You are here

ਹਰਬੰਸ ਵਿਰਾਸਤ ਅਕੈਡਮੀ ਤੇ ਵੈਲਨੈੱਸ ਸੈਂਟਰ ਜਗਰਾਓਂ  ਅਤੇ ਸਾਹਿਤ ਸਭਾ ਜਗਰਾਓਂ  ( ਰਜਿ.)ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ  

ਜਗਰਾਉਂ, ਜਨਵਰੀ 2021-(  ਗੁਰਕੀਰਤ ਸਿੰਘ, ਮਨਜਿੰਦਰ ਗਿੱਲ )  

 

ਹਰਬੰਸ ਵਿਰਾਸਤ ਅਕੈਡਮੀ ਤੇ ਵੈਲਨੈੱਸ ਸੈਂਟਰ ਜਗਰਾਓਂ  ਅਤੇ ਸਾਹਿਤ ਸਭਾ ਜਗਰਾਓਂ  ( ਰਜਿ.)  ਦੇ ਸਾਂਝੇ ਉਪਰਾਲੇ ਨਾਲ਼ ਹਰਬੰਸ ਵਿਰਾਸਤ ਅਕੈਡਮੀ  ਅਜੀਤ ਨਗਰ ਜਗਰਾਓਂ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਪ੍ਰਿੰਸੀਪਲ ਦਲਜੀਤ ਕੌਰ ਹਠੂਰ  ਹੋਰਾਂ ਨੇ ਹਰਬੰਸ ਵਿਰਾਸਤ ਅਕੈਡਮੀ  ਵੱਲੋਂ ਪੰਜਾਬੀ ਵਿਰਾਸਤ ਨੂੰ ਸੰਭਾਲਣ ਤੇ ਪਾਸਾਰਣ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਉਪਰੰਤ ਹੋਏ ਕਵੀ ਦਰਬਾਰ ਦਾ ਆਗਾਜ਼ ਸੁਰੀਲੇ ਗਲ਼ੇ ਦੇ ਮਾਲਿਕ ਉਭਰਦੇ ਗਾਇਕ ਮਨੀ ਹਠੂਰ ਨੇ ਰਾਜਦੀਪ ਤੂਰ ਦੀ ਗ਼ਜ਼ਲ  " ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ "  ਗਾ ਕੇ ਕੀਤਾ ।  ਮਹਿਫਿਲ ਏ ਅਦੀਬ  ਦੇ ਮਾਣ ਮੱਤੇ ਸ਼ਾਇਰ ਮੇਜਰ ਸਿੰਘ ਛੀਨਾ ਨੇ ਕਿਸਾਨ ਸੰਘਰਸ਼ ਸੰਬੰਧੀ ਗੀਤ “ ਅਸੀਂ ਕਰ ਅਰਦਾਸਾ ਤੁਰ ਪਏ ਹਾਂ, ਤੇਰੇ ਕਾਲ਼ੇ ਕਾਨੂੰਨਾ ਨੂੰ ਰੋਕਣ ਲਈ ” , ਹਰਚੰਦ ਗਿੱਲ ਵੱਲੋਂ  ਗੀਤ“ ਜਾਗ ਕਿਸਾਨਾ ਜਾਗ ” , ਹਰਬੰਸ ਅਖਾੜਾ ਵੱਲੋਂ ਜੋਸ਼ੀਲੇ ਸ਼ਬਦਾਂ ਨਾਲ਼ ਸ਼ਿੰਗਾਰੀ ਵਾਰ  “ਦਿੱਲੀ ਵਿੱਚ ਪਹੁੰਚ ਗਏ ਕਿਰਤੀ ਤੇ ਕਾਮੇ, ਉਹਨਾ ਨਾਹਰੇ ਲਾਏ ਗੱਜ ਕੇ ਪਈ ਚੋਟ ਦਮਾਮੇ ” , ਹਰਕੋਮਲ ਬਰਿਆਰ ਵੱਲੋਂ ਗੀਤ, “ ਸੁਣ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹਾਕਮਾ, ਤੇਰੇ ਨਹੀਓਂ ਇਹ ਕਾਨੂੰਨ ਮੰਨਜ਼ੂਰ ਹਾਕਮਾ ” ਪ੍ਰੋ.  ਕਰਮ ਸਿੰਘ ਸੰਧੂ ਵੱਲੋਂ ਪਾਕਿਸਤਾਨੀ ਸ਼ਾਇਰਾ ਸਫੀਆ ਹਿਆਤ  ਦੀ ਕਵਿਤਾ “ ਖੇਤ ਮੇਰੇ ਬਾਬਲ ਦਾ ਸ਼ਮਲਾ ",  ਅਵਤਾਰ ਜਗਰਾਓਂ ਵੱਲੋਂ ਕਵਿਤਾ “ ਪਾਲਣਹਾਰੇ ਦੇ ਗਲ਼ ਪੈਨੈ, ਮਿੱਠਾ ਖਾ ਕੇ ਕੌੜਾ ਕਹਿੰਨੈ ” ,  ਚਰਨਜੀਤ ਕੌਰ ਗਗੜਾ ਵੱਲੋਂ ਕਿਸਾਨ ਸੰਘਰਸ਼ ਸੰਬੰਧੀ  ਗੀਤ , ਨੌਜਵਾਨ ਸ਼ਾਇਰ  ਹਰਪ੍ਰੀਤ ਅਖਾੜਾ ਵੱਲੋਂ   ਕਵਿਤਾ “ ਮੁੱਕ ਚੱਲਿਆ ਪੰਜਾਬ ਦਾ ਪਾਣੀ , ਸੁੱਕ ਚੱਲੇ ਦਰਿਆ ”, ਦਲਜੀਤ ਕੌਰ ਹਠੂਰ ਵੱਲੋਂ ਨਿਵੇਕਲੇ ਅੰਦਾਜ਼ ਵਿੱਚ ਕਿਸਾਨੀ ਸੰਘਰਸ਼ ਨਾਲ਼ ਸੰਬੰਧਤ ਗੀਤ , “ ਕਿਰਤੀ ਅੰਦੋਲਨ ਦਿਨੋ ਦਿਨ ਵਧਦਾ ਪਹੁੰਚ ਗਿਆ ਦਿੱਲੀ ਵਿੱਚ ਵੇਖ ”,  ਸਾਹਿਤ ਸਭਾ ਜਗਰਾਓਂ ਦੇ ਪ੍ਰਧਾਨ ਪ੍ਭਜੋਤ ਸੋਹੀ ਵੱਲੋਂ ਆਪਣੀ ਕਵਿਤਾ "ਵਿਰਸੇ ਦੀ ਢਾਲ਼ ਸੀ" , ਰਾਜਦੀਪ ਤੂਰ ਵੱਲੋਂ ਗੀਤ " ਦਿੱਲੀਏ ਨੀ ਸੁੱਤੀਏ"  ਸੁਣਾ ਕੇ ਆਪੋ ਆਪਣੀ ਹਾਜ਼ਰੀ ਲਗਵਾਈ ।  ਇਸ ਕਵੀ ਦਰਬਾਰ ਦੇ ਅਖੀਰ ਵਿੱਚ ਮੈਨੇਜਰ ਗੁਰਦੀਪ ਸਿੰਘ ਵੱਲੋਂ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਗਿਆ ।  ਇਸ ਸਾਰੇ ਕਵੀ ਦਰਬਾਰ ਦੀ ਵੀਡੀਓ ਗ੍ਰਾਫੀ ਹਰਪ੍ਰੀਤ ਅਖਾੜਾ ਵੱਲੋਂ ਕੀਤੀ ਗਈ ।