ਪੋਰਟਸਮਾਊਥ ’ਚ ਦੂਜੀ ਸੰਸਾਰ ਜੰਗ ਦੀ ਯਾਦ ’ਚ ਸਮਾਗਮ

ਪੋਰਟਸਮਾਊਥ, ਜੂਨ 2019   ਪੋਰਟਸਮਾਊਥ ਦੇ ਤੱਟੀ ਸ਼ਹਿਰ ’ਚ ਅੱਜ ਦੂਜੀ ਸੰਸਾਰ ਜੰਗ ਦੀ ਯਾਦ ’ਚ ਸਮਾਗਮ ਕਰਵਾਇਆ ਗਿਆ। ਦੂਜੀ ਸੰਸਾਰ ਜੰਗ ਦੇ ਹਜ਼ਾਰਾਂ ਬਜ਼ੁਰਗ ਫੌਜੀਆਂ ਨੇ ਵੀ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ। ਦੂਜੀ ਸੰਸਾਰ ਜੰਗ ਦੌਰਾਨ ਨਾਜ਼ੀਆਂ ਦੇ ਕਬਜ਼ੇ ਤੋਂ ਉੱਤਰ ਪੱਛਮੀ ਯੂਰੋਪ ਨੂੰ ਆਜ਼ਾਦ ਕਰਵਾਉਣ ਦੀ ਸ਼ੁਰੂਆਤ ਦੀ ਇਹ 75ਵੀਂ ਵਰ੍ਹੇਗੰਢ ਹੈ। ਇਸ ਨੂੰ ਆਪਰੇਸ਼ਨ ਨੈਪਚਿਊਨ ਜਾਂ ਡੀ-ਡੇਅ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਮਹਾਰਾਣੀ ਐਲਿਜ਼ਾਬੈਥ ਨਾਲ ਇਸ ਸਮਾਗਮ ’ਚ ਸ਼ਮੂਲੀਅਤ ਕੀਤੀ। ਉਹ ਬਰਤਾਨੀਆ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ। ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਇਤਿਹਾਸ ’ਚ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੀ ਸਾਂਝੀ ਸਭ ਤੋਂ ਵੱਡੀ ਮੁਹਿੰਮ ਦੀ ਯਾਦ ’ਚ ਕਰਵਾਏ ਜਾ ਰਹੇ ਸਮਾਗਮ ’ਚ ਦੁਨੀਆਂ ਦੇ 15 ਮੁਲਕਾਂ ਦੇ ਆਗੂਆਂ ਦੀ ਮੇਜ਼ਬਾਨੀ ਕਰ ਰਹੀ ਹੈ। ਬਤੌਰ ਪ੍ਰਧਾਨ ਮੰਤਰੀ ਇਹ ਉਨ੍ਹਾਂ ਦਾ ਆਖਰੀ ਸਮਾਗਮ ਹੋਵੇਗਾ। ਸਮਾਗਮ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਤੇ ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਤੋਂ ਇਲਾਵਾ ਆਸਟਰੇਲੀਆ, ਬੈਲਜੀਅਮ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਗਰੀਸ, ਲਕਜ਼ਮਬਰਗ, ਨੈਦਰਲੈਂਡ, ਨਾਰਵੇ, ਨਿਊਜ਼ੀਲੈਂਡ, ਪੋਲੈਂਡ ਤੇ ਸਲੋਵਾਕੀਆ ਦੇ ਨੁਮਾਇੰਦੇ ਵੀ ਹਾਜ਼ਰ ਸਨ। ਟੈਰੇਜ਼ਾ ਮੇਅ ਨੇ ਸਮਾਗਮ ਦੌਰਾਨ ਫਰਾਂਸ ਦੇ ਨੌਰਮੰਡ ’ਚ ਲੜੀ ਗਈ ਜੰਗ ਬਾਰੇ ਜਾਣਕਾਰੀ ਦਿੱਤੀ। ਨੌਰਮੰਡ ’ਚ 6 ਜੂਨ ਨੂੰ ਦੂਜੀ ਸੰਸਾਰ ਜੰਗ ਬਾਰੇ ਸਮਾਗਮ ਕਰਵਾਇਆ ਜਾਵੇਗਾ।