ਇੰਗਲੈਂਡ ਦੀ ਫੇਰੀ ਤੇ ਆਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ ਸਲੋਹ ਵਾਸੀ ਦਰਸਨ ਸਿੰਘ ਢਿੱਲੋਂ ਇੰਜ ਦਸਦੇ ਹਨ

ਸਲੋਹ/ਲੰਡਨ- ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਅੱਜ (10.01.2020) ਨੂੰ ਮੇਰੇ ਸ਼ਹਿਰ ਸਲੋਹ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ, ਪੰਜਾਬ ਤੋਂ ਵਿਸ਼ੇਸ਼ ਦੌਰੇ ਤੇ ਆਏ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਸੰਗਤ ਦੇ ਸਨਮੁਖ ਹੋਣ ਲਈ ਸੱਦਾ ਦਿੱਤਾ! ਉਹ ਆਏ ਤੇ ਬਿਲਕੁਲ ਉਸ ਤਰ੍ਹਾਂ ਹੀ ਆਪਣੀ ਕਹਿਣੀ-ਕਥਨੀ, ਮਿਲਣਸਾਰੀ ‘ਚ ਸਾਬਤ ਹੋਏ, ਜਿਵੇਂ ਕਿ ਬੀਤੇ ਕੁਝ ਸਮੇਂ ਤੋਂ, ਕਈ ਧੜੱਲੇਦਾਰ ਤੇ ਬੇਬਾਕ ਫ਼ੈਸਲੇ ਲੈਣ ਕਾਰਨ, ਉਹਨਾਂ ਦਾ ਅਕਸ ਦੇਸ਼-ਵਿਦੇਸ਼ ‘ਚ ਰਹਿੰਦੇ ਸਿੱਖ-ਜਗਤ ‘ਚ ਪ੍ਰਤੀਬਿੰਬਤ ਹੋਇਆ ਹੋਇਆ ਹੈ। ਉਹਨਾਂ ਦੀ ਵਿਦਵਤਾ, ਸਹਿਣਸ਼ੀਲਤਾ, ਮਿਲਣਸਾਰਤਾ ਤੇ ਕੁਝ ਕਰ ਗੁਜ਼ਰਨ ਦਾ ਜਵਾਨ ਜੋਸ਼, ਹਰ ਐਕਸ਼ਨ ‘ਚੋੰ ਧੜਕਦਾ ਨਜ਼ਰ ਆਇਆ। ਕੁਝ ਕੁ ਖੱਬੀਖਾਨਾਂ ਨੇ ਲੰਗੜੀਆਂ ਲਾਉਣ ਦੇ ਯਤਨਾਂ ਦੇ ਨਾਲ ਨਾਲ ਅਪਣੱਤ ਜਿਤਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਤਜਰਬਾ ਤੇ ਦ੍ਰਿੜਤਾ ਮੱਖਣ ‘ਚੋਂ ਵਾਲ ਵਾਂਗ ਕੱਢ ਕੇ ਲੈ ਗਿਆ। ਮੇਰੀ ਨਿੱਜੀ ਤੌਰ ਤੇ ਉਦੋਂ ਗਰਵ ਦੀ ਹੱਦ ਨ ਰਹੀ, ਬਾਕੀ ਸਭ ਕੁਝ ਨੂੰ ਲਾਂਭੇ ਰੱਖਦਿਆਂ ਹੋਇਆਂ ਕਿ ਸਿੰਘ ਸਾਹਿਬਾਨ ਮੇਰੇ ਸ਼ਹਿਰ ਦੇ ਹੀ ਨਹੀਂ ਮੇਰੇ ਮਹੱਲੇ ਦੇ ਜੰਮਪਲ ਤੇ ਮੁਢਲੀ ਵਿੱਦਿਆ ਪ੍ਰਾਪਤ ਕਰਕੇ ਇਸ ਪਦਵੀ ਤੀਕ ਪਹੁੰਚੇ ਹਨ। ਸੱਚ ਜਾਣਿਓ, ਅੱਜ ਤੀਕ ਜਦ ਵੀ ਆਪਣੇ ਸ਼ਹਿਰ ਦਾ ਨਾਂ ਲੈਂਦਾ ਸੀ ਤਾਂ ਸਭ ਦੀਆਂ ਅੱਖਾਂ ਸਾਹਮਣੇ ‘ਪੰਜ ਜਾਂ ਸੱਤ ਫੋਟੋ ਨਸਵਾਰ’ ਵਾਲੀ ਡੱਬੀ ਆ ਜਾਂਦੀ ਸੀ- ਗਿੱਦੜਬਹਾ- ਸੋ ਅੱਜ ਤੋਂ ਬਾਦ ਮੇਰਾ ਸ਼ਹਿਰ ‘ਗਿੱਦੜਬਹਾ ਸ਼ਹਿਰ’ (ਮੁਕਤਸਰ ਸਾਹਿਬ) ਦੀ ਸ਼ਖ਼ਸੀਅਤ, ਛੋਟੀ ਉਮਰ ਵਿੱਚ ਉਚ ਦਮਾਲੜਾ ਪਦਵੀ ਅਤੇ ਮਿਆਰੀ ਵਿੱਦਿਆ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਇਆ ਕਰੇਗਾ!- ਦਰਸ਼ਨ ਸਿੰਘ ਢਿਲੋਂ   

ਤਸਵੀਰ: ਸਰਵ ਸ੍ਰ: ਹਰਵਿੰਦਰ ਸਿੰਘ ਸੋਢੀ (ਸੈਕਟਰੀ ਗੁਰੂ ਘਰ), ਪਰਮਜੀਤ ਸਿੰਘ (ਮੁੱਖ ਸੇਵਾਦਾਰ ਗੁਰੂਘਰ), ਸਿੰਘ ਸਾਹਿਬਾਨ ਜਥੇਦਾਰ ਹਰਪ੍ਰੀਤ ਸਿੰਘ ਜੀ, ਤਨਮਨਜੀਤ ਸਿੰਘ ਢੇਸੀ ਐਮ ਪੀ ਸਲੋਹ, ਦਰਸ਼ਨ ਸਿੰਘ ਢਿਲੋਂ, ਗੁਰਮੇਲ ਸਿੰਘ ਮੱਲ੍ਹੀ (ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ)