ਸਲੇਮਪੁਰੀ ਦੀ ਚੂੰਢੀ - ਆਹ! ਸਾਡੀ ਲੋਹੜੀ 

ਆਹ! ਸਾਡੀ ਲੋਹੜੀ 

ਸਾਡੇ ਵਿੱਦਿਅਕ ਅਦਾਰਿਆਂ ਵਿੱਚ ਅਕਸਰ ਪੜ੍ਹਾਇਆ ਜਾਂਦਾ ਹੈ, ਕਿ ਭਾਰਤ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ, ਜਿੱਥੇ ਹਰ ਰੋਜ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਜਰੂਰ ਮਨਾਇਆ ਜਾਂਦਾ ਹੈ, ਅਤੇ ਇਸੇ ਕਰਕੇ ਇਥੇ ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਦੀ ਵੀ ਸੁੱਖ ਨਾਲ ਬਹੁਤ ਭਰਮਾਰ ਰਹਿੰਦੀ ਹੈ। ਅਸੀਂ ਸਮਾਜ ਜਾਂ ਦੇਸ਼ ਵਿੱਚ ਮਨਾਏ ਜਾ ਰਹੇ ਤਿਉਹਾਰਾਂ /ਮੇਲਿਆਂ ਦੇ ਪਿਛੋਕੜ ਨੂੰ ਜਾਨਣ ਜਾਂ  ਸਮਝਣ ਦੀ ਸ਼ਾਇਦ ਛੇਤੀ ਕਰਕੇ ਕੋਸ਼ਿਸ਼ ਹੀ ਨਹੀਂ ਕਰਦੇ , ਸਗੋਂ ਲਕੀਰ ਦੇ ਫਕੀਰ ਬਣ ਕੇ ਮਨਾਈ ਜਾ ਰਹੇ ਹਾਂ,ਜਿਸ ਕਰਕੇ ਦੇਸ਼ /ਸਮਾਜ ਵਿੱਚ ਆਏ ਦਿਨ ਮਨਾਏ ਜਾਣ ਵਾਲੇ ਤਿਉਹਾਰਾਂ /ਮੇਲਿਆਂ ਕਾਰਨ ਭੋਲੇ ਭਾਲੇ ਲੋਕਾਂ ਦੀ ਸ਼ਰੇਆਮ ਆਰਥਿਕ ਲੁੱਟ ਖਸੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ,ਜਦੋਂਕਿ ਇਸ ਦੇ ਉਲਟ ਵਪਾਰੀ/ ਦੁਕਾਨਦਾਰ ਕਮਾਈ ਕਰਨ ਵਿੱਚ ਰੁੱਝੇ ਰਹਿੰਦੇ ਹਨ। ਸੱਚ ਇਹ ਹੈ ਕਿ ਇਥੇ ਮਨਾਏ ਜਾ ਰਹੇ  ਤਿਉਹਾਰਾਂ /ਮੇਲਿਆਂ ਵਿਚੋਂ ਬਹੁਤੇ ਇਤਿਹਾਸਿਕ ਨਾ ਹੋ ਮਿਥਿਹਾਸਿਕ ਹਨ,ਸਿਰਫ ਸ਼ੈਤਾਨ ਲੋਕਾਂ ਨੇ ਆਪਣੇ ਵਪਾਰ ਨੂੰ ਚੱਲਦਾ ਰੱਖਣ ਲਈ ਤਿਉਹਾਰਾਂ / ਮੇਲਿਆਂ ਦੀ ਲੜੀ ਚਲਾਈ ਹੋਈ ਹੈ। 

