ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਅਕਾਲੀ- ਬਸਪਾ ਉਮੀਦਵਾਰ ਵੀਰ ਸੰਗਰੂਰ ਨਾਲ 5 ਲੱਖ ਦੀ ਠੱਗੀ

ਲਾਲਚ ‘ਚ ਆ ਕੇ ਖਰੀਦ ਲਿਆ ਨਕਲੀ ਸੋਨਾ,ਠੱਗ ਹੋਏ ਰਫੂਚੱਕਰ

ਮਹਿਲ ਕਲਾਂ /ਬਰਨਾਲਾ- 28 ਸਤੰਬਰ- (ਗੁਰਸੇਵਕ ਸੋਹੀ)- ਨੌਸਰਬਾਜ਼ਾਂ ਵੱਲੋਂ ਆਮ ਲੋਕਾਂ ਨਾਲ ਵੱਖ ਵੱਖ ਤਰੀਕਿਆਂ ਨਾਲ ਠੱਗੀ ਕੀਤੇ ਜਾਣ ਦੀਆਂ ਖ਼ਬਰਾਂ ਅਸੀਂ ਅਕਸਰ ਸੁਣਦੇ-ਪੜਦੇ ਰਹਿੰਦੇ ਹਾਂ ਪਰ ਇਕ ਤਾਜ਼ਾ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਸੰਗਰੂਰ ਨੇ ਲਾਲਚ ਵਿੱਚ ਆ ਕੇ ਆਪਣੇ ਪੰਜ ਲੱਖ ਰੁਪਏ ਗੁਆ ਲਏ। ਜਾਣਕਾਰੀ ਅਨੁਸਾਰ ਬਸਪਾ ਆਗੂ ਚਮਕੌਰ ਸਿੰਘ ਵੀਰ ਸੰਗਰੂਰ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਧੂਰੀ ਪੁਲੀਸ ਕੋਲ ਪੰਜ ਲੱਖ ਦੀ ਠੱਗੀ ਕਰਨ ਵਾਲੇ ਨੌਸਰਬਾਜਾਂ ਵਿਰੁੱਧ ਕਾਰਵਾਈ ਕਰਨ ਲਈ ਅਰਜ਼ੀ ਦਿੱਤੀ ਹੈ।ਪੁਲੀਸ ਨੂੰ  ਦਿੱਤੀ ਅਰਜ਼ੀ ਅਨੁਸਾਰ ਚਮਕੌਰ ਸਿੰਘ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਮੀਮਸਾ ਨੇ ਯੂਪੀ ਵਾਸੀ ਰਾਹੁਲ ਤੇ ਰਾਜੂ ਨਾਂ ਦੇ ਵਿਅਕਤੀਆਂ ਵੱਲੋਂ 10 ਲੱਖ ਰੁਪਏ ਤੋਂ ਵੱਧ ਦਾ ਸੋਨਾ ਸਿਰਫ 5 ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ।
ਬਸਪਾ ਦੇ ਸੂਬਾ ਸਕੱਤਰ ਤੇ ਮਹਿਲ ਕਲਾਂ ਤੋਂ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਲਾਲਚ ‘ਚ ਆਕੇ ਆਪਣੇ ਬੈਂਕ ਖਾਤੇ ‘ਚੋਂ ਮਿਤੀ 16 ਅਗਸਤ 2021 ਨੂੰ ਪੰਜ ਲੱਖ ਰੁਪਏ ਕਢਵਾ ਕੇ ਧੂਰੀ ਪੁਲ ਨੇੜੇ ਸੂਆ ਵਿਖੇ ਰਾਹੁਲ ਤੇ ਰਾਜੂ ਨੂੰ ਪੈਸੇ ਦੇ ਕੇ ਸੋਨਾ ਲੈ ਲਿਆ ਅਤੇ ਬਆਦ ‘ ਜਾਂਚ ਦੌਰਾਨ ਇਹ ਸੋਨਾ ਨਕਲੀ ਨਿਕਲਿਆ ਤਾਂ ਬਸਪਾ ਆਗੂ ਵੀਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਨੇ ਨੌਸਰਬਾਜ਼ਾਂ ਦੀ ਭਾਲ ਕੀਤੀ ਪਰ ਉਹ ਰਫੂਚੱਕਰ ਹੋ ਚੁੱਕੇ ਸਨ। ਜਦੋਂ ਬਸਪਾ ਉਮੀਦਵਾਰ ਚਮਕੌਰ ਸਿੰਘ ਵੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਠੱਗੀ ਦਾ ਪੀੜਤ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ। ਜਦੋਂ ਉਨ੍ਹਾਂ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਗਿਆ ਕਿ ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਕੇ ਠੱਗਾਂ ਨੂੰ ਦਿੱਤੇ ਅਤੇ ਧੂਰੀ ਪੁਲਸ ਨੂੰ ਸ਼ਿਕਾਇਤ ਤੁਹਾਡੇ ਨਾਮ ਤੇ ਦਿੱਤੀ ਗਈ ਹੈ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।