You are here

ਯੂ.ਕੇ.ਚ ਭਾਰਤੀ ਵਿਦਿਆਰਥੀਆਂ ਦੇ ਪੋਸਟ ਸਟੱਡੀ ਵਰਕ ਵੀਜ਼ਾ ਵਾਲੇ ਅਧਿਕਾਰ ਸੁਰੱਖਿਅਤ ਰਹਿਣਗੇ

ਗ੍ਰੈਜੂਏਟ ਇਮੀਗ੍ਰੇਸ਼ਨ ਸਕੀਮ ਤਹਿਤ ਦੋ ਸਾਲ ਕੰਮ ਕਰਨ ਦਾ ਅਧਿਕਾਰ ਹੋਵੇਗਾ
ਲੰਡਨ/ਮਾਨਚੈਸਟਰ, ਜੂਨ 2020 -( ਗਿਆਨੀ ਅਮਰੀਕ ਸਿੰਘ ਰਾਠੌਰ) ਯੂ.ਕੇ. ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ, ਜਿਸ ਵਿਚ ਭਾਰਤੀ ਵੀ ਸ਼ਾਮਿਲ ਹਨ, ਆਪਣੇ ਡਿਗਰੀ ਕੋਰਸ ਦੇ ਅੰਤ 'ਤੇ ਪੋਸਟ ਸਟੱਡੀ ਵਰਕ ਅਧਿਕਾਰਾਂ ਵਾਸਤੇ ਯੋਗ ਰਹਿਣਗੇ, ਭਾਵੇਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੌਰਾਨ ਤਾਲਾਬੰਦੀ ਦੇ ਮੱਦੇਨਜ਼ਰ ਵਿਦੇਸ਼ਾਂ ਤੋਂ 2020-2021 ਦੇ ਅਕਾਦਮਿਕ ਸਾਲ ਦੀ ਸ਼ੁਰੂਆਤ ਆਨਲਾਈਨ ਵੀ ਕਰਨੀ ਪਈ ਹੋਵੇ। ਯੂ.ਕੇ. ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਗ੍ਰੈਜੂਏਟ ਵੀਜ਼ਾ ਰੂਟ, ਜਿਸ ਨੂੰ ਆਮ ਤੌਰ 'ਤੇ ਪੋਸਟ ਸਟੱਡੀ ਵਰਕ ਵੀਜ਼ਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਕੋਰਸ ਪੂਰਾ ਕਰਨ ਦੇ ਬਾਅਦ ਦੋ ਸਾਲਾਂ ਲਈ ਕੰਮ ਕਰਨ ਜਾਂ ਕੰਮ ਦੀ ਤਲਾਸ਼ ਕਰਨ ਦੇ ਯੋਗ ਹੁੰਦਾ ਹੈ। ਜਿਹੜੇ ਵਿਦਿਆਰਥੀ ਕੋਵਿਡ-19 ਕਾਰਨ 6 ਅਪ੍ਰੈਲ 2021 ਤੋਂ ਪਹਿਲਾਂ ਯੂ.ਕੇ. ਦਾਖ਼ਲ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਖਰੀ ਸਮੈਸਟਰ ਪੂਰਾ ਕਰਨ ਦਾ ਲਾਭ ਮਿਲੇਗਾ। 143 ਯੂ.ਕੇ. ਯੂਨੀਵਰਸਿਟੀਆਂ ਦੀ ਸਾਂਝੀ ਸੰਸਥਾ ਯੂ.ਕੇ. ਆਈ ਆਰਗਾਨੀਜੇਸ਼ਨ ਦੇ ਡਾਇਰਕੈਟਰ ਵੀਵੀਨੇ ਸਟਰਨ ਨੇ ਕਿਹਾ ਹੈ ਕਿ ਭਾਰਤੀ ਵਿਦਿਆਰਥੀ ਜੇ ਅਜੇ ਯੂ.ਕੇ. ਦੀ ਯਾਤਰਾ ਨਹੀਂ ਵੀ ਕਰ ਸਕਦੇ ਤਾਂ ਵੀ ਉਹ ਪੜ੍ਹਾਈ ਸ਼ੁਰੂ ਕਰ ਸਕਦੇ ਹਨ ਅਤੇ ਗ੍ਰੈਜੂਏਟ ਇਮੀਗ੍ਰੇਸ਼ਨ ਰੂਟ ਲਈ ਅਪਲਾਈ ਕਰ ਸਕਦੇ ਹਨ। ਇਸ ਤਹਿਤ ਉਨ੍ਹਾਂ ਨੂੰ ਯੂ.ਕੇ. ਵਿਚ ਦੋ ਸਾਲ ਲਈ ਰਹਿ ਕੇ ਕੰਮ ਕਰਨ ਜਾਂ ਕੰਮ ਲੱਭਣ ਦਾ ਅਧਿਕਾਰ ਹੋਵੇਗਾ। ਯੂ.ਕੇ. ਦੀਆਂ ਯੂਨੀਵਰਸਿਟੀਆਂ ਵਲੋਂ ਕੁਝ ਆਨਲਾਈਨ ਅਤੇ ਕੁਝ ਨਿੱਜੀ ਪੜ੍ਹਾਈ ਲਈ ਰਾਹ ਚੁਣਿਆ ਗਿਆ ਹੈ। ਯੂ.ਕੇ. ਦੀਆਂ ਯੂਨੀਵਰਸਿਟੀਆਂ ਵਲੋਂ ਯੂ.ਕੇ. ਸਰਕਾਰ 'ਤੇ ਮਹਾਂਮਾਰੀ ਕਾਰਨ ਦੇਸ਼ ਦੇ ਉੱਚ ਸਿੱਖਿਆ ਖੇਤਰ ਤੇ ਪੈਣ ਵਾਲੇ ਪ੍ਰਭਾਵ ਨੂੰ ਹੱਲ ਕਰਨ ਲਈ ਠੋਸ ਕਦਮ ਚੁੱਕਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂ.ਕੇ. ਵਿਚ ਵਿਦੇਸ਼ੀ ਵਿਦਿਆਰਥੀ 6.9 ਬਿਲੀਅਨ ਪੌਂਡ ਫੀਸਾਂ ਰਾਹੀਂ ਅਦਾ ਕਰਦੇ ਹਨ ਅਤੇ 26 ਬਿਲੀਅਨ ਪੌਂਡ ਦਾ ਦੇਸ਼ ਦੀ ਆਰਥਿਕਤਾ ਵਿਚ ਯੋਗਦਾਨ ਪਾਉਂਦੇ ਹਨ।