ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਲੁਧਿਆਣਾ 'ਚ ਕੋਵਿਡ-19 ਲੋਕਡਾਊਨ ਦੌਰਾਨ ਬੇਰੁਜ਼ਗਾਰੀ ਭੱਤੇ ਵਜੋਂ 16 ਲੱਖ ਤੋਂ ਵੱਧ ਰਾਸ਼ੀ ਦੀ ਕੀਤੀ ਵੰਡ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਭਾਰਤ ਸਰਕਾਰ ਦੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੀ ਅਗਵਾਈ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ 24 ਮਾਰਚ, 2020 ਤੋਂ 31 ਦਸੰਬਰ, 2020 ਤੱਕ ਕੋਵਿਡ-19 ਮਹਾਂਮਾਰੀ ਦੌਰਾਨ ਬੇਰੋਜ਼ਗਾਰ ਹੋਏ ਕਰਮਚਾਰੀਆ ਲਈ ਯੋਗਤਾ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦੇ ਨਾਲ-ਨਾਲ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਤਹਿਤ 90 ਦਿਨਾਂ ਦੀ ਤਨਖਾਹ ਦਾ 50 ਪ੍ਰਤੀਸ਼ਤ ਬੇਰੋਜ਼ਗਾਰ ਭੱਤੇ ਦੇ ਰੂਪ ਵਿੱਚ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਥਾਨਕ ਲੁਧਿਆਣਾ ਦੇ ਕਰਮਚਾਰੀ ਰਾਜ ਬੀਮਾ ਨਿਗਮ ਦੇ 5 ਸ਼ਾਖਾ ਦਫਤਰਾਂ ਵਿੱਚ ਤਕਰੀਬਨ 300 ਤੋਂ ਜ਼ਿਆਦਾ ਦਾਅਵਿਆਂ ਦਾ ਨਿਪਟਾਰਾ ਕਰਦਿਆਂ 16 ਲੱਖ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਾ ਭੁਗਤਾਨ ਸਿੱਧੇ ਬੇਰੁ਼ਜ਼ਗਾਰ ਹੋਏ ਕਰਮਚਾਰੀਆਂ ਦੇ ਖਾਤਿਆਂ ਵਿਚ ਜਾ ਚੁੱਕਾ ਹੈ।

ਡਿਪਟੀ ਡਾਇਰੈਕਟਰ ਇੰਚਾਰਜ੍ਰ, ਸਬ ਰੀਜਨਲ ਆਫਿਸ, ਈ.ਐਸ.ਆਈ.ਕਾਰਪੋਰੇਸ਼ਨ, ਫੋਕਲ ਪੁਆਇੰਟ, ਲੁਧਿਆਣਾ ਸ੍ਰੀ ਸੁਨੀਲ ਕੁਮਾਰ ਯਾਦਵ ਨੇ ਦੱਸਿਆ ਕਿ ਇਹ ਯੋਜਨਾ ਮੂਲ ਰੂਪ ਵਿੱਚ ਜੁਲਾਈ 2018 ਤੋਂ ਹੀ ਲਾਗੂ ਹੈ ਜੋ ਸੁ਼ਰੂਆਤੀ 2 ਸਾਲਾਂ ਲਈ ਹੀ ਪਾਇਲਟ ਪ੍ਰੋਜੈਕਟ ਦੇ ਤਹਿਤ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 25 ਪ੍ਰਤੀਸ਼ਤ ਤੱਕ ਹੀ ਬੇਰੋਜ਼ਗਾਰੀ ਭੱਤਾ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ, ਪਰ ਕੋਵਿਡ-19 ਮਹਾਂਮਾਰੀ ਦੌਰਾਨ ਬੇਰੋਜ਼ਗਾਰੀ ਨੂੰ ਦੇਖਦੇ ਹੋਏ ਇਸ ਯੋਜਨਾ ਦੀ ਯੋਗਤਾ ਦੀਆਂ ਸ਼ਰਤਾਂ ਵਿੱਚ ਢਿੱਲ ਦਿੰਦਿਆਂ ਰਾਹਤ ਦੀ ਦਰ ਨੂੰ 50 ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਹੈ ਅਤੇ ਇਸ ਯੋਜਨਾ ਦਾ ਦਾਇਰਾ ਪਹਿਲਾਂ ਹੀ 30 ਜੂਨ, 2021 ਤੱਕ ਵਧਾ ਦਿੱਤਾ ਗਿਆ ਹੈ।

