ਪੰਜਾਬ 'ਚ ਕੋਰੋਨਾ ਨਾਲ ਹੋਰ18 ਮੌਤਾਂ

ਕੋਰੋਨਾ ਦਾ ਕਹਿਰ ਜਾਰੀ 522 ਨਵੇਂ ਕੇਸ

ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਨਾਲ 18 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 522 ਨਵੇਂ ਕੇਸ ਆਏ ਹਨ। ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 381 ਹੋ ਗਈ ਹੈ। ਕੁਲ ਇਨਫੈਕਟਿਡ 15,622 ਹੋ ਗਏ ਹਨ ਜਿਨ੍ਹਾਂ 'ਚੋਂ 10,509 ਮਰੀਜ਼ ਠੀਕ ਹੋ ਚੁੱਕੇ ਹਨ। ਵੀਰਵਾਰ ਨੂੰ ਕੁਲ 297 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤੇ। ਲੁਧਿਆਣੇ 'ਚ ਸਭ ਤੋਂ ਜ਼ਿਆਦਾ ਸੱਤ ਮੌਤਾਂ ਹੋਈਆਂ। ਇੱਥੇ 35 ਸਾਲ ਦੇ ਨੌਜਵਾਨ, 64 ਸਾਲ ਦੇ ਮਰਦ ਸਮੇਤ 55-55 ਸਾਲ, 70-70 ਤੇ 65 ਸਾਲ ਦੀਆਂ ਪੰਜ ਅੌਰਤਾਂ ਦੀ ਵੀ ਮੌਤ ਹੋ ਗਈ। ਇਨ੍ਹਾਂ 'ਚੋਂ ਛੇ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਨਾਲ ਪਹਿਲਾਂ ਹੀ ਪੀੜਤ ਸਨ। ਹੁਸ਼ਿਆਰਪੁਰ ਦੇ ਪਿੰਡ ਭਟਰਾਨਾ ਦੀ 59 ਸਾਲਾ ਅੌਰਤ ਦੀ ਮੋਹਾਲੀ ਦੀ ਫੋਰਟਿਸ ਹਸਪਤਾਲ 'ਚ ਮੌਤ ਹੋ ਗਈ। ਪਿੰਡ ਕੱਤੋਵਾਲ ਦੇ 72 ਸਾਲਾ ਬਜ਼ੁਰਗ ਨੇ ਵੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਕਪੂਰਥਲਾ ਜ਼ਿਲ੍ਹਾ 'ਚ ਵੀ 29 ਸਾਲਾ ਇਕ ਅੌਰਤ ਦੀ ਮੌਤ ਹੋਈ ਹੈ। ਉਹ ਕੈਂਸਰ ਨਾਲ ਪੀੜਤ ਸੀ ਤੇ ਕੋਰੋਨਾ ਦੀ ਲਪੇਟ 'ਚ ਆ ਗਈ ਸੀ। ਬਰਨਾਲਾ 'ਚ 53 ਸਾਲਾ ਅੌਰਤ, ਫਿਰੋਜ਼ਪੁਰ 'ਚ 85 ਸਾਲਾ ਬਜ਼ੁਰਗ, ਬਠਿੰਡਾ 'ਚ ਰਿਟਾਇਰਡ ਕਾਨੂੰਨਗੋ ਦੀ 56 ਸਾਲਾ ਪਤਨੀ, ਪਟਿਆਲਾ 'ਚ 75 ਸਾਲ ਤੇ ਅੰਮਿ੍ਤਸਰ 'ਚ 67 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ। ਸਭ ਤੋਂ ਜ਼ਿਆਦਾ ਲੁਧਿਆਣੇ 'ਚ 157 ਕੇਸ ਆਏ, ਜਦਕਿ ਫਿਰੋਜ਼ਪੁਰ 'ਚ 67 ਲੋਕ ਇਨਫੈਕਟਿਡ ਮਿਲੇ। ਅੰਮਿ੍ਤਸਰ 'ਚ 67, ਜਲੰਧਰ 'ਚ 63, ਪਟਿਆਲੇ 'ਚ 25, ਫ਼ਰੀਦਕੋਟ 'ਚ 23, ਮੋਹਾਲੀ 'ਚ 20 ਕੇਸ ਸਮੇਤ ਕਈ ਹੋਰ ਜ਼ਿਲਿ੍ਹਆਂ 'ਚ ਵੀ ਨਵੇਂ ਮਾਮਲੇ ਆਏ। ਸੰਗਰੂਰ ਥਾਣਾ ਸਿਟੀ ਵਨ ਦੇ ਐੱਸਐੱਚਓ ਸਮੇਤ ਨੌਂ ਪੁਲਿਸ ਮੁਲਾਜ਼ਮ ਪਾਜ਼ੇਟਿਵ ਆਏ ਹਨ। ਫਿਰੋਜ਼ਪੁਰ ਐੱਚਡੀਐੱਫਸੀ ਬੈਂਕ ਦੇ 17 ਮੁਲਾਜ਼ਮ, ਤਿੰਨ ਐੱਨਆਰਆਈ ਸਮੇਤ ਡੀਆਈਜੀ ਆਫਿਸ ਜੇਲ੍ਹ ਦੇ ਦੋ ਮੁਲਾਜ਼ਮ ਤੇ ਫਾਜ਼ਿਲਕਾ ਜੇਲ੍ਹ 'ਚ ਬੰਦ ਹਵਾਲਾਤੀ ਪਾਜ਼ੇਟਿਵ ਆਇਆ ਹੈ। ਬਠਿੰਡਾ ਕੈਂਟ ਦਾ ਇਕ ਜਵਾਨ ਤੇ ਇਕ ਪੁਲਿਸ ਮੁਲਾਜ਼ਮ ਵੀ ਇਨਫੈਕਟਿਡ ਮਿਲਿਆ ਹੈ।