ਸਲੇਮਪੁਰੀ ਦੀ ਚੂੰਢੀ - ਗੱਦਾਰ ਕੌਣ!

          ਗੱਦਾਰ ਕੌਣ!

 

ਕਿਸੇ ਚਿੰਤਕ ਨੂੰ ਆਪਣੇ ਵੱਖਰੇ ਵਿਚਾਰਾਂ ਲਈ ਤਸੀਹੇ ਅਤੇ ਮੌਤ ਦੀ ਸਜ਼ਾ ਦੇਣ ਲਈ ਸੰਸਾਰ ਵਿੱਚ ਸਭ ਤੋਂ ਪਹਿਲਾਂ ਮਹਾਨ ਸੁਕਰਾਤ ਤੋਂ ਸ਼ੁਰੂ ਹੋਈ ਸੀ, ਉਸੇ ਤਰਜ 'ਤੇ ਦੇਸ਼ ਵਿਚ ਆਪਣੀ ਵੱਖਰੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਵੀ ਦੇਸ਼ ਧ੍ਰੋਹੀ  /ਦੇਸ਼  ਗੱਦਾਰ ਦਾ ਸਰਟੀਫਿਕੇਟ ਦੇ ਕੇ ਜਾਂ ਤਾਂ ਕੋਈ ਨਾ ਕੋਈ ਬਹਾਨਾ ਲਾ ਕੇ ਖਤਮ ਕਰਵਾ ਦਿੱਤਾ ਜਾਂਦਾ ਹੈ ਜਾਂ ਫਿਰ ਜੇਲਾਂ ਵਿੱਚ ਬੰਦ ਕਰਵਾ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਦੇਸ਼ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਦੇਸ਼ ਦਾ ਗੱਦਾਰ ਕਹਿ ਕੇ ਖੁੱਲੇਆਮ ਭੰਡੀ ਪ੍ਰਚਾਰ ਕਰਕੇ ਆਪਣੇ ਆਪ ਨੂੰ ਦੇਸ਼ ਭਗਤ ਹੋਣ ਦਾ ਦਾਅਵਾ ਜਤਾ ਰਹੀਆਂ ਹਨ ਅਤੇ ਵਿਰੋਧੀ ਵਿਚਾਰਧਾਰਾ ਰੱਖਣ ਵਾਲਿਆਂ ਦੇ ਵਿਰੁੱਧ ਪੁਲਿਸ ਪਰਚੇ ਦਰਜ ਕਰਕੇ ਜੇਲਾਂ ਵਿਚ ਡੱਕਣ ਲਈ ਘੜਤਾਂ ਘੜੀਆਂ ਜਾ ਰਹੀਆਂ ਹਨ।ਜਿਸ ਦੀਆਂ ਮਿਸਾਲਾਂ ਦਿੱਲੀ ਵਿਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਨਵੇਂ ਨਾਗਰਿਕਤਾ ਕਾਨੂੰਨ ਸਬੰਧੀ ਪੈਦਾ ਹੋਏ ਹਾਲਾਤਾਂ ਤੋਂ ਮਿਲਦੀਆਂ ਹਨ। 

ਦਿੱਲੀ ਵਿਚ 8 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਸਰਕਾਰ ਵਿਚ ਸ਼ਾਮਿਲ ਮੰਤਰੀ ਤਾਂ ਕਾਂਗਰਸ ਅਤੇ ਆਪ ਨੂੰ ਸ਼ਰੇਆਮ ਗੱਦਾਰ ਕਹਿ ਕੇ ਇੰਨਾਂ ਪਾਰਟੀਆਂ ਦੇ ਆਗੂਆਂ ਨੂੰ ਗੋਲੀ ਮਾਰ ਕੇ ਮਾਰਨ ਲਈ ਉੱਚੀ ਉੱਚੀ ਨਾਅਰੇਬਾਜ਼ੀ ਕਰਦੇ ਸੁਣਾਈ ਦਿੰਦੇ ਹਨ, ਪਰ ਇਸ ਅਤਿ ਨਿੰਦਣਯੋਗ ਭੜਕਾਊ ਭਾਸ਼ਣ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ ਉਥੇ ਕੌਮੀ ਚੋਣ ਕਮਿਸ਼ਨ ਨੇ ਵੀ ਚੁੱਪ ਰਹਿ ਕੇ ਸਮਾਂ ਲੰਘਾਉਣ ਲਈ ਮਨ ਬਣਾ ਲਿਆ ਹੈ, ਕਿਉਂਕਿ ਚੋਣ ਕਮਿਸ਼ਨ ਖੁਦ ਮੁਖਤਿਆਰ ਹੋ ਕੇ ਵੀ ਕੇਂਦਰ ਸਰਕਾਰ ਤੋਂ ਬਾਹਰ ਨਹੀਂ ਜਾ ਸਕਦਾ।

