ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੁਝ ਸੈਕਟਰਾਂ ਵਿੱਚ ਸ਼ਰਤਾਂ ਅਧੀਨ ਉਸਾਰੀ ਕਾਰਜ ਮੁਕੰਮਲ ਕਰਨ ਦੀ ਇਜਾਜ਼ਤ

ਸੜਕਾਂ ਦੀ ਉਸਾਰੀ, ਸਿੰਚਾਈ ਪ੍ਰੋਜੈਕਟ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਬਿਜਲੀ ਅਤੇ ਟੈਲੀਕਾਮ ਵਿਭਾਗ ਦੇ ਕੰਮਾਂ ਆਦਿ ਨੂੰ ਵੀ ਖੁੱਲ੍ਹ

ਸਨਅਤੀ ਅਸਟੇਟਾਂ ਅਤੇ ਪੇਂਡੂ ਖੇਤਰਾਂ ਵਿੱਚ ਹਰ

ਹਰ ਤਰ੍ਹਾਂ ਦੇ ਸਨਅਤੀ ਪ੍ਰੋਜੈਕਟਾਂ, ਐੱਮ. ਐੱਸ. ਐੱਮ. ਈ. ਲਈ ਵੀ ਆਗਿਆ

ਅੱਜ ਕੋਈ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ

ਨੰਦੇੜ ਤੋਂ ਆਏ ਸਾਰੇ ਯਾਤਰੀਆਂ ਅਤੇ ਕੋਟਾ ਤੋਂ ਆਏ ਵਿਦਿਆਰਥੀਆਂ ਦੀ ਜਾਂਚ ਕੀਤੀ ਜਾ ਰਹੀ

ਲੁਧਿਆਣਾ,ਅਪ੍ਰੈੱਲ ( ਇਕਬਾਲ ਸਿੰਘ ਰਸੂਲਪੁਰ/ਚਰਨਜੀਤ ਸਿੰਘ ਚਨ /ਮਨਜਿੰਦਰ ਗਿੱਲ)-

ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿੱਚ (ਹੌਟਸਪਾਟ ਖੇਤਰਾਂ ਨੂੰ ਛੱਡ ਕੇ) ਉਨ੍ਹਾਂ ਉਸਾਰੀ ਕਾਰਜਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਕਰਫਿਊ/ਲੌਕਡਾਊਨ ਤੋਂ ਪਹਿਲਾਂ ਸ਼ੁਰੂ ਹੋਏ ਸਨ। ਇਸ ਨਾਲ ਮਜ਼ਦੂਰਾਂ/ਲੇਬਰ ਨੂੰ ਆਪਣੇ ਕੰਮ ਨਾਲ ਮੁੜ ਜੁੜਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਲਈ ਇਜਾਜ਼ਤ ਲੈਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਕ ਪ੍ਰਫਾਰਮਾ ਤਿਆਰ ਕੀਤਾ ਗਿਆ ਹੈ, ਜੋ ਕਿ ਜ਼ਿਲ੍ਹਾ ਪ੍ਰਸਾਸ਼ਨ ਦੀ ਵੈੱਬਸਾਈਟ www.ludhiana.nic.in <http://www.ludhiana.nic.in> 'ਤੇ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਟਵਿੱਟਰ ਹੈਂਡਲ @LudhianaDpro ਅਤੇ ਫੇਸਬੁੱਕ ਪੇਜ਼ <https://www.facebook.com/dproludhianapage/> 'ਤੇ ਅਪਲੋਡ ਕੀਤਾ ਜਾਵੇਗਾ। ਇਛੁੱਕ ਵਿਅਕਤੀ ਇਹ ਪ੍ਰਫਾਰਮਾ ਭਰ ਕੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਈਮੇਲ ਪਤੇ acgludhiana@gmail.com 'ਤੇ ਭੇਜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਵਿਅਕਤੀ ਜਾਂ ਠੇਕੇਦਾਰ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰੀ ਹਦਾਇਤਾਂ ਤਹਿਤ ਲੇਬਰ ਨੂੰ ਕੰਮ ਵਾਲੀ ਜਗ੍ਹਾਂ 'ਤੇ 'ਇਨ ਸੀਟੂ ਮੈਨੇਜਮੈਂਟ' ਤਹਿਤ ਰੱਖਣਾ ਅਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣੀਆਂ ਲਾਜ਼ਮੀ ਹੋਵੇਗਾ। ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਵਿੱਚ ਸੜਕਾਂ ਬਣਾਉਣਾ, ਸਿੰਚਾਈ ਪ੍ਰੋਜੈਕਟ, ਇਮਾਰਤਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਬਿਜਲੀ ਅਤੇ ਟੈਲੀਕਾਮ ਵਿਭਾਗ ਦੀਆਂ ਤਾਰਾਂ ਵਿਛਾਉਣਾ, ਸਨਅਤੀ ਅਸਟੇਟਾਂ ਅਤੇ ਪੇਂਡੂ ਖੇਤਰਾਂ ਵਿੱਚ ਹਰ ਤਰ੍ਹਾਂ ਦੇ ਸਨਅਤੀ ਪ੍ਰੋਜੈਕਟਾਂ, ਮੁੜ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਅਤੇ ਐੱਮ. ਐੱਸ. ਐੱਮ. ਈਜ਼ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਹਦੂਦ ਅੰਦਰ ਉਨ੍ਹਾਂ ਉਸਾਰੀ ਕਾਰਜਾਂ ਨੂੰ ਵੀ ਸ਼ੁਰੂ ਕਰਨ ਦੀ ਖੁੱਲ੍ਹ ਦਿੱਤੀ ਹੈ, ਜਿੱਥੇ ਲੇਬਰ ਨੂੰ ਪ੍ਰੋਜੈਕਟ ਸਥਾਨ 'ਤੇ ਹੀ ਰੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸਾਸ਼ਨ ਤੋਂ ਢੁੱਕਵੀਂ ਆਗਿਆ ਲੈਣੀ ਲਾਜ਼ਮੀ ਹੋਵੇਗੀ। ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜੋ ਵੀ ਠੇਕੇਦਾਰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸਦੀ ਆਗਿਆ ਰੱਦ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 28 ਅਪ੍ਰੈੱਲ ਤੱਕ 1991 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 1670 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 1649 ਨਮੂਨੇ ਨੈਗੇਟਿਵ ਪਾਏ ਗਏ ਹਨ। ਕੁੱਲ 21 ਨਮੂਨੇ ਪਾਏ ਗਏ ਹਨ, ਜਿਨ੍ਹਾਂ ਵਿੱਚ 18 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 3 ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। 7 ਮਰੀਜ਼ (6 ਲੁਧਿਆਣਾ ਅਤੇ 1 ਹੋਰ ਜ਼ਿਲ੍ਹਾ) ਹੁਣ ਤੱਕ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਤੱਕ 5 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 4 ਲੁਧਿਆਣਾ ਅਤੇ 1 ਹੋਰ ਜ਼ਿਲ੍ਹੇ ਨਾਲ ਸੰਬੰਧਤ ਹਨ। ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਵਿੱਚ 9 ਮਰੀਜ਼ਾਂ ਦਾ ਇਲਾਜ਼ ਜਾਰੀ ਹੈ, ਜਿਨ੍ਹਾਂ ਵਿੱਚ 8 ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 1 ਹੋਰ ਜ਼ਿਲ੍ਹੇ ਨਾਲ ਸੰਬੰਧਤ ਹੈ। ਅਗਰਵਾਲ ਨੇ ਦੱਸਿਆ ਕਿ ਜਦੋਂ ਮਰੀਜ਼ ਪਾਜ਼ੀਟਿਵ ਆ ਜਾਂਦਾ ਹੈ ਤਾਂ ਉਸ ਦਾ 14 ਦਿਨ ਬਾਅਦ ਨਮੂਨਾ ਲਿਆ ਜਾਂਦਾ ਹੈ, ਜੇਕਰ ਉਹ ਨੈਗੇਟਿਵ ਆ ਜਾਵੇ ਤਾਂ ਉਸ ਦਾ 24 ਘੰਟੇ ਬਾਅਦ ਇੱਕ ਹੋਰ ਨਮੂਨਾ ਲਿਆ ਜਾਂਦਾ ਹੈ। ਜੇਕਰ ਲਗਾਤਾਰ ਦੂਜਾ ਨਮੂਨਾ ਵੀ ਨੈਗੇਟਿਵ ਆ ਜਾਂਦਾ ਹੈ ਤਾਂ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਜੋ ਸ਼ਰਧਾਲੂ ਨੰਦੇੜ (ਮਹਾਰਾਸ਼ਟਰ) ਤੋਂ ਅਤੇ ਵਿਦਿਆਰਥੀ ਕੋਟਾ (ਰਾਜਸਥਾਨ) ਤੋਂ ਪੰਜਾਬ ਸਰਕਾਰ ਦੇ ਉੱਦਮ ਨਾਲ ਵਾਪਸ ਲਿਆਂਦੇ ਗਏ ਹਨ, ਉਨ੍ਹਾਂ ਦੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ।