ਜਗਰਾਓਂ 'ਚ ਕੋਰੋਨਾ ਵਾਇਰਸ ਤੋਂ ਬਚਾਓ ਦਾ ਟੀਕਾ  ਲਾਉਣ ਦੀ ਹੋਈ ਸ਼ੁਰੂਆਤ  

ਜਗਰਾਓਂ/ਲੁਧਿਆਣਾ,ਜਨਵਰੀ 2021 -( ਗੁਰਦੇਵ ਗਾਲਿਬ/ ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-  

ਜਗਰਾਓਂ ਸਿਵਲ ਹਸਪਤਾਲ ਵਿਖੇ ਅੱਜ ਕੋਵਿਡ-19 ਦੀ ਵੈਕਸੀਨ ਲਗਾਉਣ ਦੀ ਮੁਹਿੰਮ ਦਾ ਆਗਾਜ਼ ਹੋਇਆ। ਇਸ ਮੁਹਿੰਮ ਦਾ ਉਦਘਾਟਨ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ ਨੇ ਖੁਦ ਟੀਕਾ ਲਗਵਾ ਕੇ ਕੀਤਾ। ਸ਼ਨੀਵਾਰ ਨੂੰ ਕੋਵਿਡ-19 ਵੈਕਸੀਨ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਜਬਰਦਸਤ ਪ੍ਰਬੰਧ ਕੀਤੇ ਗਏ ਸਨ। ਸ਼ਨੀਵਾਰ ਨੂੰ ਐੱਸਐੱਮਓ ਡਾ. ਮਹਿੰਦਰਾ ਦੀ ਅਗਵਾਈ ਵਿਚ ਕੋਵਿਡ-19 ਵੈਕਸੀਨ ਦੇ ਅਮਲੇ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਕਿਉਰਿਟੀ ਗਾਰਡ ਦੀ ਡਿਊਟੀ ਤੋਂ ਲੈ ਕੇ ਡਾਕਟਰਾਂ ਦੀ ਜਿੰਮੇਵਾਰੀ ਤਕ 'ਤੇ ਵਿਚਾਰ ਚਰਚਾ ਹੋਈ।

ਇਸ ਦੇ ਨਾਲ ਹੀ ਮੀਟਿੰਗ ਵਿਚ ਕੋਵਿਡ-19 ਵੈਕਸੀਨ ਲਗਾਉਣ ਦੀਆਂ ਸਿਹਤ ਵਿਭਾਗ ਵੱਲੋਂ ਜਾਰੀ ਫਾਈਨਲ ਹਦਾਇਤਾਂ ਤੋਂ ਵੀ ਸਟਾਫ ਨੂੰ ਜਾਣੂੰ ਕਰਵਾਇਆ ਗਿਆ। ਇਸ ਮੀਟਿੰਗ ਤੋਂ ਬਾਅਦ ਵੈਕਸੀਨ ਲਗਾਉਣ ਦੀ ਮੁਹਿੰਮ ਦਾ ਆਗਾਜ਼ ਹੋਇਆ, ਜਿਸ 'ਤੇ ਸਭ ਨਾਲੋਂ ਪਹਿਲਾਂ ਐੱਸਐੱਮਓ ਡਾ. ਪ੍ਰਦੀਪ ਮਹਿੰਦਰਾ ਤੋਂ ਇਲਾਵਾ ਡਾ. ਸੁਰਿੰਦਰ ਸਿੰਘ, ਡਾ. ਧੀਰਜ ਸਿੰਗਲਾ, ਡਾ. ਦੀਪਕ ਗੋਇਲ, ਡਾ. ਸੁਮਿਤਾ ਸਹਿਦੇਵ, ਡਾ. ਸੰਗੀਨਾ ਗਰਗ, ਡਾ. ਰਾਧਾ ਗੋਇਲ, ਡਾ. ਅਮਨਦੀਪ ਕੌਰ ਤੋਂ ਇਲਾਵਾ ਬਾਕੀ ਸਟਾਫ ਅਤੇ ਕਰਮਚਾਰੀਆਂ 'ਤੇ ਟੀਕਾ ਲਗਾਇਆ ਗਿਆ। ਐੱਸਐੱਮਓ ਡਾ. ਮਹਿੰਦਰਾ ਨੇ ਦੱਸਿਆ ਕਿ ਇਸ ਟੀਕਾਕਰਨ ਵਿਚ ਕੋਵਿਸ਼ੀਲਡ ਵੈਕਸੀਨ ਸੀਰਮ ਇੰਸਟੀਚਿਊਟ ਆਕਸਫੋਰਡ ਐਸਟਰਾ ਵੈਕਸੀਨ ਦੀ ਵਰਤੋਂ ਕੀਤੀ ਗਈ ਹੈ। ਅੱਜ ਜਿਨ੍ਹਾਂ ਦੇ ਵੀ ਟੀਕੇ ਸ਼ੀਸ਼ੇ ਲਗਵਾਏ ਗਏ ਹਨ, ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਧਾ ਘੰਟਾ ਅਬਜਰਵੇਸ਼ਨ ਵਿਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਸਿਵਲ ਹਸਪਤਾਲ ਵਿਖੇ 2 ਵੈਕਸੀਨ ਰੂਮ ਸਥਾਪਤ ਕੀਤੇ ਗਏ ਹਨ।