ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦਫਤਰ ਅੱਗੇ ਦਿੱਤਾ ਗਿਆ ਧਰਨਾ

ਮਹਿਲ ਕਲਾਂ /ਬਰਨਾਲਾ - 15 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਜ਼ਾਰਾਂ ਵਰਕਰਾਂ ਨੇ ਡੀਜ਼ਲ, ਪੈਟਰੋਲ, ਰਸੌਈ ਗੈਸ ਤੇ ਪੈਟਰੋਲੀਅਮ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਖਿਲਾਫ਼ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਬੇਮਿਸਾਲ ਧਰਨਾ ਦਿੱਤਾ ਤੇ ਜ਼ੋਰਦਾਰ ਪ੍ਰਦਸ਼ਨ ਕੀਤਾ। ਅਕਾਲੀ ਵਰਕਰਾਂ ਨੇ ਵੱਖ-ਵੱਖ ਢੰਗ ਤਰੀਕਿਆਂ ਨਾਲ ਵਧਦੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ ਦਾ ਇਜ਼ਹਾਰ ਕਰਦਿਆਂ ਬੇਲੋੜੀਆਂ ਵਧੀਆਂ ਕੀਮਤਾਂ ਕਾਰਨ ਆਮ ਲੋਕਾਂ ਉਪਰ ਪੈ ਰਹੇ ਮਾੜੇ ਅਸਰ ਵੱਲੋਂ ਸਰਕਾਰਾਂ ਦਾ ਧਿਆਨ ਦਿਵਾਇਆ।
 ਸਰਕਾਰਾਂ ਨੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਉਪਰ ਲਗਦੇ ਟੈਕਸਾਂ ਨੂੰ ਹੀ ਸਰਕਾਰੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ, ਜੋ ਦੇਸ਼ ਦੇ ਆਮ ਲੋਕਾਂ ਲਈ ਬੜਾ ਘਾਤਕ ਹੈ। ਸਾਨੂੰ ਆਰਥਿਕ ਤੌਰ ਤੇ ਲੁੱਟਣ  ਦੀ ਸਰਕਾਰ ਦੀ ਮਾੜੀ ਮਨਸ਼ਾ ਖਿਲਾਫ਼ ਇਕਜੁੱਟ ਹੋ ਕੇ ਜ਼ੋਰਦਾਰ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਦਿਨੋ-ਦਿਨ ਵਧਦੀ ਮਹਿੰਗਾਈ ਨੂੰ ਰੋਕਣ ਲਈ ਸਰਕਾਰ ਉਪਰ ਜਬਰਦਸਤ ਦਬਾਅ ਬਣਾਇਆ ਜਾਵੇ। ਮਹਿੰਗਾਈ ਨੇ ਆਮ ਲੋਕਾਂ ਦਾ ਜੀਵਨ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ ਤੇ ਮੋਦੀ ਸਰਕਾਰ ਕੀਮਤਾਂ ਦੇ ਵਾਧੇ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਫੇਲ ਹੋਈ ਹੈ। ਕੜ੍ਹਕਦੀ ਧੁੱਪ ਤੇ ਹੁੰਮਸ ਭਰੀ ਗਰਮੀ ਵਿਚ ਅਕਾਲੀ ਵਰਕਰਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਬਚਨ ਸਿੰਘ ਬਚੀ ਨੇ ਸਰਕਾਰ ਦੀਆਂ ਲੋਟੂ ਤੇ ਲੋਕ ਮਾਰੂ ਨੀਤੀਆਂ ਦੀ ਸਖ਼ਤ ਨਿੰਦਿਆ ਕੀਤੀ ਤੇ ਰੋਸ ਪ੍ਰਦਰਸ਼ਨ ਲਈ ਵੱਡੀ ਗਿਣਤੀ ਵਿਚ ਪੁੱਜਣ ਤੇ ਸਾਰਿਆਂ ਦਾ ਧੰਨਵਾਦ ਕੀਤਾ। ਉਪਰੰਤ ਸੰਯੁਕਤ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਡੀਜ਼ਲ, ਪੈਟਰੋਲ ਅਤੇ ਪੈਟਰੋਲੀਅਮ ਦੇ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਤੁਰੰਤ ਘਟਾਈਆਂ ਜਾਣ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕਾਰਪੋਰੇਟ ਘਰਾਣਿਆਂ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਲੁੱਟਣ ਦੇ ਮਨਸੂਬਿਆਂ ਨੂੰ ਠੱਲ ਪਾਈ ਜਾਵੇ।