਿੱਸਾ ਲੈ ਸਕੇ। ਉਨ੍ਹਾਂ ਨਵਾਂ ਨਾਅਰਾ ਦਿੱਤਾ-'ਟੀਮ ਅੱਪ ਫਾਰ ਟੁਆਇਜ਼' ਯਾਨੀ ਖਿਡੌਣਾ ਬਣਾਉਣ ਲਈ ਨਾਲ ਆਉਣ ਲਈ ਕਿਹਾ।

 

ਪ੍ਰਧਾਨ ਮੰਤਰੀ ਨੇ ਚੀਨੀ ਐਪਸ 'ਤੇ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਦੇ ਪੱਧਰ 'ਤੇ ਹੋਏ 'ਐਪ ਚੈਲੰਜ' ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਨਵੀਂ ਸੋਚ ਦਾ ਪ੍ਰਤੀਕ ਹੈ। ਮਿਸਾਲ ਵਜੋਂ ਕੁਟੁਕੀ ਜਿਸ ਵਿਚ ਛੋਟੇ ਬੱਚੇ ਖੇਡ-ਖੇਡ ਵਿਚ ਗਾਣਿਆਂ ਤੇ ਕਹਾਣੀਆਂ ਜ਼ਰੀਏ ਹੀ ਗਣਿਤ ਤੇ ਸਾਇੰਸ ਸਿੱਖ ਜਾਂਦੇ ਹਨ। ਉਨ੍ਹਾਂ ਨੇ ਚਿੰਗਾਰੀ ਤੇ ਜੋਹੋ ਵਰਕਪਲੇਸ ਵਰਗੀਆਂ ਭਾਰਤੀ ਐਪਸ ਦਾ ਜ਼ਿਕਰ ਵੀ ਕੀਤਾ।

ਵੋਕਲ ਫਾਰ ਲੋਕਲ ਦਾ ਮੰਤਰ ਉਂਜ ਤਾਂ ਉਤਪਾਦਾਂ ਲਈ ਹੈ ਪਰ ਪ੍ਰਧਾਨ ਮੰਤਰੀ ਨੇ ਦੇਸੀ ਕੁੱਤਿਆਂ ਨੂੰ ਪਾਲਣ ਲਈ ਵੀ ਪ੍ਰੇਰਿਤ ਕੀਤਾ। ਆਰਮੀ ਦੇ ਸੋਫੀ, ਵਿਦਾ, ਭਾਵਨਾ, ਰੋਕੀ ਵਰਗੇ ਕੁੱਤਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਦੇਸ਼ ਦੀ ਰੱਖਿਆ ਵਿਚ ਵੱਡੀ ਭੂਮਿਕਾ ਨਿਭਾਈ ਹੈ। ਰੋਕੀ ਨੇ ਤਾਂ 300 ਤੋਂ ਜ਼ਿਆਦਾ ਕੇਸ ਸੁਲਝਾਉਣ ਵਿਚ ਪੁਲਿਸ ਦੀ ਮਦਦ ਕੀਤੀ ਸੀ। ਭਾਰਤੀ ਨਸਲ ਦੇ ਕੁੱਤਿਆਂ ਵਿਚ ਹਿਮਾਚਲੀ ਹਾਉਂਡ, ਮੁਧੋਲ ਹਾਉਂਡ, ਚਿੱਪੀਪਰਾਈ ਵਰਗੀਆਂ ਬ੍ਰੀਡਾਂ ਬਹੁਤ ਚੰਗੀਆਂ ਹਨ। ਜੇ ਕੁੱਤੇ ਪਾਲਣ ਦੀ ਸੋਚੋ ਤਾਂ ਭਾਰਤੀ ਬ੍ਰੀਡ ਨੂੰ ਅਪਣਾਓ। ਪ੍ਰਧਾਨ ਮੰਤਰੀ ਨੇ ਕਿਹਾ, 'ਆਤਮਨਿਰਭਰ ਭਾਰਤ ਜਦੋਂ ਜਨ ਮਨ ਦਾ ਮੰਤਰ ਬਣ ਹੀ ਰਿਹਾ ਹੈ ਤਾਂ ਕੋਈ ਵੀ ਖੇਤਰ ਇਸ ਤੋਂ ਪਿੱਛੇ ਕਿਵੇਂ ਰਹਿ ਸਕਦਾ ਹੈ।  

ਕੋਰੋਨਾ ਦਾ ਕਹਿਰ ਜਾਰੀ ਭਾਰਤ ਵਿੱਚ ਕੱਲ 1030 ਮੌਤਾਂ

ਇਕ ਦਿਨ 'ਚ 77 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ

   
ਨਵੀਂ ਦਿੱਲੀ , ਅਗਸਤ 2020 -(ਏਜੰਸੀ)- ਦੇਸ਼ 'ਚ ਇਕ ਦਿਨ 'ਚ 77 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਕੁਲ ਇਨਫੈਕਟਿਡਾਂ ਦਾ ਅੰਕੜਾ 34.53 ਲੱਖ ਨੂੰ ਪਾਰ ਕਰ ਗਿਆ ਹੈ। ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸ਼ੁੱਕਰਵਾਰ ਨੂੰ ਰਾਤ 9 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਇਸ ਦੌਰਾਨ 64 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਮੰਦ ਵੀ ਹੋਏ ਹਨ ਤੇ ਹੁਣ ਤਕ ਠੀਕ ਹੋਏ ਲੋਕਾਂ ਦੀ ਗਿਣਤੀ 26.40 ਲੱਖ ਤੋਂ ਜ਼ਿਆਦਾ ਹੋ ਗਈ ਹੈ। 1,030 ਲੋਕਾਂ ਦੀ ਮੌਤ ਨਾਲ ਕੋਰੋਨਾ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 62,625 'ਤੇ ਪੁੱਜ ਗਈ ਹੈ।

