ਪਬਜ਼ੀ ਖੇਡਣ ਤੋਂ ਰੋਕਿਆ ਤਾਂ ਨੌਜਵਾਨ ਨੇ ਪਿਤਾ ਦੀ ਪਿਸਤੌਲ ਨਾਲ ਖ਼ੁਦ ਨੂੰ ਮਾਰ ਲਈ ਗੋਲ਼ੀ, ਹੋਈ ਮੌਤ

ਜਲੰਧਰ , ਜੁਲਾਈ 2020 -(ਹਰਜੀਤ ਸਿੰਘ ਵਿਰਕ)- ਜਲੰਧਰ ਦੇ ਬਸਤੀ ਸ਼ੇਖ਼ ਨਿਵਾਸੀ ਇਕ ਨੌਜਵਾਨ ਨੂੰ ਉਸ ਦੇ ਪਿਤਾ ਵੱਲੋਂ ਪਬਜੀ ਗੇਮ ਖੇਡਣ ਤੋਂ ਰੋਕਿਆ ਗਿਆ ਤਾਂ ਗੁੱਸੇ 'ਚ ਆ ਕੇ ਉਸ ਨੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਆਰਐੱਸਐੱਸ ਆਗੂ ਚੰਦਰ ਸ਼ੇਖਰ ਸ਼ਰਮਾ ਜੋ ਕਿ ਬਸਤੀ ਸ਼ੇਖ਼ ਦੇ ਵੱਡੇ ਬਾਜ਼ਾਰ ਵਿਚ ਸੀਐੱਸ ਮੈਡੀਸਨ ਨਾਂ ਦੀ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ, ਨੇ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੰਥਨ ਸ਼ਰਮਾ ਡੀਏਵੀ ਕਾਲਜ ਵਿਚ ਪੜ੍ਹਦਾ ਸੀ। ਅੱਜ-ਕੱਲ੍ਹ ਕਾਲਜ ਬੰਦ ਹੋਣ ਕਾਰਨ ਉਹ ਸਾਰਾ ਦਿਨ ਘਰ ਵਿਚ ਮੋਬਾਈਲ 'ਤੇ ਪਬਜੀ ਖੇਡਦਾ ਰਹਿੰਦਾ ਸੀ ਤੇ ਪੜ੍ਹਾਈ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਸੀ। ਉਹ ਰੋਜ਼ਾਨਾ ਮੰਥਨ ਨੂੰ ਗੇਮ ਖੇਡਣ ਤੋਂ ਰੋਕਦੇ ਸਨ ਪਰ ਉਹ ਬਾਜ਼ ਨਹੀਂ ਸੀ ਆ ਰਿਹਾ। ਇਸ ਕਾਰਨ ਦੋ ਵਾਰ ਗੁੱਸੇ ਵਿਚ ਆ ਕੇ ਉਸ ਨੇ ਆਪਣਾ ਮੋਬਾਈਲ ਵੀ ਤੋੜ ਦਿੱਤਾ। ਬਾਅਦ ਵਿਚ ਉਸ ਨੂੰ ਦੁਬਾਰਾ ਮੋਬਾਈਲ ਲੈ ਕੇ ਦੇਣਾ ਪਿਆ। ਵੀਰਵਾਰ ਸਵੇਰੇ ਵੀ ਉਨ੍ਹਾਂ ਨੇ ਮੰਥਨ ਨੂੰ ਪਬਜੀ ਖੇਡਣ ਤੋਂ ਰੋਕਿਆ ਸੀ। ਉਸ ਨੂੰ ਸਮਝਾਉਣ ਤੋਂ ਬਾਅਦ ਚੰਦਰ ਸ਼ੇਖਰ ਆਪਣੀ ਦੁਕਾਨ 'ਤੇ ਚਲੇ ਗਏ। ਉਧਰ ਕੁਝ ਸਮੇਂ ਬਾਅਦ ਹੀ ਮੰਥਨ ਨੇ ਕਮਰੇ ਵਿਚ ਜਾ ਕੇ ਉਨ੍ਹਾਂ ਦੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ। ਥਾਣਾ ਨੰਬਰ ਪੰਜ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਚੰਦਰ ਸ਼ੇਖਰ ਦੇ ਬਿਆਨਾਂ 'ਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।