You are here

ਪੰਜਾਬ 'ਚ ਕੋਰੋਨਾ ਕਹਿਰ ਲਗਾਤਾਰ ਜਾਰੀ 61 ਮੌਤਾਂ

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)- ਸੂਬਾ ਸਰਕਾਰ ਦਾ ਪੂਰਾ ਜ਼ੋਰ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਨੂੰ ਘੱਟ ਕਰਨ 'ਚ ਲੱਗਾ ਹੋਇਆ ਹੈ। ਇਸ ਦੇ ਬਾਵਜੂਦ ਸੂਬੇ ਵਿਚ ਇਨ੍ਹਾਂ ਦੀ ਗਿਣਤੀ 'ਚ ਕਮੀ ਹੁੰਦੀ ਨਜ਼ਰ ਨਹੀਂ ਆ ਰਹੀ। ਸਿਹਤ ਵਿਭਾਗ ਦਾਅਵੇ ਕਰ ਰਿਹਾ ਹੈ ਕਿ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਹਸਪਤਾਲਾਂ ਵਿਚ ਕੋਰੋਨ ਦੇ ਇਲਾਜ ਦੇ ਪੂਰੇ ਪ੍ਰਬੰਧ ਹਨ ਉੱਧਰ ਹੁਸ਼ਿਆਰਪੁਰ ਦਾ ਸਰਕਾਰੀ ਹਸਪਤਾਲ ਅਜੇ ਵੀ ਵੈਂਟੀਲੇਟਰਾਂ ਦਾ ਇੰਤਜ਼ਾਰ ਕਰ ਰਿਹਾ ਹੈ। ਇੱਥੇ ਹਾਲਾਤ ਅਜਿਹੇ ਹਨ ਕਿ ਕੋਰੋਨਾ ਕਾਰਨ ਮਰੀਜ਼ਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਵੈਂਟੀਲੇਟਰ ਦੀ ਕਮੀ ਕਾਰਨ ਉਨ੍ਹਾਂ ਨੂੰ ਦੂਜੇ ਜ਼ਿਲ੍ਹਿਆਂ 'ਚ ਰੈਫਰ ਕੀਤਾ ਜਾ ਰਿਹਾ ਹੈ। ਉਧਰ ਸ਼ਨਿਚਰਵਾਰ ਨੂੰ ਸੂਬੇ ਵਿਚ 61 ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਏਸੇ ਤਰ੍ਹਾਂ 2420 ਲੋਕ ਇਨਫੈਕਟਿਡ ਪਾਏ ਗਏ ਹਨ। ਇਨਫੈਕਟਿਡਾਂ ਵਿਚ ਅੰਮਿ੍ਤਸਰ ਦੇ ਇਕ ਹਸਪਤਾਲ ਦੇ ਚਾਰ ਮੁਲਾਜ਼ਮ ਵੀ ਸ਼ਾਮਲ ਹਨ। ਅੰਮਿ੍ਤਸਰ 'ਚ ਹੁਣ ਤਕ ਕੋਰੋਨਾ ਵਿਰੁੱਧ 'ਫਰੰਟ ਲਾਈਨ' ਵਿਚ ਡਟੇ 100 ਸਿਹਤ ਮੁਲਾਜ਼ਮ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚ ਸਿਵਲ ਸਰਜਨ ਵੀ ਸ਼ਾਮਲ ਹਨ।

ਲੁਧਿਆਣੇ 'ਚ ਸਭ ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਆਉਣ ਦਾ ਸਿਲਸਿਲਾ ਜਾਰੀ ਹੈ :

ਸੂਬੇ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਰੀਜ਼ ਲੁਧਿਆਣੇ 'ਚ ਇਨਫੈਕਟਿਡ ਪਾਏ ਜਾ ਰਹੇ ਹਨ। ਸ਼ਨਿਚਰਵਾਰ ਨੂੰ ਵੀ ਇੱਥੇ ਸਭ ਤੋਂ ਜ਼ਿਆਦਾ 347 ਲੋਕ ਇਨਫੈਕਟਿਡ ਪਾਏ ਗਏ ਹਨ। ਇਹੀ ਨਹੀਂ 12 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਇਲਾਵਾ ਮੋਹਾਲੀ ਵਿਚ 239, ਅੰਮਿ੍ਤਸਰ 'ਚ 224, ਜਲੰਧਰ ਵਿਚ 222, ਹੁਸ਼ਿਆਰਪੁਰ 'ਚ 145, ਪਠਾਨਕੋਟ 'ਚ 143 ਤੇ ਗੁਰਦਾਸਪੁਰ 'ਚ 129 ਲੋਕ ਪਾਜ਼ੇਟਿਵ ਪਾਏ ਗਏ ਹਨ। ਏਸੇ ਤਰ੍ਹਾਂ ਲੁਧਿਆਣੇ ਤੋਂ ਬਾਅਦ ਸਭ ਤੋਂ ਜ਼ਿਆਦਾ 11 ਅੰਮਿ੍ਤਸਰ ਤੇ ਸੱਤ ਮੌਤਾਂ ਜਲੰਧਰ 'ਚ ਹੋਈਆਂ ਹਨ।

71 ਮਰੀਜ਼ ਹੁਣ ਵੀ ਵੈਂਟੀਲੇਟਰ 'ਤੇ

ਸਿਹਤ ਵਿਭਾਗ ਵੱਲੋਂ ਜਾਰੀ ਹੈਲਥ ਬੁਲੇਟਿਨ 'ਤੇ ਨਜ਼ਰ ਮਾਰੀਏ ਤਾਂ ਸੂਬੇ ਵਿਚ ਸ਼ਨਿਚਰਵਾਰ ਨੂੰ 71 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਏਸੇ ਤਰ੍ਹਾਂ 509 ਲੋਕ ਆਕਸੀਜਨ ਸਪੋਰਟ 'ਤੇ ਰੱਖੇ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 76 ਮਰੀਜ਼ ਵੈਂਟੀਲੇਟਰ ਤੇ 501 ਆਕਸੀਜਨ ਸਪੋਰਟ 'ਤੇ ਰੱਖੇ ਗਏ ਸਨ। ਰਾਹਤ ਦੀ ਗੱਲ ਇਹ ਹੈ ਕਿ ਸ਼ਨਿਚਰਵਾਰ ਨੂੰ 1910 ਲੋਕ ਕੋਰੋਨਾ ਨੂੰ ਹਰਾਉਣ ਵਿਚ ਸਫਲ ਵੀ ਹੋਏ ਹਨ। ਸੂਬੇ ਵਿਚ ਹੁਣ ਤਕ ਕੁੱਲ 95045 ਇਨਫੈਕਟਿਡਾਂ ਵਿਚੋਂ 70373 ਲੋਕ ਸਿਹਤਯਾਬ ਹੋ ਚੁੱਕੇ ਹਨ।