   ਅੱਜ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਦੇਸ਼ ਵਿੱਚ ਸਦੀਆਂ ਤੋਂ ਮੁੰਡਾ ਜੰਮਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਸਮਾਜ ਵਿੱਚ ਮੁੰਡੇ ਦੀ ਲਾਲਸਾ ਕਰਕੇ ਕੁੜੀਆਂ ਨੂੰ ਮਾਰਨ ਲਈ ਮਾਵਾਂ ਦੀਆਂ ਕੁੱਖਾਂ ਵਿੱਚ ਮੜੀਆਂ ਬਣਾ ਕੇ ਰੱਖ ਦਿੱਤੀਆਂ ਹਨ। ਹੁਣ ਜਦੋਂ ਸਮਾਜ ਵਿੱਚ ਸਮਾਜਿਕ ਤਾਣਾ ਬਾਣਾ ਵਿਗੜਨ ਲੱਗ ਪਿਆ ਤਾਂ ਅਸੀਂ ਆਪਣੀ ਮਾਨਸਿਕਤਾ ਨੂੰ ਬਦਲਾਉਣ ਦੀ ਬਿਜਾਏ  ਕੁੜੀਆਂ ਦੀ ਲੋਹੜੀ ਮਨਾਉਣ ਵਲ ਨੂੰ ਤੁਰ ਪਏ ਹਾਂ। ਲੋਹੜੀ ਮਨਾਉਣ ਲਈ ਅਸੀਂ ਅੱਡੀਆਂ ਚੁੱਕ ਕੇ ਖਰਚ ਕਰ ਰਹੇ ਹਾਂ। ਲੋਹੜੀ ਦੇ ਮੌਕੇ ਅਸੀਂ ਲੱਖਾਂ ਕੁਵਿੰਟਲ ਤਿਲ ਅੱਗ ਵਿੱਚ ਸਾੜਕੇ ਬਰਬਾਦ ਕਰ ਦਿੰਦੇ ਹਾਂ, ਹਾਲਾਂ ਕਿ ਤਿਲ ਖਾਣੇ ਚਾਹੀਦੇ ਹਨ, ਕਿਉਂਕਿ ਇਹ ਸਿਹਤ ਲਈ ਬਹੁਤ ਗੁਣਕਾਰੀ ਹਨ। ਇਸ ਦਿਨ ਧੂਣੀਆਂ ਜਲਾਕੇ ਲੱਖਾਂ ਟਨ ਲੱਕੜਾਂ ਜਾਲ ਕੇ ਸੁਆਹ ਕਰ ਦਿੰਦੇ ਹਾਂ,ਜਦੋਂ ਕਿ ਇਕ ਪਾਸੇ ਅਸੀਂ ਰੁੱਖਾਂ ਦੀ ਅੰਧਾਧੁੰਦ ਹੋ ਰਹੀ ਕਟਾਈ ਨੂੰ ਲੈ ਕੇ ਡੌਂਡੀ ਪਿੱਟ ਰਹੇ ਹਾਂ, ਵਾਤਾਵਰਣ ਵਿੱਚ ਧੂੰਏਂ ਕਾਰਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡੇ ਵੱਡੇ ਪ੍ਰਾਜੈਕਟ ਤਿਆਰ ਕਰ ਰਹੇ ਹਾਂ, ਪਰ ਜਾਪਦਾ ਹੈ ਕਿ ਅਸੀਂ ਸਿਰਫ ਨਾਟਕ ਹੀ ਕਰ ਰਹੇ ਹਾਂ। ਲੋਹੜੀ ਵਾਲੇ ਦਿਨ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀ ਪਤੰਗਬਾਜੀ ਚੱਲਦੀ ਹੈ, ਜਿਹੜੀ ਕੋਠਿਆਂ 'ਤੇ ਟੱਪਦਿਆਂ ਅਤੇ ਸੜਕਾਂ 'ਤੇ ਦੌੜਦਿਆਂ ਪਤੰਗ ਲੁੱਟਣ ਦੀ ਲਾਲਸਾ ਜਾਂ ਤਾਂ ਕਈਆਂ ਦੀ ਜਾਨ ਲੈ ਲੈਂਦੀ ਹੈ ਜਾਂ ਫਿਰ ਕਈਆਂ ਨੂੰ ਹਸਪਤਾਲ ਪਹੁੰਚਾ ਦਿੰਦੀ ਹੈ। ਲੋਹੜੀ ਵਾਲੇ ਦਿਨ ਕਈ ਵਿਅਕਤੀ ਸ਼ਰਾਬ ਦੇ ਠੇਕੇਦਾਰਾਂ ਦੇ ਘਰ ਭਰ ਦਿੰਦੇ ਹਨ, ਕਈ ਜਣੇ ਲੜਾਈ, ਝਗੜੇ ਕਰਕੇ ਜੇਲ੍ਹ ਦੀ ਹਵਾ ਵੀ ਖਾ ਲੈਂਦੇ ਹਨ। ਇਹ ਹੈ, ਸਾਡਾ ਲੋਹੜੀ ਦਾ ਤਿਉਹਾਰ! 

ਬਾਕੀ ਰਹੀ, ਦੁੱਲੇ ਭੱਟੀ ਦੀ ਕਹਾਣੀ, ਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿ ਕੀ ਇਹ ਕਹਾਣੀ ਇਤਿਹਾਸਿਕ ਹੈ ਜਾਂ ਮਿਥਿਹਾਸਿਕ ਹੈ,ਜਿਸ ਦੇ ਸੰਦਰਭ ਵਿੱਚ ਅਸੀਂ ਲੋਹੜੀ ਮਨਾਉਂਦੇ ਹਾਂ! 

 -ਸੁਖਦੇਵ ਸਲੇਮਪੁਰੀ