 ਇਸ ਵੇਲੇ ਕੇਂਦਰ ਅਤੇ ਰਾਜਾਂ ਵਿਚ ਰਾਜ ਸੱਤਾ 'ਤੇ ਕਬਜ਼ਾ ਬਣਾ ਕੇ ਰੱਖਣ ਲਈ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ਨੂੰ ਦੇਸ਼ ਦਾ ਗੱਦਾਰ ਗਰਦਾਨਣ ਲਈ ਤਰ੍ਹਾਂ-ਤਰ੍ਹਾਂ ਦੀਆਂ ਅਜੀਬੋ-ਗਰੀਬ ਕਹਾਣੀਆਂ ਘੜਨ ਦਾ ਪ੍ਰਚੱਲਣ ਜਾਰੀ ਹੈ । ਦੇਸ਼ ਵਿਚ ਨਵੇਂ ਨਾਗਰਿਕਤਾ ਅਕਾਨੂੰਨ ਜੋ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਨਹੀਂ ਹੈ, ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਦੇ ਗੱਦਾਰ ਆਖਿਆ ਜਾ ਰਿਹਾ ਹੈ ਜਦ ਕਿ ਨਵੇਂ ਅਕਾਨੂੰਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸ਼ਰੇਆਮ ਕੁੱਟਣ ਮਾਰਨ, ਘਰ ਲੁੱਟਣ, ਭੰਨਤੋੜ ਕਰਨ ਅਤੇ ਇੱਜਤਾਂ ਲੁੱਟਣ, ਭੋਲੇ-ਭਾਲੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਣ ਵਾਲੀ ਪੁਲਿਸ ਅਤੇ ਪੁਲਿਸ ਨੂੰ ਗੈਰ ਕਾਨੂੰਨੀ ਢੰਗ ਨਾਲ ਜਬਰਦਸਤੀ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਸੱਚੇ ਦੇਸ਼ ਭਗਤ ਕਹਿ ਕੇ ਬੜੀ ਖੁਸ਼ੀ ਅਤੇ ਤੇਜੀ ਨਾਲ ਉਭਾਰਿਆ ਜਾ ਰਿਹਾ ਹੈ। ਨਵੇਂ ਨਾਗਰਿਕਤਾ ਅਕਾਨੂੰਨ ਦਾ ਵਿਰੋਧ ਕਰਨ ਵਾਲੇ ਪੰਜਾਬ, ਕੇਰਲਾ, ਰਾਜਸਥਾਨ ਅਤੇ ਮਹਾਰਾਸ਼ਟਰ ਵਰਗੇ ਹੋਰ ਕਈ ਰਾਜ ਵੀ ਹੁਣ ਦੇਸ਼ ਦੇ ਗੱਦਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਭਾਵ ਜਿਹੜੇ ਲੋਕ ਮਾਨਵਤਾ ਅਤੇ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਨ, ਉਹ ਸਾਰੇ ਦੇਸ਼ ਦੇ ਗੱਦਾਰ ਬਣ ਗਏ ਹਨ ਜਦ ਕਿ ਜਿਹੜੇ ਲੋਕਾਂ ਨੇ ਦੇਸ਼ ਦੀ ਆਜਾਦੀ ਵਿਚ ਖੋਟੀ ਕੌਡੀ ਜਿਨ੍ਹਾਂ ਵੀ ਯੋਗਦਾਨ ਨਹੀਂ ਪਾਇਆ ਸਗੋਂ ਅੰਗਰੇਜ਼ਾਂ ਦੇ ਪਿੱਠੂ ਬਣਕੇ ਜੈਲਦਾਰੀਆਂ ਹਾਸਲ ਕੀਤੀਆਂ, ਉਹ ਅੱਜ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਆਪਣੇ ਹੱਕਾਂ ਲਈ ਅਵਾਜ ਉਠਾਉਣ ਵਾਲਿਆਂ ਨੂੰ ਦੇਸ਼ ਦੇ ਗੱਦਾਰ ਐਲਾਨਿਆ ਜਾ ਰਿਹਾ ਹੈ। ਦੇਸ਼ ਦੀਆਂ ਬੈਂਕਾਂ ਨਾਲ ਠੱਗੀਆਂ ਮਾਰਨ ਵਾਲੇ, ਦੇਸ਼ ਦੀਆਂ ਜਾਇਦਾਦਾਂ ਹੜੱਪਣ ਅਤੇ ਵੇਚਣ ਵਾਲੇ, ਦੇਸ਼ ਦਾ ਖਜਾਨਾ ਲੁੱਟਣ ਵਾਲੇ, ਦੇਸ਼ ਦੀ ਅਰਥ ਵਿਵਸਥਾ ਨੂੰ ਖੋਰਾ ਲਾਉਣ ਵਾਲੇ, ਸਰਕਾਰੀ ਪ੍ਰੋਜੈਕਟਾਂ ਵਿਚੋਂ ਕਮਿਸ਼ਨ ਖਾਣ ਵਾਲੇ, ਖਾਧ ਪਦਾਰਥਾਂ ਵਿਚ ਮਿਲਾਵਟ ਕਰਨ ਵਾਲੇ, ਧਰਮ, ਜਾਤ ਪਾਤ ਅਤੇ ਇਲਾਕਾਵਾਦ ਦੇ ਨਾਂ 'ਤੇ ਲੋਕਾਂ ਨੂੰ ਲੜਾਕੇ ਵੰਡੀਆਂ ਪਾਉਣ ਵਾਲੇ, ਜਮਾਖੋਰੀ ਕਰਨ ਵਾਲੇ, ਨਸ਼ੇ ਵੇਚਣ ਵਾਲੇ, ਮਹਿੰਗਾਈ ਵਧਾਉਣ ਵਾਲੇ, ਦੇਸ਼ ਦੀ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਵਸਥਾ ਦੇ ਖੇਤਰ ਵਿਚ ਕਾਣੀ ਵੰਡ ਨੂੰ ਉਤਸ਼ਾਹਿਤ ਅਤੇ ਪ੍ਰਫੁੱਲਿਤ ਕਰਨ ਵਾਲਿਆਂ ਅਤੇ ਦੇਸ਼ ਨਾਲ ਠੱਗੀਆਂ, ਬੇਈਮਾਨੀਆਂ ਅਤੇ ਹੇਰਾਫੇਰੀਆਂ ਕਰਨ ਵਾਲੇ ਲੋਕ ਸੱਚੇ ਸੁੱਚੇ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ।