ਉਥੇ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 77,266 ਨਵੇਂ ਕੇਸ ਮਿਲੇ ਹਨ ਤੇ ਕੁਲ ਇਨਫੈਕਟਿਡ 33.87 ਲੱਖ ਤੋਂ ਜ਼ਿਆਦਾ ਹੋ ਗਏ ਹਨ। ਹੁਣ ਤਕ 25.83 ਲੱਖ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 76.28 ਫ਼ੀਸਦੀ ਹੋ ਗਈ ਹੈ। 1,057 ਲੋਕਾਂ ਦੀ ਮੌਤ ਨਾਲ ਹੁਣ ਤਕ 61,529 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਮੌਤ ਦੀ ਦਰ 1.82 ਫ਼ੀਸਦੀ 'ਤੇ ਆ ਗਈ ਹੈ। ਮੰਤਰਾਲੇ ਮੁਤਾਬਕ ਸਰਗਰਮ ਮਾਮਲੇ 7.42 ਲੱਖ ਰਹਿ ਗਏ ਹਨ, ਜੋ ਕੁਲ ਮਾਮਲਿਆਂ ਦਾ 21.90 ਫ਼ੀਸਦੀ ਹੈ। ਭਾਰਤ 'ਚ ਇਨਫੈਕਟਿਡਾਂ ਦਾ 20 ਲੱਖ ਦਾ ਅੰਕੜਾ ਸੱਤ ਅਗਸਤ ਤੇ 30 ਲੱਖ ਦਾ ਅੰਕੜਾ 23 ਅਗਸਤ ਨੂੰ ਪਾਰ ਹੋ ਗਿਆ ਸੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਵੀਰਵਾਰ ਨੂੰ ਨੌਂ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਹੋਈ ਤੇ ਹੁਣ ਤਕ 3.94 ਕਰੋੜ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ਦਾ ਫਰਕ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲਿਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।  

ਪੰਜਾਬ ਸਰਕਾਰ ਕੋਲ ਟਿੱਕ-ਟੌਕੀਆਂ ਲਈ ਪੈਸਾ ਪਰ ਖਿਡਾਰੀਆਂ ਲਈ ਨਹੀਂ- ਸਿਮਰਨਜੀਤ

ਨਵੀਂ ਦਿੱਲੀ, ਅਗਸਤ 2020 (ਏਜੰਸੀ)- ਓਲੰਪਿਕ ’ਚ ਹਿੱਸਾ ਲੈਣ ਜਾ ਰਹੀ ਮੁੱਕੇਬਾਜ਼ ਸਿਮਰਨਜੀਤ ਕੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜ ਮਹੀਨੇ ਪਹਿਲਾਂ ਨੌਕਰੀ ਦੇ ਕੀਤੇ ਵਾਅਦੇ ਤੋਂ ਬਾਅਦ ਵੀ ਨੌਕਰੀ ਦੀ ਭਾਲ ਵਿੱਚ ਹੈ। ਜਨਵਰੀ ਵਿੱਚ ਜਦੋਂ ਉਸ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਤਾਂ ਉਸ ਨੇ ਆਪਣੀਆਂ ਵਿੱਤੀ ਸਮੱਸਿਆਵਾਂ ਪੱਤਰਕਾਰਾਂ ਨਾਲ ਸਾਂਝੀਆਂ ਕੀਤੀਆਂ ਸਨ। ਪੱਤਰਕਾਰਾਂ ਵੱਲੋਂ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸ ਖਿਡਾਰਨ ਦੀ ਮਦਦ ਕਰਨ ਦਾ ਭਰੋਸਾ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਆਪਣੇ ਸਕੱਤਰ (ਖੇਡਾਂ) ਨੂੰ ਕਿਹਾ ਹੈ ਕਿ ਇਸ ਖਿਡਾਰਨ ਦੀ ਹਰ ਸੰਭਵ ਮਦਦ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ।

ਕਿ੍ਕਟਰ ਹਰਭਜਨ ਸਿੰਘ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਮੀਡੀਆ ਦਾ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਣ ’ਤੇ ਧੰਨਵਾਦ ਕੀਤਾ ਸੀ। ਜਦੋਂ ਕਿ ਹੁਣ ਸਿਮਰਨਜੀਤ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ। ਉਸ ਦੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੂੰ ਪੰਜ ਲੱਖ ਰੁਪਏ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਕੌਣ ਪ੍ਰਵਾਹ ਕਰਦਾ ਹੈ। ਜਦੋਂ ਕਿ ਟਿੱਕ-ਟੌਕ ਸਟਾਰਜ਼ ਨੂੰ ਪੰਜਾਬ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਜਦੋਂ ਮਾਰਚ ਵਿੱਚ ਉਹ ਮੁੱਖ ਮੰਤਰੀ ਨੂੰ ਮਿਲੀ ਸੀ ਤਾਂ ਉਨ੍ਹਾਂ ਉਸ ਨਾਲ ਨੌਕਰੀ ਦਾ ਵਾਅਦਾ ਵੀ ਕੀਤਾ ਸੀ, ਪਰ ਕੌਣ ਪ੍ਰਵਾਹ ਕਰਦਾ ਹੈ। ਉਸ ਨੇ ਕਿਹਾ ਕਿ ਸਰਕਾਰਾਂ ਇਹ ਕਿਉਂ ਚਾਹੁੰਦੀਆਂ ਹਨ ਕਿ ਜੋ ਉਨ੍ਹਾਂ ਨੇ ਅਥਲੀਟਾਂ ਨਾਲ ਵਾਅਦੇ ਕੀਤੇ ਹਨ ਉਹ ਉਨ੍ਹਾਂ ਵਾਅਦਿਆਂ ਲਈ ਭੀਖ ਮੰਗਣ। ਪੰਜਾਬ ਸਰਕਾਰ ਤੇ ਇਹ ਸਵਾਲ ਜਾਇਜ਼ ਹਨ ਕਿਉਂ ਨਹੀਂ ਸਰਕਾਰ ਇਹਨਾਂ ਅਥਲੀਟਾ ਨੂੰ ਆਪਣਾ ਸਰਮਾਇਆ ਸਮਜਦੀ।

ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਹੋਣਗੇ ਨਵੇਂ ਚੋਣ ਕਮਿਸ਼ਨਰ

ਨਵੀਂ ਦਿੱਲੀ (ਏਜੰਸੀਆਂ) : ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੂੰ ਨਵਾਂ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਅਸ਼ੋਕ ਲਵਾਸਾ ਦੀ ਥਾਂ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਲਵਾਸਾ ਨੇ ਬੀਤੀ 18 ਅਗਸਤ ਨੂੰ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਰਾਜੀਵ ਕੁਮਾਰ 1984 ਬੈਚ ਦੇ ਝਾਰਖੰਡ ਕੈਡਰ ਦੇ ਆਈਏਐੱਸ ਅਧਿਕਾਰੀ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜੀਵ ਕੁਮਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਅਸ਼ੋਕ ਲਵਾਸਾ ਅਗਲੀ 31 ਅਗਸਤ ਤਕ ਚੋਣ ਕਮਿਸ਼ਨਰ ਦੇ ਅਹੁਦੇ 'ਤੇ ਰਹਿਣਗੇ। ਰਾਜੀਵ ਕੁਮਾਰ ਦੀ ਨਿਯੁਕਤੀ ਇਸ ਤੋਂ ਬਾਅਦ ਪ੍ਰਭਾਵੀ ਮੰਨੀ ਜਾਵੇਗੀ। ਉਨ੍ਹਾਂ ਨੂੰ ਪਿਛਲੇ ਸਾਲ ਜੁਲਾਈ ਵਿਚ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਤਿੰਨ ਦਹਾਕਿਆਂ ਵਿਚ ਕਈ ਸੈਕਟਰਾਂ ਵਿਚ ਨੌਕਰਸ਼ਾਹ ਦੇ ਤੌਰ 'ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਮਜ਼ਬੂਤ ਕਰਨ ਦੀ ਕੇਂਦਰ ਦੀ ਯੋਜਨਾ ਨੂੰ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ ਧਨ ਤੇ ਮੁਦਰਾ ਕਰਜ਼ ਵਰਗੀਆਂ ਯੋਜਨਾਵਾਂ 'ਤੇ ਵੀ ਕਾਫੀ ਕੰਮ ਕੀਤਾ ਹੈ।

 

ਦੇਸ਼ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ 1092 ਮੌਤਾਂ, 24 ਘੰਟਿਆਂ 'ਚ 64 ਹਜ਼ਾਰ ਤੋਂ ਵੱਧ ਨਵੇਂ ਕੇਸ

 

ਨਵੀਂ ਦਿੱਲੀ , ਅਗਸਤ 2020 -(ਏਜੰਸੀ)-

ਭਾਰਤ ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਬੁੱਧਵਾਰ ਨੂੰ 64 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 27.50 ਲੱਖ ਨੂੰ ਪਾਰ ਕਰ ਗਿਆ। ਰਿਕਾਰਡ ਮੌਤਾਂ ਦੇ ਨਾਲ ਹੀ ਮਿ੍ਤਕਾਂ ਦੀ ਗਿਣਤੀ ਵੀ 53 ਹਜ਼ਾਰ ਦੇ ਲਗਪਗ ਹੋਈ ਹੈ। ਹਾਲਾਂਕਿ, 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਤੇ ਲਗਾਤਾਰ ਦੂਜੇ ਦਿਨ ਅੱਠ ਲੱਖ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਜਾਂਚ ਵੀ ਹੋਈ ਹੈ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 64,531 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ 27 ਲੱਖ 67 ਹਜ਼ਾਰ 273 ਹੋ ਗਈ। ਇਸ ਦੌਰਾਨ 60,091 ਮਰੀਜ਼ ਠੀਕ ਵੀ ਹੋਏ ਹਨ ਤੇ ਹੁਣ ਤਕ ਸਿਹਤਮੰਦ ਹੋਏ ਲੋਕਾਂ ਦਾ ਅੰਕੜਾ 20 ਲੱਖ 37 ਹਜ਼ਾਰ 870 ਹੋ ਗਿਆ ਹੈ। ਸਰਗਰਮ ਮਾਮਲੇ ਛੇ ਲੱਖ 76 ਹਜ਼ਾਰ 514 ਰਹਿ ਗਏ ਹਨ। ਇਸ ਦੌਰਾਨ 1,092 ਲੋਕਾਂ ਦੀ ਮੌਤ ਵੀ ਹੋਈ। ਇਸ ਮਹਾਮਾਰੀ ਨਾਲ ਹੁਣ ਤਕ 52,889 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਅੱਠ ਲੱਖ ਇਕ ਹਜ਼ਾਰ 518 ਟੈਸਟ ਕੀਤੇ ਗਏ। ਹੁਣ ਤਕ ਤਿੰਨ ਕਰੋੜ 17 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ। ਕਰਨਾਟਕ 'ਚ 23 ਮਾਰਚ ਤੋਂ 16 ਅਗਸਤ ਵਿਚਾਲੇ 20 ਲੱਖ ਤੋਂ ਜ਼ਿਆਦਾ ਦੀ ਕੋਰੋਨਾ ਜਾਂਚ ਕੀਤੀ ਗਈ ਹੈ।ਉਥੇ, ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੀਟੀਆਈ ਤੇ ਹੋਰ ਸਰੋਤਾਂ ਤੋਂ ਰਾਤ ਅੱਠ ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਮੰਗਲਵਾਰ ਦੇਰ ਰਾਤ ਤੋਂ ਹੁਣ ਤਕ 34,328 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦਾ ਅੰਕੜਾ 27 ਲੱਖ 92 ਹਜ਼ਾਰ 779 'ਤੇ ਪੁੱਜ ਗਿਆ ਹੈ। ਹੁਣ ਤਕ 53,441 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੁੱਧਵਾਰ ਨੂੰ 513 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 346, ਆਂਧਰ ਪ੍ਰਦੇਸ਼ 'ਚ 86, ਗੁਜਰਾਤ 'ਚ 17, ਜੰਮੂ-ਕਸ਼ਮੀਰ 'ਚ 11, ਰਾਜਸਥਾਨ ਤੇ ਓਡੀਸ਼ਾ 'ਚ 10-10, ਦਿੱਲੀ 'ਚ ਨੌਂ, ਤੇਲੰਗਾਨਾ 'ਚ ਅੱਠ, ਕੇਰਲ 'ਚ ਸੱਤ, ਪੁਡੂਚੇਰੀ 'ਚ ਛੇ ਤੇ ਤਿ੍ਪੁਰਾ 'ਚ ਤਿੰਨ ਮੌਤਾਂ ਸ਼ਾਮਲ ਹਨ।ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲੀਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਵਿਧਾਇਕ ਜਰਨੈਲ ਸਿੰਘ ਆਮ ਆਦਮੀ ਪਾਰਟੀ 'ਚੋਂ ਮੁਅੱਤਲ

ਅਪਮਾਨਜਨਕ ਪੋਸਟ ਪਾਉਣ ਪਿੱਛੋਂ ਲਿਆ 'ਆਪ' ਨੇ ਫੈਸਲਾ

ਨਵੀਂ ਦਿੱਲੀ ,ਅਗਸਤ 2020-(ਏਜੰਸੀ )

