ਕੀਮਤੀ ਮੋਬਾਇਲ ਵਾਪਸ ਕਰਕੇ ਦਿੱਤਾ ਇਮਾਨਦਾਰੀ ਦਾ ਸਬੂਤ

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸੋਹੀ) - ਜਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਵਿਖੇ ਇੱਕ ਅੰਮ੍ਰਿਤਧਾਰੀ ਵਿਅਕਤੀ ਨੇ ਰਸਤੇ ਵਿੱਚ ਡਿੱਗਿਆ ਕੀਮਤੀ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀਵਾਨਾ ਦੇ ਸਾਬਕਾ ਪੰਚ ਜੱਗਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਰਿਸਤੇਦਾਰ ਗੁਰਵਿੰਦਰ ਸਿੰਘ ਵਾਸੀ ਰਾਏਕੋਟ ਇੱਥੇ ਉਹਨਾਂ ਨੂੰ ਮਿਲਣ ਨੂੰ ਆ ਰਿਹਾ ਸੀ। ਇਸੇ ਦੌਰਾਨ ਉਹ ਰਸਤੇ ਵਿਚ ਖੜ ਗਏ। ਜਿਸ ਪਿੱਛੋਂ ਆਪਣਾ 20 ਹਜਾਰ ਰੁਪਏ ਦੀ ਕੀਮਤ ਦਾ ਮੋਬਾਇਲ ਗੱਡੀ ਦੇ ਵੋਰਨਟ ਤੇ ਰੱਖ ਕੇ ਭੁੱਲ ਗਏ ਤੇ ਮੋਬਾਇਲ ਨੂੰ ਬਿਨਾਂ ਚੁੱਕਿਆਂ ਹੀ ਗੱਡੀ ਸਟਾਰਟ ਕਰਕੇ ਚੱਲ ਪਏ। ਰਸਤੇ ਵਿਚ ਮੋਬਾਇਲ ਕਿਧਰੇ ਡਿੱਗ ਗਿਆ ਜੋ ਪਿੰਡ ਦੀਵਾਨਾ ਦੇ ਹੀ ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਨਾਂਅ ਦੇ ਅੰਮ੍ਰਿਤਧਾਰੀ ਵਿਅਕਤੀ ਦੇ ਹੱਥ ਲੱਗ ਗਿਆ। ਜਿਸ ਨੂੰ ਇਹ ਸਮਾਰਟ ਮੋਬਾਇਲ ਚਲਾਉਣਾ ਨਹੀਂ ਆਉਂਦਾ ਸੀ। ਪਰ ਉਸ ਨੇ ਪੁੱਛ ਪੜਤਾਲ ਪਿੱਛੋਂ ਮੋਬਾਇਲ ਮਾਲਕ ਦੀ ਜਾਣਕਾਰੀ ਨਾ ਮਿਲਣ ਤੇ ਮੋਬਾਇਲ ਆਪਣੇ ਘਰ ਲਿਆ ਕੇ ਰੱਖ ਲਿਆ। ਇਸ ਦੌਰਾਨ ਹੀ ਉਹਨਾਂ ਨੇ ਅਚਾਨਕ ਫੋਨ ਲਗਾ ਲਿਆ। ਜਿਸ ਨੂੰ ਮਨਜੀਤ ਸਿੰਘ ਦੇ ਘਰ ਦੇ ਇੱਕ ਪੜ੍ਹੇ ਲਿਖੇ ਬੱਚੇ ਨੇ ਉਠਾਇਆ ਤੇ ਦੱਸਿਆ ਕਿ ਉਹ ਵੀ ਪਿੰਡ ਦੀਵਾਨਾ ਤੋ ਹੀ ਬੋਲ ਰਹੇ ਹਨ ਤੇ ਇਹ ਮੋਬਾਇਲ ਉਹਨਾਂ ਨੂੰ ਰਸਤੇ ਵਿੱਚੋ ਡਿੱਗਾ ਮਿਲਿਆ ਹੈ। ਜਿਸ ਪਿੱਛੋਂ ਮਨਜੀਤ ਸਿੰਘ ਨੇ ਕੁੱਝ ਪਤਵੰਤੇ ਵਿਅਕਤੀਆਂ ਦੀ ਹਾਜਰੀ ਚ ਮੋਬਾਇਲ ਉਹਨਾਂ ਨੂੰ ਵਾਪਸ ਕਰ ਦਿੱਤਾ। ਜਿਕਰਯੋਗ ਹੈ ਕਿ ਮੋਬਾਇਲ ਦੀ ਬਾਜ਼ਾਰੀ ਕੀਮਤ 20 ਹਜਾਰ ਰੁਪਏ ਹੈ, ਜੋ ਮਨਜੀਤ ਸਿੰਘ ਦਾ ਈਮਾਨ ਨਹੀਂ ਡੁਲਾ ਸਕਿਆ। ਮਨਜੀਤ ਸਿੰਘ ਨੇ ਕਿਹਾ ਕਿ ਮਹਾਨ ਗੁਰੂਆਂ ਦੀ ਪਵਿੱਤਰ ਬਾਣੀ ਤੋਂ ਮਿਲੀ ਸਿੱਖਿਆ ਸਦਕਾ ਹੀ ਉਹ ਅਜਿਹਾ ਕਰ ਪਾਇਆ ਹੈ। ਵਰਨਾ ਅੱਜ ਦੇ ਦੌਰ ਚ ਹੱਥ ਨੂੰ ਹੱਥ ਖਾ ਰਿਹਾ ਹੈ। ਇਸ ਮੌਕੇ ਪੰਚ ਜੱਗਾ ਸਿੰਘ ਦੀਵਾਨਾ,ਜਗਤਾਰ ਸਿੰਘ ਕਾਕੂ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।