ਕਾਉਂਕੇ ਕਲਾਂ , 16 ਜਨਵਰੀ (ਜਸਮੇਲ ਗਾਲਿਬ ) ਅੱਜ ਪਿੰਡ ਕਾਓਂਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਰਾਂਓ ਵਿਖੇ 17 ਵਰੇ ਪਹਿਲਾਂ ਤੈਨਾਤ ਰਹੇ ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਉਸਦੇ ਸਹਿ ਦੋਸ਼ੀਆਂ ਦੀ ਅਰਥੀ ਫੂਕੀ ਗਈ। ਇਸ ਸਮੇਂ ਇਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਤੇ ਗੈਰਕਾਨੂੰਨੀ ਹਿਰਾਸਤ ਵਿੱਚ ਰਖਣ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਅਜੇ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਅਫਸੋਸ ਨਾਲ ਤਾਂ ਹੈ ਹੀ, ਹੈਰਾਨੀਜਨਕ ਵੀ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਕੇ ਪੰਜਾਬ ਪੁਲਸ ਦੋਸ਼ੀਆਂ ਦਾ ਸਾਥ ਦੇ ਰਹੀ ਹੈ।ਉਨਾਂ ਕਿਹਾ ਕਿ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ 26 ਜਨਵਰੀ ਨੂੰ ਜਗਰਾਂਓ ਸਿਟੀ ਥਾਣੇ ਦੇ ਅਣਮਿੱਥੇ ਸਮੇਂ ਦੇ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰ ਵੱਡੀ ਗਿਣਤੀ ਚ ਸ਼ਾਮਲ ਹੋਣਗੇ। ਇਸ ਸਮੇਂ ਦੇਵਿੰਦਰ ਸਿੰਘ ਕਾਓਂਕੇ, ਕੁਲਦੀਪ ਸਿੰਘ ਕੀਪਾ,ਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਕਾਓਂਕੇ ਆਦਿ ਹਾਜ਼ਰ ਸਨ।