 ਆਮ ਆਦਮੀ ਪਾਰਟੀ ਨੇ ਰਾਜੌਰੀ ਗਾਰਡਨ ਤੋਂ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਜਰਨੈਲ ਸਿੰਘ ਨੇ ਮੰਗਲਵਾਰ 11 ਅਗਸਤ ਨੂੰ ਆਪਣੇ ਫੇਸਬੁੱਕ ਪੋਸਟ 'ਚ ਹਿੰਦੂ ਦੇਵੀ-ਦੇਵਤਿਆਂ 'ਤੇ ਸਵਾਲ ਉਠਾਏ ਸਨ।ਜਰਨੈਲ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਫੋਨ ਆਪਣੇ ਬੇਟੇ ਨੂੰ ਦਿੱਤਾ ਸੀ ਤੇ ਉਸ ਨੇ ਗ਼ਲਤੀ ਨਾਲ ਕੁਝ ਕਾਪੀ ਪੇਸਟ ਕਰ ਦਿੱਤਾ, ਜਿਸ ਨੂੰ ਉਨ੍ਹਾਂ ਡਿਲੀਟ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਪੁੱਛਿਆ ਹੈ ਕਿ ਉਨ੍ਹਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਿਉਂ ਨਾ ਕਰ ਦਿੱਤਾ ਜਾਵੇ? ਇਸ ਮਾਮਲੇ ਦੀ ਜਾਂਚ ਹੋਣ ਤਕ ਫਿਲਹਾਲ ਜਰਨੈਲ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਇਕ ਦਿਨ 'ਚ ਕੋਰੋਨਾ ਵਾਇਰਸ ਟੈਸਟ ਲਈ ਨਵੇਂ ਰਿਕਾਰਡ

ਸੱਤ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ

ਨਵੀਂ ਦਿੱਲੀ, ਅਗਸਤ 2020 -( ਏਜੰਸੀ)- ਕੋਰੋਨਾ ਖ਼ਿਲਾਫ਼ ਲੜਾਈ 'ਚ ਜਾਂਚ ਦੀ ਸਮਰੱਥਾ ਲਗਾਤਾਰ ਵੱਧ ਰਹੀ ਹੈ। ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਪਿਛਲੇ 24 ਘੰਟੇ ਦੌਰਾਨ ਰਿਕਾਰਡ ਸੱਤ ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ 63 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਅਤੇ ਰਿਕਾਰਡ 55 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਮੰਦ ਹੋਏ। ਕੁਲ ਇਨਫੈਕਟਿਡ ਲੋਕਾਂ ਦਾ ਅੰਕੜਾ 22 ਲੱਖ ਨੂੰ ਪਾਰ ਕਰ ਗਿਆ ਹੈ, ਜਦਕਿ 44 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਹੁਣ ਤਕ ਜਾਨ ਵੀ ਜਾ ਚੁੱਕੀ ਹੈ ਅਤੇ 15 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਛੇ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਹੋ ਰਹੀ ਹੈ। ਭਾਰਤੀ ਸਿਹਤ ਖੋਜ ਪ੍ਰਰੀਸ਼ਦ (ਆਈਸੀਐੱਮਆਰ) ਵਿਚ ਵਿਗਿਆਨੀ ਅਤੇ ਮੀਡੀਆ ਕਨਵੀਨਰ ਡਾ. ਲੋਕੇਸ਼ ਸ਼ਰਮਾ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਰਿਕਾਰਡ ਸੱਤ ਲੱਖ 19 ਹਜ਼ਾਰ 364 ਨਮੂਨਿਆਂ ਦੀ ਜਾਂਚ ਕੀਤੀ ਗਈ। ਕੋਰੋਨਾ ਦਾ ਪਤਾ ਲਾਉਣ ਲਈ ਹਰ ਮਿੰਟ 500 ਟੈਸਟ ਕੀਤੇ ਜਾ ਰਹੇ ਹਨ ਅਤੇ ਰੋਜ਼ਾਨਾ ਜਾਂਚ ਦੀ ਸਮਰੱਥਾ ਵੱਧ ਕੇ ਪੰਜ ਲੱਖ ਤੋਂ ਜ਼ਿਆਦਾ ਹੋ ਗਈ ਹੈ। ਹੁਣ ਤਕ ਦੋ ਕਰੋੜ 41 ਲੱਖ ਛੇ ਹਜ਼ਾਰ 535 ਨਮੂਨਿਆਂ ਦਾ ਪ੍ਰਰੀਖਣ ਕੀਤਾ ਜਾ ਚੁੱਕਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿਚ ਜਾਂਚ ਹੋਣ ਨਾਲ ਹੀ ਜ਼ਿਆਦਾ ਗਿਣਤੀ ਵਿਚ ਇਨਫੈਕਟਿਡ ਮਾਮਲੇ ਮਿਲ ਰਹੇ ਹਨ। ਸੂਬਿਆਂ ਨੂੰ ਮਰੀਜ਼ਾਂ ਦਾ ਪਤਾ ਲਾਉਣ, ਉਨ੍ਹਾਂ ਨੂੰ ਆਈਸੋਲੇਟ ਕਰਨ ਅਤੇ ਉਨ੍ਹਾਂ ਦਾ ਤੁਰੰਤ ਇਲਾਜ ਸ਼ੁਰੂ ਕਰਨ 'ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਗਿਆ ਹੈ।

ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਪੀਟੀਆਈ ਤੇ ਹੋਰਨਾਂ ਸਰੋਤਾਂ ਤੋਂ ਰਾਤ 10 ਵਜੇ ਤਕ ਮਿਲੀਆਂ ਸੂਚਨਾਵਾਂ ਮੁਤਾਬਕ ਸ਼ਨਿਚਰਵਾਰ ਦੇਰ ਰਾਤ ਤੋਂ ਹੁਣ ਤਕ 63,623 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁਲ ਇਨਫੈਕਟਿਡਾਂ ਦਾ ਅੰਕੜਾ 22 ਲੱਖ ਨੌਂ ਹਜ਼ਾਰ 501 'ਤੇ ਪਹੁੰਚ ਗਿਆ ਹੈ। ਇਸ ਦੌਰਾਨ 55,931 ਮਰੀਜ਼ ਠੀਕ ਵੀ ਹੋਏ ਹਨ, ਜਿਹੜੇ ਇਕ ਦਿਨ ਵਿਚ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਹੀ ਸਿਹਤਮੰਦ ਹੋਏ ਕੁਲ ਇਨਫੈਕਟਿਡਾਂ ਦੀ ਗਿਣਤੀ 15 ਲੱਖ 25 ਹਜ਼ਾਰ 215 ਹੋ ਗਈ ਹੈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਨੇ ਸਵੇਰੇ ਅੱਠ ਵਜੇ ਜਿਹੜੇ ਅੰਕੜੇ ਜਾਰੀ ਕੀਤੇ ਹਨ, ਉਨ੍ਹਾਂ ਮੁਤਾਬਕ ਬੀਤੇ 24 ਘੰਟੇ ਵਿਚ 64,399 ਨਵੇਂ ਮਾਮਲੇ ਮਿਲੇ ਹਨ ਅਤੇ 861 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਨੂੰ ਮਿਲਾ ਕੇ ਕੁਲ ਇਨਫੈਕਟਿਡਾਂ ਦੀ ਗਿਣਤੀ 21 ਲੱਖ 53 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ 43,379 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।  

