You are here

ਹਵਾ ਪ੍ਰਦੂਸ਼ਣ ਨਾਲ ਭਾਰਤ ’ਚ ਸਾਲਾਨਾ ਇੱਕ ਲੱਖ ਬੱਚਿਆਂ ਦੀ ਮੌਤ

ਨਵੀਂ ਦਿੱਲੀ,  ਜੂਨ 2019  ਵਿਸ਼ਵ ਵਾਤਾਵਰਨ ਦਿਵਸ ਮੌਕੇ ਰਿਲੀਜ਼ ਕੀਤੀ ਗਈ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅੰਦਰ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਬੱਚੇ ਹਵਾ ਪ੍ਰਦੂਸ਼ਣ ਕਾਰਨ ਮਰ ਜਾਂਦੇ ਹਨ ਅਤੇ ਦੇਸ਼ ਭਰ ਵਿੱਚ 12.5 ਫੀਸਦ ਮੌਤਾਂ ਦਾ ਕਾਰਨ ਹਵਾ ਪ੍ਰਦੂਸ਼ਣ ਹੈ।
ਵਾਤਾਵਰਨ ਥਿੰਕ ਟੈਂਕ ਸੀਐੱਸਈ ਦੇ ਸਟੇਟ ਆਫ ਇੰਡੀਆਜ਼ ਐਨਵਾਇਰਮੈਂਟ (ਐੱਸਓਈ) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੂਸ਼ਿਤ ਹਵਾ ਕਾਰਨ ਭਾਰਤ ’ਚ 10 ਹਜ਼ਾਰ ਬੱਚਿਆਂ ’ਚੋਂ ਔਸਤਨ 8.5 ਬੱਚੇ ਪੰਜ ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜਦਕਿ ਬੱਚੀਆਂ ’ਚ ਇਹ ਖਤਰਾ ਜ਼ਿਆਦਾ ਹੈ ਕਿਉਂਕਿ 10 ਹਜ਼ਾਰ ਲੜਕੀਆਂ ’ਚੋਂ 9.6 ਲੜਕੀਆਂ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕੁੱਲ ਮੌਤਾਂ ਦਾ 12.5 ਫੀਸਦ ਹਿੱਸਾ ਹੈ। ਸੀਐੱਸਈ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਘਟਾਉਣ ਦੀਆਂ ਸਰਕਾਰੀ ਯੋਜਨਾਵਾਂ ਅਜੇ ਤੱਕ ਕਾਮਯਾਬ ਨਹੀਂ ਹੋਈਆਂ ਹਨ ਤੇ ਇਹ ਤੱਥ ਵਾਤਾਵਰਨ ਮੰਤਰਾਲੇ ਨੇ ਵੀ ਮੰਨਿਆ ਹੈ। ਪਿੱਛੇ ਜਿਹੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਹਾਲਾਤ ਸੁਖਾਵੇਂ ਨਹੀਂ ਹਨ ਤੇ ਉਨ੍ਹਾਂ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਨਾਲ ਉਹ ਨਤੀਜੇ ਸਾਹਮਣੇ ਨਹੀਂ ਆਏ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਆਸ ਸੀ। ਇਸ ਸਾਲ ਦੀ ਸ਼ੁਰੂਆਤ ’ਚ ਵਾਤਾਵਰਨ ਪ੍ਰਦੂਸ਼ਨ ਬਾਰੇ ਆਲਮੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਭਾਰਤ ਅੰਦਰ 2017 ’ਚ ਹਵਾ ਪ੍ਰਦੂਸ਼ਣ ਕਾਰਨ 12 ਲੱਖ ਲੋਕਾਂ ਦੀ ਮੌਤ ਹੋਈ ਹੈ।
2013 ’ਚ ਭਾਰਤ ਨੇ 2020 ਤੱਕ ਰਵਾਇਤੀ ਈਂਧਣ ’ਤੇ ਚੱਲਣ ਵਾਲੇ ਵਾਹਨ ਘਟਾ ਕੇ 1.50 ਤੋਂ 1.60 ਕਰੋੜ ਹਾਈਬ੍ਰਿਡ ਦੇ ਈ-ਵਾਹਨ ਸੜਕਾਂ ’ਤੇ ਉਤਾਰਨ ਦਾ ਅਹਿਦ ਲਿਆ ਸੀ। ਸੀਐੱਸਈ ਦੀ ਰਿਪੋਰਟ ਅਨੁਸਾਰ ਮਈ 2019 ਤੱਕ ਸੜਕਾਂ ’ਤੇ ਈ-ਵਾਹਨਾਂ ਦੀ ਤਦਾਦ 0.28 ਫੀਸਦ ਹੈ ਜੋ ਕਿ ਤੈਅ ਟੀਚੇ ਤੋਂ ਬਹੁਤ ਘੱਟ ਹੈ।