ਐੱਚ1ਬੀ ਵੀਜ਼ਿਆਂ ਲਈ ਅਰਜ਼ੀਆਂ ਦੀ ਮਨਜ਼ੂਰੀ ਦਸ ਫ਼ੀਸਦ ਘਟੀ

ਵਾਸ਼ਿੰਗਟਨ,  ਜੂਨ 2019   ਵਿੱਤੀ ਵਰ੍ਹੇ 2018 ’ਚ ਅਮਰੀਕਾ ’ਚ ਐੱਚ1ਬੀ ਵੀਜ਼ਿਆਂ ਲਈ ਅਰਜ਼ੀਆਂ ਦੀ ਮਨਜ਼ੂਰੀ ’ਚ 10 ਫੀਸਦ ਕਮੀ ਆਈ ਹੈ।ਮਾਹਰਾਂ ਅਨੁਸਾਰ ਇਸ ਕਮੀ ਲਈ ਟਰੰਪ ਸਰਕਾਰ ਦੀਆਂ ਸਖਤ ਵੀਜ਼ਾ ਨੀਤੀਆਂ ਜ਼ਿੰਮੇਵਾਰ ਹਨ। ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਵਿਭਾਗ ਨੇ ਵਿੱਤੀ ਵਰ੍ਹੇ 2018 ’ਚ 3.35 ਲੱਖ ਐੱਚ1ਬੀ ਵੀਜ਼ਿਆਂ ਲਈ ਅਰਜ਼ੀਆਂ ਮਨਜ਼ੂਰ ਕੀਤੀਆਂ। ਇਹ ਮਨਜ਼ੂਰੀਆਂ ਵਿੱਤੀ ਵਰ੍ਹੇ 2017 ਦੀਆਂ 3,73,400 ਮਨਜ਼ੂਰ ਅਰਜ਼ੀਆਂ ਤੋਂ 10 ਫੀਸਦ ਘੱਟ ਹਨ। ਵਿਭਾਗ ਦੀ ਸਾਲਾਨਾ ਰਿਪੋਰਟ ਅਨੁਸਾਰ ਐੱਚ1ਬੀ ਵੀਜ਼ਾਂ ਅਰਜ਼ੀਆਂ ਦੀ ਮਨਜ਼ੂਰੀ ਦਰ 2017 ਦੇ 93 ਫੀਸਦ ਤੋਂ ਘੱਟ ਕੇ 85 ਫੀਸਦ ਤੱਕ ਆ ਗਈ ਹੈ। ਪਰਵਾਸ ਨੀਤੀਆਂ ਦੀ ਮਾਹਰ ਸਾਰਾਹ ਪੀਅਰਜ਼ ਨੇ ਕਿਹਾ ਕਿ ਇਹ ਸਰਕਾਰ ਐੱਚ1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਲਗਾਤਾਰ ਘੱਟ ਕਰਨ ਲਈ ਸਖਤ ਕਦਮ ਚੁੱਕ ਰਹੀ ਹੈ ਤੇ ਇਹ ਅੰਕੜੇ ਵੀ ਇਹੀ ਦਸਦੇ ਹਨ।