 

ਕਿਵੇਂ ਵਾਪਰਿਆ ਕੇਰਲ ਜਹਾਜ਼ ਹਾਦਸਾ

ਸਰਕਾਰ ਨੂੰ ਸੌਂਪੀ ਗਈ ਸ਼ੁਰੂਆਤੀ ਜਾਂਚ ਰਿਪੋਰਟ 'ਚ ਹੋਇਆ ਪੂਰਾ ਖ਼ੁਲਾਸਾ

ਨਵੀਂ ਦਿੱਲੀ, ਅਗਸਤ 2020 (ਏਜੰਸੀ) : ਵੰਦੇ ਭਾਰਤ ਮਿਸ਼ਨ ਤਹਿਤ ਖਾੜੀ ਦੇਸ਼ਾਂ ਤੋਂ ਭਾਰਤੀਆਂ ਨੂੰ ਲੈ ਕੇ ਪਰਤੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਆਈਐਕਸ-1344 ਨੂੰ ਪਹਿਲਾ ਕੋਝੀਕੋਡ ਏਅਰਪੋਰਟ ਦੇ 28 ਨੰਬਰ ਰਨਵੇਅ 'ਤੇ ਲੈਂਡਿੰਗ ਦੀ ਮਨਜ਼ੂਰੀ ਦਿੱਤੀ ਗਈ ਸੀ। ਪਾਇਲਟ ਰਨਵੇ ਦੇ ਨੇੜੇ ਪਹੁੰਚ ਵੀ ਗਿਆ ਸੀ, ਪਰ ਆਖ਼ਰੀ ਵੇਲੇ ਉਹ ਜਹਾਜ਼ ਨੂੰ ਉੱਪਰ ਲੈ ਕੇ ਚਲਾ ਗਿਆ। ਹਾਦਸੇ ਬਾਰੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੂੰ ਸੌਂਪੀ ਗਈ ਮੁੱਢਲੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਇਲਟ ਨੇ ਕੰਟਰੋਲ ਨੂੰ ਭਾਰੀ ਬਾਰਸ਼ ਕਾਰਨ ਲੈਂਡਿੰਗ ਨਾ ਕਰਵਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕੰਟਰੋਲਰ ਨੇ ਉਸ ਨੂੰ ਜਹਾਜ਼ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਕੇ ਜਾਣ ਨੂੰ ਕਿਹਾ। ਹਾਦਸਾਗ੍ਰਸਤ ਹੋਣ ਤੋਂ ਕਰੀਬ 16 ਮਿੰਟ ਪਹਿਲਾਂ ਜਹਾਜ਼ ਨੇ 28 ਨੰਬਰ ਰਨਵੇ 'ਤੇ ਉਤਰਨਾ ਦਾ ਯਤਨ ਕੀਤਾ ਸੀ। ਜਹਾਜ਼ ਕਰੀਬ ਦੋ ਹਜ਼ਾਰ ਫੁੱਟ ਦੀ ਉਚਾਈ ਤਕ ਆ ਗਿਆ ਸੀ। ਉੱਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਪਾਇਲਟ ਪਹਿਲੀ ਵਾਰ ਲੈਂਡਿੰਗ ਕਰਵਾਉਣ 'ਚ ਕਾਮਯਾਬ ਨਹੀਂ ਹੋ ਸਕਿਆ ਤੇ ਜਹਾਜ਼ ਉੱਪਰ ਲਿਜਾਂਦਾ ਗਿਆ। ਇਸ ਤੋਂ ਬਾਅਦ ਪਾਇਲਟ ਨੇ ਦੂਜੀ ਦਿਸ਼ਾ ਤੋਂ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਹਾਦਸਾ ਤਿਲਕਣ ਕਾਰਨ ਹੋਇਆ ਹੈ। ਤਿਲਕਣ ਭਰੇ ਰਨਵੇ 'ਚ ਕਈ ਚਾਜ਼ਾਂ ਸ਼ਾਮਿਲ ਹੁੰਦੀਆਂ ਹਨ, ਜਿਵੇਂ ਮਜ਼ਬੂਤ ਅਨੁਕੂਲ ਹਵਾ, ਖ਼ਰਾਬ ਮੌਸਮ ਤੇ ਟੀਡੀਜ਼ੈੱਡ ਖੇਤਰ ਤੋਂ ਅੱਗੇ ਲੈਂਡਿੰਗ ਹੈ। ਟੀਡੀਜ਼ੈੱਡ ਯਾਨੀ ਟਚ ਡਾਊਨ ਜ਼ੋਨ ਰਨਵੇ 'ਤੇ ਉਹ ਖੇਤਰ ਹੁੰਦਾ ਹੈ, ਜਿੱਥੇ ਜਹਾਜ਼ ਸਭ ਤੋਂ ਪਹਿਲਾਂ ਸਤ੍ਹਾ ਦੇ ਸੰਪਰਕ 'ਚ ਆਉਂਦਾ ਹੈ। 

ਮੁੱਢਲੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 28 ਨੰਬਰ ਰਨਵੇ ਵਰਤੋਂ 'ਚ ਸੀ। ਇਸ ਲਈ ਜਹਾਜ਼ ਨੂੰ ਉਸ ਰਨਵੇ 'ਤੇ ਲੈਂਡਿੰਗ ਲਈ ਜ਼ਰੂਰੀ ਇੰਸਟੀਮੈਂਟਲ ਲੈਂਡਿੰਗ ਸਿਸਟਮ (ਆਈਐੱਲਐੱਸ) ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਸਮੇਂ ਦ੍ਰਿਸ਼ਤਾ ਦੋ ਹਜ਼ਾਰ ਫੁੱਟ ਸੀ ਤੇ ਹਲਕੀ ਬਾਰਿਸ਼ ਹੋ ਰਹੀ ਸੀ। ਪਰ ਦ੍ਰਿਸ਼ਤਾ ਵਧ ਰਹੀ ਸੀ ਤੇ ਸੀਐੱਫਟੀ (ਵਾਧੂ ਈਂਧਨ ਟੈਂਕ) ਤੈਅ ਥਾਵਾਂ 'ਤੇ ਤਾਇਨਾਤ ਸਨ। ਪਾਇਲਟ ਨੂੰ ਸਤ੍ਹਾ ਦੀ ਸਥਿਤੀ ਬਾਰੇ ਵੀ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਏਟੀਸੀ (ਏਅਰਪੋਰਟ ਟ੍ਰੈਫਿਕ ਕੰਟਰੋਲਰ) ਨੇ ਪਾਇਲਟ ਨੂੰ ਜਹਾਜ਼ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲੈ ਕੇ ਜਾਣ ਲਈ ਕਿਹਾ ਪਰ ਪਾਇਲਟ ਸੱਤ ਹਜ਼ਾਰ ਫੁੱਟ ਦੀ ਉਚਾਈ 'ਤੇ ਜਾਣ ਤੋਂ ਬਾਅਦ ਏਟੀਸੀ ਤੋਂ ਰਨਵੇ ਨੰਬਰ 10 'ਤੇ ਲੈਂਡਿੰਗ ਲਈ ਇਜਾਜ਼ਤ ਮੰਗੀ। ਉਦੋਂ ਉੱਥੇ ਚੱਲ ਰਹੀ ਹਵਾ, ਦ੍ਰਿਸ਼ਤਾ ਤੇ ਕਿਊਮਯਲੋਨਿੰਬਸ (ਸੀਬੀ) ਬੱਦਲਾਂ ਦੀ ਸਥਿਤੀ ਦੀ ਜਾਣਕਾਰੀ ਦੇਣ ਤੋਂ ਬਾਅਦ ਲੈਂਡਿੰਗ ਦੀ ਮਨਜ਼ੂਰੀ ਦਿੱਤੀ ਗਈ। ਸੀਬੀ ਬੱਦਲ ਲੈਂਡਿੰਗ ਲਈ ਬਹੁਤ ਖ਼ਤਰਨਾਕ ਹੁੰਦੇ ਹਨ ਤੇ ਆਮ ਤੌਰ 'ਤੇ ਪਾਇਲਟ ਇਨ੍ਹਾਂ ਦੇ ਵਿਚਕਾਰ ਜਾਣ ਤੋਂ ਬਚਦੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪਾਇਲਟ ਨੂੰ 3600 ਫੁੱਟ ਦੀ ਉਚਾਈ 'ਤੇ ਪਹੁੰਚਣ ਤੋਂ ਬਾਅਦ ਫਿਰ ਤੋਂ ਆਈਐੱਲਐੱਸ ਲਈ ਮਨਜ਼ੂਰੀ ਲੈਣ ਨੂੰ ਕਿਹਾ ਗਿਆ ਸੀ। ਇਸ ਤੋਂ ਬਾਅਦ ਸਾਰੀਆਂ ਪ੍ਰਕਿਰਿਆਵਾਂ 'ਤੇ ਅਮਲ ਕਰਦਿਆਂ ਜਹਾਜ਼ ਨੂੰ 10 ਨੰਬਰ ਰਨਵੇ 'ਤੇ ਲੈਂਡਿੰਗ ਦੀ ਇਜਾਜ਼ਤ ਦਿੱਤੀ ਗਈ ਸੀ। ਉੱਥੇ ਲੈਂਡਿੰਗ ਤੋਂ ਫ਼ੌਰੀ ਬਾਅਦ ਜਹਾਜ਼ ਰਨਵੇ ਤੋਂ ਬਾਹਰ ਚਲਾ ਗਿਆ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਟਰੋਲ ਨੇ ਦੇਖਿਆ ਕਿ ਜਹਾਜ਼ ਟੈਕਸੀਵੇ ਸੀ ਤਕ ਰਨਵੇ ਦੇ ਸੰਪਰਕ 'ਚ ਨਹੀਂ ਆਇਆ। ਇਸ ਤੋਂ ਬਾਅਦ ਜਹਾਜ਼ ਦੇ ਰਨਵੇ ਤੋਂ ਅੱਗੇ ਵਧ ਜਾਣ ਦਾ ਖ਼ਦਸ਼ੇ 'ਚ ਕੰਟਰੋਲ ਨੇ ਫ਼ੌਰੀ ਪੀਡੀ ਪੁਆਇੰਟ 'ਤੇ ਤਾਇਨਾਤ ਸੀਐੱਫਟੀ ਨੂੰ ਜਹਾਜ਼ ਦੇ ਪਿੱਛੇ ਜਾਣ ਨੂੰ ਕਿਹਾ। ਨਾਲ ਹੀ ਖ਼ਤਰੇ ਦੇ ਖ਼ਦਸ਼ੇ 'ਚ 'ਚ ਕੰਟਰੋਲ ਨੇ ਫਾਇਰ ਬ੍ਰਿਗੇਡ ਨੂੰ ਚੌਕਸ ਕਰਨ ਲਈ ਸਾਇਰਨ ਵਜਾ ਦਿੱਤਾ। ਉੱਥੇ ਹੀ ਸੀਐੱਫਟੀ ਨੇ ਵੀ ਰਨਵੇ ਦੇ ਅਖ਼ੀਰ ਤਕ ਜਹਾਜ਼ ਦੇ ਨਜ਼ਰ ਨਾ ਆਉਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਖੱਡ 'ਚ ਦੇਖਣ ਨੂੰ ਕਿਹਾ। ਬਾਅਦ 'ਚ ਜਹਾਜ਼ ਖੱਡ 'ਚ ਹਾਦਸਾਗ੍ਰਸਤ ਮਿਲਿਆ ਸੀ।

ਪ੍ਰਧਾਨ ਮੰਤਰੀ ਨੇ 8.5 ਕਰੋੜ ਕਿਸਾਨਾਂ ਨੂੰ ਜਾਰੀ ਕੀਤੀ 17,000 ਕਰੋੜ ਰੁਪਏ ਦੀ ਛੇਵੀਂ ਕਿਸ਼ਤ

ਨਵੀਂ ਦਿੱਲੀ , ਅਗਸਤ 2020 -(ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਐਗਰੀਕਲਚਰ ਇੰਫਰਾਸਟ੍ਰਕਚਰ ਫੰਡ ਤਹਿਤ ਇਕ ਲੱਖ ਕਰੋੜ ਰੁਪਏ ਦਾ ਵਿੱਤੀ ਫੰਡ ਲਾਂਚ ਕੀਤਾ ਹੈ। ਸਰਕਾਰ ਨੇ ਜੁਲਾਈ 'ਚ ਖੇਤੀਬਾੜੀ ਬੁਨਿਆਦੀ ਢਾਂਚਾ ਪ੍ਰਾਜੈਕਟ ਲਈ ਰਿਆਇਤੀ ਕਰਜ਼ੇ ਵਧਾਉਣ ਲਈ ਇਕ ਲੱਖ ਕਰੋੜ ਰੁਪਏ ਦੇ ਸੰਗ੍ਰਹਿ ਸਮੇਤ ਐਗਰੀ-ਇਨਫਰਾ ਫੰਡ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਸ ਵੀਡੀਓ ਕਾਨਫਰੰਸ 'ਚ ਕਿਸਾਨ ਯੋਜਨਾ ਤਹਿਤ 8.5 ਕਰੋੜ ਕਿਸਾਨਾਂ ਨੂੰ 6ਵੀਂ ਕਿਸ਼ਤ ਵਜੋਂ 17,000 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਹ ਕਿਸ਼ਤ ਕਿਸਾਨਾਂ ਦੇ ਖਾਤਿਆਂ 'ਚ ਟਰਾਂਸਫਰ ਕੀਤੀ ਗਈ ਹੈ।  ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ 'ਚ ਯੂਰੀਆ ਦੇ ਬਹੁਤ ਜ਼ਿਆਦਾ ਇਸਤੇਮਾਲ 'ਤੇ ਚਿੰਤਾ ਪ੍ਰਗਟਾਈ ਹੈ। ਕਿਸਾਨ ਪ੍ਰਤੀਨਿਧੀਆਂ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਯੂਰੀਆ ਦੇ ਜ਼ਿਆਦਾ ਇਸਤੇਮਾਲ ਨਾਲ ਧਰਤੀ ਨੂੰ ਨੁਕਸਾਨ ਹੋ ਰਿਹਾ ਹੈ ਤੇ ਕਿਸਾਨਾਂ ਨੂੰ ਇਸ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ।

ਕੁਸ ਵਿਸੇਸ ਜਾਣਕਾਰੀ। ਕਿਵੇਂ ਪ੍ਰਾਪਤ ਕਰ ਸਕਦੇ ਹਾਂ ਫੰਡ ;

- ਸਭ ਤੋਂ ਪਹਿਲਾਂ PM Kisan ਦੀ ਅਧਿਕਾਰਿਕ ਵੈੱਬਸਾਈਟ 'ਤੇ ਲਾਗਇਨ ਕਰੋ।

- ਹੁਣ 'Farmers Corner' 'ਤੇ ਜਾਓ।

- ਇੱਥੇ ਤੁਹਾਨੂੰ 'Beneficiary Status' ਦੀ ਆਪਸ਼ਨ ਮਿਲੇਗੀ।

- 'Beneficiary Status' ਦੀ ਆਪਸ਼ਨ 'ਤੇ ਕਲਿਕ ਕਰੋ।

- ਹੁਣ ਤੁਹਾਡੇ ਸਾਹਮਣੇ ਨਵਾਂ ਪੇਜ ਖੁੱਲ੍ਹੇਗਾ।

- ਨਵੇਂ ਪੇਜ 'ਤੇ ਤੁਸੀਂ ਆਧਾਰ ਨੰਬਰ, ਬੈਂਕ ਅਕਾਊਂਟ ਜਾਂ ਮੋਬਾਈਲ ਨੰਬਰ 'ਚ ਕਈ ਬਦਲਾਅ ਚੁਣਨੇ ਪੈਣਗੇ।

- ਤੁਸੀਂ ਜਿਸ ਆਪਸ਼ਨ ਨੂੰ ਚੁਣਿਆ ਹੈ, ਉਹ ਨੰਬਰ ਦਿੱਤੇ ਗਏ ਸਥਾਨ 'ਤੇ ਪਾਓ।

- ਹੁਣ ਤੁਹਾਨੂੰ ਲਿੰਕ 'ਤੇ ਕਲਿੱਕ ਕਰਨਾ ਪਵੇਗਾ।

ਹੁਣ ਤੁਹਾਡੇ ਸਾਹਮਣੇ ਪੂਰਾ ਡਾਟਾ ਆ ਜਾਵੇਗਾ। ਇਸ ਨਾਲ ਤੁਹਾਡੇ ਆਧਾਰ ਨੰਬਰ ਦੇ ਆਖਰੀ ਚਾਰ ਡਿਜੀਟ, ਮੋਬਾਈਲ ਨੰਬਰ ਤੇ ਅਕਾਊਂਟ ਨੰਬਰ ਦੇ ਵੀ ਆਖ਼ਰੀ ਚਾਰ ਅੰਕ ਦੇਖਣ ਨੂੰ ਮਿਲਣਗੇ। ਤੁਹਾਨੂੰ ਪਤਾ, ਰਜਿਸਟ੍ਰੇਸ਼ਨ ਦੀ ਗਿਣਤੀ, ਰਜਿਸਟ੍ਰੇਸ਼ਨ ਦੀ ਤਰੀਕ ਤੇ ਰਜਿਸਟ੍ਰੇਸ਼ਨ ਦੀ ਸਥਿਤੀ ਵੀ ਤੁਹਾਨੂੰ ਮਿਲ ਜਾਵੇਗੀ। ਨਾਲ ਹੀ ਤੁਹਾਨੂੰ ਇਹ ਜਾਣਕਾਰੀ ਵੀ ਮਿਲੇਗੀ। ਇਸ ਦੇ ਬਾਅਦ ਹਰ ਕਿਸ਼ਤ ਦੇ ਭੁਗਤਾਨ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਜੇਵੇਗੀ। ਇਸ ਦੇ ਨਾਲ ਕਿਸ਼ਤ ਦੀ ਗਿਣਤੀ, ਅਕਾਊਂਟ ਨੰਬਰ ਦੇ ਆਖ਼ਰੀ ਅੰਕ, ਪੈਸਾ ਕ੍ਰੈਡਿਟ ਦੀ ਤਰੀਕ, ਯੂਟੀਆਰ ਨੰਬਰ ਦਰਜ ਹੈ। ਇਸ ਤੋਂ ਇਲਾਵਾ ਜੇ ਕੋਈ ਟ੍ਰਾਂਜੈਕਸ਼ਨ ਫੇਲ੍ਹ ਹੋਈ ਤਾਂ ਇਸ ਦੀ ਵਜ੍ਹਾ ਵੀ ਇੱਥੇ ਹੀ ਤੁਹਾਨੂੰ ਦਰਜ ਮਿਲੇਗੀ।

