You are here

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 26 ਜੂਨ ਨੂੰ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਦੇ ਘਰ ਅੱਗੇ ਕਰਨਗੀਆਂ ਰੋਸ ਪ੍ਰਦਰਸ਼ਨ।

(ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕਰਵਾਉਣ ਦਾ)

ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਵੀ ਕੌਮੀ ਪ੍ਰਧਾਨ ਹਨ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਆਂਗਣਵਾੜੀ ਵਰਕਰ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਦੀਆਂ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਖਤਮ ਕਰਨ ਤੋਂ ਬਾਅਦ ਸਮੁਚੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ ਤੇ ਉਹ ਪੰਜਾਬ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹਨ। ਯੂਨੀਅਨ ਦੀ ਬਲਾਕ ਪ੍ਰਧਾਨ ਸਤਵੰਤ ਕੌਰ ਤਲਵੰਡੀ ਸਾਬੋ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਫਰੀਦਕੋਟ ਸਥਿਤ ਘਰ ਦਾ ਘਿਰਾਓ 26 ਜੂਨ ਨੂੰ ਕੀਤਾ ਜਾਵੇਗਾ ਤੇ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਮੰਤਰੀ ਦਾ ਪਿੱਟ ਸਿਆਪਾ ਕਰਨਗੀਆਂ ਜਦੋਂ ਕਿ ਇਸ ਤੋਂ ਬਾਅਦ ਵਿਭਾਗ ਦੇ ਮੁੱਖ ਦਫਤਰ ਚੰਡੀਗੜ ਦਾ ਘਿਰਾਓ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਿਭਾਗ ਦੇ ਇਸ ਗੈਰਵਾਜਬ ਕਦਮ ਨਾਲ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਲੱਖਾਂ ਔਰਤਾਂ ਬੇਚੈਨੀ ਅਤੇ ਗੁੱਸੇ ਦੇ ਆਲਮ ਵਿੱਚ ਹਨ। ਜਿੰਨਾ ਚਿਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਟਿਕ ਕੇ ਨਹੀਂ ਬੈਠਣਗੀਆਂ ਤੇ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੀਆਂ। ਇਸ ਮੌਕੇ ਵਰਕਰਾਂ ਅਤੇ ਹੈਲਪਰਾਂ ਆਗੂ ਮੌਜੂਦ ਸਨ।