ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਕੇਸਾਂ ਦੀ ਕੀਤੀ ਸਮੀਖਿਆ

ਜ਼ਿਲੇ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਵੀ ਲਿਆ ਜਾਇਜ਼ਾ

‘ਸੁਰੱਖਿਅਤ ਸਕੂਲ ਵਾਹਨ ਸਕੀਮ’ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਕੀਤੀ ਹਦਾਇਤ

ਕਪੂਰਥਲਾ, ਜਨਵਰੀ 2020-(ਹਰਜੀਤ ਸਿੰਘ ਵਿਰਕ)-

  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਵੱਖ-ਵੱਖ ਕੇਸਾਂ ਦੀ ਸਮੀਖਿਆ ਕੀਤੀ, ਜਿਨਾਂ ਵਿਚ ਅਨੁਸੂਚਿਤ ਜਾਤੀਆਂ ਉੱਤੇ ਅੱਤਿਆਚਾਰ ਰੋਕਥਾਮ ਐਕਟ, ਸਿਵਲ, ਫ਼ੌਜਦਾਰੀ, ਪੈਰੋਲ ਅਤੇ ਹਿਰਾਸਤੀ ਮੌਤਾਂ ਸਬੰਧੀ ਕੇਸ ਸ਼ਾਮਿਲ ਸਨ। ਇਸ ਦੌਰਾਨ ਸ੍ਰੀਮਤੀ ਉੱਪਲ ਨੇ ਇਨਾਂ ਕੇਸਾਂ ਸਬੰਧੀ ਲੰਬਿਤ ਜਾਂਚ ਰਿਪੋਰਟਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨਾਂ ਸਰਵਿਸ ਮਾਮਲਿਆਂ ਸਬੰਧੀ ਬਕਾਇਆ ਪਏ ਕੇਸਾਂ ਦੀ ਵੀ ਮਹਿਕਮੇ ਵਾਈਜ਼ ਰਿਪੋਰਟ ਪ੍ਰਾਪਤ ਕੀਤੀ ਅਤੇ ਇਨਾਂ ਦਾ ਫੌਰਨ ਨਿਪਟਾਰਾ ਕਰਨ ਲਈ ਕਿਹਾ। ਇਸੇ ਤਰਾਂ ਉਨਾਂ ਜ਼ਿਲੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਧਾਰਾ 144 ਅਧੀਨ ਜਾਰੀ ਹੁੰਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਫ਼ਰਜ਼ੀ ਟ੍ਰੈਵਲ ਏਜੰਸੀ ਨੂੰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਉੱਪ ਮੰਡਲ ਮੈਜਿਸਟ੍ਰੇਟਾਂ ਨੂੰ ਟ੍ਰੈਵਲ ਏਜੰਸੀਆਂ ਦੀ ਲਗਾਤਾਰ ਚੈਕਿੰਗ ਕਰਨ ਦੀ ਹਦਾਇਤ ਕੀਤੀ ਅਤੇ ਉਨਾਂ ਵੱਲੋਂ ਇਸ ਸਬੰਧੀ ਹੁਣ ਤੱਕ ਕੀਤੇ ਕੰਮਾਂ ਦੀ ਸਮੀਖਿਆ ਕੀਤੀ। 

ਇਸੇ ਤਰਾਂ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਸੁਰੱਖਿਅਤ ਸਕੂਲ ਵਾਹਨ ਸਕੀਮ’ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਉਨਾਂ ਅਵਾਰਾ ਪਸ਼ੂਆਂ ਕਾਰਨ ਆਵਾਜਾਈ ਵਿਚ ਪੈਂਦੇ ਵਿਘਨ ਅਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਮੇਟੀ ਮੈਂਬਰਾਂ ਦੇ ਸੁਝਾਅ ਲਏ। ਇਸ ਤੋਂ ਇਲਾਵਾ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਇਸ ਸਬੰਧੀ ਸਕੂਲਾਂ-ਕਾਲਜਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ। ਉਨਾਂ ਇਹ ਵੀ ਕਿਹਾ ਕਿ ਬਾਜ਼ਾਰਾਂ ਵਿਚ ਕੀਤੀ ਜਾਣ ਵਾਲੀ ਗ਼ਲਤ ਪਾਰਕਿੰਗ ਨੂੰ ਕੰਟਰੋਲ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ। 

  ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ, ਡੀ. ਐਸ. ਪੀ ਡਾ. ਮੁਕੇਸ਼, ਉੱਪ ਜ਼ਿਲਾ ਅਟਾਰਨੀ ਸ੍ਰੀ ਅਨਿਲ ਕੁਮਾਰ, ਸਹਾਇਕ ਜ਼ਿਲਾ ਅਟਾਰਨੀ ਸ੍ਰੀ ਅਰਵਿੰਦ ਸਹਾਏ, ਤਹਿਸੀਲਦਾਰ ਫਗਵਾੜਾ ਸ੍ਰੀ ਨਵਦੀਪ ਸਿੰਘ, ਜ਼ਿਲਾ ਭਲਾਈ ਅਫ਼ਸਰ ਸ. ਜਸਦੇਵ ਸਿੰਘ ਪੁਰੇਵਾਲ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲਾ ਗਾਈਡੈਂਸ ਕਾੳੂਂਸਲਰ ਸ. ਪਰਮਜੀਤ ਸਿੰਘ, ਐਸ. ਡੀ. ਓ ਸ੍ਰੀ ਜਤਿੰਦਰ ਕੁਮਾਰ ਤੇ ਸ. ਹਰਭਜਨ ਸਿੰਘ, ਐਸ. ਆਈ ਟ੍ਰੈਫਿਕ ਸ. ਦਰਸ਼ਨ ਸਿੰਘ, ਐਡਵੋਕੇਟ ਚੰਦਨ ਪੁਰੀ, ਸ੍ਰੀ ਰਮਨਦੀਪ ਸਿੰਘ, ਸੁਪਰਡੈਂਟ ਸ੍ਰੀ ਬੀ. ਪੀ ਡਾਵਰ, ਰੀਡਰ ਸ੍ਰੀ ਨਰਿੰਦਰ ਸਿੰਘ ਚੀਮਾ, ਐਮ. ਏ ਸ੍ਰੀ ਰਾਜੇਸ਼ ਕੁਮਾਰ, ਮੈਡਮ ਅੰਜੂ ਬਾਲਾ ਤੇ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :

-ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਰਣਦੀਪ ਸਿੰਘ ਹੀਰ ਤੇ ਹੋਰ।