ਕੂੜਾ-ਕਰਕਟ ਚੁੱਕਣ ਵਾਲਿਆਂ ਲਈ ਸਿਖ਼ਲਾਈ ਤੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

ਕੂੜਾ ਚੁੱਕਣ ਵਾਲੇ 115 ਵਿਅਕਤੀਆਂ ਨੂੰ ਟੋਪੀਆਂ, ਦਸਤਾਨੇ, ਮਾਸਕ, ਸੇਫਟੀ ਜੈਕਟਾਂ ਅਤੇ ਜੁੱਤੇ ਵੰਡੇ ਗਏ

-ਕੂੜਾ-ਕਰਕਟ ਚੁੱਕਣ ਵਾਲਿਆਂ ਨੂੰ, ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਨ ਬਾਰੇ ਸੁਝਾਅ ਵੀ ਦਿੱਤੇ ਗਏ - ਮੇਅਰ ਬਲਕਾਰ ਸਿੰਘ ਸੰਧੂ

ਲੁਧਿਆਣਾ,ਅਕਤੂਬਰ 2020 ( ਮਨਜਿੰਦਰ ਗਿੱਲ ) - ਜੈਮ ਐਨਵਾਇਰੋ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਦਿੱਲੀ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਸਥਾਨਕ ਦਫ਼ਤਰ ਨਗਰ ਨਿਗਮ, ਜ਼ੋਨ-ਡੀ ਦੇ ਕਾਨਫਰੰਸ ਹਾਲ ਵਿਖੇ ਕੂੜਾ ਚੁੱਕਣ ਵਾਲਿਆਂ ਲਈ ਸਿਖਲਾਈ ਅਤੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮੌਕੇ ਕੂੜਾ-ਕਰਕਟ ਚੁੱਕਣ ਵਾਲੇ ਕਰੀਬ 115 ਵਿਅਕਤੀ ਵਰਕਸ਼ਾਪ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਸੁਰੱਖਿਆ ਉਪਕਰਣਾਂ ਜਿਵੇਂ ਟੋਪੀਆਂ, ਦਸਤਾਨੇ, ਮਾਸਕ, ਸੁਰੱਖਿਆ ਜੈਕਟ ਅਤੇ ਜੁੱਤੇ ਮੁਹੱਈਆ ਕਰਵਾਏ ਗਏ। ਮੇਅਰ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਕੂੜਾ-ਕਰਕਟ ਚੁੱਕਣ ਵਾਲਿਆਂ ਨੂੰ, ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਨ ਬਾਰੇ ਸੁਝਾਅ ਵੀ ਦਿੱਤੇ ਗਏ, ਜਿਸ ਨਾਲ ਉਨ੍ਹਾਂ ਵੱਲੋਂ ਕੀਤੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ ਅਤੇ ਨਾਲ ਹੀ ਦਿਸ਼ਾ-ਨਿਰਦੇਸ਼ ਵੀ ਪ੍ਰਾਪਤ ਕੀਤੇ ਕਿ ਆਪਣੇ ਰੋਜ਼ਮਰ੍ਹਾ ਦੇ ਕੰਮ ਨੂੰ ਜਾਰੀ ਰੱਖਦੇ ਹੋਏ ਮੌਜੂਦਾ ਕੋਵਿਡ ਦੇ ਖਤਰੇ ਤੋਂ ਕਿਵੇਂ ਬਚਿਆ ਜਾ ਸਕੇ।ਪ੍ਰੋਗਰਾਮ ਦੀ ਸਮਾਪਤੀ ਭਾਗੀਦਾਰਾਂ ਲਈ ਕੁਇਜ਼ ਮੁਕਾਬਲੇ ਨਾਲ ਕੀਤੀ ਗਈ, ਜਿਸ ਵਿੱਚ ਸਹੀ ਉੱਤਰ ਦੇਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ।  ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਨਿਗਮ ਦੇ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ।  ਜ਼ੈਮ ਐਨਵਾਇਰੋ ਦੀ ਨੁਮਾਇੰਦਗੀ ਵਿਕਰਮ ਸ਼ਰਮਾ, ਰਾਕੇਸ਼ ਪਾਰੀਖ, ਪ੍ਰਕਾਸ਼ ਪਾਰੀਖ ਅਤੇ ਅਮਨਦੀਪ ਸਿੰਘ ਵੱਲੋਂ ਕੀਤੀ ਗਈ। ਜ਼ੈਮ ਐਨਵਾਇਰੋ 2013 ਤੋਂ ਪਲਾਸਟਿਕ ਦੇ ਕੂੜੇਦਾਨ ਪ੍ਰਬੰਧਨ ਵਿੱਚ ਲੱਗੇ ਹੋਏ ਹਨ ਅਤੇ ਸੰਗ੍ਰਹਿ ਦੀ ਦਰ ਨੂੰ ਵਧਾਉਣ ਲਈ ਕੁਲੈਕਸ਼ਨ ਚੇਨ ਨੂੰ ਰਸਮੀ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਕੰਪਨੀ ਕੂੜਾ-ਕਰਕਟ ਚੁੱਕਣ ਵਾਲਿਆਂ ਲਈ ਲਈ ਸਮੇਂ ਸਮੇਂ ਤੇ ਵੱਖ ਵੱਖ ਸਿਖਲਾਈ ਅਤੇ ਭਲਾਈ ਪ੍ਰੋਗਰਾਮ ਵੀ ਕਰਵਾਉਂਦੀ ਹੈ।