ਆਪਣੇ ਹੱਕਾਂ ਲਈ ਆਵਾਜ ਬੁਲੰਦ ਕਰਨ ਵਾਲੇ ਅਤੇ ਸਰਕਾਰਾਂ ਦੀਆਂ ਲੋਕ ਅਤੇ ਦੇਸ਼ ਮਾਰੂ ਨੀਤੀਆਂ ਦਾ ਵਿਰੋਧ ਕਰਨ ਵਾਲੇ ਦੇਸ਼ ਦੇ ਗੱਦਾਰ ਬਣ ਕੇ ਰਹਿ ਗਏ ਹਨ। ਦੇਸ਼ ਵਿਚ ਰਹਿ ਰਹੇ ਮੁਸਲਮਾਨ, ਸਿੱਖ, ਬੋਧੀ, ਇਸਾਈ, ਜੈਨੀ, ਮੂਲ-ਨਿਵਾਸੀ, ਦਲਿਤ ਸੱਭ ਦੇਸ਼ ਦੇ ਗੱਦਾਰਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਹਾਲ ਰੱਖਣ ਵਾਲੇ ਦੇਸ਼ ਪ੍ਰੇਮੀ ਸੱਭ ਗੱਦਾਰ ਮੰਨੇ ਜਾ ਰਹੇ ਹਨ। ਜਾਪਦਾ ਹੈ ਕਿ ਹੁਣ ਦੇਸ਼ ਵਿਚ ਗੱਦਾਰ ਅਤੇ ਦੇਸ਼ ਭਗਤ ਸ਼ਬਦ  ਨੂੰ ਇਕ ਦੂਜੇ ਦੀ ਥਾਂ 'ਤੇ ਆਪਸ ਵਿਚ ਵਟਾਂਦਰਾ ਕਰਕੇ ਆਪਣੇ ਮੂਲ ਅਰਥ ਬਦਲ ਲੈਣੇ ਚਾਹੀਦੇ ਹਨ। 

-ਸੁਖਦੇਵ ਸਲੇਮਪੁਰੀ

28 ਜਨਵਰੀ, 2020