ਅਕਾਲ ਤਖ਼ਤ ਵਿਖੇ ਦਿਲਾਵਰ ਸਿੰਘ ਦੀ ਬਰਸੀ ਮਨਾਈ

ਅੰਮ੍ਰਿਤਸਰ,ਸਤੰਬਰ 2019   -(ਇਕਬਾਲ ਸਿੰਘ ਰਸੂਲਪੁਰ)- ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਮਾਰਨ ਵਾਲੇ ਦਿਲਾਵਰ ਸਿੰਘ ਦੀ ਯਾਦ ਵਿਚ ਪਰਿਵਾਰ ਵਲੋਂ ਸ੍ਰੀ ਅਕਾਲ ਤਖ਼ਤ ’ਤੇ ਰਖਵਾਏ ਅਖੰਡ ਪਾਠ ਦਾ ਅੱਜ ਭੋਗ ਪਾਇਆ ਗਿਆ। ਇਸ ਦੌਰਾਨ ਖਾਲਿਸਤਾਨ ਪੱਖੀ ਨਾਅਰੇ ਵੀ ਲੱਗੇ। ਭੋਗ ਸਮਾਗਮ ਵੇਲੇ ਬੱਬਰ ਖਾਲਸਾ ਦੇ ਵਧਾਵਾ ਸਿੰਘ ਬੱਬਰ ਅਤੇ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਪੜ੍ਹੇ ਗਏ। ਇਸ ਦੌਰਾਨ ਕਾਂਗਰਸ ਨੇ ਵੀ ਵੱਖ ਵੱਖ ਥਾਈਂ ਸਵਰਗੀ ਬੇਅੰਤ ਸਿੰਘ ਦਾ ਕੁਰਬਾਨੀ ਦਿਵਸ ਮਨਾਇਆ। ਸ੍ਰੀ ਅਕਾਲ ਤਖ਼ਤ ਦੀ ਪਹਿਲੀ ਮੰਜ਼ਿਲ ’ਤੇ ਰੱਖੇ ਗਏ ਅਖੰਡ ਪਾਠ ਦਾ ਅੱਜ ਸਵੇਰੇ ਭੋਗ ਪਾਇਆ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਧਿਕਾਰੀ ਗੈਰਹਾਜ਼ਰ ਸਨ। ਦਿਲਾਵਰ ਸਿੰਘ ਦੇ ਪਰਿਵਾਰ ’ਚੋਂ ਉਸ ਦਾ ਭਰਾ ਚਮਕੌਰ ਸਿੰਘ ਅਤੇ ਉਸ ਦੀ ਪਤਨੀ ਪੁੱਜੇ, ਜਿਨ੍ਹਾਂ ਨੂੰ ਗ੍ਰੰਥੀ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਵਾਰਾ ਕਮੇਟੀ ਦੇ ਆਗੂ ਗੁਰਚਰਨ ਸਿੰਘ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹਿਆ ਗਿਆ, ਜਿਸ ਵਿਚ ਉਨ੍ਹਾਂ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਬਾਦਲਕਿਆਂ ਨੂੰ ਛੱਡ ਕੇ ਸਮੁੱਚੀ ਸਿੱਖ ਕੌਮ ਨੇ ਕਸ਼ਮੀਰੀਆਂ ’ਤੇ ਹੋ ਰਹੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ, ਜੋ ਕਿ ਸਿੱਖਾਂ ਦੀ ਧਾਰਮਿਕ ਅਤੇ ਰਾਜਸੀ ਜ਼ਿੰਮੇਵਾਰੀ ਹੈ।
ਇਸ ਮੌਕੇ ਬੱਬਰ ਖਾਲਸਾ ਦੇ ਮੁਖੀ ਵਧਾਵਾ ਸਿੰਘ ਬੱਬਰ ਦੇ ਨਾਂ ਹੇਠ ਵੀ ਇਕ ਸੰਦੇਸ਼ ਪੜ੍ਹਿਆ ਗਿਆ। ਇਸ ਵਿਚ ਦਿਲਾਵਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਬੇਅਦਬੀ ਮਾਮਲੇ ਨੂੰ ਉਭਾਰਿਆ ਗਿਆ। ਉਨ੍ਹਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਵੀ ਸੱਦਾ ਦਿੱਤਾ। ਸਮਾਗਮ ਵਿਚ ਭਾਈ ਦਲਜੀਤ ਸਿੰਘ ਬਿੱਟੂ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ ਸਮੇਤ ਜਰਨੈਲ ਸਿੰਘ ਸਖੀਰਾ, ਭਾਈ ਮੋਹਕਮ ਸਿੰਘ, ਹਵਾਰਾ ਕਮੇਟੀ ਵਲੋਂ ਪ੍ਰੋਫੈਸਰ ਬਲਜਿੰਦਰ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।