ਇਸ ਯੋਜਨਾ ਦਾ ਲਾਭ ਲੈਣ ਲਈ ਬੀਮਾਯੁਕਤ ਵਿਅਕਤੀ ਵੱਲੋਂ ਬੇਰੋਜ਼ਗਾਰੀ ਤੋਂ ਪਹਿਲਾਂ ਘੱਟੋ-ਘੱਟ 2 ਸਾਲ ਦੀ ਨੌਕਰੀ ਪੂਰੀ ਕੀਤੀ ਹੋਵੇ ਅਤੇ ਲਾਭ ਪ੍ਰਾਪਤ ਕਰਨ ਲਈ ਜਰੂਰੀ ਸ਼ਰਤਾਂ ਵਿੱਚ ਬੀਮਾਯੁਕਤ ਵਿਅਕਤੀ ਬੇਰੋਜ਼ਗਾਰੀ ਤੋਂ ਤੁਰੰਤ ਪਿਛਲੇ ਅੰਸ਼ਦਾਨ ਸੀਮਾ ਵਿੱਚ 78 ਦਿਨਾਂ ਦਾ ਅੰਸ਼ਦਾਨ ਅਤੇ ਪਿਛਲੇ 2 ਸਾਲਾਂ ਵਿੱਚ ਬਾਕੀ 3 ਅੰਸ਼ਦਾਨ ਸੀਮਾ ਵਿੱਚ ਘੱਟੋ-ਘੱਟ 78 ਦਿਨਾਂ ਦਾ ਅੰਸ਼ਦਾਨ ਦਿੱਤਾ ਹੋਣਾ ਲਾਜ਼ਮੀ ਹੈ।

ਉਪਰੋਕਤ ਯੋਗਤਾ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿੱਚ 24 ਮਾਰਚ, 2020 ਤੋਂ 31 ਦਸੰਬਰ, 2020 ਤੱਕ ਬੇਰੋਜ਼ਗਾਰ ਹੋਏ ਬੀਮਾਯੁਕਤ ਵਿਅਕਤੀ ਨੂੰ ਵੱਧ ਤੋਂ ਵੱਧ 90 ਦਿਨਾਂ ਤੱਕ ਉਸਦੀ ਔਸਤ ਰੋਜ਼ਾਨਾ ਦਿਹਾੜੀ ਦੇ 50 ਪ੍ਰਤੀਸ਼ਤ ਦੀ ਦਰ ਨਾਲ ਆਰਥਿਕ ਰਾਹਤ ਦਿੱਤੀ ਜਾ ਰਹੀ ਹੈ। ਬੀਮਾਯੁਕਤ ਵਿਅਕਤੀ ਵੱਲੋਂ ਜਿਸ ਸਮੇਂ ਦੇ ਲਈ ਰਾਹਤ ਦਾ ਦਾਅਵਾ ਕੀਤਾ ਗਿਆ ਹੋਵੇ, ਉਸ ਸਮੇਂ ਦੌਰਾਨ ਉਹ ਬੇਰੋਜ਼ਗਾਰ ਹੋਣਾ ਚਾਹੀਦਾ ਹੈ। ਬੇਰੋਜ਼ਗਾਰੀ ਹਿੱਤਲਾਭ ਦਾਅਵਾ ਬੀਮਾਯੁਕਤ ਵਿਅਕਤੀ ਵੱਲੋਂ ਸੀਧਾ www.esic.in 'ਤੇ ਆਨਲਾਈਨ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ ਪਹਿਲਾਂ ਇਹ ਨਿਯੋਜਕ ਰਾਹੀਂ ਪੇਸ਼ ਕਰਨਾ ਲਾਜ਼ਮੀ ਸੀ। ਰਾਹਤ ਰਾਸ਼ੀ ਦਾ ਭੁਗਤਾਨ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਬੈਂਕ ਖਾਤੇ ਦੇ ਬਿਓਰੇ ਦੇ ਨਾਲ ਦਾਅਵੇ ਦੇ ਦਸਤਾਵੇਜ਼ਾਂ ਦੀ ਪ੍ਰਾਪਤੀ ਦੇ 15 ਦਿਨਾਂ ਦੇ ਅੰਦਰ ਬੀਮਾਯੁਕਤ ਵਿਅਕਤੀ ਦੇ ਬੈਂਕ ਖਾਤੇ ਵਿੱਚ ਆ ਜਾਵੇਗੀ। ਸੇਵਾ ਮੁਕਤ ਜਾਂ ਕਿਸੇ ਵੀ ਤਰ੍ਹਾਂ ਦੀ ਸਜਾ ਦੇ ਤੌਰ 'ਤੇ ਨੌਕਰੀ ਵਿੱਚੋਂ ਕੱਢੇ ਜਾਣ ਦੀ ਸੂਰਤ ਵਿੱਚ ਬੀਮਾਯੁਕਤ ਵਿਅਕਤੀ ਇਸ ਹਿੱਤਲਾਭ ਲਈ ਯੋਗ ਨਹੀਂ ਹੋਵੇਗਾ।

ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਸਾਰੇ ਨਿਯੋਜਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਅਜਿਹੇ ਕਰਮਚਾਰੀ/ਪੂਰਵ ਕਰਮਚਾਰੀ ਜੋ ਇਸ ਹਿੱਤਲਾਭ ਦੇ ਯੋਗ ਹਨ, ਉਨ੍ਹਾਂ ਨੂੰ ਕਲੇਮ ਫਾਈਲ ਕਰਨ ਵਿੱਚ ਸਹਿਯੋਗ ਕਰਨ ਅਤੇ ਯੋਗ ਵਿਅਕਤੀ ਆਪਣਾ ਕਲੇਮ ਜਲਦ ਤੋਂ ਜਲਦ ਦਾਇਰ ਕਰਨ।