ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਵੀ ਦੀਵਾਨ ਸਜਾ ਲੈਂਦੇ ਸਨ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਬਾਰਕਿੰਗ/ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਯੂ. ਕੇ. ਫੇਰੀ ਦੌਰਾਨ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਇਸ ਮੌਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਿਆਂ ਕਿਹਾ ਕਿ ਪੰਥਕ ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਹੀ ਦੀਵਾਨ ਸਜਾ ਲੈਂਦੇ ਸਨ | ਇਸ ਮੌਕੇ ਗੁਰਬਾਣੀ ਤੋਂ ਇਲਾਵਾ ਗੁਰਮਤਿ ਵਿਚਾਰਾਂ, ਗੁਰ ਇਤਿਹਾਸ, ਸਿੱਖ ਇਤਿਹਾਸ ਸਰਵਣ ਕਰਦੇ ਸਨ ਅਤੇ ਜੇਲ੍ਹਾਂ 'ਚੋਂ ਅਜਿਹਾ ਸਿੱਖ ਲੀਡਰ ਬਣ ਕੇ ਬਾਹਰ ਨਿਕਲਦਾ ਸੀ | ਚੜ੍ਹਦੀ ਕਲਾ ਵਾਲੇ ਸਿੱਖ ਜੇਲ੍ਹ ਨੰੂ ਵੀ ਸਿਖਲਾਈ ਸਕੂਲ ਬਣਾ ਲੈਂਦੇ ਸਨ | ਉਨ੍ਹਾਂ ਸਮਿਆਂ 'ਚ ਸਿੱਖ ਜੇਲ੍ਹਾਂ 'ਚ ਔਖੇ ਸਮਿਆਂ 'ਚ ਰਹਿ ਕੇ ਵੀ ਦੀਵਾਨਾਂ 'ਚ ਸੰਗਤ 'ਚ ਬਹਿ ਕੇ ਹਾਜ਼ਰੀ ਭਰਨਾ ਨਹੀਂ ਸੀ ਭੁੱਲਦੇ | ਅਜਿਹੇ ਮਾਹੌਲ 'ਚ ਵੀ ਉਹ ਗੁਰਬਾਣੀ, ਇਤਿਹਾਸ, ਪੰਥਕ ਵਿੱਦਿਆ ਬਾਰੇ ਸਿੱਖਦੇ ਰਹਿੰਦੇ ਸਨ | ਅੱਜ ਸਿੱਖਾਂ ਅਤੇ ਸਿੱਖ ਆਗੂਆਂ ਨੇ ਸੰਗਤ 'ਚ ਬੈਠਣਾ ਛੱਡ ਦਿੱਤਾ ਹੈ, ਜਿਸ ਕਾਰਨ ਅਸੀਂ ਵੀ ਅਤੇ ਸਿੱਖ ਆਗੂ ਵੀ ਗੁਰਬਾਣੀ ਤੋਂ ਦੂਰ ਹੋ ਗਏ ਹਨ | ਇਹ ਵੀ ਸਿੱਖਾਂ 'ਚ ਹਫ਼ੜਾ ਦਫ਼ੜੀ ਦਾ ਕਾਰਨ ਹੈ | ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਵੱਧ ਤੋਂ ਵੱਧ ਗੁਰੂ ਘਰਾਂ 'ਚ ਆਉਣ ਦੇ ਗੁਰਬਾਣੀ ਦੇ ਲੜ ਲੱਗਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਮੇਜਰ ਸਿੰਘ ਬਾਸੀ, ਲੈਂਹਬਰ ਸਿੰਘ ਲੇਹਲ, ਬਲਵਿੰਦਰ ਸਿੰਘ ਰਾਇਤ ਅਤੇ ਗੁਰਦੀਪ ਸਿੰਘ ਹੁੰਦਲ ਨੇ ਸਿਰੋਪਾਓ ਦੇ ਕੇ ਸਿੰਘ ਸਾਹਿਬ ਦਾ ਸਨਮਾਨ ਕੀਤਾ | ਇਸ ਮੌਕੇ ਆਗਿਆਕਾਰ ਸਿੰਘ ਵਡਾਲਾ, ਗੁਰਮੇਲ ਸਿੰਘ ਮੱਲ੍ਹੀ, ਸੁਖਵੀਰ ਸਿੰਘ ਬਾਸੀ, ਹਰਜੀਤ ਸਿੰਘ ਸਰਪੰਚ, ਪਰਮਿੰਦਰ ਸਿੰਘ ਮੰਡ ਚੜ੍ਹਦੀ ਕਲਾ ਆਰਗੇਨਾਈਜ਼ੇਸ਼ਨ ਗ੍ਰੇਵਜ਼ੈਂਡ, ਸੁਖਵੀਰ ਸਿੰਘ, ਮਹਿੰਦਰ ਸਿੰਘ ਰਾਠੌਰ, ਹਰਬੰਸ ਸਿੰਘ ਆਦਿ ਹਾਜ਼ਰ ਸਨ |