ਯੂਥ ਅਕਾਲੀ ਦਲ ਨੇ ਮਹਾਰਾਜਾ ਦਲੀਪ ਸਿੰਘ ਕੋਠੀ ਬੱਸੀਆਂ ਨਜ਼ਦੀਕ ਬਣ ਰਹੇ ਕਾਲਜ ਨੂੰ ਬੰਦ ਕਰਨ ਦਾ ਮਾਮਲਾ ਉਠਾਇਆ।

ਰਾਏਕੋਟ /ਲੁਧਿਆਣਾ, ਜੂਨ 2020 - (ਗੁਰਕੀਰਤ ਸਿੰਘ / ਗੁਰਦੇਵ ਗਾਲਿਬ) ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ ‘ਚ ਮਹਾਰਾਜਾ ਦਲੀਪ ਸਿੰਘ ਕੋਠੀ ਬੱਸੀਆਂ ਵਿਖੇ 8 ਏਕੜ ਜਮੀਨ ‘ਚ ਕਰੀਬ 50 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ ਪੋ੍ਰਫੈਸ਼ਨਲਜ਼ ਸਟੱਡੀ ਦਾ ਉਦਘਾਟਨ ਅਕਾਲੀ ਸਰਕਾਰ ਸਮੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2016 ਵਿੱਚ ਕੀਤਾ ਗਿਆ ਸੀ ਪਰ ਸਾਲ ਬਾਅਦ ਹੀ ਸੂਬੇ ‘ਚ ਸਰਕਾਰ ਬਦਲਣ ਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਕਾਲਜ ਦੇ ਨਿਰਮਾਣ ਕਾਰਜਾਂ ਨੂੰ ਬੰਦ ਕਰ ਦਿੱਤਾ ਅਤੇ ਕੈਪਟਨ ਸਰਕਾਰ ਵੱਲੋਂ ਕਾਲਜ ਦੇ ਨਿਰਮਾਣ ਲਈ ਸਰਕਾਰ ਵੱਲੋਂ ਭੇਜੀ ਜਾਂਦੀ ਗਰਾਂਟ ਤੇ ਰੋਕ ਲੱਗ ਦਿੱਤੀ ਗਈ ਜਿਸ ਸਬੰਧੀ ਹਲਕੇ ਦੇ ਕਾਂਗਰਸੀ ਲੀਡਰਾਂ ਨੇ ਵੀ ਇਸ ਕਾਲਜ ਦੇ ਨਿਰਮਾਣ ਸਿਰੇ ਚੜਾਉਣ ‘ਚ ਕੋਈ ਦਿਲਚਸਪੀ ਨਾ ਵਿਖਾਈ ਸਗੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗਭਗ ਤਿਆਰ ਕਾਲਜ ਨੂੰ ਵਿੱਚਕਾਰ ਛੱਡ ਰਾਏਕੋਟ-ਤਲਵੰਡੀ ਰੋਡ ’ਤੇ ਪੈਂਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਗ੍ਰਾਮ ਪੰਚਾਇਤ ਤੋਂ 5 ਏਕੜ ਜਮੀਨ ਐਕਵਾਇਰ ਕਰਕੇ ਕਰੀਬ ਸਾਢੇ 8 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਧਰ ਰੱਖ ਕੇ ਨਿਰਮਾਣ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧੀ ਯੂਥ ਅਕਾਲੀ ਦਲ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ ਪੋ੍ਰਫੈਸ਼ਨਲ ਸਟੱਡੀ ਦੀ ਕਰੀਬ-ਕਰੀਬ ਤਿਆਰ ਇਮਾਰਤ ਨੂੰ ਦਿਖਾਉਂਦਿਆ ਕਿਹਾ ਕਿ ਜੇਕਰ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਵਾਕਿਆ ਹੀ ਹਲਕਾ ਰਾਏਕੋਟ ਦੇ ਨੌਜਵਾਨਾਂ ਦੀ ਉਚੇਰੀ ਵਿੱਦਿਆ ਲਈ ਉਪਰਾਲਾ ਕਰਨਾ ਚਾਹੁੰਦੇ ਹਨ ਤਾਂ ਉਹ ਉਸਾਰੀ ਅਧੀਨ ਪੀ.ਟੀ.ਯੂ ਕੈਂਪਸ ਦੇ ਅਧੂਰੇ ਪਏ ਨਿਰਮਾਣ ਕਾਰਜਾਂ ਨੂੰ ਪੂਰੇ ਕਰਵਾ ਕੇ ਕਾਲਜ ਨੂੰ ਕਿਉਂ ਨਹੀਂ ਸ਼ੁਰੂ ਕਰਵਾਉਂਦੇ।ਉਨ੍ਹਾਂ ਕਿਹਾ ਕਿ ਜੇਕਰ ਕਾਲਜ ਦੀ ਇਮਾਰਤ ਨੂੰ ਜਲਦ ਨਾ ਸੰਭਾਲਿਆ ਗਿਆ ਤਾਂ ਕਰੀਬ 3 ਕਰੋੜ ਰੁਪਏ ਦੀ ਬਣੀ ਇਹ ਇਮਾਰਤ ਜਲਦ ਹੀ ਖੰਡਰ ਦਾ ਰੂਪ ਧਾਰਨ ਕਰ ਜਾਵੇਗੀ।ਇਸ ਸਮੇਂ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਡਾ.ਅਮਰ ਸਿੰਘ ਉਨ੍ਹਾਂ ਨੂੰ ਸਮਾਂ ਦੇਣ ਤਾਂ ਉਹ ਹਲਕੇ ਦੇ ਨੌਜਵਾਨਾਂ ਦੇ ਭਵਿੱਖ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਾਲਜ ਨੂੰ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੇ ਕੋਲ ਫਰਿਆਦੀ ਬਣ ਕੇ ਵੀ ਜਾ ਸਕਦੇ ਹਨ।ਉਧਰ ਜਦ ਐਮ.ਪੀ ਡਾ.ਅਮਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਇਸ ਹਲਕੇ ਵਿੱਚ ਪਹਿਲਾਂ ਤਲਵੰਡੀ ਪਰਿਵਾਰ ਨੇ 50 ਸਾਲ ਰਾਜ ਕੀਤਾ ਉਸ ਸਮੇਂ ਕੋਈ ਕਾਲਜ ਵਗੈਰਾ ਕਿਉਂ ਨਹੀਂ ਬਣਾਇਆ,ਜਦ ਉਨ੍ਹਾਂ ਨਾਲ ਪੀ.ਟੀ.ਯੂ ਕੈਂਪਸ ਦੀ ਉਸਾਰੀ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੈਕਸ਼ਨ ਲੈਟਰ ਅਕਾਲੀ ਦਲ ਲੈ ਕੇ ਮਿਲਣ ਤਾਂ ਇਸ ਬਾਰੇ ਵਿਚਾਰ ਕੀਤਾ ਜਾਵੇਗਾ।ਇਸ ਮੌਕੇ ਯੂਥ ਅਕਾਲੀ ਆਗੂ ਗਗਨਪ੍ਰੀਤ ਸਿੰਘ ਛੰਨਾਂ,ਸਨੀ ਸਿੰਘ ਰਾਏਕੋਟ,ਜਗਦੀਪ ਸਿੰਘ ਤਲਵੰਡੀ,ਹੈਪੀ ਸਿੰਘ ਰਾਏਕੋਟ ਆਦਿ ਹਾਜ਼ਰ ਸਨ।