ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ
5 ਅਪਰੈਲ ਨੂੰ ਐਫਸੀਆਈ ਦਫ਼ਤਰ ਦਾ ਘਿਰਾਓ- ਕਮਲਜੀਤ ਖੰਨਾ
ਜਗਰਾਉਂ, 26 ਮਾਰਚ 2021 -( ਸਤਪਾਲ ਸਿੰਘ ਦੇਹਡ਼ਕਾ/ਜਸਮੇਲ ਗਾਲਿਬ/ ਮਨਜਿੰਦਰ ਗਿੱਲ)-
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਖੇਤੀ ਸਬੰਧੀ ਕਾਲੇ ਕਨੂੰਨਾਂ ਖਿਲਾਫ ਦੇਸ਼ ਭਰ ਚ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਅੱਜ ਭਾਰਤ ਬੰਦ ਕੀਤਾ ਗਿਆ। ਅੱਜ ਜਗਰਾਂਓ ਸ਼ਹਿਰ ਚ ਸਾਰੀਆਂ ਦੁਕਾਨਾਂ,ਕਾਰੋਬਾਰ ਪੂਰਨ ਤੋਰ ਤੇ ਬੰਦ ਰਿਹਾ। ਅੱਜ ਜੀ ਟੀ ਰੋਡ ਤੇ ਮੋਗਾ ਸਾਈਡ ਖੰਡ ਮਿੱਲ ਸਾਹਮਣੇ ਸਿਧਵਾਂਬੇਟ ਅਤੇ ਜਗਰਾਂਓ ਬਲਾਕਾਂ ਚੋਂ ਤਿੰਨ ਦਰਜਨ ਦੇ ਪਿੰਡਾਂ ਚੋਂ ਸੈਂਕੜੇ ਕਿਸਾਨ ਮਜ਼ਦੂਰ ਮਰਦ ਔਰਤਾਂ ਤੇ ਨੌਜਵਾਨ ਸ਼ਾਮਲ ਹੋਏ। ਇਸ ਟ੍ਰੈਫਿਕ ਜਾਮ ਧਰਨੇ ਚ ਪਿੰਡ ਬੱਸੂਵਾਲ, ਅਖਾੜਾ,ਭੰਮੀਪੁਰਾ ਕਲਾਂ ,ਖੁਰਦ ,ਰੂਮੀ ਪਿੰਡਾਂ ਦੇ ਲੋਕ ਸੈਂਕੜਿਆਂ ਦੀ ਗਿਣਤੀ ਚ 10 ਕਿਲੋਮੀਟਰ ਪੈਦਲ ਮਾਰਚ ਕਰ ਕੇ ਸ਼ਮੂਲੀਅਤ ਕੀਤੀ।ਇਸੇ ਤਰਾਂ ਪਿੰਡ ਸਿਧਵਾਂ ਕਲਾਂ ਤੋਂ 12 ਟਰਾਲੀਆਂ ਰਾਹੀਂ ਵੱਡੀ ਗਿਣਤੀ ਚ ਨੋਜਵਾਨ, ਕਿਸਾਨ, ਮਜਦੂਰ ਸ਼ਾਮਿਲ ਹੋਏ। ਕਿਸਾਨਾਂ ਮਜਦੂਰਾਂ ਮਰਦ ਔਰਤਾਂ ਨੇ ਸਭ ਤੋਂ ਪਹਿਲਾਂ ਦੋ ਮਿੰਟ ਦਾ ਮੋਨ ਧਾਰ ਕੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਸਮੇਂ ਵਿਸੇਸ਼ ਤੋਰ ਤੇ ਪਿੰਡ ਲੋਧੀਵਾਲ ਤੋਂ ਸ਼ਹੀਦ ਬਲਕਰਨ ਸਿੰਘ ਦੇ ਵਾਰਸਾਂ ਦੇ ਪੰਹੁਚਣ ਤੇ ਉਨਾਂ ਦੇ ਪਿਤਾ ਜੀ ਪਵਿੱਤਰ ਸਿੰਘ ਹੋਰਾਂ ਅਤੇ ਤਿਹਾੜ ਜੇਲ ਚੋਂ ਰਿਹਾਅ ਹੋ ਕੇ ਆਏ ਪਿੰਡ ਬੰਗਸੀਪੁਰਾ ਦੇ ਨੌਜਵਾਨ ਪ੍ਰਦੀਪ ਸਿੰਘ ਦਾ ਮੋਰਚੇ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਲੋਕ ਆਗੂ ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਬੁਲਾਰਿਆਂ ਨੇ ਕਾਲੇ ਕਨੂੰਨਾਂ ਖਿਲਾਫ ਸਫਲ ਭਾਰਤ ਬੰਦ ਲਈ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ।