ਮੀਟਿੰਗ ਵਿਚ ਲਏ ਅਹਿਮ ਫੈਸਲੇ 'ਚ ਕੌਮੀ ਵਿਆਪੀ ਹੜਤਾਲ ਦਾ ਸੱਦਾ
ਨਵੀਂ ਦਿੱਲੀ /ਲੁਧਿਆਣਾ, 15 ਅਕਤੂਬਰ (ਟੀ. ਕੇ.) ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੰਚ ਨਵੀਂ ਦਿੱਲੀ ਵਲੋਂ ਕੌਮੀ ਪੱਧਰ 'ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿੱਢੇ ਗਏ ਸੰਘਰਸ਼ ਦੀ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੰਘਰਸ਼ ਦੀ ਰੂਪ ਰੇਖਾ ਲਈ ਪੰਜਵੀਂ ਮਹੱਤਵਪੂਰਨ ਮੀਟਿੰਗ ਭਾਰਤੀ ਰੇਲਵੇ ਦਫਤਰ ਦੇ ਜੇ. ਪੀ. ਚੌਬੇ ਮੈਮੋਰੀਅਲ ਲਾਇਬ੍ਰੇਰੀ ਵਿਖੇ ਕੌਮੀ ਕਨਵੀਨਰ ਸ਼ਿਵ ਗੋਪਾਲ ਮਿਸ਼ਰਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਭਾਰਤ ਭਰ ਤੋਂ ਵੱਖ ਵੱਖ ਸੂਬਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਅਤੇ ਸੂਬਾਈ ਆਈ. ਟੀ. ਸੈੱਲ ਇੰਚਾਰਜ਼ ਸਤਿ ਪ੍ਰਕਾਸ਼ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ।
ਮੀਟਿੰਗ ਦੌਰਾਨ 10 ਅਗਸਤ 2023 ਨੂੰ ਰਾਮ ਲੀਲਾ ਗਰਾਊਂਡ ਵਿੱਚ ਮਹਾਰੈਲੀ ਦਾ ਰੀਵਿਊ ਕੀਤਾ ਅਤੇ ਇਸ ਉਪਰੰਤ ਕੇਂਦਰ ਸਰਕਾਰ ਵਲੋਂ ਬਣਾਈ ਗਈ ਕਮੇਟੀ ਨਾਲ ਮੰਚ ਦੀਆਂ ਹੋਈਆਂ ਮੀਟਿੰਗਾਂ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਵੱਖ ਵੱਖ ਰਾਜਾਂ ਦੇ ਬੁਲਾਰਿਆਂ ਨੇ ਸਮੁੱਚੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਨੂੰ ਪੂਰਨ ਤੌਰ 'ਤੇ ਲਾਗੂ ਕਰਨ ਲਈ ਜਿੱਥੇ ਇਸ ਮੰਚ ਦੇ ਝੰਡੇ ਹੇਠ ਲੜਾਈ ਲੜਨ ਦਾ ਅਹਿਦ ਲਿਆ ਉੱਥੇ ਹੀ ਕੇਂਦਰ ਸਰਕਾਰ ਦੀ ਓ. ਪੀ. ਐੱਸ. ਸਬੰਧੀ ਢਿੱਲੀ ਕਾਰਗੁਜ਼ਾਰੀ 'ਤੇ ਤਿੱਖੇ ਵਾਰ ਕੀਤੇ। ਮੀਟਿੰਗ ਵਿੱਚ ਪੰਜ ਰਾਜਾਂ ਵਿੱਚ ਹੋ ਜਾ ਰਹੀਆਂ ਵਿਧਾਨ ਸਭਾ ਚੋਣਾਂ ਚ ਜਿੱਥੇ ਬੀ. ਜੇ. ਪੀ. ਪਾਰਟੀ ਵਿਰੁੱਧ ਭੁਗਤਣ ਦਾ ਸੱਦਾ ਦਿੱਤਾ ਗਿਆ ਉਥੇ ਹੀ ਸੰਯੁਕਤ ਮੰਚ ਵਲੋਂ 21-22 ਨਵੰਬਰ ਨੂੰ ਹੜਤਾਲ ਸਬੰਧੀ ਸਹਿਮਤੀ ਪੱਤਰ ਲੈਣ ਅਤੇ ਸਮੁੱਚੇ ਭਾਰਤ ਵਿੱਚ ਹੜਤਾਲ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਸੂਬਾਈ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸਯੁੰਕਤ ਮੰਚ ਹੇਠ ਭਾਰਤ ਰੇਲਵੇ ਦੇ ਲੱਖਾਂ ਕਰਮਚਾਰੀਆਂ ਤੋਂ ਇਲਾਵਾ ਦੇਸ਼ ਭਰ ਦੀਆਂ 36 ਜੱਥੇਬੰਦੀਆਂ ਸ਼ਾਮਲ ਹਨ।
2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਕੇਂਦਰ ਸਰਕਾਰ ਨੂੰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਘੇਰਨ ਅਤੇ ਪੁਰਾਣੀ ਪੈਨਸ਼ਨ ਨੂੰ ਸੰਪੂਰਨ ਰੂਪ ਵਿੱਚ ਲਾਗੂ ਕਰਨ ਲਈ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਵਲੋਂ ਕੌਮੀ ਪੱਧਰ 'ਤੇ ਜੋ ਪ੍ਰੋਗਰਾਮ ਦਿੱਤੇ ਗਏ ਹਨ ਉਹ ਸਮੁੱਚੇ ਭਾਰਤ ਵਿੱਚ ਲਾਗੂ ਕੀਤੇ ਜਾਣਗੇ।
ਇਸ ਮੌਕੇ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼, ਮਿਜੋਰਮ, ਦਿੱਲੀ, ਕੇਰਲ, ਰਾਜਸਥਾਨ ਕਰਨਾਟਕ, ਉੜੀਸਾ, ਮੱਧ ਪ੍ਰਦੇਸ਼,ਰਾਸ਼ਟਰੀ ਪੱਧਰ ਦੀਆਂ ਜੱਥੇਬੰਦੀਆਂ ਦੇ ਕਨਵੀਨਰ ਹਾਜ਼ਰ ਸਨ।