ਮੱਧ ਪ੍ਰਦੇਸ਼ 'ਚ ਗ੍ਰੰਥੀ ਨਾਲ ਦਰਿੰਦਗੀ, ਦੋ ਪੁਲਿਸ ਵਾਲੇ ਮੁਅੱਤਲ

ਬਰਵਾਨੀ (ਮੱਧ ਪ੍ਰਦੇਸ਼) ਅਗਸਤ 2020-(ਏਜੰਸੀ) 

 ਪੁਲਿਸ ਮੁਲਾਜ਼ਮਾਂ ਵੱਲੋਂ ਇਕ ਸਿੱਖ ਗ੍ਰੰਥੀ ਨੂੰ ਕੇਸਾਂ ਤੋਂ ਫੜ ਕੇ ਧੁਹਣ ਦੀ ਘਟਨਾ ਪਿੱਛੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਉਦੋਂ ਭਖਿਆ ਜਦੋਂ ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਪੁਲਿਸ ਮੁਲਾਜ਼ਮ ਇਕ ਸਿੱਖ ਗ੍ਰੰਥੀ ਨੂੰ ਘੜੀਸ ਕੇ ਲਿਜਾਂਦੇ ਦਿਖਾਈ ਦਿੱਤੇ। 50 ਸਕਿੰਟਾਂ ਦੇ ਇਸ ਵੀਡੀਓ 'ਚ ਇਕ ਨੌਜਵਾਨ, ਜਿਸ ਦੀ ਪਛਾਣ ਪ੍ਰੇਮ ਸਿੰਘ ਵਜੋਂ ਹੋਈ ਹੈ, ਪੁਲਿਸ ਮੁਲਾਜ਼ਮ ਦੇ ਪੈਰਾਂ 'ਚ ਹੈ ਤੇ ਉਹ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸ ਰਿਹਾ ਹੈ। ਜਦੋਂਕਿ ਇਕ ਹੋਰ ਸਿੱਖ ਨੌਜਵਾਨ ਉਸ ਨੂੰ ਬਚਾਉਣ ਲਈ ਆਇਆ ਤਾਂ ਦੂਜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਧੱਕਾ ਮਾਰ ਦਿੱਤਾ।ਪ੍ਰੇਮ ਸਿੰਘ ਚੀਕ-ਚੀਕ ਕੇ ਕਹਿ ਰਿਹਾ ਹੈ, 'ਉਹ ਸਾਨੂੰ ਕੁੱਟ ਰਹੇ ਹਨ, ਉਹ ਸਾਨੂੰ ਮਾਰ ਰਹੇ ਹਨ, ਪੁਲਿਸ ਵਾਲੇ ਸਾਡੇ ਕੇਸ ਖਿੱਚ ਰਹੇ ਹਨ... ਉਹ ਸਾਨੂੰ ਆਪਣਾ ਸਟਾਲ ਨਹੀਂ ਲਗਾਉਣ ਦੇ ਰਹੇ।' ਉਹ ਲੋਕਾਂ ਨੂੰ ਬਚਾਉਣ ਲਈ ਅਪੀਲ ਕਰ ਰਿਹਾ ਹੈ।ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਦੀ ਪੁਲਿਸ ਨਾਕੇ ਦੇ ਨਜ਼ਦੀਕ ਇਕ ਦੁਕਾਨ ਹੈ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਦਸਤਾਰ ਦੀ ਬੇਅਦਬੀ ਕੀਤੀ ਤੇ ਉਸ ਪਿੱਛੋਂ ਉਸ ਨੂੰ ਕੇਸਾਂ ਤੋਂ ਫੜ ਕੇ ਸੜਕ 'ਤੇ ਲੋਕਾਂ ਦੇ ਸਾਹਮਣੇ ਘੜੀਸਿਆ। ਇਸ ਨਾਲ ਸਿੱਖ ਭਾਈਚਾਰੇ ਦੇ ਨਿਸ਼ਾਨਾਂ ਦੀ ਬੇਅਦਬੀ ਹੋਈ ਹੈ। ਪ੍ਰੇਮ ਸਿੰਘ ਦਾ ਦੋਸ਼ ਹੈ ਕਿ ਪੁਲਿਸ ਵਾਲਿਆਂ ਨੇ ਉਸ ਨੂੰ ਇਸ ਲਈ ਕੁੱਟਿਆ ਕਿਉਂਕਿ ਉਸ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਏਐੱਸਆਈ ਤੇ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਬਰਵਾਨੀ ਦੇ ਐੱਸਐੱਸਪੀ ਨਿਮੀਸ਼ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਦੀ ਸਬ ਡਵੀਜ਼ਨ ਅਧਿਕਾਰੀ ਵੱਲੋਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਜਬਲਪੁਰ ਜ਼ਿਲ੍ਹੇ 'ਚ ਚੋਰੀ ਦੇ ਤਿੰਨ ਮਾਮਲਿਆਂ 'ਚ ਮੁਲਜ਼ਮ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਵਾਹਨਾਂ ਦੀ ਚੈਕਿੰਗ ਦੀ ਡਿਊਟੀ 'ਤੇ ਸਨ ਤੇ ਜਦੋਂ ਉਨ੍ਹਾਂ ਨੇ ਪ੍ਰੇਮ ਸਿੰਘ ਦੀ ਬਾਈਕ ਨੂੰ ਰੋਕਿਆ ਤਾਂ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ ਤੇ ਉਸ ਦੇ ਦੂਜੇ ਸਾਥੀ ਨੇ ਸ਼ਰਾਬ ਪੀਤੀ ਹੋਈ ਸੀ। ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਨਾਕੇ 'ਤੇ ਲਿਆਉਣ ਲੱਗੇ ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ।ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਹੀ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਦੌਰ ਦੇ ਆਈਜੀ ਇਸ ਮਾਮਲੇ ਦੀ ਜਾਂਚ ਕਰਨਗੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੀ ਦਰਿੰਦਗੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।