ਇਸ ਸਮੇਂ ਸਮਾਜ ਦੇ ਸਾਰੇ ਵਰਗਾਂ ਨੇ ਇਸ ਟ੍ਰੈਫਿਕ ਜਾਮ ਧਰਨੇ ਵਿਚ ਭਾਗ ਲਿਆ।ਬੁਲਾਰਿਆਂ ਨੇ ਕਿਹਾ ਕਿ ਚਾਰ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਅਤੇ ਛੇ ਮਹੀਨਿਆਂ ਪੰਜਾਬ ਭਰ ਦੇ ਸੰਘਰਸ਼ ਮੋਰਚਿਆਂ ਚ ਚੱਲ ਰਹੇ ਅੰਦੋਲਨ ਨੇ ਅਤੇ ਅਜ ਦੀਆਂ ਇਕੱਤਰਤਾਵਾਂ ਨੇ ਮੋਦੀ ਹਕੂਮਤ ਦਾ ਗਰੂਰ ਚਕਨਾਚੂਰ ਕਰ ਦਿੱਤਾ ਹੈ।ਉਨਾਂ ਪੂਰੇ ਸਬਰ ਤੇ ਦਲੇਰੀ ਨਾਲ ਅੰਤਮ ਜਿੱਤ ਤਕ ਸੰਘਰਸ਼ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ,ਗੁਰਪ੍ਰੀਤ ਸਿੰਘ ਸਿਧਵਾਂ,ਜਗਤਾਰ ਸਿੰਘ ਦੇਹੜਕਾ,ਨਿਰਮਲ ਸਿੰਘ ਭਮਾਲ, ਤਰਸੇਮ ਸਿੰਘ ਬੱਸੂਵਾਲ ,ਔਰਤ ਆਗੂਆਂ ਲਖਵੀਰ ਕੌਰ ਗਾਲਬ, ਮਨਪ੍ਰੀਤ ਕੋਰ ਸਿਧਵਾਂ,ਅਮਨਦੀਪ ਕੌਰ ਨੇ ਕਿਹਾ ਕਿ ਇਸ ਸੰਘਰਸ਼ ਨੇ ਚੇਤਨਾ ਦੇ ਜੋ ਮਿਆਰ ਸਿਰਜੇ ਹਨ ਉਹ ਇਸ ਲੋਕਦੋਖੀ ਪ੍ਰਬੰਧ ਦੇ ਤੁਖਮ ਉਡਾ ਦੇਣੇ ਹਨ।ਇਸ ਸਮੇਂ ਬਲਰਾਜ ਸਿੰਘ ਕੋਟੳਮਰਾ,ਮੁਖਤਿਆਰ ਸਿੰਘ ਖਾਲਸਾ,,ਹਰਬੰਸ ਸਿੰਘ ਅਖਾੜਾ,ਬਲਵਿੰਦਰ ਸਿੰਘ ਭੰਮੀਪੁਰਾ,ਜਗਦੇਵ ਸਿੰਘ ਜਾਚਕ,ਕੁਲਵੰਤ ਸਿੰਘ ਗੁਰੂਸਰ, ਬਲਦੇਵ ਸਿੰਘ ਛੱਜਾਵਾਲ, ਸੁਰਜੀਤ ਦੌਧਰ, ਰਜਿੰਦਰ ਸਿੰਘ ਫੌਜੀ ਕੋਠੇਜੀਵਾ,ਹਰੀ ਸਿੰਘ ਫਤਿਹਗੜ੍ਹ ਸਿਵੀਆਂ,ਰਣਜੀਤ ਗਾਲਬ, ਰਾਮਜੀਦਾਸ, ਅਵਤਾਰ ਸਿੰਘ ਗਿੱਲ,ਰਾਮਸ਼ਰਨ ਸਿੰਘ ਰਸੂਲਪੁਰ, ਪਰਵਾਰ ਸਿੰਘ ਗਾਲਬ ਆਦਿ ਨੇ ਸੰਬੋਧਨ ਕਰਦਿਆ ਮੋਰਚੇ ਦੇ ਸੱਦੇ ਤੇ 5 ਅਪ੍ਰੈਲ ਨੂੰ ਐਫ ਸੀ ਆਈ ਦਫਤਰਾਂ ਦੇ ਘਿਰਾਓ ਦਾ ਸੱਦਾ ਦਿੱਤਾ। ਇਸ ਸਮੇਂ ਤੇਲ ਡੀਜਲ ਦੀਆਂ ਕੀਮਤਾਂ ਅੱਧੀਆਂ ਕਰਨ,ਬੰਦ ਕੀਤੇ ਸਰਕਾਰੀ ਸਕੂਲ ਖੋਲ੍ਹਣ ਦੀ ਮੰਗ ਕਰਦੇ ਮਤੇ ਪਾਸ ਕੀਤੇ ਗਏ।