ਮੁੰਬਈ,ਅਪ੍ਰੈਲ 2020 -(ਏਜੰਸੀ)-
ਮਕਬੂਲ’, ‘ਲੰਚਬਾਕਸ’ ਤੇ ‘ਅਮੇਜ਼ਿੰਗ ਸਪਾਈਡਰਮੈਨ’ ਜਿਹੀਆਂ ਫ਼ਿਲਮਾਂ ਨਾਲ ਬੌਲੀਵੁੱਡ ਤੇ ਹੌਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਮੁੰਬਈ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। 54 ਸਾਲਾ ਦਾ ਇਹ ਅਦਾਕਾਰ ਕੈਂਸਰ ਦੇ ਇਕ ਨਿਵੇਕਲੇ ਰੂਪ ਨਾਲ ਲੜ ਰਿਹਾ ਸੀ। ਉਸ ਨੂੰ ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਇਆ ਸੀ। ਇਰਫ਼ਾਨ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਸੁਤਾਪਾ ਤੇ ਦੋ ਬੇਟੇ ਬਾਬਿਲ ਤੇ ਅਯਾਨ ਹਨ। ਖ਼ਾਨ ਨੂੰ ਇਥੇ ਵਰਸੋਵਾ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਤੇ ਇਸ ਮੌਕੇ ਪਰਿਵਾਰਕ ਮੈਂਬਰ ਤੇ ਹੋਰ ਨੇੜਲੇ ਰਿਸ਼ਤੇਦਾਰ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ, ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਅਜੀਤ ਪਾਵਰ ਤੇ ਬੌਲੀਵੁੱਡ ਦੀਆਂ ਫ਼ਿਲਮੀ ਹਸਤੀਆਂ ਨੇ ਅਦਾਕਾਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਉਂਦਿਆਂ ਸ਼ਰਧਾਂਜਲੀ ਦਿੱਤੀ ਹੈ। ਸ੍ਰੀ ਮੋਦੀ ਨੇ ਇਸ ਨੂੰ ਸਿਨੇਮਾ ਤੇ ਥੀਏਟਰ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਅਜੇ ਚਾਰ ਦਿਨ ਪਹਿਲਾਂ ਇਰਫ਼ਾਨ ਦੀ ਮਾਂ ਸਈਦਾ ਬੇਗ਼ਮ(95) ਦਾ ਜੈਪੁਰ ਵਿੱਚ ਦੇਹਾਂਤ ਹੋਇਆ ਸੀ, ਪਰ ਦੇਸ਼ਵਿਆਪੀ ਲੌਕਡਾਊਨ ਕਰਕੇ ਇਰਫ਼ਾਨ ਅੰਤਿਮ ਰਸਮਾਂ ’ਚ ਸ਼ਰੀਕ ਨਹੀਂ ਹੋ ਸਕਿਆ ਸੀ। ਇਰਫ਼ਾਨ ਨੂੰ ਮੰਗਲਵਾਰ ਨੂੰ ਕੋਲਨ (ਵੱਡੀ ਅੰਤੜੀ ਦੀ) ਲਾਗ ਕਰਕੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ‘ਪੀਕੂ’ ਫੇਮ ਫ਼ਿਲਮਸਾਜ਼ ਸ਼ੂਜੀਤ ਸਰਕਾਰ ਨੇ ਇਕ ਟਵੀਟ ਕਰਕੇ ਸਭ ਤੋਂ ਪਹਿਲਾਂ ਅਦਾਕਾਰ ਦੀ ਮੌਤ ਦੀ ਪੁਸ਼ਟੀ ਕੀਤੀ। ਫ਼ਿਲਮ ‘ਪੀਕੂ’ ਵਿੱਚ ਇਰਫਾਨ ਦੇ ਸਹਿ-ਕਲਾਕਾਰ ਰਹੇ ਅਮਿਤਾਭ ਬੱਚਨ ਨੇ ਅਦਾਕਾਰ ਨੂੰ ਯਾਦ ਕਰਦਿਆਂ ਕਿਹਾ ਕਿ ਇਰਫ਼ਾਨ ਵਿੱਚ ‘ਕਮਾਲ ਦਾ ਹੁਨਰ’ ਸੀ ਤੇ ਉਹ ਇਕ ਖ਼ੁਸ਼ਗਵਾਰ ਸਾਥੀ ਸੀ। ਬੌਲੀਵੁੱਡ ਸਟਾਰ ਅਜੈ ਦੇਵਗਨ ਨੇ ਕਿਹਾ ਕਿ ਇਰਫਾਨ ਦੀ ਮੌਤ ਨਾਲ ਭਾਰਤੀ ਸਿਨੇਮਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਫ਼ਿਲਮ ‘ਪਾਨ ਸਿੰਘ ਤੋਮਰ’ (2012) ਲਈ ਕੌਮੀ ਐਵਾਰਡ ਜੇਤੂ ਇਰਫ਼ਾਨ ਨੇ ‘ਲਾਈਫ਼ ਆਫ ਪਾਈ’, ‘ਦਿ ਨੇਮਸੇਕ’ ਤੇ ‘ਹਾਸਿਲ’ ਵਿੱਚ ਲੀਕ ਤੋਂ ਹਟਵੇਂ ਕਿਰਦਾਰ ਨਿਭਾਏ। ਅਦਾਕਾਰ ਨੂੰ ਸਾਲ 2011 ਵਿੱਚ ਪਦਮਸ੍ਰੀ ਨਾਲ ਨਿਵਾਜਿਆ ਗਿਆ ਸੀ। ਸਾਲ 2018 ਵਿੱਚ ਸਿਰ ਦਾ ਕੈਂਸਰ ਡਾਇਗਨੋਜ਼ ਹੋਣ ਮਗਰੋਂ ਇਰਫ਼ਾਨ ਇਲਾਜ ਲਈ ਯੂਕੇ ਚਲਿਆ ਗਿਆ। 5 ਮਾਰਚ 2018 ਨੂੰ ਅਦਾਕਾਰ ਨੇ ਇਕ ਟਵੀਟ ਰਾਹੀਂ ਖੁ਼ਦ ਨੂੰ ‘ਇਕ ਨਿਵੇਕਲਾ ਰੋਗ’ ਹੋਣ ਬਾਰੇ ਖੁਲਾਸਾ ਕੀਤਾ। ਇਰਫ਼ਾਨ ਇਲਾਜ ਕਰਵਾ ਕੇ ਪਿਛਲੇ ਸਾਲ ਮੁੰਬਈ ਸਥਿਤ ਆਪਣੇ ਘਰ ਪਰਤਿਆ। ਉਸ ਨੇ ਸਾਲ 2017 ਦੀ ਹਿੱਟ ਫ਼ਿਲਮ ‘ਹਿੰਦੀ ਮੀਡੀਅਮ’ ਦੇ ਸੀਕੁਅਲ ‘ਅੰਗਰੇਜ਼ੀ ਮੀਡੀਅਮ’ ਦੀ ਸ਼ੂਟ ਨੂੰ ਪੂਰਾ ਕੀਤਾ। ਫ਼ਿਲਮ ਪਿਛਲੇ ਮਹੀਨੇ ਲੌਕਡਾਊਨ ਤੋਂ ਕੁਝ ਚਿਰ ਪਹਿਲਾਂ ਹੀ ਰਿਲੀਜ਼ ਹੋਈ ਸੀ।