ਵਾਇਰਲ ਆਡੀਓ ਨੇ ਪੁਲੀਸ ’ਚ ਭੜਥੂ ਪਾਇਆ

ਖੰਨਾ, ਸਤੰਬਰ 2019 -(ਮਨਜਿੰਦਰ ਗਿੱਲ) ਇੱਥੋਂ ਦੇ ਨਾਰਕੋਟਿਕ ਸੈੱਲ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਨਾਕੇ ਦੌਰਾਨ ਸਾਢੇ ਸੱਤ ਕਰੋੜ ਦੇ ਸੋਨੇ ਦੀ ਬਰਾਮਦਗੀ ਮਾਮਲੇ ਵਿਚ ਹੁਣ ਵਾਇਰਲ ਹੋਈ ਆਡੀਓ ਨੇ ਪੰਜਾਬ ਪੁਲੀਸ ’ਚ ਭੜਥੂ ਪਾ ਦਿੱਤਾ ਹੈ। ਆਡੀਓ ਵਿਚ ਸੋਨਾ ਫੜਨ ਸਬੰਧੀ ਐੱਸਪੀ (ਜਾਂਚ) ਜਸਵੀਰ ਸਿੰਘ ਗੁੱਸੇ ਵਿਚ ਨਾਕੇ ’ਤੇ ਮੌਜੂਦ ਇੰਚਾਰਜ ਤੇ ਸਹਾਇਕ ਥਾਣੇਦਾਰ ਨੂੰ ਤਾੜਦੇ ਸੁਣਾਈ ਦਿੰਦੇ ਹਨ। ਉਸ ਸਮੇਂ ਦੇ ਨਾਰਕੋਟਿਕ ਸੈੱਲ ਤੇ ਕੋਟ ਚੌਕੀ ਇੰਚਾਰਜ ਜਗਜੀਵਨ ਰਾਮ ਨਾਲ ਐੱਸਪੀ ਦੀ ਬਹਿਸ ਵੀ ਹੋਈ ਤੇ ਦੁਖੀ ਹੋ ਕੇ ਜਗਜੀਵਨ ਰਾਮ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਤੇ ਐੱਸਪੀ ਦੇ ਨਾਂ ਦਾ ਖ਼ੁਦਕੁਸ਼ੀ ਨੋਟ ’ਚ ਲਿਖਣ ਤੱਕ ਦੀ ਗੱਲ ਆਖ ਦਿੱਤੀ ਸੀ।
ਜਾਣਕਾਰੀ ਅਨੁਸਾਰ 30 ਜੂਨ, 2019 ਨੂੰ ਉਸ ਸਮੇਂ ਦੇ ਕੋਟ ਚੌਕੀ ਇੰਚਾਰਜ ਜਗਜੀਵਨ ਰਾਮ, ਜਿਨ੍ਹਾਂ ਕੋਲ ਨਾਰਕੋਟਿਕ ਸੈੱਲ ਦਾ ਚਾਰਜ ਵੀ ਸੀ, ਨੇ ਚੌਕੀ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਲਖਵੀਰ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਸਿਆਜ਼ ਗੱਡੀ ’ਚੋਂ ਕਰੀਬ 22 ਕਿੱਲੋ 300 ਗ੍ਰਾਮ ਸੋਨਾ (ਕੀਮਤ ਕਰੀਬ ਸਾਢੇ ਸੱਤ ਕਰੋੜ) ਬਰਾਮਦ ਹੋਇਆ ਸੀ। ਗੱਡੀ ’ਚ ਸਵਾਰ ਲੁਧਿਆਣਾ ਦੇ ਸੁਨਿਆਰ ਸੋਨੇ ਦਾ ਬਿੱਲ ਨਹੀਂ ਦਿਖਾ ਸਕੇ ਸਨ। ਇਸ ’ਤੇ ਜਗਜੀਵਨ ਰਾਮ ਨੇ ਸਦਰ ਥਾਣਾ ਮੁਖੀ, ਡੀਐੱਸਪੀ (ਨਾਰਕੋਟਿਕ) ਤੇ ਐੱਸਐੱਸਪੀ ਨੂੰ ਸੂਚਨਾ ਦਿੱਤੀ ਸੀ। ਇਸੇ ਦੌਰਾਨ ਨਾਕੇ ’ਤੇ ਮੌਜੂਦ ਸਹਾਇਕ ਥਾਣੇਦਾਰ ਲਖਵੀਰ ਸਿੰਘ ਦੇ ਮੋਬਾਈਲ ’ਤੇ ਐੱਸਪੀ (ਜਾਂਚ) ਜਸਵੀਰ ਸਿੰਘ ਦਾ ਫੋਨ ਆਇਆ, ਜਿਨ੍ਹਾਂ ਨੇ ਲਖਵੀਰ ਨੂੰ ਕਿਹਾ ਕਿ ਜੋ ਵਿਅਕਤੀ ਸੋਨੇ ਸਮੇਤ ਫੜਿਆ ਹੈ, ਉਹ ਉਨ੍ਹਾਂ ਦੇ ਦੋਸਤ ਦਾ ਜੀਜਾ ਹੈ।
ਇਸ ਦੌਰਾਨ ਐੱਸਪੀ ਵਲੋਂ ਜਗਜੀਵਨ ਰਾਮ ਨਾਲ ਗੱਲ ਕਰਾਉਣ ਲਈ ਕਿਹਾ ਗਿਆ। ਜਦੋਂ ਜਗਜੀਵਨ ਰਾਮ ਮੋਬਾਈਲ ਫੜਦਾ ਹੈ ਤਾਂ ਐੱਸਪੀ ਵਲੋਂ ਉਸ ਨੂੰ ਝਾੜ ਪਾਈ ਜਾਂਦੀ ਹੈ ਤੇ ਦੋਹਾਂ ਵਿਚਕਾਰ ਬਹਿਸ ਛਿੜ ਜਾਂਦੀ ਹੈ। ਜਗਜੀਵਨ ਰਾਮ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਗੱਲ ਕਹਿੰਦਾ ਹੈ। ਇਸ ਮਗਰੋਂ ਕਾਲ ਬੰਦ ਕਰ ਦਿੱਤੀ ਜਾਂਦੀ ਹੈ। 3 ਮਿੰਟ 12 ਸੈਕਿੰਡ ਦੀ ਇਸ ਆਡੀਓ ਨੇ ਪੁਲੀਸ ਦੀ ਕਾਰਜਸ਼ੈਲੀ ’ਤੇ ਸੁਆਲ ਖੜ੍ਹੇ ਕੀਤੇ ਹਨ। ਇਸ ਘਟਨਾ ਮਗਰੋਂ ਜਗਜੀਵਨ ਰਾਮ ਨੂੰ ਚੌਕੀ ਇੰਚਾਰਜ ਹਟਾ ਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਸੀ, ਜੋ ਹਾਲੇ ਤੱਕ ਵੀ ਇੱਥੇ ਹੀ ਤਾਇਨਾਤ ਹਨ। ਉਧਰ, ਐੱਸਪੀ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਸੇ ਨੂੰ ਗ਼ਲਤ ਨਹੀਂ ਆਖਿਆ। ਉਹ ਤਾਂ ਸਗੋਂ ਸੋਨਾ ਬਰਾਮਦਗੀ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਸਨ। ਮੁਲਾਜ਼ਮਾਂ ਵਲੋਂ ਆਡੀਓ ਵਾਇਰਲ ਕਰਨਾ ਮਹਿਕਮਾ ਵਿਰੋਧੀ ਗਤੀਵਿਧੀ ਹੈ।